ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਹਾਰ ਤਾਂ ਹੁਣ ਆਈ ਹੈ

Ad Position 21
No active advertisement
ਅਜੀਤ ਡੈਸਕ 07-06-2026

ਮੈਂ ਤੇ ਮੇਰੀ ਪਤਨੀ ਪਿਛਲੇ ਦੋ ਦਿਨਾਂ ਤੋਂ ਘਰ ਦੀ ਸਜਾਵਟ ਕਰਨ ਵਿਚ ਲੱਗੇ ਹੋਏ ਹਾਂ। ਸਾਰੇ ਕਮਰਿਆਂ ਦੇ ਫਰਸ਼ ਰਗੜ-ਰਗੜ ਕੇ ਚਮਕਾ ਦਿੱਤੇ ਹਨ। ਘਰ ਦੇ ਸਾਰੇ ਫਰਨੀਚਰ ਦੀ ਚੰਗੀ ਤਰ੍ਹਾਂ ਝਾੜ-ਪੂੰਝ ਕਰ ਦਿੱਤੀ ਹੈ। ਡਰਾਇੰਗ ਰੂਮ ਦੇ ਪਰਦੇ ਤੇ ਸੋਫਿਆਂ ਦੀਆਂ ਗੱਦੀਆਂ ਬਦਲ ਦਿੱਤੀਆਂ ਹਨ, ਲੈਵੇਂਡਰ ( ਫੁੱਲ ) ਪ੍ਰੋਫਿਊਮ ਦੀ ਮਹਿਕ ਡਰਾਇੰਗ ਰੂਮ ਵਿਚ ਪ੍ਰਵੇਸ਼ ਕਰਨ ਵਾਲੇ ਨੂੰ ਇਕ ਮਿੱਠਾ ਜਿਹਾ ਅਹਿਸਾਸ ਕਰਵਾ ਦਿੰਦੀ ਹੈ। ਕੋਠੀ ਦੇ ਜੰਗਲਿਆਂ 'ਤੇ ਬਿਜਲੀ ਦੇ ਰੰਗ ਬਰੰਗੇ ਬਲਬਾਂ ਦੀਆਂ ਲੜੀਆਂ ਲਟਕਾ ਦਿੱਤੀਆਂ ਹਨ, ਬੈਡਾਂ 'ਤੇ ਸੋਹਣੇ ਸੋਹਣੇ ਰੰਗਾਂ ਵਾਲੀਆਂ ਨਵੀਆਂ ਨਕੋਰ ਚਾਦਰਾਂ ਵਿਛਾ ਦਿੱਤੀਆਂ ਹਨ। ਨਵਾਂ ਕਰੋਕਰੀ ਸੈੱਟ ਜਿਹੜਾ ਅਸੀਂ ਖਾਸ ਮਹਿਮਾਨਾਂ ਵਾਸਤੇ ਰਾਖਵਾਂ ਰੱਖਿਆ ਹੋਇਆ ਹੈ, ਧੋ ਸੰਵਾਰ ਕੇ ਡਾਇਨਿੰਗ ਟੇਬਲ 'ਤੇ ਸਜਾ ਦਿੱਤਾ ਹੈ। ਰਸੋਈ ਵਿਚੋਂ ਆਉਂਦੀਆਂ ਵੰਨ-ਸੁਵੰਨੇ ਪਕਵਾਨਾਂ ਦੀਆਂ ਖੁਸ਼ਬੂਆਂ ਨਾਲ ਸਾਰਾ ਘਰ ਮਹਿਕਿਆ ਪਿਆ ਹੈ। ਇਹ ਸੋਚ ਕੇ ਮੈਂ ਆਪੇ ਹੀ ਮੁਸਕਰਾ ਪੈਂਦਾ ਹਾਂ, 'ਭਲਾਂ ਅੱਜ ਕਿਹੜਾ ਖ਼ਾਸ ਤਿਉਹਾਰ ਹੈ?' ਹੁਣ ਤਾਂ ਨਵੇਂ ਵਿਆਹੇ ਜੋੜੇ ਦੇ ਪਰਿਵਾਰ ਸਮੇਤ ਪਹੁੰਚਣ ਦੀ ਬੇਤਾਬੀ ਨਾਲ ਉਡੀਕ ਹੋ ਰਹੀ ਹੈ। ਕੰਮ ਵਾਲੀ ਦਹਿਲੀਜ਼ਾਂ 'ਤੇ ਤੇਲ ਚੋਣ ਵਾਸਤੇ ਕਦੋਂ ਦੀ ਹੱਥ ਵਿਚ ਤੇਲ ਦੀ ਸ਼ੀਸ਼ੀ ਫ਼ੜੀ ਥਮਲੇ ਨਾਲ ਲੱਗੀ ਖੜ੍ਹੀ ਹੈ। ਉਸ ਨੂੰ ਦੋਹਾਂ ਪਾਸਿਆਂ ਤੋਂ ਚੋਖਾ ਲਾਗ ਮਿਲਣ ਦੀ ਆਸ ਹੈ! ਇਸ ਲਈ ਸੋਹਣਾ ਜਿਹਾ ਫੁੱਲਾਂ ਵਾਲਾ ਗੁਲਾਬੀ ਸੂਟ ਪਾ ਕੇ ਉਹ ਵੀ ਕਚਨਾਰ ਦੀ ਕਲੀ ਵਾਂਗ ਖਿੜੀ ਪਈ ਹੈ। ਸੱਜਰੇ ਗੁਲਾਬ ਦੇ ਬੁੱਕੇ ਹੱਥਾਂ ਵਿਚ ਫੜੀ ਅਸੀਂ ਬੂਹੇ ਦੇ ਬਾਹਰ ਖੜ੍ਹੇ ਬੜੀ ਉਤਸੁਕਤਾ ਨਾਲ ਆਉਣ ਵਾਲਿਆਂ ਦੀ ਉਡੀਕ ਕਰ ਰਹੇ ਹਾਂ। ਮੇਰਾ ਸਾਰਾ ਪਰਿਵਾਰ ਅੱਜ ਤਸੱਲੀ ਭਰੀ ਖੁਸ਼ੀ ਨਾਲ ਟਹਿਕ ਰਿਹਾ ਹੈ। ਸਵੇਰ ਤੋਂ ਹੀ ਕੰਮਾਂ ਵਿਚ ਰੁੱਝੇ ਹੋਏ ਹਾਂ, ਸਿਰ ਖੁਰਕਣ ਦੀ ਵਿਹਲ ਨਹੀਂ ਮਿਲੀ। ਏਨਾਂ ਕੰਮ ਕਰ ਕੇ ਵੀ ਰਤੀ ਭਰ ਥਕਾਵਟ ਮਹਿਸੂਸ ਨਹੀਂ ਹੋ ਰਹੀ। ਚਾਚੇ ਦੇ ਨਵੇਂ ਵਿਆਹੇ ਨੂੰਹ-ਪੁੱਤਰ ਨੂੰ ਅੱਜ ਅਸੀਂ ਰਾਤ ਦੇ ਖਾਣੇ 'ਤੇ ਬੁਲਾਇਆ ਹੈ। ਬੱਸ ਉਹ ਆਉਣ ਹੀ ਵਾਲੇ ਹਨ। 'ਨਵੀਆਂ ਵਿਆਹੀਆਂ ਕੁੜੀਆਂ ਦਾ ਤਿਆਰ ਹੋ ਕੇ ਘਰੋਂ ਨਿਕਲਣਾ ਕਿਤੇ ਖਾਲਾ ਜੀ ਦਾ ਵਾੜਾ ਹੁੰਦੈ! ਇਨ੍ਹਾਂ ਦੀ ਤਾਂ ਕਈ-ਕਈ ਘੰਟੇ ਮੈਚਿੰਗ ਈ ਸੂਤ ਨਹੀਂ ਆਉਂਦੀ', ਮੈਂ ਤਾਂ ਬੈਠਾ ਬੱਸ ਇਹੀ ਸੋਚੀ ਜਾ ਰਿਹਾ ਹਾਂ।
ਆਪਣੀ ਮਾਂ ਨਾਲ ਮੇਰੀ ਕਈ ਦਿਨਾਂ ਦੀ ਹਲਕੀ-ਹਲਕੀ ਬਹਿਸ ਚੱਲ ਰਹੀ ਸੀ। ਭਾਵੇਂ ਮਾਂ ਆਪਣੀ ਥਾਂ ਸੱਚੀ ਸੀ ਫੇਰ ਵੀ ਮੈਂ ਆਪਣੀ ਸੋਚੀ ਹੋਈ ਵਿਉਂਤ ਨੂੰ ਨੇਪਰੇ ਚਾੜ੍ਹਨ ਲਈ ਆਪਣੇ ਵਲੋਂ ਪੂਰੀ ਵਾਹ ਲਾ ਰਿਹਾ ਸਾਂ। ਮਾਂ ਬੀਤੇ ਸਮੇਂ ਵਿਚ ਆਪਣੇ ਨਾਲ ਹੋਈਆਂ ਵਧੀਕੀਆਂ ਦੀ ਕਿੰਨੀ ਸਾਰੀ ਕੁੜੱਤਣ ਆਪਣੇ ਦਿਲ-ਦਿਮਾਗ ਵਿਚ ਇਕੱਠੀ ਕਰੀ ਬੈਠੀ ਸੀ। ਉਸ ਵਲੋਂ ਦੁਹਰਾਈਆਂ ਜਾ ਰਹੀਆਂ ਗੱਲਾਂ ਤਾਂ ਮੈਂ ਪਹਿਲਾਂ ਵੀ ਕਈ ਵਾਰ ਸੁਣ ਚੁੱਕਾ ਹਾਂ ਪਰ ਮੈਂ ਇਹ ਗੱਲ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਅਤੀਤ ਦੀਆਂ ਤਲਖ਼ੀਆਂ ਦੇ ਮੈਲੇ-ਕੁਚੈਲੇ ਚੀਥੜਿਆਂ ਨੂੰ ਜੇਕਰ ਨਿਮਰਤਾ, ਸਿਆਣਪ ਤੇ ਸਹਿਣਸ਼ੀਲਤਾ ਦੇ ਸਾਬਣ ਨਾਲ ਮਲ-ਮਲ ਕੇ ਨਾ ਧੋਤਾ ਜਾਵੇ ਤਾਂ ਇਹ ਨਿਖਰਨਗੇ ਕਿਵੇਂ? ਫਿਰ ਇਹ ਖੇਚਲ ਸਾਡੇ ਵਿਚੋਂ ਕਿਸੇ ਧਿਰ ਨੂੰ ਤਾਂ ਕਰਨੀ ਹੀ ਪੈਣੀ ਸੀ।
ਸਾਡਾ ਇਹ ਘਰ ਪਹਿਲਾਂ ਸਾਂਝੇ ਪਰਿਵਾਰ ਵਾਲਾ ਘਰ ਸੀ। ਪਿਤਾ ਜੀ ਹੋਰੀਂ ਦੋ ਭਰਾ ਸਨ। ਪਿਤਾ ਜੀ ਵੱਡੇ ਸਨ, ਇਸ ਲਈ ਉਨ੍ਹਾਂ ਦਾ ਵਿਆਹ ਵੀ ਪਹਿਲਾਂ ਹੋਣਾ ਹੀ ਸੀ। ਘਰ ਵਿਚ ਏਨਾਂ ਇਤਫ਼ਾਕ ਸੀ ਕਿ ਸਿਆਣੇ ਲੋਕ ਸਾਡੇ ਘਰ ਦੇ ਇਤਫ਼ਾਕ ਦੀਆਂ ਉਦਾਹਰਣਾਂ ਦੇ ਕੇ ਡਾਂਗੋ-ਡਾਂਗੀ ਹੋ ਰਹੇ ਅਕਲ ਵਿਹੂਣੇ ਲੋਕਾਂ ਨੂੰ ਲਾਹਨਤਾਂ ਪਾਉਂਦੇ ਸਮਝਾਇਆ ਕਰਦੇ ਸਨ, 'ਉਏ ਮੂਰਖੋ ! ਸੰਤਾ ਸਿੰਘ ਦੇ ਲਾਣੇ ਵੱਲ ਦੇਖ ਕੇ ਈ ਕੁਝ ਸਿੱਖ ਲਿਆ ਕਰੋ ਉਏ, ਮਾਰ ਕਿਤੇ ਸੂਈ ਨ੍ਹੀਂ ਸਿੰਜਰਦੀ ਟੱਬਰ ਦੇ ਸਾਰੇ ਜੀਆਂ 'ਚ, ਕਿਵੇਂ ਇਕ-ਦੂਜੇ ਦੇ ਸਾਹੀਂ ਜਿਊਂਦੇ ਨੇ।' ਸਿਆਣੇ ਸੱਚ ਹੀ ਤਾਂ ਕਹਿੰਦੇ ਹੁੰਦੇ ਨੇ ਕਿ ਘਰ ਦੀ ਬਰਕਤ ਉਸ ਪਰਿਵਾਰ ਦੀਆਂ ਜਨਾਨੀਆਂ ਦੀ ਦੂਰਅੰਦੇਸ਼ੀ, ਪਿਆਰ ਤੇ ਸਹਿਜ ਸਿਆਣਪ ਵਿਚ ਲੁਕੀ ਹੁੰਦੀ ਹੈ। ਮੇਰੀ ਦਾਦੀ ਤੇ ਮੇਰੀ ਮਾਂ ਵਿਚਕਾਰ ਇਉਂ ਸਮਝ ਲਵੋ ਬਈ ਦੰਦ ਟੁੱਕ ਦੀ ਸਾਂਝ ਸੀ। ਉਪਰੇ ਲੋਕ ਉਨ੍ਹਾਂ ਨੂੰ ਦੇਖ ਕੇ ਮਾਵਾਂ-ਧੀਆਂ ਹੋਣ ਦਾ ਭੁਲੇਖਾ ਖਾ ਜਾਂਦੇ। ਵੱਡੀ ਪੱਧਰ 'ਤੇ ਸਾਡਾ ਡੇਅਰੀ ਫਾਰਮਿੰਗ ਦਾ ਕਾਰੋਬਾਰ ਸੀ। ਤਿੰਨ ਨੌਕਰ ਤੇ ਤਿੰਨ ਜਣੇ ਉਹ ਪਿਉ ਪੁੱਤ ਆਪ, ਸਾਰੇ ਰਲ ਮਿਲ ਕੇ ਹੱਡ ਭੰਨਵੀਂ ਮਿਹਨਤ ਕਰਦੇ ਸਨ। ਦੁੱਧ, ਦਹੀਂ, ਘਿਓ, ਮੱਖਣ ਸਭ ਕੁਝ ਸਾਡੀ ਡੇਅਰੀ ਵਾਲੀ ਵੱਡੀ ਦੁਕਾਨ 'ਤੇ ਵਿਕਦਾ। ਮੇਰੀ ਮਾਂ ਤੇ ਦਾਦੀ ਕੰਮ ਕਰਦੀਆਂ ਨਾ ਕਦੇ ਅੱਕਦੀਆਂ ਨਾ ਥੱਕਦੀਆਂ। ਇਕ-ਦੂਜੀ ਦੇ ਸਹਿਯੋਗ ਨਾਲ ਚਾਈਂ-ਚਾਈਂ ਸਾਰਾ ਦਿਨ ਕੰਮ ਕਰਦੀਆਂ ਉਹ ਭੱਜੀਆਂ ਫਿਰਦੀਆਂ। ਘਰ ਵਿਚ ਕਿਸੇ ਵੀ ਚੀਜ਼ ਦੀ ਤੋਟ ਨਹੀਂ ਸੀ। ਸੱਤ ਬਰਕਤਾਂ ਵਾਲਾ ਘਰ ਸੀ ਸਾਡਾ। ਮੈਂ ਤਾਂ ਉਦੋਂ ਬਹੁਤ ਛੋਟਾ ਸੀ ਤੇ ਸਾਰੇ ਪਰਿਵਾਰ ਦਾ ਲਾਡਲਾ ਪੁੱਤ ਸੀ। ਬੜੇ ਹੀ ਚਾਵਾਂ ਲਾਡਾਂ ਨਾਲ ਸਾਂਝੇ ਪਰਿਵਾਰ ਵਿਚ ਮੇਰਾ ਪਾਲਣ-ਪੋਸ਼ਣ ਹੋਇਆ। ਹਿਰਨੀ ਵਾਂਗ ਛੜੱਪੇ ਮਾਰਦਾ ਸਮਾਂ ਤੇਜ਼ੀ ਨਾਲ ਲੰਘਦਾ ਜਾ ਰਿਹਾ ਸੀ। ਉਦੋਂ ਦਿਨ ਦੁਸਹਿਰੇ ਵਰਗੇ ਤੇ ਰਾਤਾਂ ਦੀਵਾਲੀ ਵਰਗੀਆਂ ਹੁੰਦੀਆਂ ਸਨ। ਮੈਂ ਨਿੱਕੇ ਜਿਹੇ ਬਾਲ ਤੋਂ ਗਭਰੇਟ ਅਵਸਥਾ ਵਿਚ ਪਹੁੰਚ ਗਿਆ ਸਾਂ।
ਫੇਰ ਮੇਰੇ ਚਾਚੇ ਦਾ ਵੀ ਵਿਆਹ ਹੋ ਗਿਆ। ਵੱਡੀ ਬੇਬੇ ਦੀ ਇਕ ਨੂੰਹ ਹੋਰ ਘਰ ਵਿਚ ਆ ਗਈ ਸੀ। ਦਾਦੀ ਮਾਂ ਪੂਰੀ ਕੋਸ਼ਿਸ਼ ਕਰਦੀ ਕਿ ਦੋਹਾਂ ਨੂੰਹਾਂ ਵਿਚ ਚੌਲ ਭਰ ਦਾ ਵੀ ਫ਼ਰਕ ਨਾ ਰੱਖੇ। ਉਸ ਵਿਚਾਰੀ ਦਾ 'ਕੁੜੇ ਕਮਲਜੀਤ ! ਕੁੜੇ ਕਮਲਜੀਤ! ਕਰਦੀ ਦਾ ਮੂੰਹ ਸੁੱਕਦਾ। ਜੇ ਉਹ ਮੇਰੀ ਮਾਂ ਵਾਸਤੇ ਇਕ ਸੂਟ ਲੈ ਕੇ ਆਉਂਦੀ ਤਾਂ ਚਾਚੀ ਵਾਸਤੇ ਉਸ ਨਾਲੋਂ ਕਿਤੇ ਮਹਿੰਗੇ ਦੋ-ਤਿੰਨ ਸੂਟ ਇਕੱਠੇ ਹੀ ਲੈ ਆਉਂਦੀ ਤਾਂ ਕਿ ਨਵੀਂ ਨਵੇਲੀ ਬਹੂ ਛੇਤੀ-ਛੇਤੀ ਘਰ ਵਿਚ ਧਿਜ ਜਾਵੇ ਪਰ ਚਾਚੀ ਪਰਿਵਾਰ ਵਿਚ ਰਚ-ਮਿਚ ਨਹੀਂ ਸੀ ਰਹੀ। ਜਿੰਨਾ ਮੇਰੀ ਮਾਂ ਦਾ ਸੁਭਾਅ ਨਿੱਘਾ ਤੇ ਨਿਮਰਤਾ ਵਾਲਾ ਸੀ, ਉਨਾਂ ਹੀ ਚਾਚੀ ਦਾ ਸੁਭਾਅ ਕੁਰਖਤ, ਘਤਿੱਤੀ ਤੇ ਸ਼ੱਕੀ ਸੀ। ਮਾਂ ਤੇ ਦਾਦੀ ਨੂੰ ਇਕੱਠੀਆਂ ਬੈਠੀਆਂ ਦੇਖ ਕੇ ਉਸ ਨੂੰ ਝੱਟ ਸ਼ੱਕ ਹੋ ਜਾਂਦਾ ਕਿ ਇਹ ਤਾਂ ਮੂੰਹ ਜੋੜ ਜੋੜ ਕੇ ਮੇਰੀਆਂ ਹੀ ਗੱਲਾਂ ਕਰਦੀਆਂ ਹਨ। ਉਹ ਦਾਦੀ ਦੇ ਬੁਲਾਇਆਂ ਵੀ ਉਨ੍ਹਾਂ ਦੇ ਕੋਲ ਆ ਕੇ ਨਾ ਬੈਠਦੀ। ਕਿਸੇ ਵੀ ਕੰਮ ਨੂੰ ਹੱਥ ਨਾ ਲਾਉਂਦੀ। ਦਾਦੀ ਮਾਂ ਦੇ ਬਹੁਤ ਹੀ ਪਿਆਰ ਤੇ ਮਿਠਾਸ ਨਾਲ ਸਮਝਾਉਣ ਤੇ ਵੀ ਉਹ ਅੱਗੋਂ ਆਕੜ ਕੇ ਬੋਲਦੀ ਤੇ ਉਸ ਦਾਨੀ-ਸ਼ਾਨੀ ਔਰਤ ਨੂੰ ਉਹ ਇਕ ਦੀਆਂ ਵੀਹ ਸੁਣਾਉਦੀ। ਚੰਗੇ ਭਲੇ ਵਸਦੇ-ਰਸਦੇ ਘਰ ਵਿਚ ਬਿਨਾਂ ਕਿਸੇ ਕਾਰਨ ਤੋਂ ਹੀ ਲੜਾਈ ਕਲੇਸ਼ ਰਹਿਣ ਲੱਗ ਪਿਆ ਸੀ। ਉਹ ਐਵੇਂ ਹੀ ਚਾਚੇ ਨੂੰ ਲੂਤੀਆਂ ਲਾ ਕੇ ਭੜਕਾਉਦੀ ਰਹਿੰਦੀ, 'ਘਰ ਵਿਚ ਤਾਂ ਇਨ੍ਹਾਂ ਵੱਡੇ ਦੋਵਾਂ ਜੀਆਂ ਦੀ ਹੀ ਮੁਖਤਿਆਰੀ ਐ, ਆਹ ਜਿਹੜੇ ਬੇਬੇ-ਬਾਪੂ ਨੇ ਨਾ, ਇਹ ਵੀ ਉਨ੍ਹਾਂ ਵੱਲ ਈ ਡੱਕਾ ਸੁੱਟਦੇ ਨੇ, ਆਪਾਂ ਨੂੰ ਤਾਂ ਕਮਲਿਆ ਬੰਦਿਆ! ਏਥੇ ਕੋਈ ਡੇਲਿਆਂ ਵੱਟੇ ਨ੍ਹੀਂ ਸਿਆਣਦਾ, ਤੁਸੀਂ ਨਹੀਂ ਮੰਨਣਾ ਤਾਂ ਬੇਸ਼ੱਕ ਦੀ ਨਾ ਮੰਨੋ, ਤੁਹਾਡੀ ਮਰਜ਼ੀ ਏ ਪਰ ਤੁਹਾਡਾ ਵੱਡਾ ਭਰਾ ਆਪਣੇ ਸਾਂਝੇ ਕਾਰੋਬਾਰ ਵਿਚ ਵੱਡੇ ਪੱਧਰ 'ਤੇ ਹੇਰਾਫੇਰੀ ਕਰ ਰਿਹੈ, ਗੋਝੀਆਂ ਰੱਖ ਰੱਖ ਕੇ ਆਵਦਾ ਤਾਂ ਉਹ ਸਾਰਾ ਕੁਝ ਬਣਾਈ ਜਾਂਦੇ ਨੇ, ਆਪਣਾ ਤੁਸੀਂ ਦੇਖ ਲਿਉ! ਇਨ੍ਹਾਂ ਨੇ ਕੱਖ ਨ੍ਹੀਂ ਬਣਨ ਦੇਣਾ, ਬਿਠਾਉਣਗੇ ਇਹ ਆਪਾਂ ਨੂੰ ਰੜੇ ਈ, ਮੇਰੀ ਮੰਨ ਲਵੋਂਗੇ ਤਾਂ ਚੰਗੇ ਰਹੋਂਗੇ, ਆਪਾਂ ਘਰ ਦਿਆਂ ਤੋਂ ਵੱਖ ਹੋ ਜਾਈਏ, ਯਾਦ ਰੱਖਿਉਂ ਮੇਰੀ ਇਹ ਗੱਲ! ਵੱਡੇ ਦਰੱਖਤਾਂ ਹੇਠਾਂ ਖੜ੍ਹੇ ਨਿੱਕੇ ਦਰੱਖਤ ਨ੍ਹੀਂ ਕਦੇ ਫਲਦੇ ਫੁਲਦੇ ਹੁੰਦੇ!'
ਉਸ ਦੀ ਨਿੱਤ ਦੀ ਚੱਕ ਥੱਲ ਵਿਚ ਆਇਆ ਚਾਚਾ ਵੀ ਮੇਰੇ ਪਿਤਾ ਜੀ 'ਤੇ ਸ਼ੱਕ ਕਰਨ ਲੱਗ ਪਿਆ ਸੀ। ਗੱਲ-ਗੱਲ 'ਤੇ ਉਹ ਦੋਵੇਂ ਜੀਅ ਲੜਨ ਵਾਸਤੇ ਬਹਾਨੇ ਭਾਲਦੇ ਰਹਿੰਦੇ। ਨਿੱਤ ਹੀ ਘਰ ਵਿਚ ਝੱਜੂ ਪਿਆ ਰਹਿੰਦਾ ਤੇ ਅਖ਼ੀਰ ਉਨ੍ਹਾਂ ਅੱਡ ਹੋ ਕੇ ਹੀ ਸਾਹ ਲਿਆ। ਅਲੱਗ ਕਾਹਦੇ ਹੋਏ! ਘਰ ਦੀ ਗੱਲ ਥਾਣਿਆਂ ਕਚਹਿਰੀਆਂ ਤੱਕ ਪਹੁੰਚ ਗਈ। ਮੁਕੱਦਮੇ ਚੱਲੇ। ਦਾਦੇ-ਦਾਦੀ ਨੇ ਘਰੇਲੂ ਮਹੌਲ ਵਿਗੜ ਜਾਣ ਕਾਰਨ ਹੌਲ ਨਾਲ ਮੰਜੇ ਫੜ ਲਏ ਸਨ ਤੇ ਛੇਤੀ ਹੀ ਦੋਵੇਂ ਬਜ਼ੁਰਗ ਰੱਬ ਨੂੰ ਪਿਆਰੇ ਹੋ ਗਏ। ਘਰ ਦੀ ਪਤ ਪ੍ਰਤੀਤ ਗਵਾਚ ਜਾਣ ਕਾਰਨ ਪਿਤਾ ਜੀ ਵੀ ਢਿੱਲੇ-ਮੱਠੇ ਰਹਿਣ ਲੱਗ ਪਏ ਸਨ।
ਵਰਤ ਵਰਤਾਉ ਬਿਲਕੁਲ ਹੀ ਖ਼ਤਮ ਹੋ ਗਿਆ। ਪਰਿਵਾਰ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਹਾਸੇ ਠੱਠੇ, ਬੱਚਿਆਂ ਦੀਆਂ ਖੇਡ ਕਿਲਕਾਰੀਆਂ ਤੇ ਸਿਆਣਿਆਂ ਦੇ ਇਕੱਠੇ ਬੈਠ ਕੇ ਕੀਤੇ ਜਾਣ ਵਾਲੇ ਦੁੱਖ-ਸੁੱਖ ਰੁੱਸ ਕੇ ਘਰ ਦੀਆਂ ਬਰੂਹਾਂ ਟੱਪ ਗਏ। ਖੁਸ਼ੀਆਂ ਵਿਹਰ ਗਈਆਂ, ਚਾਅ ਮਰ ਮੁੱਕ ਗਏ। ਮਰਨੇ ਪਰਨੇ ਛੁੱਟ ਗਏ। ਸਾਂਝਾ ਜੱਦੀ ਘਰ ਸਾਡੇ ਹਿੱਸੇ ਆ ਗਿਆ ਸੀ। ਪਿੰਡ ਵੱਲ ਨੂੰ ਮੁੜਦੀ ਪਹੀ ਵਾਲੇ ਪਾਸੇ ਖਾਲੀ ਪਏ ਇਕ ਵੱਡੇ ਪਲਾਟ ਵਿਚ ਚਾਚੇ ਨੇ ਆਪਣੀ ਆਲੀਸ਼ਾਨ ਕੋਠੀ ਬਣਾ ਲਈ ਸੀ। ਮੇਰੀ ਸ਼ਾਦੀ ਵੇਲੇ ਸਾਂਝੇ ਰਿਸ਼ਤੇਦਾਰਾਂ ਦੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਚਾਚਾ-ਚਾਚੀ ਸਾਡੇ ਵਿਆਹ ਵਿਚ ਸ਼ਾਮਿਲ ਨਹੀਂ ਸਨ ਹੋਏ। ਮੇਰੇ ਪਿਤਾ ਜੀ ਨੂੰ ਪਰਿਵਾਰਕ ਬਖੇੜੇ ਦੀ ਨਮੋਸ਼ੀ ਨੇ ਅਜਿਹਾ ਘੇਰਿਆ ਕਿ ਇਕ ਰਾਤ ਸੁੱਤੇ ਪਏ ਉਹ ਸਵੇਰੇ ਉਠੇ ਹੀ ਨਾ। ਪਿਤਾ ਜੀ ਦੀ ਮੌਤ ਤੇ ਲੋਕ-ਲੱਜੋਂ ਉਹ ਸਿਰਫ਼ ਅੰਤਿਮ ਰਸਮਾਂ ਵਿਚ ਹੀ ਓਪਰਿਆਂ ਵਾਂਗ ਆਏ ਤੇ ਉਦੋਂ ਹੀ ਆਪਣੇ ਘਰ ਪਰਤ ਗਏ। ਮੈਂ ਇਕੱਲਾ ਰਹਿ ਗਿਆ ਸਾਂ। ਇਕੋ ਪਿੰਡ ਵਿਚ ਰਹਿੰਦੇ ਹੋਏ ਵੀ ਅਸੀਂ ਦੋਵੇਂ ਪਰਿਵਾਰ ਅਣਜਾਣ ਪਰਦੇਸੀਆਂ ਵਾਂਗ ਵਿਚਰ ਰਹੇ ਸਾਂ ਜਿਵੇਂ ਇਕ-ਦੂਜੇ ਨੂੰ ਜਾਣਦੇ ਹੀ ਨਾ ਹੋਈਏ।
ਹੁਣ ਚਾਚੇ ਦੇ ਇਕਲੌਤੇ ਪੁੱਤਰ ਦਾ ਵਿਆਹ ਸੀ। ਪੰਦਰਾਂ ਦਿਨ ਪਹਿਲਾਂ ਹੀ ਕੜਾਹੀ ਚੜ੍ਹ ਗਈ ਸੀ। ਹਲਵਾਈ ਵਿਆਹ ਵਿਚ ਵੰਡੀ ਵਰਤੀ ਜਾਣ ਵਾਲੀ ਭਾਜੀ ਤੇ ਘਰੋ-ਘਰੀ ਦਿੱਤੇ ਜਾਣ ਵਾਲੇ ਡੱਬੇ ਤਿਆਰ ਕਰ ਰਹੇ ਸਨ। ਮੇਰੇ ਘਰ ਨੂੰ ਛੱਡ ਕੇ ਸਾਰੇ ਪਿੰਡ ਨੂੰ ਵਿਆਹ ਦਾ ਸੱਦਾ ਦਿੱਤਾ ਗਿਆ ਸੀ। ਬਹੁਤੀ ਵਾਰੀ ਮੇਰੀ ਮਨੋ ਕਲਪਨਾ ਮੈਨੂੰ ਵਿਆਹ ਦੇ ਨਜ਼ਾਰੇ ਵਿਖਾਉਣ ਲੱਗ ਪੈਂਦੀ। 'ਸ਼ਰੀਕੇ ਦੇ ਸਾਰੇ ਮੁੰਡੇ ਖੁੰਡੇ ਟੌਹਰ-ਫੌਹਰ ਕੱਢ ਕੇ ਬਰਾਤ ਵਿਚ ਸ਼ਾਮਿਲ ਹੋਣ ਲਈ ਸਾਡੇ ਦਰਵਾਜ਼ੇ ਮੂਹਰਿਓਂ ਲੰਘਣਗੇ, ਸਾਰੇ ਪਿੰਡ ਵਾਸੀ ਚਾਚੇ ਦੇ ਘਰੇ ਇਕੱਠੇ ਹੋ ਕੇ ਮਹਿਫ਼ਲ ਸਜਾਉਣਗੇ। ਪਿੰਡ ਦੀਆਂ ਕੁੜੀਆਂ-ਬੁੜ੍ਹੀਆਂ ਜਾਗੋ ਕੱਢਣ ਸਮੇਂ ਗੀਤ ਗਾਉਣਗੀਆਂ, ਨੱਚਣ ਟੱਪਣਗੀਆਂ, ਮੇਰੀ ਮਾਂ ਤੇ ਪਤਨੀ ਉਸ ਦਿਨ ਉਦਾਸ ਜਿਹੀਆਂ ਹੋਈਆਂ ਘਰ ਦੇ ਅੰਦਰ ਵੜ ਕੇ ਬੈਠੀਆਂ ਹੋਣਗੀਆਂ, ਉਸ ਦਿਨ ਸਾਰੇ ਪਿੰਡ ਨੂੰ ਵਿਆਹ ਵਾਲੇ ਘਰ ਚੁੱਲ੍ਹਾ ਨਿਉਂਦ ਹੋਵੇਗੀ, ਸਿਰਫ਼ ਮੇਰਾ ਟੱਬਰ ਹੀ ਘਰ ਦੀ ਪੱਕੀ ਰੋਟੀ ਖਾਵੇਗਾ।' ਮੈਂ ਲਗਾਤਾਰ ਇਹੀ ਗੱਲ ਸੋਚੀ ਜਾ ਰਿਹਾ ਸਾਂ ਕਿ ਕਈ ਸਾਲਾਂ ਤੋਂ ਸਿੰਗ ਫਸਾਈ ਖੜ੍ਹੇ ਇਹ ਗਿਲੇ-ਸ਼ਿਕਵੇ ਆਖ਼ਰ ਕਦੋਂ ਖ਼ਤਮ ਹੋਣਗੇ? ਇਸ ਬਖੇੜੇ ਨੂੰ ਖ਼ਤਮ ਕਰਨ ਲਈ ਅਖੀਰ ਵਿਚ ਸਾਡੇ ਦੋਹਾਂ ਵਿਚੋਂ ਕਿਸੇ ਇਕ ਧਿਰ ਨੂੰ ਤਾਂ ਨਿਵਣਾ ਹੀ ਪਵੇਗਾ, ਲੋਕ ਕੀ ਸੋਚਦੇ ਹੋਣਗੇ ਸਾਡੇ ਪਰਿਵਾਰ ਬਾਰੇ? ਕੋਈ ਸਾਨੂੰ ਮਾੜਾ ਕਹਿੰਦਾ ਹੋਵੇਗਾ, ਕੋਈ ਉਨ੍ਹਾਂ ਨੂੰ।' ਮਨ ਸੋਚੀਂ ਪੈ ਗਿਆ ਸੀ ਕਿ ਇਸ ਕਠਿਨ ਮਸਲੇ ਨੂੰ ਸੁਲਝਾਉਣ ਲਈ ਕਿਹੜਾ ਢੰਗ-ਤਰੀਕਾ ਵਰਤਿਆ ਜਾਵੇ? ਲੰਬੀ ਸੋਚ ਵਿਚਾਰ ਤੋਂ ਬਾਅਦ ਇਕ ਦਿਨ ਮੈਂ ਡਰਦੇ-ਡਰਦੇ ਨੇ ਆਪਣੀ ਮਾਤਾ ਜੀ ਨਾਲ ਸਲਾਹ-ਮਸ਼ਵਰਾ ਕਰਨ ਦਾ ਮਨ ਬਣਾ ਗਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਿੰਡ ਤੇ ਡਾਕਖਾਨਾ ਚੌਕੀਮਾਨ ( ਲੁਧਿਆਣਾ)
ਸੰਪਰਕ : 78146 98117

Ad Position 22
No active advertisement
ਪਿਛਲੀ ਖ਼ਬਰ ਐਨ. ਸੀ. ਸੀ. ਕੈਂਪ ਦੌਰਾਨ ਕੈਡਿਟਾਂ ਨੂੰ ਡਰਿੱਲ, ਹਥਿਆਰ ਸਿਖਲਾਈ, ਅੰਗਦਾਨ ਜਾਗਰੂਕਤਾ ਅਤੇ ਫ਼ੌਜ 'ਚ ਭਰਤੀ ਸੰਬੰਧੀ ਦਿ... ਅਗਲੀ ਖ਼ਬਰ ਬਚਾਅ
Ad Position 24
No active advertisement