ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2020

ਪਰਉਪਕਾਰਾਂ ਦੀ ਉੱਘੜਵੀਂ ਮਿਸਾਲ ਬੰਦੀ ਛੋੜ ਦਿਵਸ

Ad Position 21
No active advertisement
ਅਜੀਤ ਡੈਸਕ 14-11-2020

'ਬੰਦੀ ਛੋੜ' ਦਿਵਸ ਮਨੌਤ ਪੱਖੋਂ ਭਾਰਤ ਦੇ ਪੁਰਾਤਨ ਤਿਉਹਾਰ ਦੀਵਾਲੀ ਨਾਲ ਜੁੜਿਆ ਹੋਇਆ ਹੈ ਜਾਂ ਇਹ ਕਹਿ ਲਈਏ ਕਿ ਸਿੱਖ ਦੀਵਾਲੀ ਦਾ ਤਿਉਹਾਰ 'ਬੰਦੀ ਛੋੜ' ਦਿਵਸ ਦੇ ਰੂਪ ਵਿਚ ਮਨਾਉਂਦੇ ਹਨ, ਪਰ ਇਸ ਦਿਵਸ ਦਾ ਆਧਾਰ ਸਿੱਖ ਸਿਧਾਂਤ, ਪਰਉਪਕਾਰ ਦੀ ਸਦਾਚਾਰਕਤਾ ਤੇ ਇਤਿਹਾਸਕ ਪਿਛੋਕੜ ਹਨ। ਇਸੇ ਕਾਰਨ ਸਿੱਖ ਧਰਮ ਵਿਚ ਇਹ ਤਿਉਹਾਰ ਮਨਾਉਣ ਦੀ ਰਵਾਇਤ ਹੈ। ਖ਼ਾਸ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਿਨ ਕੀਤੀ ਜਾਂਦੀ ਦੀਪਮਾਲਾ ਅਤੇ ਆਕਰਸ਼ਕ ਆਤਿਸ਼ਬਾਜ਼ੀ ਕਾਰਨ 'ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ' ਦੇ ਬੋਲ ਪੰਜਾਬੀ ਅਖਾਣ ਵਜੋਂ ਪ੍ਰਚੱਲਿਤ ਹਨ। ਇਹ ਗੱਲ ਬੜੀ ਗੌਰਵਮਈ ਹੈ ਕਿ ਸਿੱਖੀ ਨੇ ਰਵਾਇਤੀ ਤਿਉਹਾਰਾਂ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਅਤੇ ਅਜਿਹੇ ਸਮਾਜਿਕ ਤਿਉਹਾਰਾਂ ਨੂੰ ਸਿਧਾਂਤਕ ਆਧਾਰ ਬਖ਼ਸ਼ ਕੇ ਇਕ ਨਵਾਂ ਸਦ ਜੀਵਤ ਸਰੂਪ ਪ੍ਰਦਾਨ ਕਰ ਦਿੱਤਾ ਜਿਸ ਨੇ ਸਿੱਖ ਵਿਰਸੇ ਦੀ ਸ਼ੋਭਾ ਵੀ ਵਧਾਈ ਹੈ ਅਤੇ ਤਿਉਹਾਰਾਂ ਨੂੰ ਵੀ ਅਮੀਰ ਵਿਰਸੇ ਦੇ ਰੰਗ ਨਾਲ ਲਬਰੇਜ਼ ਕਰ ਦਿੱਤਾ।
ਗੁਰਬਾਣੀ ਵਿਚ 'ਬੰਦੀ ਛੋੜ' ਤੇ 'ਬੰਦੀਮੋਚ' ਸਮਾਨਰਥੀ ਸ਼ਬਦ ਹਨ, ਜਿਨ੍ਹਾਂ ਦਾ ਅਰਥ ਹੈ ਕੈਦ ਵਿਚੋਂ ਛੁਡਵਾਉਣ ਵਾਲਾ, ਰਿਹਾਈ ਦੇਣ ਵਾਲਾ 'ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ' ਯਥਾ 'ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ'। ਇਥੇ ਇਹ ਪਦ ਸਰਬ ਸ਼ਕਤੀਵਾਨ ਪਰਮਾਤਮਾ ਪ੍ਰਥਾਇ ਹਨ। ਸਿੱਖ ਧਰਮ ਦਰਸ਼ਨ ਵਿਚ ਅਕਾਲ ਪੁਰਖ (ਪਾਰਬ੍ਰਹਮ ਪਰਮੇਸ਼ਰ) ਦੀ ਅਧਿਕਾਰੀ ਸੱਤਾ ਗੁਰੂ (ਗੁਰ ਪਰਮੇਸ਼ਰ) ਪ੍ਰਵਾਨ ਕੀਤਾ ਗਿਆ ਹੈ। ਇਸ ਕਰਕੇ ਇਸ ਤਰ੍ਹਾਂ ਦੇ ਵਿਸ਼ੇਸ਼ਣੀ ਪਦ ਗੁਰੂ ਸਾਹਿਬਾਨ ਲਈ ਵਰਤੇ ਜਾਂਦੇ ਹਨ।
ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿਚ ਸ਼ਬਦ ਦੇ ਮਾਧਿਅਮ ਗੁਰਮੁਖ ਦੁਆਰਾ ਪ੍ਰਾਪਤ ਮਹਾਂ ਸੁਖ ਨੂੰ ਦੀਵਾਲੀ ਦੀ ਰਾਤ ਦੀਵੇ ਬਾਲਣ ਨਾਲੋਂ ਉੱਤਮ ਦਰਸਾਇਆ ਹੈ। 'ਦੀਵਾਲੀ ਦੀ ਰਾਤ ਦੀਵੇ ਬਾਲੀਅਨਿ...ਗੁਰਮੁਖ ਸੁਖਫਲ ਦਾਤ ਸਬਦ ਸਮਾਲੀਅਨਿ'। ਸੋ ਦੀਵਾਲੀ ਦੇ ਕੇਵਲ ਕੁਝ ਚਿਰ ਲਈ ਬਲਦੇ ਦੀਵਿਆਂ ਅਤੇ ਕਰਮ-ਕਿਰਿਆ ਨਾਲੋਂ ਗੁਰਮੁਖ ਦਾ ਚਿਰੰਜੀਵੀ ਹਿਰਦੈ ਦਾ ਸੁਖਮਈ ਪ੍ਰਕਾਸ਼ ਅਕਹਿ ਤੇ ਅਸੀਮ ਹੈ।
ਸਿੱਖ ਨੈਤਿਕਤਾ ਵਿਚ ਪਰਉਪਕਾਰ ਦਾ ਸਦਗੁਣ ਵੀ ਸ਼ਾਮਿਲ ਹੈ। ਬੰਦੀ ਛੋੜ ਦਾ ਸਿੱਖ ਉਤਸਵ ਸਦਗੁਣ ਭਰਪੂਰ ਵਾਕਿਆ ਦੀ ਵੀ ਉੱਤਮ ਵੰਨਗੀ ਹੈ। ਸਿੱਖਾਂ ਵਿਚ ਇਸ ਦਿਨ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ ਸੀ, ਕਿਉਂਕਿ ਦੀਵਾਲੀ ਦੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਪੰਚਮ ਪਾਤਸ਼ਾਹ ਦੇ ਵਚਨਾਂ ਮੁਤਾਬਿਕ ਆਪ ਦੀ ਸ਼ਹਾਦਤ ਪਿੱਛੋਂ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਨ ਤੇ ਸੂਰਬੀਰਤਾ ਦਾ ਉਪਦੇਸ਼ ਦਿੱਤਾ ਤਾਂ ਇਸ ਦੇ ਸੌੜੇ ਪ੍ਰਤੀਕਰਮ ਵਜੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਸੀ। ਦਬਿਸਤਾਨ-ਏ-ਮਜ਼ਾਹਿਬ ਅਨੁਸਾਰ ਉਨ੍ਹਾਂ ਉਤੇ ਇਹ ਦੋਸ਼ ਲਗਾਇਆ ਕਿ ਇਨ੍ਹਾਂ ਦੇ ਪਿਤਾ 'ਤੇ ਲਗਾਇਆ ਗਿਆ ਜੁਰਮਾਨਾ ਇਨ੍ਹਾਂ ਨੇ ਅਦਾ ਨਹੀਂ ਕੀਤਾ। ਦਬਿਸਤਾਨ-ਏ-ਮਜ਼ਾਹਿਬ ਵਿਚ ਚਾਲੀ ਦਿਨਾਂ ਤੋਂ ਲੈ ਕੇ ਬਾਰਾਂ ਸਾਲ ਤੱਕ ਰਹਿਣ ਦੇ ਕਈ ਕਿਸਮ ਦੇ ਸਮੇਂ ਲਿਖੇ ਮਿਲਦੇ ਹਨ। ਭੱਟ ਵਹੀਆਂ ਅਨੁਸਾਰ 6 ਸਾਲ ਗੁਰੂ ਸਾਹਿਬ ਇਸ ਕਿਲ੍ਹੇ ਵਿਚ ਰਹੇ। ਕੁਝ ਸਮਾਂ ਪਹਿਲਾਂ ਗਵਾਲੀਅਰ ਦੇ ਪੁਰਾਤਨ ਖੂਹ ਵਿਚੋਂ ਮਿਲੀ ਇਕ ਸਿੱਲ ਦੀ ਫਾਰਸੀ ਲਿਖਤ ਅਨੁਸਾਰ ਗੁਰੂ ਸਾਹਿਬ ਸੰਮਤ 1670 (1613 ਈ:) ਵਿਚ ਗ੍ਰਿਫ਼ਤਾਰ ਕੀਤੇ ਗਏ ਸਨ :
ਯਕ ਮਰਦ-ਏ-ਕਮਾਲ ਪੀਰ ਹਿੰਦ,
ਸ਼ਾਹਸ਼ਮ ਗੁਰੂ ਨਾਨਕ ਹਰਗੋਬਿੰਦ ਸ਼ਾਹ ਐਨ ਸ਼ਾਹ
ਨੂਰਉਦੀਨ ਸੁਲਤਾਨ ਹਿੰਦ ਜਹਾਂਗੀਰ ਨਜ਼ਰਬੰਦ ਕਰਦੰਦ
ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ਵਿਚ ਗਵਾਲੀਅਰ ਵੀ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਵੀ ਰੌਸ਼ਨੀ ਕੀਤੀ ਗਈ ਸੀ। ਭੱਟ ਵਹੀਆਂ ਅਨੁਸਾਰ ਜਦੋਂ 26 ਅਕਤੂਬਰ, 1619 ਨੂੰ ਗੁਰੂ ਸਾਹਿਬ ਦੀ ਰਿਹਾਈ ਦਾ ਸਮਾਂ ਆਇਆ ਤਾਂ ਉਹ ਇਸ ਸ਼ਰਤ 'ਤੇ ਬਾਹਰ ਆਏ ਕਿ ਬਾਕੀ ਸਾਰੇ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾਵੇ :
'ਗੁਰੂ ਹਰਿਗੋਬਿੰਦ ਜੀ ਮਹਲ ਛਟਾ ਗੁਰੂ ਅਰਜਨ ਜੀ ਕਾ, ਸੋਢੀ ਖਤ੍ਰੀ ਚਕ ਗੁਰੂ ਕਾ ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੇ ਛਿਹਤ੍ਰ ਕੱਤਕ ਮਾਸੇ ਕ੍ਰਿਸ਼ਨਾ ਪਖੇ ਚੌਦਸ ਦੇ ਦਿੰਹੁ, ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ ਗੁਆਲੀਅਰ ਸੇ ਬੰਦਨ ਮੁਕਤ ਹੋਏ।'
ਉਹ 52 ਕੈਦੀਆਂ ਨੂੰ ਕਿਲ੍ਹੇ ਵਿਚੋਂ ਬਾਹਰ ਲੈ ਕੇ ਆਏ। ਇਹ ਸਿੱਖ ਸਦਗੁਣਾਂ ਵਿਚਲੇ ਪਰਉਪਕਾਰ ਦੇ ਸਦਗੁਣ ਨੂੰ ਅਭਿਆਸ ਵਿਚ ਲਿਆਉਣ ਦਾ ਵਰਤਾਰਾ ਹੈ ਜੋ ਛੇਵੇਂ ਪਾਤਸ਼ਾਹ ਵਲੋਂ ਆਪਣੇ ਨਾਲ 52 ਸ਼ਾਹੀ ਕੈਦੀਆਂ ਨੂੰ ਛੁਡਵਾ ਕੇ ਵਰਤਾਇਆ ਗਿਆ। ਇਸ ਕਰ ਕੇ ਗੁਰੂ ਸਾਹਿਬ ਨੂੰ ਬੰਦੀਛੋੜ ਦਾਤਾ ਕਿਹਾ ਜਾਂਦਾ ਹੈ ਅਤੇ ਗਵਾਲੀਅਰ ਸਥਿਤ ਗੁਰਦੁਆਰੇ ਦਾ ਨਾਂਅ ਵੀ ਬੰਦੀ ਛੋੜ ਦਾਤਾ ਹੈ।
ਬੰਦੀ ਛੋੜ ਦਿਵਸ ਦੇ ਇਤਿਹਾਸਕ ਮਹੱਤਵ ਕਾਰਨ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਸਾਲ ਭਾਰੀ ਸੰਗਤ ਜੁੜਦੀ ਰਹੀ ਹੈ। ਸਿੱਖ ਇਤਿਹਾਸ ਵਿਚ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸਰੋਕਾਰ ਦੀਵਾਲੀ ਨਾਲ ਜੁੜਿਆ ਹੋਇਆ ਹੈ। ਹੋਇਆ ਇਸ ਤਰ੍ਹਾਂ ਕਿ ਮੁਗ਼ਲਾਂ ਨੇ ਦੀਵਾਲੀ ਦਾ ਮੇਲਾ ਕਈ ਵਰ੍ਹਿਆਂ ਤੋਂ ਬੰਦ ਕਰ ਦਿੱਤਾ ਸੀ। ਭਾਈ ਮਨੀ ਸਿੰਘ ਨੇ ਸੂਬਾ ਲਾਹੌਰ ਨੂੰ 5000 ਰੁਪਏ ਟੈਕਸ ਦੇਣਾ ਕਰਕੇ ਸ੍ਰੀ ਅਮ੍ਰਿਤਸਰ ਸਾਹਿਬ ਦੀਵਾਲੀ ਮਨਾਉਣ ਲਈ ਮਨਜ਼ੂਰੀ ਲੈ ਲਈ ਸੀ। ਪਰ ਮੁਗ਼ਲਾਂ ਨੇ ਬਦਨੀਤੀ ਨਾਲ ਅੰਮ੍ਰਿਤਸਰ ਦੇ ਚੌਹੀਂ ਪਾਸੇ ਪਹਿਰਾ ਲਾ ਕੇ ਦੀਵਾਲੀ ਦਾ ਇਕੱਠ ਨਾ ਹੋਣ ਦਿੱਤਾ ਅਤੇ ਚੜ੍ਹਾਵਾ ਇਕੱਠਾ ਨਾ ਹੋਇਆ। ਸੂਬੇ ਨੇ ਟੈਕਸ ਨਾ ਅਦਾ ਕਰਨ ਦੇ ਅਪਰਾਧ ਵਿਚ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਸਲਾਮ ਵਿਚ ਲਿਆਉਣ ਦੇ ਯਤਨ ਕੀਤੇ। ਜਦ ਕਾਮਯਾਬੀ ਨਾ ਮਿਲੀ ਤਾਂ ਭਾਈ ਮਨੀ ਸਿੰਘ ਨੂੰ ਸੰਮਤ 1794 ਵਿਚ ਬੰਦ-ਬੰਦ ਕਟਵਾ ਕੇ ਸ਼ਹੀਦ ਕਰ ਦਿੱਤਾ ਗਿਆ। 'ਸਰਬਤ ਖ਼ਾਲਸਾ' ਅਤੇ 'ਗੁਰਮਤੇ' ਦਾ ਸਰੋਕਾਰ ਵੀ ਬੰਦੀਛੋੜ ਦਿਵਸ ਨਾਲ ਜੁੜਿਆ ਹੋਇਆ ਹੈ। ਮਿਸਲ ਕਾਲ ਵੇਲੇ ਤੋਂ ਸਿੱਖ ਹਰ ਸਾਲ ਦੀਵਾਲੀ ਅਤੇ ਵੈਸਾਖੀ ਦੇ ਉਤਸਵਾਂ 'ਤੇ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਬੁੰਗਾ ਸਾਹਿਬ ਦੇ ਦੀਵਾਨ ਵਿਚ 'ਸਰਬਤ ਖ਼ਾਲਸਾ' ਬੁਲਾਉਂਦੇ ਸਨ। ਇਸ ਵਿਚ ਕੌਮੀ ਸੰਕਟ ਦੇ ਹੱਲ ਜਾਂ ਪੰਥ ਦੇ ਅੰਦਰੂਨੀ ਮਸਲਿਆਂ ਸਬੰਧੀ ਗੁਰਮਤੇ ਪਾਸ ਕੀਤੇ ਜਾਂਦੇ ਸਨ। ਮਿਸਾਲ ਵਜੋਂ ਵੱਡਾ ਗੁਰਮਤਾ (ਸਰਹਿੰਦ 'ਤੇ ਹਮਲੇ ਦਾ) ਦੀਵਾਲੀ 1754, ਗੁਰਮਤਾ 30 ਅਕਤੂਬਰ 1758 ਸਿੱਖ ਸਰਦਾਰਾਂ ਨੂੰ ਆਪਣੀ ਸਰਦਾਰੀ ਦੀ ਧਾਂਕ ਜਮਾਉਣ ਦਾ, 7 ਨਵੰਬਰ 1760 ਨੂੰ ਲਾਹੌਰ 'ਤੇ ਕਬਜ਼ਾ ਕਰਨ ਦਾ ਗੁਰਮਤਾ, 22 ਅਕਤੂਬਰ 1761 ਅਬਦਾਲੀ ਦੇ ਸਹਾਇਕਾਂ ਤੇ ਸੂਹੀਆਂ ਨੂੰ ਸੋਧਣ ਦਾ ਗੁਰਮਤਾ, 17 ਅਕਤੂਬਰ 1762 ਅਬਦਾਲੀ ਨਾਲ ਡਟ ਕੇ ਟੱਕਰ ਲੈਣ ਦਾ ਗੁਰਮਤਾ, 4 ਨਵੰਬਰ 1763 ਜਹਾਨ ਖ਼ਾਨ ਦਾ ਮੁਕਾਬਲਾ ਕਰਨ ਹਿਤ ਗੁਰਮਤਾ, ਅਕਤੂਬਰ 1765 ਦਾ ਨਾਜੀਬ-ਉਦ-ਦੌਲਾ ਨੂੰ ਹਰਾਉਣ ਦਾ ਗੁਰਮਤਾ, ਨਵੰਬਰ 1767 ਦੀਵਾਲੀ ਦਾ ਅਹਿਮਦ ਸ਼ਾਹ ਅਬਦਾਲੀ ਨਾਲ ਮੁੜ ਟੱਕਰ ਲੈਣ ਦਾ ਗੁਰਮਤਾ ਆਦਿ ਬੰਦੀਛੋੜ ਦਿਵਸ ਨਾਲ ਜੁੜੇ ਇਤਿਹਾਸਕ ਦਸਤਾਵੇਜ਼ ਹਨ।
ਸਿੱਖ ਪਰੰਪਰਾ ਅਨੁਸਾਰ ਬੰਦੀ ਛੋੜ ਦਿਵਸ ਖ਼ਾਸ ਦ੍ਰਿਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਦਿਵਸ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਚੇਚੇ ਤੌਰ 'ਤੇ ਦੀਪਮਾਲਾ ਹੁੰਦੀ ਹੈ। ਨਗਰਾਂ ਦੇ ਗੁਰਦੁਆਰਿਆਂ ਅਤੇ ਗੁਰਸਿੱਖਾਂ ਦੇ ਘਰਾਂ ਵਿਚ ਵੀ ਰੌਸ਼ਨੀ ਕੀਤੀ ਜਾਂਦੀ ਹੈ। ਕਿੰਤੂ ਇਸ ਦਿਵਸ ਦੀ ਸਾਰਥਕਤਾ ਆਪਣੇ ਹਿਰਦੈ ਰੂਪੀ ਦੀਪਕ ਨੂੰ ਗੁਰੂ ਗਿਆਨ ਨਾਲ ਰੁਸ਼ਨਾਉਣ, ਪਰਉਪਕਾਰ ਦਾ ਸਦਗੁਣ ਧਾਰਨ ਕਰਨ ਅਤੇ ਆਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਦੇ ਉੱਦਮਾਂ ਵਿਚ ਹੀ ਨਿਹਿਤ ਹੈ। ਜੇ ਭਾਈ ਗੁਰਦਾਸ ਜੀ ਨੇ ਦੀਵਾਲੀ ਦੇ ਕਰਮ ਕਾਂਡੀ ਰੂਪ ਦੀ ਨਿਰਾਰਥਕਤਾ ਉਘਾੜੀ ਹੈ ਤਾਂ ਲਾਸਾਨੀ ਮਹਾਨਤਾ ਤੇ ਵਿਲੱਖਣਤਾ ਕਾਰਨ ਬੰਦੀ ਛੋੜ ਦਿਵਸ ਸਿੱਖ ਸੱਭਿਆਚਾਰ ਦੇ ਅਟੁੱਟ ਅੰਗ ਵਜੋਂ ਪ੍ਰਵਾਨ ਚੜ੍ਹਿਆ ਹੈ। ਇਸ ਪੱਖੋਂ ਇਹ ਦਿਵਸ ਸਿੱਖਾਂ ਲਈ ਪ੍ਰੇਰਨਾਦਾਇਕ ਹੈ ਤੇ ਦੀਵਾਲੀ ਦੇ ਰਵਾਇਤੀ ਤਿਉਹਾਰ ਨੂੰ ਨਿਵੇਕਲੀ ਸਿਧਾਂਤਕ ਤੇ ਇਤਿਹਾਸਕ ਦਿੱਖ ਪ੍ਰਦਾਨ ਕਰਦਾ ਹੈ।

-ਮੋਬਾਈਲ: 94638-61316

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਸਾਂਝ ਤੇ ਮਿਲਵਰਤਣ ਨਾਲ ਮਨਾਈਏ ਅਗਲੀ ਖ਼ਬਰ ਇਟਲੀ ਵਿਸ਼ੇਸ਼ ਸਪਲੀਮੈਂਟ
Ad Position 24
No active advertisement