ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਚਾਅ

Ad Position 21
No active advertisement
ਅਜੀਤ ਡੈਸਕ 07-06-2026


ਸੋਹਣੀ-ਸੁਨੱਖੀ ਤੇ ਪੀਂਘ ਵਰਗੀ ਕੁੜੀ ਜਿਸ ਦੇ ਲੜ ਲਾਈ, ਉਹ ਸਿਰੇ ਦਾ ਨਸ਼ੇੜੀ ਨਿਕਲਿਆ। ਗੱਲਾਂ ਇਉਂ ਕਰਦਾ, ਜਿਵੇਂ ਕਿਸੇ ਬਿਰਲੇ-ਟਾਟੇ ਦਾ ਜਾਇਆ ਹੋਵੇ। ਜੋ ਕੁਝ ਪੇਕਿਆਂ ਨੇ ਦਾਜ 'ਚ ਦਿੱਤਾ, ਉਹ ਵੀ ਖੋਹ ਕੇ ਖਾ ਗਿਆ। ਜੇ ਘਰ ਦੇ ਕੋਈ ਦੁੱਧ ਪੀਣ ਨੂੰ ਮੱਝ ਬਗੈਰਾ ਦਿੰਦੇ ਤਾਂ ਘਾਟਾ ਪਾ ਕੇ ਵੇਚ ਦਿੰਦਾ। ਸਾਲ ਕੁ ਬਾਅਦ ਉਸ ਦੇ ਘਰ ਲੜਕਾ ਹੋਇਆ। ਸਾਰੇ ਕਹਿ ਰਹੇ ਸੀ ਕਿ ਚੱਲ, ਰੱਬ ਨੇ ਜੁਆਕ ਦੇ ਦਿੱਤਾ, ਰੋਣੇ-ਧੋਣੇ ਧੋ ਦੇਵੇਗਾ।
ਹੁਣ ਤਾਂ ਨਸ਼ੇੜੀ ਨੇ ਜ਼ਮੀਨ ਨੂੰ ਵਾਢਾ ਧਰ ਲਿਆ ਸੀ। ਜਦੇ ਮਾਂ-ਪੁੱਤ ਰੋਟੀ ਤੋਂ ਵੀ ਭੁੱਖੇ ਮਰਨ ਲੱਗੇ , ਹਾਰ ਕੇ ਪੇਕੇ ਘਰ ਆ ਗਈ। ਪੇਕਿਆਂ ਦਾ ਗੋਹਾ-ਕੂੜਾ ਕਰਦੀ। ਬੱਸ ਇਸੇ ਸਹਾਰੇ ਦਿਨ ਕਟੀਆਂ ਕਰਦੀ ਰਹੀ ਕਿ ਇਕ ਦਿਨ ਮੇਰਾ ਪੁੱਤ ਮੇਰੇ ਰੋਣੇ-ਧੋਣੇ ਧੋ ਦੇਵੇਗਾ। ਸ਼ਾਇਦ ਪਿਛਲੀ ਉਮਰੇ ਸੁੱਖ ਭੋਗ ਲਵਾਂ। ਪਰ ਜਿਵੇ ਕਹਿੰਦੇ ਨੇ, 'ਜੈਸੇ ਮਾਏ ਤੈਸੇ ਜਾਏ।' ਉਹ ਤਾਂ ਆਪਣੇ ਪਿਓ ਦਾ ਵੀ ਪਿਓ ਨਿਕਲਿਆ। ਮਾਂ ਨੂੰ ਬਹੁਤ ਤੰਗ ਕਰਦਾ। ਲੜ-ਝਗੜ ਕੇ ਪੈਸੇ ਲੈ ਜਾਂਦਾ। ਮੁੰਡੇ ਦੀ ਮਾਂ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਸੀ। ਉਸ ਦੇ ਪੇਕੇ ਵੀ ਉਸ 'ਤੇ ਜ਼ੋਰ ਪਾਉਂਦੇ ਕਿ ਮਹਿੰਗਾ-ਸਸਤਾ ਕਰਕੇ ਇਸਦਾ ਵਿਆਹ ਕਰ ਦੇ , ਤੇਰੇ ਸਿਰ ਤੋਂ ਭਾਰ ਲਹਿ ਜਾਵੇਗਾ। ਪਰ ਉਸ ਨੇ ਫੈਸਲਾ ਕਰ ਲਿਆ, 'ਮੈਂ ਇਸਦਾ ਵਿਆਹ ਨਹੀਂ ਕਰੁੰਗੀ। ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਂਗੂ ਕਿਸੇ ਹੋਰ ਦੀ ਧੀ ਦੇ ਅਰਮਾਨਾਂ ਦਾ ਕਤਲ ਹੋਵੇ।' ਉਹ ਸਭ ਨੂੰ ਸਾਫ-ਸਾਫ਼ ਦੱਸਦੀ।
ਹੁਣ ਉਹ ਖੁਸ਼ ਸੀ ਕਿਉਂਕਿ ਉਸ ਨੇ ਕਿਸੇ ਹੋਰ ਧੀ ਦੀ ਜ਼ਿੰਦਗੀ ਨਰਕ ਹੋਣ ਤੋਂ ਬਚਾਅ ਲਈ ਸੀ।
-ਪਟਿਆਲਾ।

Ad Position 22
No active advertisement
ਪਿਛਲੀ ਖ਼ਬਰ ਬਹਾਰ ਤਾਂ ਹੁਣ ਆਈ ਹੈ ਅਗਲੀ ਖ਼ਬਰ ਸਹਿਜ ਬਨਾਮ ਤਕਨੀਕ
Ad Position 24
No active advertisement