ਸੰਸਾਰ ਦੀਆਂ ਵੱਖ-ਵੱਖ ਧਿਰਾਂ ਅੱਜ ਮਿਲ ਬੈਠ ਕੇ ਗੱਲਬਾਤ ਰਾਹੀਂ ਆਪਣੀ ਸਮੱਸਿਆਵਾਂ ਦੇ ਹੱਲ ਕੱਢਣ ਬਾਰੇ ਸੰਜੀਦਗੀ ਨਾਲ ਸੋਚਣ ਲੱਗ ਪਈਆਂ ਹਨ। ਇਕ-ਦੂਜੇ ਦੇ ਅਸਤਿੱਤਵ ਨੂੰ ਮਿਟਾ ਦੇਣ ਦੀ ਹੋੜ ਵਿਚ ਲੱਗੇ ਲੋਕੀਂ ਇਕ-ਦੂਜੇ ਦੇ ਅਸਤਿੱਤਵ ਨੂੰ ਕਬੂਲ ਕਰ ਕੇ ਵਿਚਾਰ-ਵਟਾਂਦਰੇ ਦੀ ਰਾਹ 'ਤੇ ਆ ਗਏ ਹਨ। ਧਰਮ ਤੇ ਸੱਭਿਆਚਾਰ ਦੀ ਦੁਨੀਆ ਵਿਚ ਅੰਤਰ-ਧਾਰਮਿਕ ਅਤੇ ਅੰਤਰ-ਸੱਭਿਆਚਾਰਕ ਬੈਠਕਾਂ ਤੇ ਗੋਸ਼ਟੀਆਂ ਦਾ ਹੁਣ ਰਿਵਾਜ ਪੈ ਗਿਆ ਹੈ। ਅਸਲ ਵਿਚ, ਸਾਢੇ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਜਿਸ ਦ੍ਰਿਸ਼ਟੀ ਨਾਲ ਧਰਮਾਂ, ਸੱਭਿਆਚਾਰਾਂ ਤੇ ਮੁਲਕਾਂ ਦੀਆਂ ਹੱਦਾਂ ਟੱਪ ਕੇ ਆਪਸੀ ਸੰਵਾਦ ਦੀ ਪਿਰਤ ਪਾਈ ਸੀ, ਅੱਜ ਦੁਨੀਆ ਉਸ ਦਾ ਅਨੁਸਰਣ ਕਰ ਰਹੀ ਹੈ।
ਅਸਲ ਵਿਚ, ਸੰਸਾਰ ਦੀ ਸਭ ਤੋਂ ਪ੍ਰਬਲ ਹਕੀਕਤ ਉਸ ਦੀ ਵਿਭਿੰਨਤਾ ਹੈ ਅਤੇ ਵਿਭਿੰਨਤਾ ਵੀ ਐਸੀ ਜਿਸ ਨੂੰ ਕੋਈ ਮੇਟ ਨਹੀਂ ਸਕਦਾ। ਇਤਿਹਾਸ ਵਿਚ ਬੜੇ ਦੌਰ ਐਸੇ ਆਏ ਹਨ, ਜਦੋਂ ਧਰਮ ਦੇ ਰਾਜ ਦੀਆਂ ਸ਼ਕਤੀਆਂ ਨੇ ਇਸ ਵਿਭਿੰਨਤਾ ਨੂੰ ਮੁਕਾਉਣ ਲਈ ਸਿਰ-ਧੜ ਦੀ ਬਾਜ਼ੀ ਲਾ ਦਿੱਤੀ। ਪਰ ਅੱਜ ਇਹ ਹਕੀਕਤ ਜੱਗ ਜ਼ਾਹਿਰ ਹੈ ਕਿ ਕੋਈ ਵੀ ਹਿੰਸਕ ਤੋਂ ਹਿੰਸਕ ਤਾਕਤ ਜਾਂ ਮੁਹਿੰਮ ਇਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਵਿਚ ਸਫਲ ਨਹੀਂ ਹੋ ਸਕਦੀ। ਵਿਭਿੰਨਤਾ ਹਮੇਸ਼ਾ ਕਾਇਮ ਰਹੀ ਹੈ ਅਤੇ ਹਮੇਸ਼ਾ ਰਹੇਗੀ, ਕਿਉਂਕਿ ਇਹ ਕੁਦਰਤੀ ਨੇਮ ਹੈ ਅਤੇ ਸੰਸਾਰ ਦੀ ਖ਼ੂਬਸੂਰਤੀ ਦਾ ਰਾਜ਼ ਹੈ। ਪਰ ਵਿਭਿੰਨਤਾ ਕਿਸੇ ਕਿਸਮ ਦਾ ਟਕਰਾਅ ਨਾ ਬਣ ਜਾਵੇ, ਇਕ-ਦੂਜੇ ਦੀ ਹੋਂਦ ਨੂੰ ਖ਼ਤਰਾ ਪੈਦਾ ਨਾ ਕਰ ਦੇਵੇ, ਹਿੰਸਾ ਤੇ ਅਸ਼ਾਂਤੀ ਨੂੰ ਜਨਮ ਨਾ ਦੇਵੇ, ਇਸ ਲਈ ਜ਼ਰੂਰੀ ਹੁੰਦਾ ਹੈ-ਆਪਸੀ ਸੰਵਾਦ। ਗੁਰੂ ਨਾਨਕ ਪਾਤਸ਼ਾਹ ਨੇ ਵਿਭਿੰਨਤਾ ਦੀ ਖ਼ੂਬਸੂਰਤੀ ਕਾਇਮ ਰੱਖਦਿਆਂ, ਆਪਸੀ ਸੰਵਾਦ ਰਾਹੀਂ ਵੱਖ-ਵੱਖ ਧਰਮਾਂ ਤੇ ਸਮਾਜਿਕ ਇਕਾਈਆਂ ਵਿਚਕਾਰ ਇਕ ਵਿਆਪਕ ਸਾਂਝ ਸਥਾਪਿਤ ਕਰਨ ਦਾ ਕੰਮ ਕੀਤਾ।
ਪਰ ਇਥੇ ਇਸ ਹਕੀਕਤ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸੰਵਾਦ ਦੀ ਪੱਧਤੀ ਨੂੰ ਅਪਣਾਉਣ ਲਈ ਕੁਝ ਜ਼ਰੂਰੀ ਸ਼ਰਤਾਂ ਹੁੰਦੀਆਂ ਹਨ। ਸੰਵਾਦ ਦੇ ਅਮਲ ਦੀ ਪਹਿਲੀ ਸ਼ਰਤ ਵੱਖ-ਵੱਖ ਧਰਮਾਂ ਤੇ ਧਾਰਮਿਕ ਵਿਸ਼ਵਾਸਾਂ ਦੀ ਭਿੰਨਤਾ ਨੂੰ ਮੰਨਣਾ ਹੁੰਦਾ ਹੈ। ਸੰਵਾਦ ਦਾ ਮਕਸਦ ਉਨ੍ਹਾਂ ਦਾਇਰਿਆਂ ਨੂੰ ਲੰਘਣਾ ਹੁੰਦਾ ਹੈ, ਜਿਹੜੇ ਇਕ ਧਰਮ ਤੇ ਸੱਭਿਆਚਾਰ ਦੇ ਲੋਕਾਂ ਨੇ ਆਪਣੇ ਦੁਆਲੇ ਖਿੱਚੇ ਹੋਏ ਹੁੰਦੇ ਹਨ। ਉਨ੍ਹਾਂ ਰੁਕਾਵਟਾਂ ਨੂੰ ਪਾਰ ਕਰਨਾ ਹੁੰਦਾ ਹੈ, ਜਿਨ੍ਹਾਂ ਨੂੰ ਇਕ ਧਰਮ ਦੇ ਵਿਸ਼ਵਾਸੀ ਲੋਕਾਂ ਨੇ ਖੜ੍ਹਾ ਕੀਤਾ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਦੁਨੀਆ ਵਿਚ ਧਰਮਾਂ ਦੇ ਵਿਸ਼ਵਾਸਾਂ ਦੀ ਬਹੁਲਤਾ ਨੂੰ ਸਵੀਕਾਰ ਕਰਨ ਦਾ ਸੰਦੇਸ਼ ਦਿੱਤਾ ਸੀ। ਫਿਰ ਵੱਖ-ਵੱਖ ਅਕੀਦੇ ਦੇ ਲੋਕਾਂ ਦੇ ਧਰਮ ਅਸਥਾਨਾਂ ਦੀ ਯਾਤਰਾ ਕੀਤੀ, ਉਨ੍ਹਾਂ ਦੇ ਧਾਰਮਿਕ ਤੇ ਸੱਭਿਆਚਾਰਕ ਸਮਾਰੋਹਾਂ ਵਿਚ ਹਿੱਸਾ ਲਿਆ ਅਤੇ ਉਨ੍ਹਾਂ ਦੇ ਧਾਰਮਿਕ ਆਗੂਆਂ ਨਾਲ ਵਾਰਤਾਲਾਪ ਆਰੰਭ ਕੀਤਾ। ਇਸ ਤਰ੍ਹਾਂ ਸੰਵਾਦ ਦੀ ਸ਼ੁਰੂਆਤ ਹੋਈ।
ਅਸਲ ਵਿਚ, ਸੰਵਾਦ ਰਾਹੀਂ ਸਾਂਝਾਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਫਿਰ ਇਕ ਖੁੱਲ੍ਹੀ-ਡੁੱਲ੍ਹੀ ਸਾਂਝ ਰਾਹੀਂ ਇਕ ਨਵੀਂ ਵਿਸ਼ਵ ਦ੍ਰਿਸ਼ਟੀ ਦੀ ਸਿਰਜਨਾ ਹੁੰਦੀ ਹੈ। ਭਾਰਤੀ ਪ੍ਰੰਪਰਾ ਵਿਚ ਅਤੇ ਖ਼ਾਸ ਤੌਰ 'ਤੇ ਮੱੱਧਕਾਲੀ ਭਾਰਤੀ ਇਤਿਹਾਸ ਵਿਚ 'ਸ਼ਾਸਤਰਾਥ' ਤਾਂ ਮਿਲਦਾ ਹੈ ਪਰ 'ਸੰਵਾਦ' ਨਹੀਂ। ਸ਼ਾਸਤਰਾਥ ਦਾ ਮਕਸਦ ਵਿਰੋਧੀ ਨੂੰ ਨੀਵਾਂ ਦਿਖਾਉਣਾ, ਉਸ ਦੇ ਦੋਸ਼ ਕੱਢਣਾ ਅਤੇ ਉਸ ਉੱਪਰ ਜਿੱਤ ਪ੍ਰਾਪਤ ਕਰਨਾ ਹੁੰਦਾ ਹੈ। ਹਉਮੈ ਗ੍ਰਸਤ ਇਸ ਪ੍ਰੰਪਰਾ ਨੇ ਧਰਮਾਂ, ਧਰਮ ਦੇ ਵਿਦਵਾਨਾਂ ਤੇ ਵਿਚਾਰਕਾਂ ਅਤੇ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਵਿਚਕਾਰ ਈਰਖਾ, ਦਵੈਸ਼ ਤੇ ਕੁੜੱਤਣ ਪੈਦਾ ਕੀਤੀ ਅਤੇ ਮਨੁੱਖ-ਮਨੁੱਖ ਵਿਚਕਾਰ ਵੰਡੀਆਂ ਨੂੰ ਟਕਰਾਅ ਦਾ ਰੂਪ ਦੇ ਦਿੱਤਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਇਸ ਬਿਖੜੀ ਸਥਿਤੀ ਵਿਚ, ਜਦੋਂ ਕੋਈ ਇਕ-ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਆਪਣੀ ਸੰਵਾਦ ਦੀ ਵਿਧੀ ਨਾਲ ਮਨੁੱਖੀ ਸਾਂਝ ਨੂੰ ਪਰਿਪੱਕ ਕੀਤਾ ਸੀ।
ਗੁਰੂ ਨਾਨਕ ਦੇਵ ਜੀ ਦੀ ਸੰਵਾਦ ਵਿਧੀ ਦੀ ਵਿਲੱਖਣਤਾ ਦੀ ਚਰਚਾ ਕਰਦਿਆਂ ਪ੍ਰੋ: ਜੋਧ ਸਿੰਘ ਆਪਣੀ ਇਕ ਲਿਖਤ ਵਿਚ ਦੱਸਦੇ ਹਨ ਕਿ ਗੁਰੂ ਸਾਹਿਬ ਦੀ ਸੰਵਾਦ-ਵਿਧੀ ਦੀ ਆਪਣੀ ਸੁਹਜਤਾ ਹੈ। ਸੰਵਾਦ ਵਿਚ ਗੁਰੂ ਜੀ ਸ਼ਾਂਤ ਬਣੇ ਰਹਿੰਦੇ ਹਨ ਅਤੇ ਸਤਿਕਾਰ ਨਾਲ ਦੂਜੇ ਪੱਖ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦੇ ਹਨ। ਕਿਤੇ ਇਹ ਪ੍ਰਭਾਵ ਨਹੀਂ ਦਿੰਦੇ ਕਿ ਉਨ੍ਹਾਂ ਕੋਲ ਵੱਡਾ ਅਨੁਭਵੀ ਗਿਆਨ ਹੈ, ਕੋਈ ਵੱਡੀ ਰੂਹਾਨੀ ਪਹੁੰਚ ਹੈ। ਦੂਜੀ ਧਿਰ ਆਪਣੀ ਜਗਿਆਸਾ ਪ੍ਰਗਟ ਕਰਦੀ ਹੈ ਅਤੇ ਫਿਰ ਸੰਵਾਦ ਅਗਾਂਹ ਵਧਦਾ ਹੈ। ਸਿੱਧਾਂ ਨਾਲ ਹੋਇਆ ਸੰਵਾਦ ਗੁਰੂ ਸਾਹਿਬ ਦੀ ਸੰਵਾਦ ਵਿਧੀ ਦੀ ਇਕ ਵਧੀਆ ਉਦਾਹਰਨ ਹੈ। ਇਸ ਵਿਚ ਚਰਚਾ ਕਰਨ ਵਾਲੇ ਵਿਅਕਤੀਆਂ ਦੇ ਸੁਭਾਅ ਵਿਚ ਸੰਤੁਲਨ ਅਤੇ ਠਹਿਰਾਓ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਗੁਰੂ ਨਾਨਕ ਜੀ ਖ਼ੁਦ ਇਸ ਦਾ ਸਭ ਤੋਂ ਵਧੀਆ ਉਦਾਹਰਨ ਹੋ ਨਿੱਬੜਦੇ ਹਨ।
'ਸਿਧ ਗੋਸਟਿ' ਦੇ ਆਰੰਭ ਵਿਚ ਹੀ ਸਵਾਲਾਂ-ਜਵਾਬਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਚਰਪਟ ਜੋਗੀ ਪ੍ਰਸ਼ਨ ਕਰਦਾ ਹੈ, 'ਹੇ ਨਾਨਕ-ਇਹ ਸੰਸਾਰ ਨਾ ਤਰਿਆ ਜਾ ਸਕਣ ਵਾਲਾ ਬੜਾ ਵਿਸ਼ਾਲ ਸਾਗਰ ਹੈ, ਇਸ ਤੋਂ ਪਾਰ ਕਿਵੇਂ ਹੋਇਆ ਜਾਏ? ਇਸ ਬਾਰੇ ਆਪਣੇ ਮਨ ਦੇ ਵਿਚਾਰ ਦੱਸੋ।' ਗੁਰੂ ਨਾਨਕ ਦਾ ਆਤਮਵਿਸ਼ਵਾਸ, ਸ਼ਾਲੀਨਤਾ ਅਤੇ ਸਚਾਈ ਭਰਪੂਰ ਉੱਤਰ ਸਿੱਖ ਧਰਮ ਵਿਚ ਸੰਵਾਦ ਦੇ ਸਰੂਪ ਤੇ ਪ੍ਰੰਪਰਾ ਨੂੰ ਸਪੱਸ਼ਟ ਰੂਪ ਵਿਚ ਸਾਹਮਣੇ ਲਿਆਉਂਦਾ ਹੈ। ਗੁਰੂ ਨਾਨਕ ਦੇਵ ਜੀ ਉੱਤਰ ਦਿੰਦੇ ਹਨ ਕਿ 'ਹੇ ਜੋਗੀ, ਤੁਸੀਂ ਜੋ ਮੈਥੋਂ ਪੁੱਛ ਰਹੇ ਹੋ, ਉਸ ਦਾ ਅਰਥ ਆਪ ਚੰਗੀ ਤਰ੍ਹਾਂ ਬੁੱਝ ਰਹੇ ਹੋ। ਇਸ ਲਈ ਇਸ ਦਾ ਕੀ ਉੱਤਰ ਦਿੱਤਾ ਜਾਵੇ। ਮੈਂ ਸੱਚ ਕਹਿੰਦਾ ਹਾਂ ਕਿ ਤੁਸੀਂ ਇਸ ਸੰਸਾਰ ਸਾਗਰ ਨੂੰ ਪਾਰ ਕਰ ਚੁੱਕੇ ਹੋ; ਮੈਂ ਤੁਹਾਡੇ ਮਾਰਗ ਵਿਚ ਕੀ ਦੋਸ਼ ਲੱਭਾਂ? ਹਾਂ, ਤੁਸੀਂ ਮੈਨੂੰ ਮੇਰਾ ਮਾਰਗ ਪੁੱਛਿਆ ਹੈ, ਉਹ ਮੈਂ ਜ਼ਰੂਰ ਦੱਸਾਂਗਾ। ਜਿਸ ਤਰ੍ਹਾਂ ਜਲ ਵਿਚ ਕਮਲ ਆਪਣੇ ਪੱਤੇ ਅਭਿੱਜ ਰੱਖ ਕੇ ਨਿਰਮਲ ਬਣਿਆ ਰਹਿੰਦਾ ਹੈ ਅਤੇ ਮੁਰਗਾਬੀ ਪਾਣੀ ਵਿਚ ਤਰਦੀ ਵੀ ਰਹਿੰਦੀ ਹੈ ਪਰ ਆਪਣੇ ਖੰਭ ਨਹੀਂ ਭਿੱਜਣ ਦਿੰਦੀ। ਇਸੇ ਤਰ੍ਹਾਂ ਸੁਰਤ ਨੂੰ ਸ਼ਬਦ ਵਿਚ ਲੀਨ ਕਰ ਕੇ, ਸੰਸਾਰ ਵਿਚ ਸਾਰੇ ਕਾਰ-ਵਿਹਾਰ ਕਰਦਿਆਂ ਹੋਇਆਂ, ਸੰਸਾਰ ਸਾਗਰ ਨੂੰ ਪਾਰ ਕਰੀਦਾ ਹੈ।' ਗੁਰੂ ਨਾਨਕ ਸਾਹਿਬ ਦੇ ਇਸ ਸੰਵਾਦ ਨੂੰ ਬਾਣੀ ਵਿਚ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ :
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ॥
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ॥
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ॥
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ॥
ਜੈਸੇ ਜਲ ਮਹਿ ਕਮਲੁ ਨਿਰਾਮਲੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੈ॥
(ਅੰਗ 938)
ਆਪਣੀ ਗੱਲ ਸਮਾਪਤ ਕਰਦਿਆਂ, ਹਿੰਦੀ-ਜਗਤ ਦੇ ਸਿਰਮੌਰ ਸਾਹਿਤਕਾਰ ਅਤੇ ਕਵੀ ਮੈਥਿਲੀ ਸ਼ਰਣ ਗੁਪਤ ਦੁਆਰਾ ਲਿਖੀ, ਗੁਰੂ ਨਾਨਕ ਦੇਵ ਨੂੰ ਅਕੀਦਤ ਭੇਟ ਕਰਦੀ ਕਾਵਿ-ਰਚਨਾ ਦਾ ਇਥੇ ਜ਼ਿਕਰ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦਾ ਕਹਿਣਾ ਹੈ-ਗੁਰੂ ਸਾਹਿਬ ਨੇ ਦੇਸ਼-ਵਿਦੇਸ਼ ਦਾ ਭਰਮਣ ਕੀਤਾ ਸੀ ਅਤੇ ਅਨੇਕਾਂ ਮਹਾਪੁੁਰਸ਼ਾਂ ਨਾਲ ਮੁਲਾਕਾਤ ਕੀਤੀ ਸੀ। ਸਾਰੀਆਂ ਥਾਵਾਂ 'ਤੇ ਉਨ੍ਹਾਂ ਦੇ ਪਿਆਰ ਭਰੇ ਉਪਦੇਸ਼ ਬੜੇ ਚਾਅ ਨਾਲ ਸੁਣੇ ਗਏ ਸਨ। ਗੁਰੂ ਸਾਹਿਬ ਨੇ ਨਿਰਭੈ ਹੋ ਕੇ ਬਰਾਬਰੀ ਦਾ ਸੰਦੇਸ਼ ਦਿੱਤਾ ਸੀ, ਪਿਆਰ ਤੇ ਸਦਭਾਵ ਦੇ ਰਾਹ 'ਤੇ ਤੋਰਿਆ ਸੀ। ਕਰਮ-ਕਾਂਡਾਂ ਤੋਂ ਹਟਾ ਕੇ ਸ਼ੁਧ ਮਨ ਨਾਲ, ਭਾਵਨਾ ਨਾਲ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਸੀ :
ਮਿਲੇ ਅਨੇਕ ਮਹਾਪੁਰਸ਼ੋਂ ਸੇ, ਘੂਮੇ ਨਾਨਕ ਦੇਸ਼-ਵਿਦੇਸ਼।
ਸੁਨੇ ਗਏ ਸਰਵਤ੍ਰ ਚਾਵ ਸੇ, ਭਾਵ ਭਰੇ ਉਨ ਕੇ ਉਪਦੇਸ਼।
ਨਿਰਭਯ ਹੋ ਕਰ ਕੀਆ ਉਨਹੋ ਨੇ, ਸਾਮਯ ਧਰਮ ਕਾ ਯਹਾਂ ਪ੍ਰਚਾਰ।
ਪ੍ਰੀਤ ਨੀਤ ਕੇ ਸਾਥ ਸਭੀ ਕੋ, ਸ਼ੁਭ ਕਰਮੋਂ ਕਾ ਹੈ ਅਧਿਕਾਰ।
ਸਾਰੇ ਕਰਮ-ਕਾਂਡ ਨਿਸ਼ਫਲ ਹੈ, ਨਾ ਹੋ ਸ਼ੁਧ ਮਨ ਕੀ ਯਦਿ ਭਗਤੀ।
ਭਵਯ ਭਾਵਨਾ ਤਬੀ ਫਲੇਗੀ, ਜਬ ਹੋਗੀ ਕਰਨੇ ਕੀ ਸ਼ਕਤੀ।
-ਸਾਬਕਾ ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।