ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 550 ਸਾਲ ਪਹਿਲਾਂ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ 1469 ਈ: ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਚ ਉਸ ਸਮੇਂ ਹੋਇਆ, ਜਦੋਂ ਸਮਾਜ ਦੇ ਚਾਰੇ ਪਾਸੇ ਧਰਤੀ ਉੱਤੇ ਅੰਧਕਾਰ ਛਾਇਆ ਹੋਇਆ ਸੀ। ਗੁਰੂ ਪਾਤਸ਼ਾਹ ਨੇ ਦੇਖਿਆ ਕਿ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ, ਲੋਕ ਵਹਿਮਾਂ-ਭਰਮਾਂ ਵਿਚ ਫਸੇ ਹੋਏ ਹਨ, ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਲੇ ਆਗੂ ਆਪ ਹੀ ਪੁੱਠੇ ਰਸਤੇ ਪਏ ਹੋਏ ਹਨ। ਗੁਰੂ ਪਾਤਸ਼ਾਹ ਨੇ ਸਾਰੀ ਸਥਿਤੀ ਨੂੰ ਅਨੁਭਵ ਕੀਤਾ ਅਤੇ ਆਪਣੀਆਂ ਉਦਾਸੀਆਂ ਰਾਹੀਂ ਭਰਮਣ ਕਰਕੇ ਭੁੱਲੇ-ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਗੁਰੂ ਪਾਤਸ਼ਾਹ ਨੇ ਆਪਣੀਆਂ ਉਦਾਸੀਆਂ ਸਮੇਂ ਹਰ ਪ੍ਰਾਣੀ ਮਾਤਰ ਨੂੰ ਸਤਿਨਾਮ ਦਾ ਉਪਦੇਸ਼ ਦੇ ਕੇ ਪਰਮਾਤਮਾ ਦੇ ਨਾਲ ਜੋੜਿਆ। ਗੁਰੂ ਪਾਤਸ਼ਾਹ ਉੱਤਰ ਵਿਚ ਬਾਕੂ (ਰੂਸ) ਤੱਕ, ਦੱਖਣ ਵਿਚ ਲੰਕਾ ਤੱਕ, ਪੂਰਬ ਵਿਚ ਚੀਨ ਅਤੇ ਪੱਛਮ ਵਿਚ ਰੋਮ (ਇਟਲੀ) ਤੱਕ ਗਏ। ਗੁਰੂ ਨਾਨਕ ਪਾਤਸ਼ਾਹ ਨੂੰ ਮੁਸਲਮਾਨਾਂ ਨੇ ਆਪਣਾ ਪੀਰ, ਹਿੰਦੂਆਂ ਨੇ ਦੇਵਤਾ ਅਤੇ ਪੂਰਬੀ ਭਾਰਤ ਦੇ ਹਿੱਸਿਆਂ 'ਤੇ ਤਿੱਬਤ ਵਿਚ ਨਾਨਕ ਨਾਮ ਲੇਵਾ ਲੋਕਾਂ ਨੇ ਉਨ੍ਹਾਂ ਨੂੰ ਬੋਧੀਲਾਮਾ ਦੇ ਰੂਪ ਵਿਚ ਪੂਜਿਆ ਅਤੇ ਅੱਜ ਵੀ ਪੂਜ ਰਹੇ ਹਨ। ਗੁਰੂ ਪਾਤਸ਼ਾਹ ਜਿਥੇ ਵੀ ਗਏ, ਉਥੇ ਸੰਗਤਾਂ ਵੱਡੀ ਗਿਣਤੀ ਵਿਚ ਜੁੜਦੀਆਂ ਅਤੇ ਅਨੇਕਾਂ ਪੱਕੇ ਸੇਵਕ ਬਣਦੇ। ਇਹ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਦਾਸੀਆਂ ਉਪਰੰਤ ਗੁਰੂ ਪਾਤਸ਼ਾਹ ਦੇ ਸੇਵਕਾਂ ਦੀ ਗਿਣਤੀ ਸੈਂਕੜੇ ਜਾਂ ਹਜ਼ਾਰਾਂ ਵਿਚ ਹੀ ਨਹੀਂ, ਸਗੋਂ ਲੱਖਾਂ ਵਿਚ ਸੀ।
ਭਾਈ ਗੁਰਦਾਸ ਜੀ ਨੇ 40 ਵਾਰਾਂ ਰਚੀਆਂ ਹਨ। ਉਨ੍ਹਾਂ 40 ਵਾਰਾਂ ਦੀ ਅੰਗੂਠੀ ਵਿਚ 'ਆਦਿ ਗ੍ਰੰਥ' ਜੀ ਦੇ ਅਨਮੋਲਕ ਹੀਰਿਆਂ ਨੂੰ ਜੜ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 'ਕੁੰਜੀ' ਕਹਿ ਕੇ ਸਤਿਕਾਰ ਦਿੱਤਾ ਹੈ।
ਭਾਈ ਗੁਰਦਾਸ ਜੀ ਦੀਆਂ ਰਚੀਆਂ ਵਾਰਾਂ ਵਿਚੋਂ 11ਵੀਂ ਵਾਰ ਵਿਚ 31 ਪੌੜੀਆਂ (ਪਉੜੀਆਂ) ਹਨ। ਇਸ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਤੱਕ ਅਰਥਾਤ ਪਹਿਲੇ ਛੇ ਸਿੱਖ ਗੁਰੂ ਸਾਹਿਬਾਨ ਦੇ ਪ੍ਰਸਿੱਧ ਸਿਦਕੀ ਸਿੱਖਾਂ ਤੇ ਸੇਵਕਾਂ ਦਾ ਵਰਨਣ ਕੀਤਾ ਹੈ। ਭਾਈ ਗੁਰਦਾਸ ਜੀ ਨੇ ਇਸ ਵਾਰ ਵਿਚਲੇ ਸਾਰੇ ਸਿੱਖਾਂ ਦੇ ਨਾਂਅ, ਥਾਂ ਆਦਿ ਦੇ ਵੇਰਵੇ ਦਿੱਤੇ ਹਨ ਤੇ ਇਸ ਵਾਰ ਦੀ 13ਵੀਂ ਤੋਂ 14ਵੀਂ ਪਉੜੀ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਦਕੀ ਸਿੱਖ ਭਾਈ ਤਾਰੂ ਪੋਪਟ, ਮੂਲਾ ਕੀੜ, ਪ੍ਰਿਥਾ ਤੇ ਖੇਡਾ ਸੋਇਨੀ, ਭਾਈ ਮਰਦਾਨਾ (ਰਬਾਬੀ), ਪ੍ਰਿਥੀਮਲ ਸਹਗਲ, ਰਾਮਾ ਡਿਡੀ, ਨਵਾਬ ਦੌਲਤ ਖਾਨ ਲੋਧੀ, ਮਾਲੋ ਤੇ ਮਾਂਗਾ, ਬਾਬਾ ਕਾਲੂ ਖੱਤਰੀ, ਭਗਤਾ ਓਹਰੀ, ਜਾਪੂ ਵੰਸੀ (ਖਤਰੀ), ਸੀਹਾਂ ਉੱਪਲ, ਗੱਜਣ ਉੱਪਲ, ਭਗੀਰਥ (ਮਲਸੀਹਾਂ ਵਾਲਾ), ਅਜਿੱਤਾ ਰੰਧਾਵਾ ਤੇ ਭਾਈ ਬੂੜਾ ਜੀ (ਬੁੱਢਾ ਜੀ) ਦਾ ਸੰਕੇਤ ਮਾਤਰ ਇਤਿਹਾਸ ਦਿੱਤਾ ਹੈ।
ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਵਿਚ 31 ਪਉੜੀਆਂ ਦੀ ਜੋ ਰਚਨਾ ਕੀਤੀ ਹੈ, ਉਸ ਵਿਚ ਪਹਿਲੀਆਂ 12 ਪਉੜੀਆਂ ਦੇ ਅੰਦਰ ਗੁਰੂ ਦੀ ਮਹਿਮਾ ਤੇ ਗੁਰਸਿੱਖ ਦੇ ਲੱਛਣ ਦੱਸ ਕੇ 13ਵੀਂ ਪਉੜੀ ਤੋਂ ਸਿਦਕੀ ਸਿੱਖਾਂ ਦਾ ਵਰਨਣ ਸ਼ੁਰੂ ਕੀਤਾ ਹੈ। ਇਹ ਵਾਰ ਇਤਿਹਾਸਕ ਤੌਰ 'ਤੇ ਬੜੀ ਮਹੱਤਵਪੂਰਨ ਵਾਰ ਹੈ। ਭਾਈ ਮਨੀ ਸਿੰਘ ਨੇ ਇਸ ਵਾਰ ਦਾ ਟੀਕਾ 'ਗੁਰਸਿੱਖਾਂ ਦੀ ਭਗਤਮਾਲਾ' ਭਾਵ ਭਗਤ ਰਤਨਾਵਲੀ ਦੇ ਸਿਰਲੇਖ ਹੇਠ ਕੀਤਾ ਹੈ।
ਭਾਈ ਮਰਦਾਨਾ ਜੀ

ਗੁਰੂ ਨਾਨਕ ਪਾਤਸ਼ਾਹ ਦੇ ਲੰਬੇ ਪੈਂਡਿਆਂ ਦਾ ਰਾਹੀ ਭਾਈ ਮਰਦਾਨਾ ਜੀ ਸਨ, ਜਿਨ੍ਹਾਂ ਨੇ ਆਪਣੀ 75 ਸਾਲ ਦੀ ਉਮਰ ਵਿਚੋਂ 47 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਬਿਤਾਏ। ਵਾਹ! ਧੰਨ ਭਾਈ ਮਰਦਾਨਿਆ। ਸੰਸਾਰ ਵਿਚ ਕਿਸੇ ਵਿਰਲੇ ਨੂੰ ਹੀ ਇਹੋ ਜਿਹਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਜ਼ਿੰਦਗੀ ਦਾ ਇੰਨਾ ਸਮਾਂ? ਦਿਨ-ਰਾਤ ਹਰ ਵੇਲੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਗੁਜ਼ਾਰਨਾ ਕੋਈ ਸਾਧਾਰਨ ਗੱਲ ਨਹੀਂ ਹੈ। ਕਈ ਲਿਖਾਰੀਆਂ ਨੇ 54 ਸਾਲ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਨਾਲ ਬਿਤਾਉਣ ਦਾ ਲਿਖਿਆ ਹੈ। ਸਮਾਂ ਕੁਝ ਵੀ ਹੋਵੇ, ਭਾਈ ਮਰਦਾਨਾ ਜੀ ਵਰਗਾ ਖੁਸ਼ਕਿਸਮਤ, ਭਾਗਾਂ ਵਾਲਾ ਇਨਸਾਨ ਕੌਣ ਹੋ ਸਕਦਾ ਹੈ, ਜਿਸ ਨੂੰ ਗੁਰੂ ਪਾਤਸ਼ਾਹ ਦਾ ਪਿਆਰ, ਨਿੱਘ, ਨਿਮਰਤਾ ਤੇ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ।
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ, 'ਭਾਈ ਮਰਦਾਨੇ ਦਾ ਜਨਮ ਲੱਖੋ ਦੇ ਉਦਰ ਤੋਂ ਬਾਦਰੇ ਮਿਰਾਸੀ ਦੇ ਘਰ ਸੰਮਤ 1516 ਨੂੰ ਤਲਵੰਡੀ ਵਿਖੇ ਹੋਇਆ। ਇਹ ਦੇਸ਼, ਦੇਸ਼ਾਂਤਰਾਂ ਵਿਚ ਜਗਤਗੁਰੂ ਦੀ ਸੇਵਾ ਵਿਚ ਹਾਜ਼ਰ ਰਹਿ ਕੇ ਕੀਰਤਨ ਕਰਦਾ ਰਿਹਾ। ਇਸ ਦਾ ਦਿਹਾਂਤ 13 ਮੱਘਰ ਸੰਮਤ 1591 ਨੂੰ ਅਫ਼ਗਾਨਿਸਤਾਨ ਦੇ ਕੁੱਰਮ ਦਰਿਆ ਦੇ ਕਿਨਾਰੇ ਕੁੱਰਮ ਨਗਰ ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਦੇਹ ਆਪਣੇ ਹੱਥੀਂ ਸਸਕਾਰੀ, ਰਬਾਬ ਵਜਾਉਣ ਕਰਕੇ ਰਬਾਬੀ ਉਪਾਧੀ ਭਾਈ ਮਰਦਾਨੇ ਦੇ ਨਾਂਅ ਨਾਲ ਆਉਂਦੀ ਹੈ। 'ਵਾਰ ਬਿਹਾਗੜਾ' ਵਿਚ ਭਾਈ ਮਰਦਾਨੇ ਦੇ ਨਾਂਅ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸਲੋਕ ਪਉੜੀ 12ਵੀਂ ਦੇ ਨਾਲ ਦਰਜ ਹਨ।'
ਭਾਈ ਮਨੋਹਰ ਦਾਸ, ਮੇਹਰਬਾਨ ਜੀ ਨੇ ਭਾਈ ਮਰਦਾਨਾ ਨੂੰ ਗੁਰੂ ਨਾਨਕ ਦੇਵ ਜੀ ਦੇ 'ਬਾਲਪਣ ਦਾ ਸਾਥੀ' ਤਲਵੰਡੀ ਰਾਇ ਭੋਐ ਕੀ ਕਹਿੰਦਾ, ਰਬਾਬ ਵਜਾਇਦਾ ਲਿਖਿਆ ਹੈ। ਮਰਦਾਨਾ ਉਨ੍ਹਾਂ ਨੂੰ ਗੁਰੂ ਨਾਨਕ ਜੀ ਵਲੋਂ ਮਿਲਿਆ ਖਿਤਾਬ ਸੀ। ਉਨ੍ਹਾਂ ਦਾ ਪਾਵਨ ਨਾਂਅ ਦਾਨਾ ਸੀ।
ਡਾ: ਤਿਰਲੋਚਨ ਸਿੰਘ ਲਿਖਦੇ ਹਨ ਕਿ ਗੁਰੂ ਨੇ ਉਸ ਰਬਾਬੀ ਤੋਂ ਪੁੱਛਿਆ, 'ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈ, ਤੇਰਾ ਨਾਮ ਕੀ ਹੈ।' ਰਬਾਬੀ ਨੇ ਉੱਤਰ ਦਿੱਤਾ, 'ਮੇਰਾ ਨਾਮ ਮਰਦਾਨਾ ਹੈ, ਸੁਬਹਾਨ ਤੇਰੀ ਖੁਸ਼ੀ ਨੂੰ। ਰੱਬ ਤੁਹਾਨੂੰ ਬਹੁਤਾ ਦੇਵੇ, ਜਿਨ੍ਹਾਂ ਮੇਰੇ ਰਾਗ ਦੀ ਕਦਰ ਪਾਈ। ਤੁਹਾਡੇ ਜਿਹੇ ਕਦਰਦਾਨਾਂ ਦੇ ਸਿਰ 'ਤੇ ਅਸੀਂ ਜਿਉਂਦੇ ਹਾਂ।' ਗੁਰੂ ਨਾਨਕ ਜੀ ਨੇ ਪ੍ਰਸੰਨ ਹੋ ਕੇ ਫੇਰ ਆਖਿਆ, 'ਮਰਦਾਨਿਆ, ਤੇਰੀ ਰਬਾਬ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਤੈਨੂੰ ਰਾਗਾਂ ਦੀ ਬੜੀ ਸੂਝ ਹੈ, ਬੜੇ ਸਾਧੇ ਹੋਏ ਹੱਥਾਂ ਨਾਲ ਰਬਾਬ ਵਜਾਉਂਦਾ ਹੈ।' ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮਰਦਾਨਿਆ, ਕਿੰਨਾ ਚੰਗਾ ਹੋਵੇ ਜੇ ਰੱਬੀ ਬਾਣੀ ਇਨ੍ਹਾਂ ਵਿਚ ਗਾਵੇਂ। ਗੁਰੂ ਪਾਤਸ਼ਾਹ ਨੇ ਕਿਹਾ ਕਿ ਮੈਂ ਸ਼ਬਦ ਸੱਚੇ ਸਾਹਿਬ ਦੀ ਸਿਫਤ ਤੇ ਰਚਾਂਗਾ ਤੇ ਤੂੰ ਇਨ੍ਹਾਂ ਰਾਗਾਂ ਵਿਚ ਆਪਣੀ ਰਬਾਬ ਉੱਤੇ ਸੁਰ ਕਰੀ। ਮਰਦਾਨਿਆ, ਤੇਰਾ ਇਸ ਲੋਕ ਵਿਚ ਵੀ ਉਧਾਰ ਹੋਵੇਗਾ ਤੇ ਪਰਲੋਕ ਵਿਚ ਵੀ। ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਵਲੋਂ ਉਸ ਦਾ ਸਤਿਕਾਰ ਕਰਨ 'ਤੇ ਖੁਸ਼ੀ ਹੋਈ ਪਰ ਮਰਦਾਨਾ ਜੀ ਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਕਿ ਉਹ ਆਪਣਾ ਕਿੱਤਾ ਛੱਡ ਕੇ ਕੇਵਲ ਸ਼ਬਦ ਗਾਵੇ। ਉਸ ਨੂੰ ਪਤਾ ਸੀ ਕਿ ਜੇ ਲੋਕਾਂ ਨੂੰ ਉਨ੍ਹਾਂ ਦੇ ਮਨਪਸੰਦ ਦੀਆਂ ਵਾਰਾਂ ਜਾਂ ਲੋਕ-ਗੀਤ ਨਾ ਸੁਣਾਏ ਤਾਂ ਕਿਸੇ ਨੇ ਕੋਈ ਦਾਨ ਨਹੀਂ ਦੇਣਾ ਅਤੇ ਇਸ ਤਰ੍ਹਾਂ ਉਸ ਦਾ ਟੱਬਰ ਭੁੱਖਾ ਮਰੇਗਾ। ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਿ ਅਸੀਂ ਅਮੀਰ ਤੇ ਧਨਾਢ ਲੋਕਾਂ ਨੂੰ ਵਾਰਾਂ ਤੇ ਗੀਤ ਸੁਣਾ ਕੇ ਚਾਰ ਪੈਸੇ ਕਮਾ ਲੈਂਦੇ ਹਾਂ ਅਤੇ ਆਪਣੇ ਟੱਬਰ ਨੂੰ ਪਾਲਦੇ ਹਾਂ। ਜੇ ਮੈਂ ਤੁਹਾਡੇ ਨਾਲ ਰਹਿ ਕੇ ਸ਼ਬਦ ਹੀ ਗਾਉਂਦਾ ਰਿਹਾ ਤਾਂ ਮੇਰੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਪੂਰੇ ਪ੍ਰੇਮ ਨਾਲ ਸਮਝਾਇਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਮਰਦਾਨਿਆ, ਪਰਿਵਾਰ ਦਾ ਫਿਕਰ ਨਾ ਕਰ, ਰੱਬ 'ਤੇ ਭਰੋਸਾ ਰੱਖ, ਤੇਰੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੋਵੇਗੀ, ਕਿਸੇ ਗੱਲ ਦੀ ਕੋਈ ਘਾਟ ਨਹੀਂ ਆਵੇਗੀ। ਮਰਦਾਨਾ ਜੀ ਲਈ ਇਨ੍ਹਾਂ ਗੁੱਝੀਆਂ ਗੱਲਾਂ ਨੂੰ ਸਮਝਣਾ ਔਖਾ ਸੀ। ਗੁਰੂ ਨਾਨਕ ਪਾਤਸ਼ਾਹ ਦੀਆਂ ਗੱਲਾਂ ਸੁਣ ਕੇ ਤੇ ਪਾਤਸ਼ਾਹ ਵਲੋਂ ਭਾਈ ਮਰਦਾਨੇ ਦੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ 'ਤੇ ਖੁਸ਼ ਹੋਏ। ਹੁਣ ਮਰਦਾਨੇ ਦਾ ਦਿਲ ਬਾਗੋਬਾਗ ਸੀ। ਉਸ ਨੂੰ ਖੁਸ਼ੀ ਸੀ ਕਿ ਜਿਹੜੀ ਰੱਬੀ ਬਾਣੀ ਨੀਵੀਆਂ ਜਾਤੀਆਂ ਦੇ ਲੋਕ ਗਾ ਨਹੀਂ ਸਨ ਸਕਦੇ, ਉਹ ਹੁਣ ਗਾ ਸਕੇਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਵਿਚ ਆਲਾਹੀ ਅਨੰਦ ਮਾਣ ਸਕੇਗਾ। ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਦਿਆਲੂ ਤੇ ਕਿਰਪਾਲੂ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਕਹਿਣ ਲੱਗੇ ਬਾਬਾ ਨਾਨਕ ਜੀ, ਤੁਸੀਂ ਮੇਰੇ ਉੱਤੇ ਇੰਨੇ ਦਿਆਲ ਹੋਏ ਹੋ, ਜੋ ਮੈਂ ਕਦੇ ਸੁਪਨੇ ਵਿਚ ਵੀ ਸੋਚ ਨਹੀਂ ਸਕਦਾ ਸੀ ਕਿ ਕੋਈ ਮੇਰੇ ਰਾਗ ਤੇ ਮੇਰੀ ਰਬਾਬ ਦੀ ਇੰਨੀ ਕਦਰ ਕਰੇਗਾ। ਤੁਹਾਡੀ ਕਿਰਪਾ ਸਦਕਾ ਹੁਣ ਮੈਨੂੰ ਥਾਂ-ਥਾਂ ਗਾ ਕੇ ਮੰਗਣਾ ਨਹੀਂ ਪਵੇਗਾ।
ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਨਾਲੋਂ 15-16 ਸਾਲ ਵੱਡੇ ਸਨ। ਜਿਸ ਸਮੇਂ ਭਾਈ ਮਰਦਾਨੇ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋਇਆ, ਉਸ ਸਮੇਂ ਉਸ ਦੇ ਬੱਚੇ ਜਨਮ ਲੈ ਚੁੱਕੇ ਸਨ। ਹੁਣ ਮਰਦਾਨਾ ਜੀ ਸਮਝ ਚੁੱਕੇ ਸਨ ਕਿ ਬਾਬਾ ਨਾਨਕ ਤਾਂ ਇਲਾਹੀ ਜੋਤ ਹੈ ਅਤੇ ਸਭ ਦੀ ਪਾਲਣਾ-ਪੋਸ਼ਣਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਹੁਣ ਮਰਦਾਨਾ, ਗੁਰੂ ਨਾਨਕ ਪਾਤਸ਼ਾਹ ਦਾ ਹੋ ਚੁੱਕਾ ਸੀ। ਭਾਈ ਮਰਦਾਨਾ ਜੀ ਹੀ ਇਕ ਅਜਿਹੀ ਸ਼ਖ਼ਸੀਅਤ ਹੋਏ ਹਨ ਜੋ ਅਖੀਰਲੇ ਸਮੇਂ ਤੱਕ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ ਅਤੇ ਦੁਨੀਆ ਦਾ ਕਲਿਆਣ ਕਰਦੇ ਰਹੇ।
ਮੁਨਸ਼ੀ ਸੁਜਾਨ ਰਾਇ ਨੇ ਖੁਲਾਸਤ-ਉਤ-ਤਵਾਰੀਖ ਵਿਚ ਲਿਖਿਆ ਹੈ ਕਿ ਮਰਦਾਨਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਸ ਸੋਜ਼ ਤੇ ਦਿਲ-ਖਿੱਚਵੇਂ ਢੰਗ ਨਾਲ ਗਾਉਂਦਾ ਸੀ ਕਿ ਪੰਛੀ ਵੀ ਰੁਕ ਜਾਂਦੇ। ਇਸੇ ਤਰ੍ਹਾਂ ਮੁਨਸ਼ੀ ਸੋਹਣ ਲਾਲ ਲਿਖਦਾ ਹੈ ਕਿ, 'ਜਦ ਉਹ ਬਾਣੀ ਗਾਉਂਦਾ ਹੈ ਤਾਂ ਉਸ ਦਾ ਚਿਹਰਾ ਜਗਮਗਾ ਉਠਦਾ ਹੈ।'
ਭਾਈ ਗੁਰਦਾਸ ਜੀ ਨੇ ਭਈ ਮਰਦਾਨਾ ਜੀ ਬਾਰੇ ਇਸ ਤਰ੍ਹਾਂ ਲਿਖਿਆ ਹੈ-
ਭਲਾ ਰਬਾਬ ਵਜਾਇੰਦਾ ਮਜਲਸ
ਮਰਦਾਨਾ ਮੀਰਾਸੀ॥ (ਵਾਰ ੧੧, ਪਉੜੀ 13)
ਭਾਈ ਤਾਰੂ ਪੋਪਟ ਜੀ

ਹਰ ਰੋਜ਼ ਅਨੇਕਾਂ ਹੀ ਲੋਕ ਕਰਤਾਰਪੁਰ ਪਹੁੰਚਦੇ ਤੇ ਗੁਰੂ ਜੀ ਕੋਲ ਰਹਿ ਕੇ ਮਨ ਦੇ ਸ਼ੰਕੇ ਨਿਵਾਰਦੇ ਪਰ ਭਾਈ ਗੁਰਦਾਸ ਜੀ ਨੇ ਕੇਵਲ 20 ਹੀ ਸਿੱਖਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਜੀਵਨ ਪਦਵੀ ਪਾਈ। ਉਨ੍ਹਾਂ ਵਿਚੋਂ ਸਭ ਤੋਂ ਪਹਿਲੀ ਥਾਂ ਉਨ੍ਹਾਂ ਭਾਈ ਤਾਰੂ ਜੀ ਨੂੰ ਦਿੱਤੀ। ਜਦੋਂ ਭਾਈ ਤਾਰੂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ, ਉਸ ਸਮੇਂ ਉਸ ਦੀ ਉਮਰ 10 ਸਾਲ ਦੀ ਸੀ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਚ ਲਿਖਿਆ ਹੈ ਕਿ ਸਤਿਗੁਰ ਜੀ ਨੇ ਸਦਵਾ ਕੇ ਪੁੱਛਿਆ ਕਿ ਬੱਚੇ ਤੈਨੂੰ ਇਹ ਸ਼ੌਕ ਇਸ ਉਮਰੇ ਕੀਕੂੰ ਲੱਗ ਪਿਆ? ਬੱਚੇ ਨੇ ਕਿਹਾ ਜੀ ਮੈਂ ਸਮਝਦਾ ਹੁੰਦਾ ਸਾਂ ਕਿ ਬਾਲ ਜੁਆਨ ਹੋ ਜਾਂਦੇ, ਜੁਆਨ ਬੁੱਢੇ ਤਾਂ ਮੌਤ ਆਉਂਦੀ ਹੈ ਪਰ ਇਕ ਦਿਨ ਮਾਂ ਨੇ ਮੈਨੂੰ ਕਿਹਾ, ਅੱਗ ਬਾਲ। ਜਾਂ ਮੈਂ ਬਾਲਾਂ ਤਾਂ ਬਲੇ ਨਾ। ਮਾਂ ਨੇ ਕਿਹਾ ਪਹਿਲਾਂ ਨਿੱਕੀਆਂ ਲਾ ਤੇ ਅੱਗ ਰੱਖ ਕੇ ਫੂਕ ਮਾਰ। ਜਾਂ ਮੈਂ ਇੰਜ ਕੀਤਾ ਤਾਂ ਅੱਗ ਬਲ ਪਈ। ਮੈਨੂੰ ਉਦੋਂ ਤੋਂ ਫੁਰ ਪਿਆ ਕਿ ਅੱਗ ਤਾਂ ਨਿੱਕੀਆਂ ਨੂੰ ਛੇਤੀ ਲਗਦੀ ਹੈ, ਤਿਵੇਂ ਮੌਤ ਨਿੱਕੀਆਂ ਨੂੰ ਛੇਤੀ ਲਗਦੀ ਹੋਊ। ਇਸ ਭੈ ਨੇ ਕਿ ਮਤੇ ਮੈਂ ਛੇਤੀ ਮਰ ਜਾਵਾਂ, ਮੈਨੂੰ ਇਸ ਸੋਚੇ ਪਾਇਆ ਕਿ ਕਿਸੇ ਸੰਤ ਨੂੰ ਮਿਲਾਂ। ਤੁਹਾਡਾ ਕੀਰਤਨ ਕੰਨੀਂ ਪਿਆ, ਕੁਝ ਸਮਝ ਭੀ ਪੈਂਦਾ ਹੈ, ਸੁਆਦ ਹੈ, ਮੈਂ ਸਵੇਰੇ ਆਉਣ ਲੱਗ ਪਿਆ ਹਾਂ, ਮੇਰਾ ਭੈ ਮੌਤ ਦਾ ਕੱਟ ਦਿਓ। ਗੁਰੂ ਜੀ ਬੋਲੇ, ਤਾਰੂ! ਤੂੰ ਕੁਲਤਾਰੂ ਹੈਂ। ਫਿਰ ਗੁਰੂ ਜੀ ਬੋਲੇ, ਬੱਚਾ! ਆਪਣਾ ਕੰਮ ਕਾਜ ਸਿੱਖ, ਪਰ ਤੁਰਦੇ-ਫਿਰਦੇ ਵਾਹਿਗੁਰੂ ਜਪਿਆ ਕਰ। ਮਾੜਾ ਕੰਮ ਨਹੀਂ ਕੋਈ ਕਰਨਾ, ਭਲਾ ਕਰਨਾ, ਜਦੋਂ ਕਮਾਊ ਹੋ ਜਾਏਂ ਤਾਂ ਧਰਮ ਦੀ ਕਿਰਤ ਕਰੀਂ, ਵੰਡ ਖਾਵੀਂ, ਗੁਰਸਿੱਖਾਂ ਦੀ ਸੇਵਾ ਕਰੀਂ, ਇਸ ਤਰ੍ਹਾਂ ਮਨ ਸ਼ੁੱਧ ਰਹੇਗਾ, ਸ਼ੁੱਧ ਮਨ ਵਿਚ ਸਾਰੇ ਗੁਣ ਆਪੇ ਚਮਕ ਉਠਦੇ ਹਨ ਤੇ ਨਾਮ ਦਾ ਨਿਵਾਸ ਹੁੰਦਾ ਹੈ। ਮੋਟੀ ਮੈਲ ਤੋਂ ਮਨ ਸ਼ੁੱਧ ਹੁੰਦਾ ਹੈ, ਨਿਹਕਾਮ ਕਰਮਾਂ ਨਾਲ ਤੇ ਸੂਖਮ ਨਿਰੰਕਾਰ ਦੀ ਸਿਫ਼ਤ ਸਲਾਹ ਕੀਰਤਨ ਨਾਲ। ਫੇਰ ਹੋਰ ਸੂਖਮ ਮੈਲ ਉਤਰਦੀ ਹੈ ਨਾਮ ਨਾਲ, ਅੰਤ ਨਾਮ ਨਾਮੀ ਵਿਚ ਲੈ ਕਰ ਦਿੰਦਾ ਹੈ। ਜਦੋਂ ਨਾਮੀ ਅਰਥਾਤ ਨਿਰੰਕਾਰ ਨੂੰ ਮਿਲ ਪਈਦਾ ਹੈ ਤਾਂ ਜਨਮ-ਮਰਨ ਦਾ, ਨਰਕ-ਸੁਰਗ ਦਾ, ਦੁੱਖ-ਸੁਖ ਦਾ ਸਾਰੇ ਭੈ ਦੂਰ ਹੋ ਜਾਂਦੇ ਹਨ।
ਇਕ ਵਾਰ ਲਾਹੌਰ ਵਿਚ ਜਦ ਅੱਗ ਲੱਗੀ ਤੇ ਸ਼ਹਿਰ ਸੜਨ ਲੱਗਾ ਤਾਂ ਭਾਈ ਤਾਰੂ ਜੀ ਨੇ ਘਰੋਂ ਬਾਲਟੀ ਚੁੱਕੀ ਅਤੇ ਖੂਹ ਤੋਂ ਪਾਣੀ ਭਰ ਕੇ ਅੱਗ ਬੁਝਾਉਣ ਲਈ ਤੁਰ ਪਏ। ਨਾਲਦਿਆਂ ਨੇ ਕਿਹਾ, 'ਭਾਈ ਜੀ ਇੰਨੀ ਭਿਆਨਕ ਅੱਗ ਤੁਹਾਡੀ ਇਕ ਬਾਲਟੀ ਨਾਲ ਨਹੀਂ ਬੁਝਣ ਲੱਗੀ, ਇਹ ਉੱਦਮ ਨਿਸਫਲ ਜਾਏਗਾ।' ਪਰਉਪਕਾਰੀ ਭਾਈ ਤਾਰੂ ਜੀ ਨੇ ਕਿਹਾ ਕਿ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਮੇਰੀ ਇਕ ਪਾਣੀ ਵਾਲੀ ਬਾਲਟੀ ਨਾਲ ਅੱਗ ਬੁਝਦੀ ਹੈ ਜਾਂ ਨਹੀਂ ਪਰ ਗੁਰੂ ਨਾਨਕ ਦਾ ਸਿੱਖ ਅੱਗ ਲੱਗੀ ਦੇਖ ਕੇ ਆਰਾਮ ਨਾਲ ਨਹੀਂ ਬੈਠ ਸਕਦਾ।
ਭਾਈ ਤਾਰੂ ਪੋਪਟ ਜਾਤੀ ਨਾਲ ਸਬੰਧਤ ਸਨ। ਭਾਈ ਤਾਰੂ ਜੀ ਆਪਣੀ ਧੁਨ ਵਿਚ ਮਸਤ ਰਹੇ। ਉਹ ਨਾ ਕੇਵਲ ਸੱਚੀ-ਸੁੱਚੀ ਬਿਰਤੀ ਨਾਲ ਨਾਮ ਜਪਦੇ ਸਨ, ਬਲਕਿ ਧਰਮ ਦੀ ਕਿਰਤ ਕਰ ਕੇ ਆਪਣੀ ਸਾਰੀ ਬਚੀ ਪੂੰਜੀ ਦੀਨ-ਦੁਖੀਆਂ ਦੀ ਸੇਵਾ ਵਿਚ ਲਾ ਦਿੰਦੇ ਸਨ। ਆਏ-ਗਏ ਗੁਰਸਿੱਖਾਂ, ਦਰਵੇਸ਼ਾਂ, ਫ਼ਕੀਰਾਂ ਦੀ ਤਨੋ-ਮਨੋਂ ਸੇਵਾ ਕਰਦੇ ਅਤੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਉਨ੍ਹਾਂ ਦੀ ਆਓ ਭਗਤ ਕਰਦੇ ਸਨ। ਭਾਈ ਤਾਰੂ ਪੋਪਟ ਇਸ ਤਰ੍ਹਾਂ ਗੁਰੂ-ਘਰ ਦੇ ਅਨਿਨ ਭਗਤ ਬਣੇ।
**
ਬਾਬਾ ਬੁੱਢਾ ਜੀ

ਸਿੱਖ ਇਤਿਹਾਸ ਵਿਚ ਬਾਬਾ ਬੁੱਢਾ ਜੀ ਦਾ ਵਿਸ਼ੇਸ਼ ਸਥਾਨ ਹੈ, ਜਦੋਂ ਵੀ ਸਿੱਖ ਇਤਿਹਾਸ ਵਿਚ ਸੇਵਾ, ਸਿਮਰਨ, ਲਗਨ, ਦ੍ਰਿੜ੍ਹਤਾ, ਨਿਮਰਤਾ ਦੀ ਗੱਲ ਚਲਦੀ ਹੈ ਤਾਂ ਬਾਬਾ ਬੁੱਢਾ ਜੀ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਹੈ। ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ, 1506 ਈ: ਨੂੰ ਮਾਤਾ ਗੋਰਾਂ ਜੀ ਦੀ ਕੁੱਖੋਂ ਪਿਤਾ ਭਾਈ ਸੁੱਘੇ ਰੰਧਾਵੇ ਦੇ ਘਰ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਤਿਹਾਸ ਵਿਚ ਆਉਂਦਾ ਹੈ ਕਿ ਜਦ ਉਹ 12 ਕੁ ਸਾਲ ਦੇ ਸਨ ਤਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਦੁੱਧ ਦਾ ਕਟੋਰਾ ਗੁਰੂ ਜੀ ਅੱਗੇ ਰੱਖ ਕੇ ਕਿਹਾ, 'ਗਰੀਬ ਨਿਵਾਜ ਤੇਰਾ ਦਰਸ਼ਨ ਕੀਤਾ ਹੈ, ਮੇਰਾ ਜਨਮ ਮਰਨ ਕਟੀਏ ਜੀ।' ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੂੰ ਅਜੇ ਬਾਲਕ ਹੈ, ਤੈਨੂੰ ਇਹ ਬੁੱਧ ਕਿਥੋਂ ਪ੍ਰਾਪਤ ਹੋਈ ਹੈ। ਤਾਂ ਉਸ ਨੇ ਆਖਿਆ ਕਿ ਸਾਡੇ ਪਿੰਡ ਮੁਗ਼ਲ ਫੌਜਾਂ ਨੇ ਉਤਾਰਾ ਕਰ ਕੱਚੀਆਂ, ਪੱਕੀਆਂ ਸਭ ਫ਼ਸਲਾਂ ਵੱਢ ਲਈਆਂ, ਕਿਸੇ ਨੇ ਨਾ ਰੋਕਿਆ। ਤਾਂ ਫਿਰ ਜਮ ਦਾ ਹੱਥ ਕੌਣ ਫੜ ਸਕਦਾ ਹੈ। ਤਾਂ ਪਾਤਸ਼ਾਹ ਨੇ ਕਿਹਾ ਕਿ ਤੂੰ ਬਾਲਕ ਨਹੀਂ, ਤੇਰੀ ਮਤ ਤਾਂ ਬੁੱਢਿਆਂ ਵਰਗੀ ਹੈ, ਤੂੰ ਤਾਂ ਬੁੱਢਾ ਹੈ। ਤੂੰ ਇਕ ਮਨ ਹੋ ਕੇ ਵਾਹਿਗੁਰੂ ਨੂੰ ਧਿਆਏਂਗਾ ਤੇਰਾ ਕਲਿਆਣ ਹੋਵੇਗਾ।
ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ਅੰਮ੍ਰਿਤਸਰ ਲਾਗੇ ਗੁਰੂ ਨਾਨਕ ਵਿਚਰ ਰਹੇ ਸਨ ਕਿ ਇਕ ਬਾਲਕ ਦਾ ਮੇਲ ਹੋਇਆ। ਉਸ ਸਮੇਂ ਉਹ ਬਾਲਕ ਮੱਝਾਂ ਚਾਰ ਰਿਹਾ ਸੀ। ਪਾਣੀ ਲਿਆਉਣ ਲਈ ਕਿਹਾ ਤਾਂ ਉਸ ਬਾਲਕ ਨੇ ਕਿਹਾ ਕਿ ਕਿਸੇ ਤਲਾਬ ਵਿਚ ਹੀ ਜਲ ਨਹੀਂ ਹੈ। ਗੁਰੂ ਜੀ ਨੇ ਕਿਹਾ ਕਿ ਤੁਸੀਂ ਆਪ ਜਾ ਕੇ ਦੇਖੋ। ਜਦ ਉਹ ਬਾਲਕ (ਬੁੱਢਾ ਜੀ) ਉਸ ਤਲਾਬ ਕੋਲ ਪੁੱਜਾ ਤਾਂ ਉਹ ਨਿਰਮਲ ਜਲ ਨਾਲ ਭਰਿਆ ਹੋਇਆ ਸੀ। ਉਸ ਬਾਲਕ 'ਤੇ ਬਾਬੇ ਦੇ ਬਚਨਾਂ ਨੇ ਅਜਿਹਾ ਪ੍ਰਭਾਵ ਪਾਇਆ ਕਿ ਉਹ ਘਰ-ਘਾਟ ਛੱਡ ਕੇ ਉਨ੍ਹਾਂ ਪਾਸ ਟੁਰ ਗਿਆ। ਬਾਬਾ ਨਾਨਕ ਨੇ ਉਸ ਨੂੰ ਅਸੀਸ ਦਿੱਤੀ ਕਿ ਉਹ ਲੰਮੀ ਆਯੂ ਭੋਗੇਗਾ। ਬਟਾਲਵੀ ਲਿਖਦਾ ਹੈ ਕਿ ਬਾਬਾ ਨਾਨਕ ਉਪਰੰਤ ਉਸ ਨੇ ਬੜੀ ਨਾਮਵਰੀ ਖੱਟੀ। ਲੋਕ ਉਨ੍ਹਾਂ ਪ੍ਰਤੀ ਬੜੀ ਸ਼ਰਧਾ ਰੱਖਦੇ ਸਨ। ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੱਕ ਆਪ ਜੀ ਜਿਊਂਦੇ ਰਹੇ। ਤਰਨ ਤਾਰਨ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਦੇ ਕਹਿਣ 'ਤੇ ਹੀ ਰੱਖੀ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਵਲੋਂ ਦੱਸੀ ਗਈ ਥਾਂ ਉੱਤੇ ਹੀ ਅੰਮ੍ਰਿਤਸਰ ਦੀ ਉਸਾਰੀ ਹੋਈ ਸੀ। ਜਦ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਇਆ ਤਾਂ ਬਾਬਾ ਬੁੱਢਾ ਜੀ ਕਰਤਾਰਪੁਰ ਵਿਖੇ ਰਹਿ ਕੇ ਸੇਵਾ ਕਰਦੇ ਰਹੇ। ਗੁਰੂ ਨਾਨਕ ਦੇਵ ਜੀ ਨੇ ਜਦ ਧਾਣਕ ਰੂਪ ਧਾਰ ਗੁਰੂ ਗੱਦੀ ਸੌਂਪਣ ਵੇਲੇ ਅੰਤਿਮ ਪ੍ਰੀਖਿਆ ਲਈ ਤਾਂ ਅਖੀਰ ਵਿਚ ਜੋ ਤਿੰਨ ਰਹਿ ਗਏ ਸਨ, ਉਨ੍ਹਾਂ ਵਿਚੋਂ ਇਕ ਬਾਬਾ ਬੁੱਢਾ ਜੀ ਹੀ ਸਨ। ਉਨ੍ਹਾਂ ਦੀ ਸੇਵਾ ਭਗਤੀ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਕਿ 'ਤੈਥੋਂ ਕਦੇ ਉਹਲੇ ਨਾ ਹੋਸਾਂ।' ਗੁਰੂ ਨਾਨਕ ਦੇਵ ਜੀ ਨੇ ਪਰਦਖਣਾ ਕਰਕੇ ਜਦ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਬਖਸ਼ੀ ਤਾਂ ਤਿਲਕ ਦੇਣ ਲਈ ਬਾਬਾ ਬੁੱਢਾ ਜੀ ਨੂੰ ਹੀ ਆਗਿਆ ਕੀਤੀ।
ਬਾਬਾ ਬੁੱਢਾ ਜੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰੂ-ਘਰ ਦੀ ਨਿਰੰਤਰ ਸੇਵਾ ਕਰਦੇ ਰਹੇ। ਅੰਤਿਮ ਸਮੇਂ 125 ਸਾਲ ਦੀ ਉਮਰ ਵਿਚ ਬਾਬਾ ਬੁੱਢਾ ਜੀ ਨੇ ਜਦੋਂ ਸਰੀਰ ਛੱਡਿਆ ਅਤੇ ਉਨ੍ਹਾਂ ਦੀ ਦੇਹ ਨੂੰ ਚਿਤਾ 'ਤੇ ਰੱਖਿਆ ਤਾਂ ਉਸ ਸਮੇਂ ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਨੈਣਾਂ ਵਿਚ ਜਲ ਭਰ ਆਇਆ, ਪਤਾ ਨਹੀਂ ਕਿੰਨਾ ਕੁ ਪਿਆਰ ਹੋਵੇਗਾ ਬਾਬਾ ਬੁੱਢਾ ਜੀ ਨਾਲ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਕਰਕੇ ਗੁਰੂ ਚਰਨਾਂ ਵਿਚ ਸਮਾ ਗਏ।
ਖੁਸ਼ਵਕਤ ਰਾਇ ਤਾਰੀਖ ਸਿੱਖਾਂ ਵਿਚ ਬਾਬਾ ਬੁੱਢਾ ਜੀ ਬਾਰੇ ਲਿਖਦੇ ਹਨ ਕਿ : ਗੁਰੂ ਨਾਨਕ ਦੇਵ ਜੀ ਬਾਲਕ ਬੂੜੇ ਦੇ ਮਿੱਠੇ ਬਚਨਾਂ ਤੇ ਨੇਕ ਅਮਲਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪ ਜੀ ਨੇ ਉਸ ਨੂੰ 'ਭਾਈ ਬੁੱਢਾ' ਦਾ ਖ਼ਿਤਾਬ ਦੇ ਕੇ ਨਿਵਾਜਿਆ ਅਤੇ ਉਸ ਨੂੰ ਸੇਵਕ ਦੀ ਪਦਵੀ ਤੋਂ ਚੁੱਕ ਕੇ ਮਾਲਕ ਬਣਾ ਦਿੱਤਾ। ਹਰ ਗੱਲ ਆਪ ਜੀ ਭਾਈ ਬੁੱਢੇ ਦਾ ਸਤਿਕਾਰ ਕਰਦੇ ਅਤੇ ਉਸ ਨੂੰ ਬੇਪਨਾਹ ਅਸੀਸਾਂ ਦਿੰਦੇ। ਏ.ਐਚ. ਰੋਜ਼ 'ਗਲਾਸਰੀ ਆਫ਼ ਦੀ ਪੰਜਾਬ ਕਾਸਟਜ਼ ਐਂਡ ਟਰਾਈਬਜ਼' ਦੀ ਤੀਜੀ ਜਿਲਦ ਵਿਚ ਰੰਧਾਵਾ ਗੋਤ ਬਾਰੇ ਲਿਖਦੇ ਹੋਏ ਦੱਸਦੇ ਹਨ ਕਿ ਜਦੋਂ ਬੂੜਾ ਬਾਲਕ ਗੁਰੂ ਨਾਨਕ ਸਾਹਿਬ ਕੋਲ ਆਇਆ ਤਾਂ ਉਸ ਦਾ ਮਾਲ-ਡੰਗਰ ਕਿਸੇ ਹੋਰ ਪੈਲੀ ਵਿਚ ਵੜ ਗਿਆ ਤੇ ਉਸ ਖੇਤ ਦਾ ਮਾਲਕ ਬੂੜੇ ਨੂੰ ਲੱਭਦਾ-ਲੱਭਦਾ ਗੁਰੂ ਨਾਨਕ ਕੋਲ ਪੁੱਜ ਗਿਆ। ਉਸ ਨੇ ਪੁੱਛਿਆ, ਬੂੜਾ ਵਾਗੀ ਇਥੇ ਆਇਆ ਹੈ ਕਿ ਨਹੀਂ? ਉੱਤਰ ਵਿਚ ਗੁਰੂ ਜੀ ਨੇ ਕਿਹਾ ਕਿ ਇਥੇ ਤਾਂ ਇਕ ਬੁੱਢਾ ਹੀ ਆਇਆ ਹੈ। ਤਾਂ ਉਸ ਖੇਤ ਦਾ ਮਾਲਕ... ਉਥੋਂ ਵਾਪਸ ਚਲਾ ਗਿਆ।
ਜਦੋਂ ਬਾਬਾ ਬੁੱਢਾ ਜੀ ਦਾ ਅੰਤ ਸਮਾਂ ਨੇੜੇ ਆਇਆ ਤਾਂ ਆਪ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਭਾਈ ਸੁਧਾਰੀ ਜੀ ਨੂੰ ਬਾਬਾ ਬੁੱਢਾ ਜੀ ਦੀ ਚਿੱਠੀ ਦੇ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਭੇਜਿਆ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਿੱਠੀ ਪੜ੍ਹੀ ਅਤੇ ਬਾਬਾ ਬੁੱਢਾ ਜੀ ਵੱਲ ਜਾਣ ਦੀ ਤਿਆਰੀ ਕਰ ਲਈ। ਗੁਰੂ ਹਰਿਗੋਬਿੰਦ ਸਾਹਿਬ ਜੀ ਝੰਡੇ ਰਾਮਦਾਸਪੁਰ ਪੁੱਜੇ ਅਤੇ ਬੜੇ ਅਦਬ ਸਤਿਕਾਰ ਨਾਲ ਬਾਬਾ ਬੁੱਢਾ ਜੀ ਨੂੰ ਮਿਲੇ। ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਕੋਲ ਉਨ੍ਹਾਂ ਦੇ ਅੰਤਿਮ ਸਮੇਂ ਤੱਕ ਰਹੇ। ਹਰ ਰੋਜ਼ ਕਥਾ, ਕੀਰਤਨ ਹੁੰਦਾ ਅਤੇ ਨਾਮ ਸਿਮਰਨ ਦਾ ਪ੍ਰਵਾਹ ਚਲਦਾ। ਬਾਬਾ ਬੁੱਢਾ ਜੀ ਦਾ ਅੰਤਿਮ ਸਮਾਂ ਜਾਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਜੋ 137 ਸਾਲ ਦੇ ਸਨ, ਵੀ ਮਿਲਣ ਲਈ ਪਹੁੰਚੇ। ਗੁਰੂ ਨਾਨਕ ਦੇਵ ਜੀ ਦੇ ਪੋਤਰੇ ਭਾਈ ਧਰਮ ਚੰਦ ਦੇ ਸਪੁੱਤਰ ਦੇ ਸਪੁੱਤਰ ਬਾਬਾ ਮਾਣਕ ਚੰਦ ਤੇ ਮੇਹਰ ਚੰਦ ਵੀ ਪਹੁੰਚੇ। ਅਖੀਰ ਬਾਬਾ ਬੁੱਢਾ ਜੀ 125 ਸਾਲ, ਇਕ ਮਹੀਨਾ ਤੇ 4 ਦਿਨ ਦੀ ਸੰਸਾਰਿਕ ਯਾਤਰਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਬਾਬਾ ਬੁੱਢਾ ਜੀ ਦੀ ਅੰਤਿਮ ਯਾਤਰਾ ਸਮੇਂ ਬਿਬਾਣ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ, ਭਾਈ ਭਾਨਾ ਜੀ, ਭਾਈ ਬਿਧੀ ਚੰਦ ਜੀ, ਭਾਈ ਗੁਰਦਾਸ ਜੀ ਨੇ ਕੰਧਾ ਦਿੱਤਾ। ਬਾਬਾ ਬੁੱਢਾ ਜੀ ਨੇ ਗੁਰਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰੂ-ਘਰ ਵਿਚ ਵੱਡਾ ਮਾਣ-ਸਨਮਾਨ ਪ੍ਰਾਪਤ ਕੀਤਾ।
-ਬਠਿੰਡਾ।