ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2020

ਦੀਵਾਲੀ ਸਾਂਝ ਤੇ ਮਿਲਵਰਤਣ ਨਾਲ ਮਨਾਈਏ

Ad Position 21
No active advertisement
ਅਜੀਤ ਡੈਸਕ 14-11-2020

ਧਰਤੀ ਦੇ ਕਿਸੇ ਵੀ ਕੋਨੇ ਵਿਚ ਵਸੇ ਮਨੁੱਖ ਲਈ, ਉਥੋਂ ਦੇ ਸੱਭਿਆਚਾਰਕ ਤਿਉਹਾਰ ਤੇ ਹੋਰ ਉਤਸਵ ਬਹੁਤ ਗੌਰਵਸ਼ਾਲੀ ਹੁੰਦੇ ਹਨ। ਇਨ੍ਹਾਂ ਨੂੰ ਉਸ ਦੇਸ਼ ਦੀ ਸੰਸਕ੍ਰਿਤੀ ਦੀ ਧਰੋਹਰ ਮੰਨਣ ਤੋਂ ਵੀ ਕੋਈ ਇਨਕਾਰ ਨਹੀਂ ਕਰ ਸਕਦਾ। ਇਹ ਉੱਥੇ ਵਸਦੇ ਲੋਕਾਂ ਦੀ ਜੀਵਨ-ਜਾਚ, ਸੋਚ, ਸਮਾਜਿਕ ਸਬੰਧਾਂ ਤੇ ਰਹੁ-ਰੀਤਾਂ ਦਾ ਸ਼ੀਸ਼ਾ ਹੁੰਦੇ ਹਨ। ਵਿਸ਼ਾਲ ਭਾਰਤ ਦੀ ਇਹ ਵਿਲੱਖਣਤਾ ਹੈ ਕਿ ਵੱਖ-ਵੱਖ ਸੱਭਿਆਚਾਰਾਂ, ਬੋਲੀਆਂ, ਧਰਮਾਂ, ਵਿਸ਼ਵਾਸਾਂ, ਵੱਖਰੇ ਖਾਣ-ਪੀਣ ਤੇ ਪਹਿਰਾਵੇ ਦੀ ਵੰਨ-ਸੁਵੰਨਤਾ ਤੇ ਅਨੇਕਾਂ ਹੋਰ ਵਿਵਧਤਾਵਾਂ ਕਾਰਨ, ਇੱਥੇ ਹਰ ਦਿਨ ਹੀ ਕਿਸੇ ਤਿਉਹਾਰ ਜਾਂ ਮੇਲੇ ਨਾਲ ਰੰਗਿਆ ਹੋਇਆ ਹੈ। ਦੀਵਾਲੀ ਦੀਆਂ ਰੌਸ਼ਨੀਆਂ ਦਾ ਤਿਉਹਾਰ ਭਾਰਤ ਦੇ ਲੋਕਾਂ ਦੇ ਮਨ ਵਿਚ ਬਹੁਤ ਡੂੰਘੀ ਤਰ੍ਹਾਂ ਵਸਿਆ ਹੋਇਆ ਹੈ। ਇਸ ਦਿਨ ਸ੍ਰੀ ਰਾਮ ਚੰਦਰ, ਸੀਤਾ ਅਤੇ ਲਕਸ਼ਮਣ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ।
ਦੁਨੀਆ ਦੇ ਜਿਸ ਦੇਸ਼ ਵਿਚ ਵੀ ਭਾਰਤੀ ਵਸੇ ਹੋਏ ਹਨ, ਉਹ ਇਸ ਤਿਉਹਾਰ ਨੂੰ ਭਰਪੂਰ ਹੁਲਾਸ ਤੇ ਖੁਸ਼ੀਆਂ ਖੇੜਿਆਂ ਸੰਗ ਦੀਵੇ ਤੇ ਮੋਮਬੱਤੀਆਂ ਬਾਲ ਕੇ ਵਰ੍ਹਿਆਂ ਤੋਂ ਮਨਾਉਂਦੇ ਆ ਰਹੇ ਹਨ। ਕਦੇ ਸਮਾਂ ਸੀ ਸਰ੍ਹੋਂ ਦੇ ਤੇਲ ਦੇ ਨਿੱਕੇ-ਨਿੱਕੇ ਦੀਵੇ ਬਾਲ ਕੇ ਦੀਵਾਲੀ ਦੀ ਰਾਤ ਘਰਾਂ ਵਿਚ ਰੌਸ਼ਨੀ ਕੀਤੀ ਜਾਂਦੀ ਸੀ, ਪਰ ਅਜੋਕੇ ਸਮਿਆਂ ਵਿਚ ਬਿਜਲੀ ਦੀ ਬਦੌਲਤ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਸਦਕਾ ਰੌਸ਼ਨੀਆਂ ਦੀ ਚਕਾਚੌਂਧ ਨਾਲ ਪਿੰਡ ਤੇ ਸ਼ਹਿਰ ਜਗਮਗਾ ਉਠਦੇ ਹਨ। ਹਨ੍ਹੇਰੇ ਉੱਤੇ ਰੌਸ਼ਨੀ ਦੀ ਜਿੱਤ, ਅਗਿਆਨਤਾ ਉੱਤੇ ਗਿਆਨ ਦੀ ਜਿੱਤ, ਬੁਰਾਈ ਉੱਤੇ ਨੇਕੀ ਦੀ ਜਿੱਤ ਅਤੇ ਨਿਰਾਸ਼ਾ ਉੱਤੇ ਆਸ਼ਾ ਦੀ ਜਿੱਤ ਦੇ ਪ੍ਰਤੀਕ ਵਜੋਂ ਦੀਵਾਲੀ ਦਾ ਤਿਉਹਾਰ ਲੋਕ ਮਨਾਂ ਵਿਚ ਬਹੁਤ ਡੂੰਘਾ ਵਸਿਆ ਹੋਇਆ ਹੈ। ਸਿੱਖਾਂ ਵਲੋਂ ਇਹ ਤਿਉਹਾਰ 'ਬੰਦੀ ਛੋੜ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ।
ਇਸ ਕਾਲੀ ਰਾਤ ਵਿਚ ਸਭ ਘਰਾਂ ਦੇ ਬਨੇਰੇ ਆਪਣੀ ਆਪਣੀ ਸਮਰੱਥਾ ਅਨੁਸਾਰ ਚਾਨਣ ਬਿਖੇਰਨ ਦਾ ਯਤਨ ਕਰਦੇ ਹਨ। ਆਲੇ ਦੁਆਲੇ ਫੈਲੀਆਂ ਰੌਸ਼ਨੀਆਂ ਤੋਂ ਲਗਦਾ ਹੈ ਜਿਵੇਂ ਗੂੜ੍ਹੇ ਹਨ੍ਹੇਰੇ ਦੀ ਕਾਲੀਬੋਲੀ ਰਾਤ ਕੁਝ ਪਲਾਂ ਲਈ ਕਿਤੇ ਅਲੋਪ ਹੋ ਗਈ ਹੋਵੇ। ਜੇ ਗਹੁ ਨਾਲ ਸਮੁੱਚੇ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਇੰਜ ਹੋਇਆ ਪ੍ਰਤੀਤ ਨਹੀਂ ਹੁੰਦਾ। ਜੇ ਬਾਹਰੀ ਰੌਸ਼ਨੀਆਂ ਨਾਲ ਮਨਾਂ ਦੇ ਹਨੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੁੰਦਾ ਤਾਂ ਹੁਣ ਤੱਕ ਸਾਡਾ ਵੀ ਸੰਸਾਰ ਵਿਚ ਕਿਤੇ ਨਾਂਅ ਹੁੰਦਾ। ਅਸਲੀਅਤ ਇਹ ਹੈ ਕਿ ਇਹ ਭਰਮ ਸਦੀਆਂ ਤੋਂ ਸਾਡੇ ਮਨਾਂ 'ਤੇ ਛਾਇਆ ਹੋਇਆ ਹੈ ਤੇ ਅਜੇ ਤੱਕ ਜਾਰੀ ਹੈ। ਜਿਉਂ-ਜਿਉਂ ਰੌਸ਼ਨੀਆਂ ਦੀ ਜਗਮਗਾਹਟ ਵਧੀ ਹੈ ਤਿਉਂ-ਤਿਉਂ ਹੀ ਮਨਾਂ ਦੇ ਆਕਾਸ਼ 'ਤੇ ਹਨ੍ਹੇਰਿਆਂ ਦੇ ਕਾਲੇ ਬੱਦਲ ਗੂੜ੍ਹੇ ਹੁੰਦੇ ਗਏ ਹਨ।
ਆਪਣੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਮਨੁੱਖ ਨੇ ਨਿੱਜੀ ਹਿਤਾਂ ਦੀ ਖਾਤਰ ਲਾਲਚ ਤੇ ਸਵਾਰਥ ਦਾ ਰਾਹ ਫੜ ਲਿਆ ਹੈ। ਇਸ ਸੱਭਿਅਕ ਮਨੁੱਖੀ ਸਮਾਜ ਵਿਚ ਮਨੁੱਖ ਦੀ ਜ਼ਿੰਦਗੀ ਭਿਆਨਕ ਦਰਿੰਦਗੀ ਨਾਲ ਭਰੀ ਪਈ ਹੈੇ। ਸੱਭਿਅਤਾ ਦਾ ਨਕਾਬ ਪਾਈ ਅਜੋਕਾ ਮਨੁੱਖ ਏਨਾ ਲਾਲਚੀ, ਸਵਾਰਥੀ ਅਤੇ ਅਣਮਨੁੱਖੀ ਰੁਚੀਆਂ ਵਾਲਾ ਹੋ ਗਿਆ ਹੈ ਕਿ ਉਹ ਸਮਾਜ ਦੀਆਂ ਸਭ ਨੈਤਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਨੂੰ ਉਲੰਘ ਕੇ ਉਸ ਰਾਹ 'ਤੇ ਤੁਰ ਪਿਆ ਹੈ ਜਿਹੜਾ ਹਨ੍ਹੇਰੀ ਤੇ ਅੰਨ੍ਹੀ ਗੁਫਾ ਵੱਲ ਜਾਂਦਾ ਹੈ। ਧਨ ਤੇ ਜਾਇਦਾਦ ਦੇ ਲਾਲਚ ਵਿਚ ਮਨੁੱਖ ਇਸ ਕਦਰ ਅੰਨ੍ਹਾ ਹੋ ਚੁੱਕਾ ਹੈ ਕਿ ਉਹ ਸਭ ਕੁਝ ਹੜੱਪ ਜਾਣ ਲਈ ਨੇੜਲੇ ਤੇ ਗੂੜ੍ਹੇ ਰਿਸ਼ਤਿਆਂ ਦਾ ਘਾਣ ਕਰਨ ਲੱਗਾ ਵੀ ਪਲ ਨਹੀਂ ਲਾਉਂਦਾ।
ਮਾਨਵੀ ਰਿਸ਼ਤਿਆਂ ਵਿਚ ਨਿਘਾਰ ਆਪਣੀ ਚਰਮ ਸੀਮਾ 'ਤੇ ਹੈ। ਅਜੋਕੇ ਜੀਵਨ ਵਰਤਾਰੇ ਵਿਚ ਜਿਸ ਤਰ੍ਹਾਂ ਰਿਸ਼ਤਿਆਂ ਦੀ ਮਿੱਟੀ ਪਲੀਤ ਹੋ ਰਹੀ ਹੈ, ਉਸ ਤੋਂ ਕੋਈ ਵੀ ਸੰਵੇਦਨਸ਼ੀਲ ਮਨੁੱਖ ਸ਼ਰਮਸਾਰ ਹੋਏ ਬਿਨਾਂ ਨਹੀਂ ਰਹਿ ਸਕਦਾ। ਔਰਤ ਅੱਜ ਵੀ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ। ਔਰਤ-ਮਰਦ ਬਰਾਬਰੀ ਦੇ ਦਾਅਵੇ ਬਿਲਕੁਲ ਖੋਖਲੇ ਹਨ। ਸਮਾਜਿਕ ਜੀਵਨ ਵਿਚ ਔਰਤ ਨੂੰ ਜਿਹੜਾ ਆਦਰ ਸਤਿਕਾਰ ਮਿਲਣਾ ਚਾਹੀਦਾ ਹੈ, ਉਸ ਤੋਂ ਉਹ ਅਜੇ ਵੀ ਵਿਰਵੀ ਹੈ। ਬਾਲੜੀਆਂ, ਕੁੜੀਆਂ ਤੇ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ।
ਭਾਸ਼ਾ, ਧਰਮ ਤੇ ਜਾਤ ਬਰਾਦਰੀ ਦੇ ਨਾਂ ਉੱਤੇ ਮਨੁੱਖ ਦੀ ਸੋਚ ਏਨੀ ਸੰਕੀਰਨ ਹੋ ਗਈ ਹੈ ਕਿ ਇਹ ਅਜੋਕੇ ਮਨੁੱਖ ਦੇ ਮਨ ਵਿਚ ਪਸਰੇ ਹਨ੍ਹੇਰੇ ਦੀ ਜਿਊਂਦੀ ਜਾਗਦੀ ਮਿਸਾਲ ਹੈ। ਸਾਡੀਆਂ ਸੋਚਾਂ ਦੇ ਦਾਇਰੇ ਏਨੇ ਸੌੜੇ ਹੋ ਗਏ ਹਨ ਕਿ ਅਸੀਂ ਹੁਣ ਇਨਸਾਨ ਨਹੀਂ ਸਗੋਂ ਹਿੰਦੂ , ਸਿੱਖ ਤੇ ਮੁਸਲਮਾਨ ਜਾਂ ਹੋਰ ਕਈ ਵਲਗਣਾਂ ਵਿਚ ਕੈਦ ਹੋ ਕੇ ਰਹਿ ਗਏ ਹਾਂ। ਜਿਉਂ-ਜਿਉਂ ਮਨੁੱਖ ਅਖਾਉਤੀ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਦਾ ਜਾ ਰਿਹਾ ਹੈ, ਤਿਉਂ ਤਿਉਂ ਇਨਸਾਨੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ। ਧਰਮਾਂ ਦੇ ਅਸਲੀ ਅਰਥਾਂ ਦੀ ਥਾਹ ਪਾਉਣ ਦੀ ਗੱਲ ਕੋਈ ਨਹੀਂ ਕਰਦਾ। ਧਨ ਇਕੱਠਾ ਕਰਨ ਦੀਆਂ ਕਰਮ-ਕਾਂਡੀ ਜੁਗਤਾਂ ਅਪਣਾ ਕੇ ਲੋਕਾਂ ਨੂੰ ਔਝੜੇ ਪਾਇਆ ਜਾ ਰਿਹਾ ਹੈ । ਦੇਸ਼ ਵਿਚ ਧਰਮ, ਭਾਸ਼ਾ ਤੇ ਵਿਚਾਰਧਾਰਕ ਵਖਰੇਵਿਆਂ ਦੇ ਸਿੱਟੇ ਵਜੋਂ ਦੰਗੇ ਭੜਕ ਪੈਣੇ ਆਮ ਵਰਤਾਰਾ ਹੈ। ਕਿਸੇ ਦੂਸਰੇ ਧਰਮ ਪ੍ਰਤੀ, ਕਿਸੇ ਦੂਸਰੇ ਵਿਚਾਰ ਪ੍ਰਤੀ ਅਜਿਹੇ ਉਲਾਰਪਨ ਅਤੇ ਦਹਿਸ਼ਤ ਤੇ ਵਹਿਸ਼ਤ ਦਾ ਵਾਤਾਵਰਣ ਸਿਰਜ ਦਿੱਤਾ ਜਾਂਦਾ ਹੈ ਜਿਸ ਵਿਚ ਸਹਿਣਸ਼ੀਲਤਾ, ਉਦਾਰਤਾ ਤੇ ਭਾਈਚਾਰਕ ਸੰਵੇਦਨਾ ਕਿਤੇ ਵੀ ਨਜ਼ਰ ਨਹੀਂ ਆਉਂਦੀ।
ਗਰੀਬੀ ਦੀ ਦਲਦਲ ਵਿਚ ਗਲ-ਗਲ ਤੱਕ ਖੁੱਭੇ ਇਸ ਦੇਸ਼ ਦੇ ਕਰੋੜਾਂ ਲੋਕਾਂ ਲਈ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਦਾ ਕੋਈ ਅਰਥ ਨਹੀਂ ਹੈ। ਉਹ ਹਨ੍ਹੇਰੇੇ ਵਿਚ ਹੀ ਜੰਮਦੇ ਹਨ ਤੇ ਸਾਰੀ ਉਮਰ ਹਨ੍ਹੇਰਾ ਢੋਂਦੇ ਹੀ ਇਸ ਜਹਾਨ ਤੋਂ ਕੂਚ ਕਰ ਜਾਂਦੇ ਹਨ। ਦੇਸ਼ ਦੇ ਕਰੋੜਾਂ ਘਰਾਂ ਵਿਚ ਤਾਂ ਸ਼ਾਇਦ ਹਰ ਰੋਜ਼ ਇਕ ਨਿੱਕਾ ਜਿਹਾ ਦੀਵਾ ਵੀ ਨਾ ਬਲਦਾ ਹੋਵੇ, ਪਰ ਲੁੱਟ ਦੀ ਕਮਾਈ ਨਾਲ ਉੱਸਰੇ ਵੱਡੇ-ਵੱਡੇ ਮਹਿਲਾਂ ਵਿਚ ਨਿੱਤ ਹੀ ਦੀਵਾਲੀ ਜਿਹੀਆਂ ਰੌਸ਼ਨੀਆਂ ਦੀ ਚਕਾਚੌਂਧ ਦੇਖੀ ਜਾ ਸਕਦੀ ਹੈ। ਇਕ ਪਾਸੇ ਦੇਸ਼ ਦੇ ਅਮੀਰਾਂ ਦੀ ਦੌਲਤ ਛੜੱਪੇ ਮਾਰ ਕੇ ਵਧ ਰਹੀ ਹੈ, ਦੂਜੇ ਪਾਸੇ ਭੁੱਖਮਰੀ ਕਰੋੜਾਂ ਦੇਸ਼ਵਾਸੀਆਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਕੋਰੋਨਾ ਮਹਾਂਮਾਰੀ ਨੇ ਤਾਂ ਬਲਦੀ 'ਤੇ ਤੇਲ ਦਾ ਕੰੰਮ ਕੀਤਾ ਹੈ, ਸਰਕਾਰੀ ਪ੍ਰਬੰਧਾਂ ਦੀਆਂ ਨਾਕਾਮੀਆਂ ਦੇ ਸਿੱਟੇ ਵਜੋਂ ਕਰੋੜਾਂ ਲੋਕ ਬੇਰੁਜ਼ਗਾਰੀ, ਬਿਮਾਰੀ, ਭੁੱਖਮਰੀ ਤੇ ਹੋਰ ਅਨੇਕਾਂ ਸੰਕਟਾਂ ਵਿਚ ਫਸੇ ਹੋਏ ਹਨ।
ਖ਼ੁਦਕੁਸ਼ੀਆਂ ਕਰ ਚੁੱਕੇ ਤੇ ਹਰ ਦਿਨ ਕਰ ਰਹੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਲਕਦੇ ਪਰਿਵਾਰਾਂ ਨੂੰ ਬਾਜ਼ਾਰਾਂ ਦੀ ਰੌਣਕ ਅਤੇ ਰੰਗ-ਬਰੰਗੀਆਂ ਰੌਸ਼ਨੀਆਂ ਭਲਾ ਕੀ ਢਾਰਸ ਬੰਨ੍ਹਾ ਸਕਦੀਆਂ ਹਨ। ਕਿਸਾਨ ਖੇਤੀ ਸਬੰਧੀ ਬਣਾਏ ਨਵੇਂ ਕਾਨੂੰਨਾਂ ਦੇ ਵਿਰੋਧ ਲਈ ਸੰਘਰਸ਼ਾਂ ਦੇ ਪਿੜ ਵਿਚ ਨਿੱਤਰੇ ਹੋਏ ਹਨ। ਛੋਟੇ ਬੱਚਿਆਂ ਤੋਂ ਲੈ ਕੇ 80-80 ਸਾਲ ਦੀ ਉਮਰ ਦੀਆਂ ਦਾਦੀਆਂ ਆਪਣੇ ਪਰਿਵਾਰਾਂ ਨਾਲ ਸੜਕਾਂ, ਰੇਲਵੇ ਲਾਈਨਾਂ, ਪੈਟਰੌਲ ਪੰਪਾਂ, ਮਾਲਾਂ ਤੇ ਕਾਰਪੋਰੇਟ ਘਰਾਣਿਆਂ ਦੇ ਉਦਯੋਗਿਕ ਕੇਂਦਰਾਂ 'ਤੇ ਡਟੀਆਂ ਸਰਕਾਰਾਂ ਨੂੰ ਵੰਗਾਰ ਰਹੀਆਂ ਹਨ। ਪਰ ਸਰਕਾਰ ਦੇ ਕੰਨਾਂ 'ਤੇ ਕੋਈ ਜੂੰਅ ਨਹੀਂ ਸਰਕ ਰਹੀ। ਗੱਲਬਾਤ ਦੇ ਦਰਵਾਜ਼ੇ ਬੰਦ ਕਰਕੇ, ਸਰਕਾਰ ਬਦਲਾ ਲਊ ਕਾਰਵਾਈਆਂ 'ਤੇ ਉੱਤਰ ਆਈ ਹੈ। ਸਰਦੀ ਦੇ ਮੌਸਮ ਵਿਚ ਖੇਤਾਂ ਦੇ ਪੁੱਤ ਉਮਰਾਂ ਨੂੰ ਭੁੱਲ ਕੇ ਬੁੱਢੇ ਹੱਡਾਂ ਨਾਲ ਖੂੰਡਾ ਫੜੀ ਸੰਘਰਸ਼ ਦੇ ਮੋਰਚੇ ਵਿਚ ਡਟੇ ਹੋਏ ਹਨ। ਲਾਹਣਤ ਹੈ ਲੋਕਤੰਤਰੀ ਕਹਾਉਂਦੀਆਂ ਸਰਕਾਰਾਂ ਨੂੰ ਜਿਹੜੀਆਂ ਸੰਵੇਦਨਹੀਣ ਹੋ ਚੁੱਕੀਆਂ ਹਨ। ਅਜਿਹੀ ਹਾਲਤ ਵਿਚ ਦੀਵਾਲੀ ਦੀਆਂ ਰੌਸ਼ਨੀਆਂ ਕੀਹਨੂੰ ਭਾਉਂਦੀਆਂ ਹਨ। ਜਦੋਂ ਜ਼ਿੰਦਗੀ ਦਾਅ 'ਤੇ ਲੱਗੀ ਹੋਵੇ, ਮਨਾਂ ਵਿਚ ਉਦਾਸੀ ਦਾ ਪਹਿਰਾ ਹੋਵੇ, ਨੌਕਰੀ ਜਾਂਦੀ ਰਹੇ, ਜੇਬ ਖਾਲੀ ਹੋਵੇ, ਚੁੱਲ੍ਹੇ ਅੱਗ ਨਾ ਹੋਵੇ, ਰੋਟੀ ਦੇ ਲਾਲੇ ਪਏ ਹੋਣ, ਘਰ ਦਾ ਕੋਈ ਜੀਅ ਬਿਮਾਰੀ ਨਾਲ ਤੜਪ ਰਿਹਾ ਹੋਵੇ ਉਦੋਂ ਭਲਾ ਦੀਵਾਲੀ ਕੋਈ ਕਿਹੜੀ ਖੁਸ਼ੀ ਨਾਲ ਮਨਾਵੇ।
ਸਮਾਜ ਵਿਚ ਨਫ਼ਰਤ, ਫਿਰਕੂਪੁਣੇ, ਸਿਆਸੀ ਹੈਂਕੜ, ਹਿਟਲਰੀ ਰਵੱਈਆ, ਬੋਲ-ਕੁਬੋਲ, ਲੋਕਤੰਤਰੀ ਰਵਾਇਤਾਂ ਨੂੰ ਤਹਿਸ-ਨਹਿਸ ਕਰਨ, ਧਰਮਾਂ ਵਿਚ ਵੰਡੀਆਂ, ਵਿਰੋਧ ਦੀਆਂ ਆਵਾਜ਼ਾਂ ਨੂੰ ਜਬਰੀ ਬੰਦ ਕਰਕੇ ਕਾਲੇ ਕਾਨੂੰਨਾਂ ਨਾਲ ਜੇਲ੍ਹੀਂ ਡੱਕਣਾ ਤੇ ਹੋਰ ਅਨੇਕਾਂ ਵਰਤਾਰਿਆਂ ਦੀ ਹਨ੍ਹੇਰੀ ਝੁੱਲ ਰਹੀ ਹੈ। ਗੋਲੀਆਂ, ਖੂਨ, ਮਾਰਵੱਢ, ਬੇਖੌਫ਼ ਹੋਏ ਲੁਟੇਰੇ, ਨਸ਼ਿਆਂ ਨਾਲ ਘਰਾਂ ਵਿਚ ਵਿਛਦੇ ਸੱਥਰ, ਹਵਸ ਦਾ ਸ਼ਿਕਾਰ ਹੁੰਦੀਆਂ ਮਾਸੂਮ ਧੀਆਂ, ਸੰਗ ਸ਼ਰਮ ਲਾਹ ਕੇ ਪਲੀਤ ਹੋ ਰਹੇ ਰਿਸ਼ਤੇ, ਗੱਲ ਕੀ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਬਾਹਰੀ ਜਲੌਅ ਦੇ ਬਾਵਜੂਦ ਅਜੇ ਸਾਡੇ ਮਨਾਂ ਵਿਚ ਹਨ੍ਹੇਰਾ ਬਹੁਤ ਗੂੜ੍ਹਾ ਹੈ।
ਤਿਉਹਾਰ ਤਾਂ ਆਪਸੀ ਮਿਲਵਰਤਣ, ਸਾਂਝ ਤੇ ਮੁਹੱਬਤ ਦਾ ਪ੍ਰਗਟਾਵਾ ਹੁੰਦੇ ਹਨ। ਜੇ ਮਨਾਂ ਵਿਚ ਸਾੜਾ ਕੀਨਾ, ਨਫ਼ਰਤ, ਹਉਮੈ ਤੇ ਸਵਾਰਥ ਦਾ ਹਨ੍ਹੇਰ ਹੀ ਪਸਰਿਆ ਰਹਿਣਾ ਹੈ, ਫਿਰ ਘਰਾਂ ਦੀਆਂ ਮਮਟੀਆਂ 'ਤੇ ਜਿੰਨੇ ਮਰਜ਼ੀ ਦੀਵੇ ਜਗਾਈ ਜਾਉ ਸਭ ਵਿਅਰਥ ਹੈ। ਆਉ ! ਮਨਾਂ ਦੇ ਹਨ੍ਹੇਰ ਨੂੰ ਗਿਆਨ-ਰੂਪੀ ਦੀਵਿਆਂ ਦੇ ਚਾਨਣ ਨਾਲ ਦੂਰ ਕਰਨ ਦਾ ਉਪਰਾਲਾ ਕਰੀਏ। ਮੋਹ ਤੇ ਮੁਹੱਬਤ ਦੇ ਦੀਵੇ ਬਾਲ ਕੇ, ਸਭ ਵਿਤਕਰਿਆਂ ਨੂੰ ਮਨੋਂ ਤਿਆਗ ਕੇ, ਸਰਬੱਤ ਦਾ ਭਲਾ ਮੰਗਦਿਆਂ ਸਭ ਨੂੰ ਆਪਣੀ ਗਲਵੱਕੜੀ ਦਾ ਨਿੱਘ ਦੇਈਏ।

-ਜਲੰਧਰ।
ਮੋਬਾਈਲ-98153-56086

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਪਰਉਪਕਾਰਾਂ ਦੀ ਉੱਘੜਵੀਂ ਮਿਸਾਲ ਬੰਦੀ ਛੋੜ ਦਿਵਸ
Ad Position 24
No active advertisement