ਇਕ ਮਾਡਰਨ ਸਾਹਿਤਕਾਰ ਬਹੁਤ ਬਿਮਾਰ ਹੋ ਜਾਂਦਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਬੜਾ ਓਹੜ-ਪੋਹੜ ਕੀਤਾ, ਪ੍ਰੰਤੂ ਕੋਈ ਫਰਕ ਨਾ ਪਿਆ ਤਾਂ ਉਨ੍ਹਾਂ ਉਸ ਨੂੰ ਸ਼ਹਿਰ ਦੇ ਇਕ ਮਸ਼ਹੂਰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਡਾਕਟਰ ਉਸ ਦੀ ਨਬਜ਼ ਦੇਖਦਾ ਤੇ ਰਿਪੋਰਟਾਂ ਚੈੱਕਅਪ ਕਰਦਾ ਕਹਿੰਦਾ ਹੈ, 'ਜਨਾਬ! ਤੁਸੀਂ ਏਨੀ ਜ਼ਿਆਦਾ ਸ਼ਰਾਬ ਕਿਉਂ ਪੀਂਦੇ ਹੋ? ਜਦ ਕਿ ਬੋਤਲ 'ਤੇ ਵੀ ਲਿਖਿਆ ਹੁੰਦਾ ਹੈ ਕਿ ਬਹੁਤੀ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।'
ਇਹ ਸੁਣ ਮਾਡਰਨ ਸਾਹਿਤਕਾਰ ਮਿੰਨਾ-ਮਿੰਨਾ ਮੁਸਕਰਾਉਂਦਾ ਹੋਇਆ ਕਹਿੰਦਾ ਹੈ, 'ਡਾਕਟਰ ਸਾਹਿਬ ਮੇਰਾ ਤਾਂ ਉਸ ਸੋਹਣੀ ਸੁਨੱਖੀ ਸੱਜ ਵਿਆਹੀ ਮੁਟਿਆਰ ਵਾਲਾ ਹਾਲ ਏ, ਜੋ ਸਬਜ਼ੀ ਮੰਡੀ ਵਿਚ ਸਬਜ਼ੀ ਲੈਣ ਜਾਂਦੀ ਹੈ ਤੇ ਇਕ ਫੜ੍ਹੀ ਵਾਲੇ ਤੋਂ ਭਾਅ ਪੁੱਛਦੀ ਹੈ, ਫੜੀ ਵਾਲਾ ਭਾਅ ਦੱਸਦਾ ਹੈ, ਤਾਂ ਉਹ ਇਕ ਕਿਲੋ ਟਮਾਟਰ, ਦੋ ਕਿਲੋ ਗੰਢੇ, ਇਕ ਕਿਲੋ ਆਲੂ, ਇਕ ਕਿਲੋ ਗੋਭੀ, ਅੱਧਾ ਕਿਲੋ ਘੀਆ ਤੋਰੀ, ਇਕ ਪਾਅ ਅਦਰਕ ਅਤੇ ਇਕ ਪਾਅ ਲਸਣ ਆਦਿ ਆਰਡਰ ਦਿੰਦੀ ਹੈ।'
ਫੜੀ ਵਾਲਾ ਸਬਜ਼ੀ ਤੋਲ ਅਲੱਗ-ਅਲੱਗ ਲਿਫ਼ਾਫ਼ਿਆਂ 'ਚ ਪਾ ਬਿੱਲ ਬਣਾ ਕੇ ਉਸ ਦੇ ਹੱਥ ਫੜਾ ਦਿੰਦਾ। ਉਹ ਤਰਤੀਬਵਾਰ ਸਬਜ਼ੀ ਥੈਲੇ ਵਿਚ ਪਾ ਪੈਸੇ ਦੇ ਕੇ ਜਾਣ ਲਗਦੀ ਹੈ ਤਾਂ ਫੜ੍ਹੀ ਵਾਲਾ ਮੁਸਕੜੀ ਮੁਸਕਰਾਉਂਦਾ ਕਹਿੰਦਾ ਹੈ, 'ਭੈਣ ਜੀ! ਇੰਜ ਜਾਪਦਾ ਹੈ ਕਿ ਤੁਸੀਂ ਪੜ੍ਹੇ-ਲਿਖੇ ਤੇ ਐਵੇਂ ਪਾਸ ਹੋ?'
ਮੁਟਿਆਰ ਹੈਰਾਨ ਹੁੰਦੀ ਪੁੱਛਦੀ ਹੈ, 'ਵੀਰ ਜੀ! ਪਰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਐਮ.ਏ. ਪਾਸ ਹਾਂ।' ਫੜ੍ਹੀ ਵਾਲਾ ਮਿੰਨਾ-ਮਿੰਨਾ ਮੁਸਕਰਾਉਂਦਾ ਕਹਿੰਦਾ ਹੈ, 'ਭੈਣ ਜੀ! ਇਸ ਵਿਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ। ਪਹਿਲਾਂ ਤੁਸਾਂ ਥੈਲੇ ਵਿਚ ਟਮਾਟਰ ਪਾਏ, ਉਸ ਤੋਂ ਬਾਅਦ ਗੰਢੇ, ਆਲੂ, ਗੋਭੀ, ਘੀਆ, ਤੋਰੀਆਂ, ਅਦਰਕ ਅਤੇ ਲਸਣ ਆਦਿ। ਇਸ ਤੋਂ ਮੈਨੂੰ ਯਕੀਨ ਹੋ ਗਿਆ ਕਿ ਤੁਸੀਂ ਪੜ੍ਹੇ-ਲਿਖੇ ਤੇ ਐਵੇਂ ਪਾਸ ਹੋ।'
ਸੋ, ਇਹੋ ਹਾਲ ਸਾਡੇ ਮਾਡਰਨ ਸਾਹਿਤਕਾਰਾਂ ਦਾ ਹੈ ਜੋ ਜਨਤਾ ਦੀ ਰਹਿਨੁਮਾਈ ਕਰਦੇ, ਨਸੀਹਤਾਂ ਆਦਿ ਤਾਂ ਦਿੰਦੇ ਹਨ, ਪ੍ਰੰਤੂ ਆਪਣੀ ਪੀੜ੍ਹੀ ਥੱਲੇ ਸੋਟਾ ਕੋਈ ਨਹੀਂ...।
-ਸਟਰੀਟ ਆਰ.ਕੇ. ਸ਼ਟਰੀਟ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ ਸ਼ਹਿਰ।
ਮੋਬਾਈਲ : 90418-26725