ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2020

ਆਓ, ਜ਼ਿੰਦਗੀ ਨੂੰ ਰੌਸ਼ਨ ਕਰੀਏ

Ad Position 21
No active advertisement
ਅਜੀਤ ਡੈਸਕ 14-11-2020

ਦੀਵਾਲੀ ਸਭ ਤੋਂ ਵੱਡਾ ਤਿਉਹਾਰ ਹੈ। ਤਾਹੀਓਂ ਇਸ ਨੂੰ ਤਿਉਹਾਰਾਂ ਦੀ ਰਾਣੀ ਕਿਹਾ ਜਾਂਦਾ ਹੈ। ਦਰਅਸਲ, ਇਹ ਖ਼ੂਬਸੂਰਤ ਤਿਉਹਾਰ, ਖ਼ੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾਂ ਦਾ ਪੈਗ਼ਾਮ ਲੈ ਕੇ ਆਉਂਦਾ ਹੈ। ਇਹ ਝੂਠ ਉੱਤੇ ਸੱਚ, ਅਨਿਆਂ ਉੱਤੇ ਨਿਆਂ, ਬਦੀ ਉੱਤੇ ਨੇਕੀ ਅਤੇ ਹਨੇਰੇ ਉੱਤੇ ਚਾਨਣ, ਅਧਰਮ ਉੱਤੇ ਧਰਮ ਦੀ ਫ਼ਤਹਿ ਦਾ ਡੰਕਾ ਵਜਾਉਂਦਾ ਹੈ। ਯਕੀਨਨ, ਦੀਵਿਆਂ ਵਾਲੀ, ਰੌਸ਼ਨ ਭਵਿੱਖ ਦੀ ਪ੍ਰਤੀਕ ਹੀ ਨਹੀਂ ਬਲਕਿ ਬੀਤੇ ਸਮੇਂ ਤੋਂ ਸਬਕ ਸਿੱਖਣ ਦਾ ਸੰਦੇਸ਼ ਵੀ ਦਿੰਦੀ ਹੈ।
ਇਹ ਹਕੀਕਤ ਹੈ ਕਿ ਚਿਰਾਗ ਦਾ ਅਪਣਾ ਕੋਈ ਮੁਕਾਮ ਨਹੀਂ ਹੁੰਦਾ, ਜਿੱਥੇ ਵੀ ਹਾਜ਼ਰ ਹੁੰਦਾ ਹੈ, ਰੌਸ਼ਨੀ ਫ਼ੈਲਾਉਂਦਾ ਹੈ। ਗੁਰੂਦੇਵ ਟੈਗੋਰ ਜੀ ਦੀ ਪ੍ਰਾਰਥਨਾ 'ਹੇ ਪ੍ਰਮਾਤਮਾ ਮੈਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਚੱਲ' ਬਹੁਮੁੱਲੀ, ਬਹੁਪੱਖੀ ਤੇ ਬਹੁਅਰਥੀ ਹੈ। ਦੀਵਾਲੀ ਵਾਲੇ ਦਿਹਾੜੇ ਦਾ ਪ੍ਰਕਾਸ਼ ਤੇ ਜਗਮਗਾਹਟ ਬਾਹਰੀ ਤੇ ਇਕ ਦਿਵਸੀ ਹੈ। ਪਰੰਤੂ ਟੈਗੋਰ ਜੀ ਦੀ ਗੁਜਾਰਿਸ਼ ਬਹੁਪੱਖੀ ਤੇ ਨਿਵੇਕਲੀ ਕਿਸਮ ਦੀ ਹੈ। ਉਹ ਅਗਿਆਨਤਾ, ਅਸ਼ੁੱਧਤਾ, ਅਨੁਸ਼ਾਸਨਹੀਣਤਾ ਤੇ ਅਸ਼ਲੀਲਤਾ ਦੀ ਥਾਂ ਜਾਗਰੂਕਤਾ, ਨਿਮਰਤਾ, ਨਿਰਭੈਤਾ, ਸ਼ੁੱਧਤਾ, ਸ਼ਾਲੀਨਤਾ ਤੇ ਸੰਜਮੀ ਸਮਾਜ ਸਿਰਜਣ ਲਈ ਅਰਜ਼ੋਈ ਕਰਦੇ ਹਨ।
ਅਸੀਂ ਸਦੀਆਂ ਤੋਂ ਦੀਵਾਲੀ ਵਾਲੇ ਦਿਨ ਆਪਣੇ ਘਰਾਂ, ਵਿਹੜਿਆਂ ਅਤੇ ਆਲੇ ਦੁਆਲੇ ਨੂੰ ਸਾਫ਼-ਸੁਥਰਾ ਬਣਾਉਦੇ, ਦੀਵਿਆਂ, ਮੋਮਬੱਤੀਆਂ ਤੇ ਬਿਜਲੀ ਦੇ ਆਧੁਨਿਕ ਸਾਜ਼ੋ ਸਾਮਾਨ ਸੰਗ ਸਜਾਉਂਦੇ ਤੇ ਰੁਸ਼ਨਾਉਂਦੇ ਚਲੇ ਆ ਰਹੇ ਹਾਂ। ਪਰੰਤੂ ਅਸੀਂ ਹਨੇਰੇ ਤੇ ਰੌਸ਼ਨੀ ਦੇ ਸੌੜੇ ਅਰਥਾਂ ਤੱਕ ਹੀ ਸੀਮਿਤ ਹਾਂ। ਸਾਡੇ ਮਨਾਂ ਵਿਚ ਗਿਆਨ ਦੇ ਦੀਵੇ ਨਹੀਂ ਜਗੇ। ਜ਼ਿੰਦਗੀ ਤਾਂ ਪਿਆਰ ਕਰਨ ਖ਼ਾਤਰ ਵੀ ਥੋੜ੍ਹੀ ਹੈ, ਫਿਰ ਵੀ ਨਫ਼ਰਤ ਲਈ ਸਮਾਂ ਕੱਢਿਆ ਜਾ ਰਿਹਾ ਹੈ।
ਕੁੱਲੀ, ਗੁੱਲੀ ਤੇ ਜੁੱਲੀ ਸਭ ਨੂੰ ਨਸੀਬ ਨਹੀਂ ਹੋਈ। ਕੀ ਇਸ ਪਵਿੱਤਰ ਤਿਉਹਾਰ ਦੀ ਪਵਿੱਤਰਤਾ ਕਾਇਮ ਰੱਖੀ ਜਾਂਦੀ ਹੈ? ਕੀ ਸਾਂਝੀਵਾਲਤਾ ਦਾ ਪੈਗ਼ਾਮ ਦੇਣ ਵਾਲੇ ਤਿਉਹਾਰ ਵਿਚ ਸਭਨਾਂ ਦੀ ਹਿੱਸੇਦਾਰੀ ਬਰਕਰਾਰ ਹੈ? ਕੀ ਰੌਸ਼ਨੀ ਵਿਚ ਬੈਠਿਆਂ ਨੇ, ਹਨੇਰੇ ਢੋਣ ਵਾਲਿਆਂ, ਗੁਰਬਤ ਦੇ ਮਾਰਿਆਂ ਦੀ ਸਾਰ ਲਈ ਹੈ? ਭੁੱਖੇ ਢਿੱਡ ਸੌਣ ਵਾਲੇ ਬਾਲ ਮਜ਼ਦੂਰਾਂ ਨੇ ਕਿਸੇ ਦਾ ਕੀ ਵਿਗਾੜਿਆ ਹੈ? ਬਿਹਤਰੀ ਲਈ ਫੋਕੇ ਭਾਸ਼ਨ ਕੁਝ ਵੀ ਨਹੀਂ ਸੰਵਾਰਦੇ ਕਿਉਂਕਿ ਸ਼ਬਦ ਕੰਮ ਨਹੀਂ ਹੁੰਦੇ। ਗੁੜ ਦੀ ਇਕ ਡਲੀ ਨਾਲ ਟੋਭਾ ਮਿੱਠਾ ਨਹੀਂ ਹੁੰਦਾ।
ਦੀਵਾਲੀ ਵਾਲੇ ਇਕ ਦਿਨ ਦੀਵੇ ਜਗਾ ਕੇ ਇਕ ਦਿਵਸੀ ਜਗਮਗਾਹਟ ਕਾਫ਼ੀ ਨਹੀਂ ਹੈ। ਇਕ ਦਿਨ ਦੀ ਸਫ਼ਾਈ ਨਾਲ ਗੱਲ ਨਹੀਂ ਬਣਨੀ। ਸਾਰਥਿਕ ਤੇ ਰਚਨਾਤਮਿਕ ਕੋਸ਼ਿਸ਼ਾਂ ਵਿਚ ਨਿਰੰਤਰਤਾ ਲਿਆਉਣ ਨਾਲ ਭਾਰਤ ਦੀ ਤਸਵੀਰ ਬਦਲ ਸਕਦੀ ਹੈ। ਦੀਵਾਲੀ ਮਨਾਉਣ ਲਈ ਖ਼ੂਬਸੂਰਤ ਢੰਗ ਲੱਭੇ ਜਾਣ। ਦੇਸ਼ ਦੇ ਸ਼ਹੀਦਾਂ, ਆਜ਼ਾਦੀ ਦੇ ਪਰਵਾਨਿਆਂ, ਕਰਮਯੋਗੀਆਂ, ਦੇਸ਼ ਭਗਤਾਂ ਨੂੰ ਯਾਦ ਕੀਤਾ ਜਾਵੇ। ਗਰਦ ਧੂੜ ਤੇ ਮੱਖੀਆਂ ਦੀ ਰਾਖੀ ਵਿਚ ਰੱਖੀਆਂ ਨੰਗੀਆਂ ਮਠਿਆਈਆਂ ਨਾ ਖਾਧੀਆਂ ਜਾਣ। ਆਪਣੀ ਰਸੋਈ ਵਿਚ ਤਿਆਰ ਚੀਜ਼ਾਂ ਦਾ ਅਨੰਦ ਲਿਆ ਜਾਵੇ। ਬਹੁਮੁੱਖੀ ਲਾਹੇਵੰਦ ਯੋਜਨਾਵਾਂ ਤਿਆਰ ਕਰ ਕੇ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇ। ਉਪਹਾਰ ਵਜੋਂ, ਕੱਪੜੇ, ਪੜ੍ਹਨਯੋਗ ਪੁਸਤਕਾਂ ਤੇ ਪੌਦੇ ਭੇਟ ਕੀਤੇ ਜਾ ਸਕਦੇ ਹਨ। ਸਰਬ-ਸਾਂਝੇ ਤਿਉਹਾਰ ਨੂੰ ਇਸ ਢੰਗ ਨਾਲ ਮਨਾਇਆ ਜਾਵੇ ਜਿਸ ਨਾਲ ਸਰਬੱਤ ਦਾ ਭਲਾ ਹੋਵੇ, ਮਨੁੱਖਤਾ ਦਾ ਕਲਿਆਣ ਹੋਵੇ।
ਸ਼ੁੱਧ ਤੇ ਸਿਹਤਮੰਦ ਵਾਤਾਵਰਨ ਅਜੋਕੇ ਯੁੱਗ ਦੀ ਸੱਭ ਤੋਂ ਵੱਡੀ ਲੋੜ ਹੈ। ਰੰਗਲਾ ਪੰਜਾਬ, ਅੱਜ ਪੀਲੀਆ, ਟੀ.ਬੀ., ਕੈਂਸਰ ਤੇ ਦਮੇਂ ਵਰਗੀਆਂ ਨਾ-ਮੁਰਾਦ ਬਿਮਾਰੀਆਂ ਦੀ ਮੰਡੀ ਬਣਦਾ ਜਾ ਰਿਹਾ ਹੈ। ਦੂਸ਼ਿਤ, ਪ੍ਰਦੂਸ਼ਿਤ ਵਾਤਾਵਰਨ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ। ਕੋਰੋਨਾ ਨਾਮ ਦੀ ਜਾਨ ਲੇਵਾ ਬਿਮਾਰੀ ਨੇ ਸਮੁੱਚੀ ਮਾਨਵਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨੇ ਵਾਤਾਵਰਨ ਨੂੰ ਨਾ ਕੇਵਲ ਗੰਧਲਾ ਹੀ ਕੀਤਾ ਹੈ ਬਲਕਿ ਜ਼ਹਿਰੀਲਾ ਵੀ ਬਣਾ ਕੇ ਰੱਖ ਦਿੱਤਾ ਹੈ। ਸ਼ੋਰ-ਸ਼ਰਾਬੇ, ਰੌਲੇ ਰੱਪੇ ਤੇ ਢੋਲ ਢਮੱਕੇ ਨੇ ਆਵਾਜ਼ ਪ੍ਰਦੂਸ਼ਣ ਵਿਚ ਵਾਧਾ ਕੀਤਾ ਹੈ। ਅਸੀਂ ਆਪਣੀਆਂ ਗ਼ਲਤੀਆਂ ਨਾਲ ਸਮੱਸਿਆਵਾਂ ਪੈਦਾ ਕੀਤੀਆਂ ਹਨ। ਸਵਾਰੀ ਆਪਣੇ ਸਾਮਾਨ ਦੀ ਖ਼ੁਦ ਜ਼ਿੰਮੇਵਾਰ ਹੈ। ਬੀਤੇ ਸਮੇਂ ਦੀਆਂ ਗ਼ਲਤੀਆਂ ਤੋਂ ਸਬਕ ਨਾ ਲੈਣਾ ਬੜਾ ਘਾਤਕ ਸਿੱਧ ਹੋਵੇਗਾ। ਅਰਬਾਂ ਰੁਪਏ ਦਾ ਬਾਰੂਦ ਫੂਕ ਕੇ, ਅੱਗ ਨਾਲ ਖੇਡਣਾ, ਅੰਗਹੀਣ ਹੋਣਾ, ਜਾਨੀ ਤੇ ਮਾਲੀ ਨੁਕਸਾਨ ਕਰਨਾ ਕਿੱਥੋਂ ਦੀ ਸਿਆਣਪ ਹੈ। ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਜਾਗਰੂਕ ਹੋਣਾ ਪਵੇਗਾ, ਖ਼ਤਰਨਾਕ ਪਟਾਕਿਆਂ ਤੇ ਨਸ਼ੀਲੇ ਪਦਾਰਥਾਂ ਨੂੰ ਅਲਵਿਦਾ ਕਹਿਣਾ ਹੋਵੇਗਾ। ਦੀਵਾਲੀ ਮੌਕੇ ਦੀਵਾਲਾ ਨਾ ਕੱਢੋ। ਦੀਵਾਲੀ ਮਨਾਉਣ ਦੇ ਅਣਉਚਿੱਤ ਢੰਗ ਤਿਆਗ ਕੇ, ਘੱਟ ਖ਼ਰਚੀਲੇ ਤੇ ਸਾਫ਼-ਸੁਥਰੇ ਤਰੀਕੇ ਅਪਣਾ ਕੇ, ਸੋਨੇ ਦੀ ਚਿੜੀ ਅਖਵਾਉਣ ਵਾਲੇ, ਵਿਸ਼ਵ ਪ੍ਰਸਿੱਧ ਭਾਰਤ ਦੀ ਪਵਿੱਤਰਤਾ ਬਰਕਰਾਰ ਰੱਖੀ ਜਾਵੇ।
ਆਓ, ਜ਼ਹਿਰੀਲੇ, ਪ੍ਰਦੂਸ਼ਿਤ ਤੇ ਤਬਦੀਲ ਹੋ ਚੁੱਕੇ ਅਜੋਕੇ ਵਾਤਾਵਰਨ ਨੂੰ ਜਿਊਣਯੋਗ ਬਣਾਉਣ ਲਈ ਦੀਵਾਲੀ ਮਨਾਉਣ ਦੇ ਪ੍ਰਦੂਸ਼ਣ-ਮੁਕਤ ਤਰੀਕਿਆਂ ਦੀ ਤਲਾਸ਼ ਕਰੀਏ। ਮਨੁੱਖਤਾ ਵਿਚਲੇ ਪਾੜੇ ਨੂੰ ਖ਼ਤਮ ਕਰੀਏ, ਮਿਲ ਜੁਲ ਕੇ ਚੱਲੀਏ, ਜੁੜ ਕੇ ਵਸੀਏ ਅਤੇ ਰਲ ਕੇ ਹੱਸੀਏ। ਜਾਤ ਨਹੀਂ ਜੋਤ ਨੂੰ ਪਛਾਣੀਏਂ। ਸਾਂਝੀਵਾਲਤਾ ਦਾ ਪੈਗ਼ਾਮ ਲੈ ਕੇ ਸਾਂਝਾਂ ਦਾ ਹੋਕਾ ਦੇਈਏ। ਆਓ, ਆਪਣੇ ਮਨਾਂ ਅੰਦਰ ਦਇਆ, ਧਰਮ, ਸਦਭਾਵਨਾ ਤੇ ਗਿਆਨ ਦਾ ਚੌ-ਮੁੱਖਾ ਦੀਵਾ ਬਾਲੀਏ। ਮਨ ਅੰਦਰਲੀ ਜਗਮਗਾਹਟ ਸੰਗ ਸਮੁੱਚਾ ਸੰਸਾਰ ਜਗਮਗਾ ਉੱਠੇਗਾ। ਹਰ ਰੋਜ਼ ਦੀਵਾਲੀ ਬਣ ਜਾਵੇਗੀ।

-ਮੋਬਾਈਲ : 94171-76877

Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ ਅਗਲੀ ਖ਼ਬਰ ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ
Ad Position 24
No active advertisement