ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2019

ਬ੍ਰਹਿਮੰਡੀ ਵਿਚਾਰਧਾਰਾ

Ad Position 21
No active advertisement
ਅਜੀਤ ਡੈਸਕ 12-11-2019

ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਹਨ। ਆਪ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਡੇ ਸਮਿਆਂ ਅੰਦਰ ਆਉਣਾ ਸਾਡੀ ਖ਼ੁਸ਼-ਕਿਸਮਤੀ ਹੈ। ਇਸ ਇਤਿਹਾਸਕ ਮੌਕੇ ਮੈਂ ਸਮੁੱਚੇ ਸਿੱਖ ਜਗਤ ਅਤੇ ਵਿਸ਼ਵ ਭਰ ਵਿਚ ਵਸਣ ਵਾਲੇ ਗੁਰੂ ਨਾਨਕ ਨਾਮ ਲੇਵਾ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ।
ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਸ ਸਮੇਂ ਹੋਇਆ ਜਦੋਂ ਭਾਰਤ ਦੀ ਹਾਲਤ ਬਹੁਤ ਖਰਾਬ ਸਨ। ਭਾਰਤ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਰਾਜਨੀਤਕ ਢਾਂਚੇ ਵਿਚ ਉਥਲ-ਪੁਥਲ ਮਚੀ ਹੋਈ ਸੀ। ਹਰ ਪਾਸੇ ਕੂੜ ਦਾ ਬੋਲਬਾਲਾ ਸੀ। ਨਿਰਾਰਥਕ ਰਸਮਾਂ ਤੇ ਕੁਰੀਤੀਆਂ ਧਰਮ ਦਾ ਅੰਗ ਬਣ ਚੁੱਕੀਆਂ ਸਨ। ਹਾਕਮ ਲੋਕ ਆਮ ਲੋਕਾਂ 'ਤੇ ਬਹੁਤ ਜ਼ੁਲਮ ਕਰ ਰਹੇ ਸਨ। ਇਸਤਰੀ ਸ਼੍ਰੇਣੀ ਦੀ ਦਸ਼ਾ ਤਰਸਯੋਗ ਸੀ। ਸਭ ਪਾਸੇ ਹਾਕਮਾਂ ਦੇ ਅੱਤਿਆਚਾਰ ਹੋ ਰਹੇ ਸਨ। ਜਨ ਸਧਾਰਨ ਲੋਕ ਸਾਹਸਹੀਣ, ਨਿਰਾਸ਼ਾਵਾਦੀ ਬਣ ਕੇ ਆਤਮ-ਵਿਸ਼ਵਾਸ ਛੱਡ ਚੁੱਕੇ ਸਨ। ਜ਼ਬਰਦਸਤੀ ਧਰਮ ਪਰਿਵਰਤਨ ਕਰਵਾਏ ਜਾ ਰਹੇ ਸਨ। ਅਜਿਹੇ ਹਾਲਾਤ ਵਿਚ ਜਗਤ ਨੂੰ ਤਾਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਦਾ ਭਵਿੱਖ ਬਦਲ ਕੇ ਰੱਖ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸੰਨ 1469 ਨੂੰ ਪਿੰਡ ਰਾਇ-ਭੋਇ ਦੀ ਤਲਵੰਡੀ (ਪਾਕਿਸਤਾਨ) ਵਿਚ ਹੋਇਆ। ਇਹ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਆਗਮਨ ਕਾਰਨ ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਗੁਰੂ ਸਾਹਿਬ ਜੀ ਨੇ ਮਾਨਵਤਾ ਨੂੰ ਜੀਵਨ ਸੇਧਾਂ ਦੇਣ ਲਈ ਜੋ ਵਿਚਾਰਧਾਰਾ ਦਿੱਤੀ, ਉਹ ਬੇਹੱਦ ਨਿਰਾਲੀ, ਮੌਲਿਕ ਅਤੇ ਵਿਲੱਖਣ ਹੈ। ਆਪ ਜੀ ਦੀ ਦਾਰਸ਼ਨਿਕ ਵਿਚਾਰਧਾਰਾ ਦਾ ਮੂਲ ਆਧਾਰ ਅਧਿਆਤਮਿਕ, ਸਮਾਜਿਕ ਅਤੇ ਭਾਵਨਾਤਮਿਕ ਏਕਤਾ ਹੈ। ਇਹ ਅਧਿਆਤਮਵਾਦੀ ਹੋਣ ਦੇ ਬਾਵਜੂਦ ਸਮਾਜਿਕ ਜੀਵਨ ਤੋਂ ਉਪਰਾਮਤਾ ਨਹੀਂ ਸਿਖਾਉਂਦੀ, ਸਗੋਂ ਮਾਨਵੀ ਜੀਵਨ ਦੇ ਸਮਾਜਿਕ ਪੱਖਾਂ ਨੂੰ ਮੁੱਖ ਰੱਖ ਕੇ ਆਤਮਿਕ ਵਿਕਾਸ ਦਾ ਰਾਹ ਦਸਦੀ ਹੈ। ਆਪ ਜੀ ਨੇ ਆਪਣੀ ਬਾਣੀ ਅੰਦਰ ਜੀਵਨ ਦੇ ਹਰ ਪੱਖ ਨਾਲ ਸਬੰਧਤ ਭਾਰਤੀ ਦਰਸ਼ਨ ਵਿਚ ਪ੍ਰਚੱਲਿਤ ਕਦਰਾਂ-ਕੀਮਤਾਂ ਨੂੰ ਪੜਚੋਲਣ ਤੋਂ ਬਾਅਦ ਇਨ੍ਹਾਂ ਨੂੰ ਨਵੇਂ ਸਿਰਿਉਂ ਸੰਗਠਿਤ ਕੀਤਾ। ਭਾਰਤੀ ਦਰਸ਼ਨ ਦੇ ਇਤਿਹਾਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵੇਕਲਾ ਸਥਾਨ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਸਾਫ਼-ਸੁਥਰੇ ਢੰਗ ਨਾਲ ਧਰਮ ਨੂੰ ਕਰਮਕਾਂਡੀ ਸਦਾਚਾਰ ਤੋਂ ਵੱਖ ਕਰਕੇ ਸਮਾਜਿਕ ਖੇਤਰ ਵਿਚ ਧਰਮ ਦਾ ਸਹੀ ਸਥਾਨ ਨਿਸਚਿਤ ਕੀਤਾ ਅਤੇ ਧਰਮ ਤੇ ਸਮਾਜ ਦੀ ਇਕ ਦੂਜੇ 'ਤੇ ਪਰਸਪਰ ਨਿਰਭਰਤਾ ਨੂੰ ਸਪੱਸ਼ਟ ਕੀਤਾ। ਉਨ੍ਹਾਂ ਭਾਰਤੀ ਸਮਾਜ ਅਤੇ ਸਿਧਾਂਤਿਕ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਦੇ ਢੁਕਵੇਂ ਤੇ ਸਪੱਸ਼ਟ ਹੱਲ ਦੱਸੇ। ਭਾਰਤੀ ਦਰਸ਼ਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਅਜਿਹੇ ਯਤਨ ਕਿਸੇ ਨੇ ਕੀਤੇ ਹੋਣ ਇਸ ਦੀਆਂ ਉਦਹਾਰਨਾਂ ਨਾਮਾਤਰ ਹੀ ਮਿਲਦੀਆਂ ਹਨ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹਿਆਂ ਪਤਾ ਲਗਦਾ ਹੈ ਕਿ ਉਨ੍ਹਾਂ ਸਿਧਾਂਤਕ ਪੱਖ ਤੋਂ ਮਨੁੱਖੀ ਜੀਵਨ ਅਤੇ ਸਮਕਾਲੀ ਸਮਾਜਿਕ ਵਿਵਸਥਾ ਦੇ ਮੂਲ ਤੱਤਾਂ ਨੂੰ ਛੂਹ ਲਿਆ ਸੀ। ਇਸੇ ਕਰਕੇ ਉਨ੍ਹਾਂ ਨੇ ਜਿਊਂਦੀ-ਜਾਗਦੀ ਉਹ ਫ਼ਿਲਾਸਫੀ ਉਜਾਗਰ ਕਰ ਕੇ ਦਰਸਾਈ ਜੋ ਸੰਸਾਰਕ ਜੀਵਨ ਦੇ ਨਾਲੋ-ਨਾਲ ਹੋ ਕੇ ਚਲਦੀ ਹੋਵੇ।
ਗੁਰੂ ਸਾਹਿਬ ਤੋਂ ਪਹਿਲਾਂ ਭਾਰਤੀ ਦਰਸ਼ਨ ਵਿਚ ਦੂਸਰੇ ਦੀ ਵਿਚਾਰਧਾਰਾ ਨੂੰ ਰੱਦ ਕਰ ਕੇ ਆਪਣਾ ਮਤ ਸਥਾਪਿਤ ਕਰਨ ਦੀ ਪਿਰਤ ਸਮਾਜ ਲਈ ਬੜੀ ਘਾਤਕ ਸੀ, ਪਰ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਨੇ ਸਿਰਫ ਦੂਸਰੇ ਦੀ ਵਿਚਾਰਧਾਰਾ ਨੂੰ ਰੱਦ ਕਰਨ ਉੱਪਰ ਹੀ ਜ਼ੋਰ ਨਹੀਂ ਦਿੱਤਾ ਸਗੋਂ ਆਪਣੇ ਢੰਗ ਨਾਲ ਉਸਦੀ ਵਿਆਖਿਆ ਕਰ ਕੇ ਉਸ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਹੈ। ਉਨ੍ਹਾਂ ਯੋਗੀ ਸੰਨਿਆਸੀ, ਵੈਸ਼ਨਵ, ਸ਼ੈਵ, ਨਾਥ-ਪੰਥੀ, ਸਿੱਧ, ਪੀਰ ਆਦਿ ਸਭ ਵਿਚ ਜਿੱਥੇ ਕਿਤੇ ਕੋਈ ਕਮਜ਼ੋਰੀ ਦੇਖੀ ਉੱਥੇ ਉਸਦੀ ਅਲੋਚਨਾ ਦੇ ਨਾਲ ਸਹੀ ਮਾਰਗ ਦਰਸ਼ਨ ਵੀ ਕੀਤਾ। ਇਸ ਤਰ੍ਹਾਂ ਗੁਰੂ ਸਾਹਿਬ ਇਕ ਸੰਤੁਲਿਤ ਦਾਰਸ਼ਨਿਕ ਦੇ ਰੂਪ ਵਿਚ ਪ੍ਰਗਟ ਹੋਏ ਜਿਸ ਦੀ ਭਾਰਤੀ ਦਰਸ਼ਨ ਵਿਚ ਕਾਫੀ ਘਾਟ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਵਿਚਾਰਦਿਆਂ ਸੱਜਰੀ ਰੌਸ਼ਨੀ ਦ੍ਰਿਸ਼ਟੀਗੋਚਰ ਹੁੰਦੀ ਹੈ। ਗੁਰੂ ਸਾਹਿਬ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਕੀਤੀ। ਉਸ ਸਮੇਂ ਸਮਾਜ ਊਚ-ਨੀਚ ਤੇ ਜਾਤ-ਪਾਤ ਫਸਿਆ ਹੋਇਆ ਸੀ ਅਤੇ ਇਸ ਤੋਂ ਵੀ ਅਗਲੀ ਗੱਲ ਕਿ ਇਸ ਨੂੰ ਧਰਮ ਦੀਆਂ ਧਾਰਨਾਵਾਂ ਵਜੋਂ ਲੋਕਾਂ 'ਤੇ ਠੋਸਿਆ ਜਾ ਰਿਹਾ ਸੀ। ਗੁਰੂ ਸਾਹਿਬ ਜੀ ਨੇ ਇਸ ਨੂੰ ਮੂਲੋਂ ਹੀ ਨਕਾਰਿਆ ਅਤੇ ਮਨੁੱਖੀ ਬਰਾਬਰਤਾ ਨੂੰ ਪ੍ਰਧਾਨਤਾ ਦਿੱਤੀ। ਗੁਰੂ ਸਾਹਿਬ ਜੀ ਨੇ ਕੇਵਲ ਸਮਾਜ ਦੇ ਲੋਕਾਂ ਨੂੰ ਹੀ ਕੇਵਲ ਉਪਦੇਸ਼ ਹੀ ਨਹੀਂ ਕੀਤਾ, ਸਗੋਂ ਇਸ 'ਤੇ ਆਪ ਵੀ ਅਮਲੀ ਰੂਪ ਵਿਚ ਪਹਿਰਾ ਦਿੱਤਾ। ਆਪ ਫ਼ੁਰਮਾਉਂਦੇ ਹਨ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
(ਅੰਗ : 15)
ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿਚ ਵੀ ਆਵਾਜ਼ ਉਠਾਈ। ਅਸਲ ਵਿਚ ਉਸ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ। ਆਪ ਜੀ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ 'ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕੀਤਾ। ਇਸ ਸਬੰਧ ਵਿਚ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਤਰ੍ਹਾਂ ਫ਼ਰਮਾਇਆ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਅੰਗ : 473)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ, ਸੱਚੀ-ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਕਹਿਣ ਦਾ ਭਾਵ ਕਿ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ਾਂ ਵਿਚੋਂ 'ਸਰਬੱਤ ਦੇ ਭਲੇ' ਦੀ ਭਾਵਨਾ ਉਜਾਗਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗ-ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਲੋਕਾਈ ਦਾ ਸਹੀ ਮਾਰਗ-ਦਰਸ਼ਨ ਕਰ ਕੇ, ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਉਨ੍ਹਾਂ ਇਸ ਮੰਤਵ ਦੀ ਪੂਰਤੀ ਲਈ ਉਨ੍ਹਾਂ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜੋ ਸਦੀਵੀ ਸੇਧ ਦੇਣ ਵਾਲੇ ਹਨ।
ਇਹ ਕਹਿਣਾ ਬਿਲਕੁਲ ਵਾਜਬ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਅੰਦਰ ਮਨੁੱਖ ਦੀ ਨਵੀਂ ਘਾੜਤ ਘੜਦਿਆਂ ਧਰਮ-ਕਰਮ ਤੇ ਆਚਾਰ-ਵਿਹਾਰ ਨਾਲ ਸੰਬੰਧਿਤ ਭਾਰਤੀ ਦਰਸ਼ਨ ਵਿਚ ਪ੍ਰਚੱਲਿਤ ਕਦਰਾਂ-ਕੀਮਤਾਂ ਨੂੰ ਪੜਚੋਲਣ ਤੋਂ ਬਾਅਦ ਇਨ੍ਹਾਂ ਨੂੰ ਨਵੇਂ ਸਿਰਿਉਂ ਸੰਗਠਿਤ ਕੀਤਾ। ਇਸ ਤਰ੍ਹਾਂ ਕਰਦਿਆਂ ਕਈ ਕਦਰਾਂ-ਕੀਮਤਾਂ ਨੂੰ ਤਿਆਗਿਆ ਕਈਆਂ ਦੇ ਨਕਸ਼ ਤਰਾਸ਼ੇ ਅਤੇ ਕਈ ਨਵੇਂ ਰਾਹ ਵੀ ਦਿਖਾਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਸਮੁੱਚੀ ਦਾਰਸ਼ਨਿਕ ਵਿਚਾਰਧਾਰਾ ਭਾਰਤੀ ਦਰਸ਼ਨ ਦੇ ਸੰਦਰਭ ਵਿਚ ਨਿਵੇਕਲੀ ਤੇ ਵਧੇਰੇ ਕਾਰਗਰ ਸਿੱਧ ਹੁੰਦੀ ਹੈ। ਬਹੁਪੱਖੀ ਸ਼ਖ਼ਸੀਅਤ ਅਤੇ ਵਿਸ਼ਾਲ ਪ੍ਰਤਿਭਾ ਦੇ ਮਾਲਕ ਹੋਣ ਕਰਕੇ ਆਪ ਜੀ ਦਰਸ਼ਨ ਸ਼ਾਸਤਰ ਦੇ ਖੇਤਰ ਵਿਚ ਵੀ ਇਕ ਵਿਲੱਖਣ ਤੇ ਮਹਾਨ ਕ੍ਰਾਂਤੀ ਦੇ ਜਨਮਦਾਤਾ ਸਨ। ਇਸ ਕ੍ਰਾਂਤੀ ਨਾਲ ਨਕਾਰਾਤਮਕ ਕਦਰਾਂ-ਕੀਮਤਾਂ ਦਾ ਵਿਨਾਸ਼ ਹੋਇਆ ਅਤੇ ਉਸਾਰੂ ਜੀਵਨ ਜਾਚ ਨੂੰ ਲੋਕਾਂ ਨੇ ਕਬੂਲਿਆ। ਇਹ ਇਕ ਅਜਿਹੀ ਲਹਿਰ ਸੀ ਜੋ ਪ੍ਰਚੱਲਿਤ ਧਾਰਮਿਕ ਰਵਾਇਤਾਂ ਦੇ ਨਾਂਹਵਾਚੀ ਪ੍ਰਭਾਵ ਨੂੰ ਨਕਾਰ ਕੇ ਸਕਾਰਾਤਮਿਕ ਚਾਨਣ ਦਿਖਾਉਣ ਵਾਲੀ ਸੀ ਅਤੇ ਇਸੇ ਦਾ ਹੀ ਕਾਰਨ ਸੀ ਕਿ ਇਸ ਨੂੰ ਲੋਕਾਂ ਨੇ ਸਿਰ-ਮੱਥੇ ਪ੍ਰਵਾਨ ਕੀਤਾ। ਇਥੇ ਹੀ ਬਸ ਨਹੀਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅੱਜ ਵੀ ਸਿੱਖਾਂ ਤੋਂ ਇਲਾਵਾ ਦੁਨੀਆ ਭਰ ਦੇ ਹਰ ਧਰਮ, ਵਰਗ, ਫਿਰਕੇ ਨਾਲ ਸਬੰਧਤ ਲੋਕ ਸਤਿਕਾਰਦੇ ਤੇ ਜੀਵਨ ਸੇਧਾਂ ਨਿਰਧਾਰਤ ਕਰਦੇ ਹਨ।


-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਦੇ ਵਿਦਵਾਨਾਂ ਦੀ ਨਜ਼ਰ ਵਿਚ ਸ੍ਰੀ ਗੁਰੂ ਨਾਨਕ ਦੇਵ ਅਗਲੀ ਖ਼ਬਰ ਅੰਤਰ-ਧਰਮ ਸੰਵਾਦ ਦੇ ਮੋਢੀ-ਗੁਰੂ ਨਾਨਕ
Ad Position 24
No active advertisement