ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖੋਂ ਉਚਰੀ ਬਾਣੀ ਵਿਚ ਵਿਗਿਆਨਿਕ ਸੋਚ ਦੀ ਭਰਮਾਰ ਹੈ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨ ਦੀ ਪੁਸਤਕ ਨਹੀਂ ਪਰ ਇਸ ਵਿਚ ਅੰਕਿਤ ਬਹੁਤ ਸਾਰੀ ਬਾਣੀ, ਭਾਵੇਂ ਕਿਸੇ ਗੁਰੂ ਸਾਹਿਬਾਨ ਦੁਆਰਾ ਰਚੀ ਗਈ ਹੋਵੇ, ਇਸ ਵਿਚ ਥਾਂ-ਥਾਂ 'ਤੇ ਵਿਗਿਆਨਿਕ ਸੋਚ ਦ੍ਰਿਸ਼ਟਮਾਨ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਜੋ ਜਪੁਜੀ ਸਾਹਿਬ ਵਿਚ ਹੈ, ਉਸ ਵਿਚ ਵੀ ਉਨ੍ਹਾਂ ਨੇਂ ਲਿਖਿਆ ਹੈ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥
(ਅੰਗ : 5)
ਇਸ ਨੂੰ ਸੁਣ ਕੇ ਸਮਝ ਆਉਂਦਾ ਹੈ ਕਿ ਕਿਵੇਂ ਉਨ੍ਹਾਂ ਦੀ ਦ੍ਹਿੱਬ ਦ੍ਰਿਸ਼ਟੀ ਵਿਚ ਅਨਗਿਣਤ ਹੀ ਧਰਤੀਆਂ ਤੇ ਆਕਾਸ਼ਾਂ ਦੀ ਸੋਝੀ ਸਮਾਈ ਹੋਈ ਸੀ। ਏਥੇ ਲੱਖ ਤੋਂ ਭਾਵ 'ਅਨਗਿਣਤ ਹੈ'। ਵੇਦ ਤਾਂ ਓੜਕ ਭਾਲ ਕੇ ਇੱਕ ਆਕਾਸ਼ (ਦੇਵ ਲੋਕ), ਤੇ ਇੱਕ ਪਾਤਾਲ (ਸਮੁੰਦਰ ਦੇ ਹੇਠਾਂ ਜਾਂ ਧਰਤੀ ਹੇਠਾਂ) ਦੀ ਗੱਲ ਕਰਦੇ ਹਨ, ਪਰ ਗੁਰੂ ਸਾਹਿਬ ਨੇ ਕਿਹਾ ਕਿ ਉਹ ਤਾਂ ਅਨੇਕਾਂ ਹਨ:
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ (ਅੰਗ : 5)
ਆਕਾਸ਼ਾਂ ਪਾਤਾਲਾਂ ਦੀ ਗਿਣਤੀ ਏਨੀ ਜ਼ਿਆਦਾ ਹੈ ਕਿ ਉਸ ਨੂੰ ਲੇਖੇ ਦੁਆਰਾ ਪ੍ਰਗਟ ਨਹੀਂ ਕੀਤਾ ਜਾ ਸਕਦਾ ਭਾਵ ਮਨੁੱਖ ਦੀਆਂ ਮਿਥੀਆਂ ਲੇਖੇ ਦੀਆਂ ਇਕਾਈਆਂ (ਲੱਖ, ਕਰੋੜ, ਅਰਬ, ਆਸੰਖ ਆਦਿ) ਵੀ ਇਸ ਲੇਖੇ ਨੂੰ ਪ੍ਰਗਟਾਉਣ ਲਈ ਅਸਮਰੱਥ ਹਨ। ਇਸ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ। ਜਿੰਨਾ ਖੋਜੋ, ਇਹ ਓਨਾ ਹੋਰ ਡੂੰਘੀ ਦਿਸਦੀ ਹੈ। ਇਸ ਸਥਿਤੀ ਦਾ ਵਿਗਿਆਨ ਨੂੰ ਹੁਣ ਅਹਿਸਾਸ ਹੋਇਆ ਹੈ। ਇਕ ਵਿਗਿਆਨਿਕ ਮਨ ਦੀ ਵਿਸਲੇਸ਼ਣਾਤਮਕ ਰੁਚੀ ਵੀ ਇਸ ਸੱਚ ਨੂੰ ਪਹਿਚਾਣ ਲੈਂਦੀ ਹੈ ਕਿ ਉਹ ਕਿੰਨੀ ਗਹਿਰਾਈ ਤੱਕ ਸੋਚ ਸਕਦੇ ਸੀ। ਇਕ ਸਤਰ ਹੋਰ ਹੈ ਜਿਵੇਂ;
ਏਹੁ ਅੰਤੁ ਨ ਜਾਣੈ ਕੋਇ॥
ਬਹੁਤਾ ਕਹੀਐ ਬਹੁਤਾ ਹੋਇ॥ (ਅੰਗ : 5)
ਜਦੋਂ ਬ੍ਰਹਿਮੰਡ ਉਪਜਿਆ ਸੀ ਤਾਂ ਤਾਰਾ ਵਿਗਿਅਨੀਆਂ ਦੀ ਸੋਚ ਅਨੁਸਾਰ ਓਦੋਂ ਬ੍ਰਹਿਮੰਡ ਇੱਕ ਸੁੰਨ ਅਵਸਥਾ ਵਿਚ ਸੀ। ਸਮਾਂ ਅਜੇ ਸ਼ੁਰੂ ਨਹੀਂ ਸੀ ਹੋਇਆ ਤੇ ਪਦਾਰਥ ਇੱਕ ਬਿੰਦੂ-ਨੁਮਾ ਗੋਲੇ ਵਿਚ ਸੰਕੁਚਿਤ ਸੀ। ਨਾ ਧਰਤੀ ਸੀ ਤੇ ਨਾ ਹੀ ਓਦੋਂ ਅਜੇ ਦਿਨ-ਰਾਤ ਬਣੇ ਸਨ, ਕੋਈ ਚੰਨ ਨਹੀਂ ਸੀ ਤੇ ਨਾ ਹੀ ਅੱਜ ਵਾਂਗ ਕੋਈ ਸੂਰਜ ਸੀ। ਉਹ ਗੋਲਾ ਫਟਿਆ, ਗੈਸਾਂ ਦਾ ਅੰਬਾਰ ਉਪਜਿਆ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਹੈ, ਉਵੇਂ ਹੀ:
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ॥
(ਅੰਗ : 1035)
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਅੰਗ : 1)
ਗੁਰੂ ਨਾਨਕ ਦੇਵ ਜੀ ਕਿਸੇ ਵੀ ਬਹਿਸ ਵਿਚ ਆਪਣਾ ਸੰਤੁਲਿਤ ਦ੍ਰਿਸ਼ਟੀਕੋਣ ਕਾਇਮ ਰੱਖਦੇ। ਸਰਬ ਮਾਨਵ ਏਕਤਾ ਦਾ ਸਿਧਾਂਤ ਅਪਨਾਉਣਾ ਤੇ ਸਰਬ ਧਰਮ ਏਕਤਾ ਦੀ ਗੱਲ ਕਰਨਾ ਵੀ ਤਾਰਕਿਕ ਦ੍ਰਿਸ਼ਟੀਕੋਣ ਹੀ ਹੁੰਦਾ ਹੈ।
ਫਿਰ ਜਦੋਂ ਗੁਰੂ ਸਾਹਿਬ ਮੱਕੇ ਗਏ ਤਾਂ ਉਨ੍ਹਾਂ ਦੀ ਹਾਜੀਆਂ ਨਾਲ ਬਹਿਸ ਹੋਈ। ਹਾਜੀ ਕੁਰਾਨ ਖੋਲ੍ਹ ਕੇ ਪੁੱਛਣ ਲੱਗੇ ਕਿ ਹਿੰਦੂ ਚੰਗਾ ਹੁੰਦਾ ਹੈ ਕਿ ਮੁਸਲਮਾਨ? ਤਾਂ ਭਾਈ ਗੁਰਦਾਸ ਅਨੁਸਾਰ ਗੁਰੂ ਸਾਹਿਬ ਦਾ ਇਹ ਉੱਤਰ ਸੀ,
ਬਾਬਾ ਆਖੇ ਹਾਜੀਆਂ ਸੁਭਿ
ਅਮਲਾਂ ਬਾਝਹੁ ਦੋਨੋ ਰੋਈ॥(ਵਾਰ 1, ਪਾਉੜੀ : 33)
ਇਹ ਸਾਰਾ ਕੁਝ ਮਨੁੱਖ ਜਾਤੀ ਦੇ ਇਕ ਹੋਣ ਦੀ ਗੱਲ ਕਰਦਾ ਹੈ। ਸੰਸਾਰ ਦਾ ਮਨੁੱਖ ਕਿਸੇ ਇਕ ਦੇਸ਼, ਕੌਮ ਜਾਂ ਫਿਰਕੇ ਦਾ ਨਹੀਂ ਸਗੋਂ ਸਮੁੱਚੀ ਮਾਨਵ ਜਾਤ ਇਕ ਹੀ ਹੈ।
ਗੁਰੂ ਨਾਨਕ ਸਾਹਿਬ ਦੀ ਪਾਖੰਡਾਂ ਦੇ ਵਿਰੁੱਧ ਨਿਰੋਲ ਵਿਗਿਆਨਿਕ ਸੋਚ ਸੀ। ਜਦੋਂ ਉਹ ਹਰਿਦੁਆਰ ਗਏ ਤਾਂ ਉਨ੍ਹਾਂ ਦੇਖਿਆ ਕਿ ਲੋਕ ਸੂਰਜ ਵੱਲ ਮੂੰਹ ਕਰ ਕੇ ਆਪਣੇ ਪਿਤਰਾਂ ਵੱਲ ਗੰਗਾ ਜਲ ਸੁੱਟ ਰਹੇ ਹਨ। ਗੁਰੂ ਜੀ ਨੇ ਓਧਰ ਪਿੱਠ ਕਰ ਕੇ ਤੇ ਕਰਤਾਰਪੁਰ ਸਾਹਿਬ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਪੁੱਛਣ ਲੱਗੇ ਕਿ ਇਹ ਕੀ ਕਰ ਰਹੇ ਹੋ? ਗੁਰੂ ਜੀ ਨੇ ਅੱਗੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਕੀ ਰਹੇ? ਲੋਕ ਕਹਿਣ ਲੱਗੇ ਕਿ ਅਸੀਂ ਤਾਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਆਪਣੇ ਪਿੰਡ ਕਰਤਾਰਪੁਰ ਵਿਖੇ ਆਪਣੇ ਖੇਤਾਂ ਵੱਲ ਪਾਣੀ ਸੁੱਟ ਰਿਹਾ ਹਾਂ। ਲੋਕੀਂ ਹੱਸ ਕੇ ਕਹਿਣ ਲੱਗੇ ਕਿ ਤੁਹਾਡਾ ਪਿੰਡ ਏਥੋਂ ਸੈਂਕੜੇ ਮੀਲ ਦੂਰ ਹੈ, ਉਥੇ ਪਾਣੀ ਕਿਵੇਂ ਪੁੱਜੇਗਾ? ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਜੇ ਸੈਂਕੜੇ ਮੀਲਾਂ ਤੱਕ ਮੇਰਾ ਪਾਣੀ ਨਹੀਂ ਪੁੱਜ ਸਕਦਾ ਤਾਂ ਕਰੋੜਾਂ ਮੀਲ ਦੂਰ ਸੂਰਜ ਜਾਂ ਤੁਹਾਡੇ ਪਿਤਰਾਂ ਕੋਲ ਤੁਹਾਡਾ ਪਾਣੀ ਕਿਵੇਂ ਪੁੱਜ ਜਾਂਦਾ ਹੈ? ਸਾਰੇ ਗੁਰੂ ਜੀ ਦੀ ਗੱਲ ਸਮਝ ਗਏ। ਇੰਜ ਗੁਰੂ ਜੀ ਆਪਣੀਆਂ ਤਾਰਕਿਕ ਦਲੀਲਾਂ ਵਾਲੀ ਕਥਨੀ ਨੂੰ ਕਰਨੀ ਵਿਚ ਬਦਲਦੇ ਸਨ।
ਗੁਰੂ ਨਾਨਕ ਦੇਵ ਜੀ ਨੇ ਇੱਕ ਜਗ੍ਹਾ ਰਾਸ ਲੀਲ੍ਹਾ ਦੇਖੀ ਤੇ ਉਸ ਵਿਚ ਵੀ ਪਾਖੰਡ ਨੂੰ ਦੇਖ ਕੇ ਉਚਾਰਿਆ:
ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨ੍ਰਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥ (ਅੰਗ : 465)
ਭਾਵ ਇਨ੍ਹਾਂ ਲੋਕਾਂ ਦੀ ਭਗਵਾਨ ਦੀ ਭਗਤੀ ਵਿਚ ਨੱਚਣਾ ਭੁੜਕਣਾ ਕੇਵਲ ਵਿਖਾਵਾ ਹੈ। ਰਾਸ ਵਿਚ ਚੇਲੇ ਸਾਜ਼ ਵਜਾਉਂਦੇ ਹਨ ਤੇ ਗੁਰੂ ਨੱਚਦੇ ਹਨ। ਰਾਸ ਸਮੇਂ ਚੇਲੇ ਪੈਰਾਂ ਨੂੰ ਹਿਲਾਉਂਦੇ ਹਨ ਤੇ ਸਿਰ ਫੇਰਦੇ ਹਨ। ਨੱਚਦਿਆਂ ਹੋਇਆਂ ਪੈਰਾਂ ਨਾਲ ਉੱਡ-ਉੱਡ ਕੇ ਘੱਟਾ ਉਨ੍ਹਾਂ ਦੇ ਸਿਰਾਂ ਵਿਚ ਪੈਂਦਾ ਹੈ। ਲੋਕ ਇਸ ਸਭ ਨੂੰ ਵੇਖ ਕੇ ਘਰ ਜਾ ਕੇ ਇਨ੍ਹਾਂ ਦਾ ਮਖੌਲ ਉਡਾਉਂਦੇ ਤੇ ਹੱਸਦੇ ਹਨ। ਅਸਲ ਵਿਚ ਇਹ ਰਾਸਧਾਰੀਏ ਸਾਰੇ ਰੋਟੀਆਂ ਖਾਤਰ ਹੀ ਪੂਰੇ ਤਾਲ ਵਿਚ ਨੱਚਦੇ ਹਨ।
ਗਾਵਨਿ ਗੋਪੀਆ ਗਾਵਨਿ ਕਾਨ੍ਹ॥
ਗਾਵਨਿ ਸੀਤਾ ਰਾਜੇ ਰਾਮ
ਇਹ ਗੋਪੀਆਂ ਕਾਹਨ, ਰਾਮ ਤੇ ਸੀਤਾ ਦੇ ਸਵਾਂਗ ਬਣ ਬਣ ਕੇ ਗੀਤ ਗਾਉਂਦੇ ਹਨ
ਗੁਰੂ ਨਾਨਕ ਦੇਵ ਜੀ ਕੁਦਰਤ ਦੇ ਕਵੀ ਸਨ। ਉਨ੍ਹਾਂ ਨੇ ਆਰਤੀ ਨੂੰ ਬ੍ਰਹਿਮੰਡੀ ਰੂਪ ਦੇ ਦਿੱਤਾ ਸੀ, ਤੇ ਸਾਰੀ ਸ੍ਰਿਸ਼ਟੀ ਦੀ ਹੀ ਆਰਤੀ ਉਤਾਰ ਦਿੱਤੀ;
ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਭਾਰਤ ਵਿਚ ਔਰਤ ਨੂੰ ਮਾੜਾ ਸਮਝਿਆਂ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਸ਼ਾਇਦ ਸਭ ਤੋਂ ਪਹਿਲੇ ਸਨ ਜਿਨ੍ਹਾਂ ਨੇ ਔਰਤ ਨੂੰ ਮਰਦ ਦੇ ਬਰਾਬਰ ਸਮਝਿਆ ਸੀ। ਉਨ੍ਹਾਂ ਨੇ ਆਪਣੀ ਤਾਰਕਿਕ ਸੋਚਣੀ ਅਨੁਸਾਰ ਕਿਹਾ ਸੀ;
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(ਅੰਗ : 473)
ਵਾਸਤਵ ਵਿਚ ਸਾਰੀ ਗੁਰਬਾਣੀ ਵਿਚ ਹੀ ਵਿਗਿਆਨਿਕ ਸੋਚ ਸੰਮਿਲਿਤ ਹੈ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅਧਿਐਨ ਸਚਮੁਚ ਵਿਗਿਆਨਿਕ ਸੋਚ ਦੇ ਧਾਰਣੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਸਕਦਾ ਹੈ।
-ਸਾਬਕਾ ਪ੍ਰਿੰਸੀਪਲ,
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ
ਮੋਬਾਈਲ : 98143-48697