ਭਾਰਤ ਤਿਉਹਾਰਾਂ ਦੇ ਸੱਭਿਆਚਾਰ ਵਾਲਾ ਦੇਸ਼ ਹੈ। ਹਰ ਭਾਰਤੀ ਦੇ ਮਨ ਵਿਚ ਤਿਉਹਾਰਾਂ ਦਾ ਇਕ ਕੋਨਾ ਜ਼ਰੂਰ ਮੌਜੂਦ ਹੁੰਦਾ ਹੈ। ਪੂਰੀ ਦੁਨੀਆ ਵਿਚ ਅਸੀਂ ਇਕ ਤਿਉਹਾਰ ਧਰਮੀ ਰਾਸ਼ਟਰ ਦੇ ਰੂਪ ਵਿਚ ਜਾਣੇ ਜਾਂਦੇ ਹਾਂ। ਇਹ ਗੱਲ ਮੈਨੂੰ ਹਮੇਸ਼ਾ ਅੰਦਰ ਤਕ ਰੋਮਾਂਚਿਤ ਕਰਦੀ ਹੈ ਕਿਉਂਕਿ ਮੈਂ ਖ਼ੁਦ ਬਹੁਤ ਤਿਉਹਾਰ ਧਰਮੀ ਹਾਂ। ਦਰਅਸਲ ਸਾਡੇ ਤਿਉਹਾਰ ਸਿਰਫ਼ ਉਪਭੋਗ ਦਾ ਤਮਾਸ਼ਾ ਭਰ ਨਹੀਂ ਹਨ। ਸਾਡੇ ਤਿਉਹਾਰਾਂ ਵਿਚ ਇਕ ਸੱਭਿਆਚਾਰਕ ਜ਼ਾਬਤਾ ਮੌਜੂਦ ਹੁੰਦਾ ਹੈ। ਭਾਵੇਂ ਤਿਉਹਾਰਾਂ ਨੂੰ ਲੋਕ ਧਾਰਮਿਕ ਪਿੱਠਭੂਮੀ ਨਾਲ ਜੋੜ ਕੇ ਦੇਖਦੇ ਹੋਣ, ਪਰ ਇਹ ਗੱਲ ਵੀ ਸੋਲਾਂ ਆਨੇ ਸੱਚੀ ਹੈ ਕਿ ਸਾਡੇ ਤਿਉਹਾਰਾਂ ਦਾ ਧਰਮ ਨਾਲ ਬਹੁਤ ਕੁਝ ਲੈਣਾ-ਦੇਣਾ ਨਹੀਂ ਹੈ। ਚਾਹੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਭਾਰਤੀ ਹੋਣ, ਉਨ੍ਹਾਂ ਵਿਚ ਇਕੋ ਜਿਹੇ ਤਿਉਹਾਰ ਧਰਮੀ ਪਾਏ ਜਾਂਦੇ ਹਨ।
ਸਾਡੇ ਤਿਉਹਾਰ ਇਸ ਲਿਹਾਜ਼ ਨਾਲ ਵੀ ਰੋਮਾਂਚ ਦਾ ਖਾਸ ਤੌਰ 'ਤੇ ਕੇਂਦਰ ਰਹਿੰਦੇ ਹਨ ਕਿਉਂਕਿ ਸਾਡੇ ਤਿਉਹਾਰਾਂ ਵਿਚ ਲਜ਼ੀਜ਼ ਪਕਵਾਨਾਂ ਦੀ ਭਰਪੂਰ ਮੌਜੂਦਗੀ ਰਹਿੰਦੀ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਸਾਨੂੰ ਇਸ ਗੱਲ ਨੂੰ ਲੈ ਕੇ ਹਮੇਸ਼ਾ ਚੌਕੰਨਾ ਰਹਿਣਾ ਚਾਹੀਦਾ ਕਿ ਸਾਡੇ ਤਿਉਹਾਰਾਂ ਵਿਚ ਧਾਰਮਿਕ ਕੱਟੜਤਾ ਦਾ ਮੁਲੱਮਾ ਨਾ ਚੜ੍ਹੇ, ਉਹ ਦਿਖਾਵੇ ਦੀ ਰਾਜਨੀਤੀ ਦਾ ਸ਼ਿਕਾਰ ਨਾ ਬਣਨ। ਇਕ ਗੱਲ ਮੈਂ ਹੋਰ ਜੋੜਨਾ ਚਾਹਾਂਗਾ ਕਿ ਕੋਈ ਵੀ ਤਿਉਹਾਰ ਤਦ ਤਕ ਅਨੰਦਦਾਇਕ ਹੈ, ਜਦੋਂ ਤੱਕ ਉਹ ਸਾਡੀਆਂ ਪ੍ਰੰਪਰਿਕ ਕਦਰਾਂ-ਕੀਮਤਾਂ ਦਾ ਸਨਮਾਨ ਦੇਵੇ ਅਤੇ ਬਾਜ਼ਾਰ ਦੀ ਇਕ ਰੰਗਤਾ ਦਾ ਸ਼ਿਕਾਰ ਨਾ ਹੋਵੇ। ਅੱਜ ਦੇਖਣ ਵਿਚ ਆਉਂਦਾ ਹੈ ਕਿ ਕਿਸੇ ਵੀ ਤਿਉਹਾਰ ਜਾਂ ਉਤਸਵ ਸਮੇਂ ਲਗਪਗ ਸਭ ਨੇ ਇਕ ਤਰ੍ਹਾਂ ਦੇ ਕੱਪੜੇ ਪਾਏ ਹੁੰਦੇ ਹਨ, ਇਕ ਤਰ੍ਹਾਂ ਦੇ ਪਕਵਾਨ ਖਾ ਰਹੇ ਹੁੰਦੇ ਹਨ, ਇਕ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੁੰਦੇ ਹਨ ਅਤੇ ਇਕ ਤਰ੍ਹਾਂ ਨਾਲ ਆਪਣੇ ਤਿਉਹਾਰ ਦਾ ਪ੍ਰਦਰਸ਼ਨ ਕਰ ਰਹੇ ਹੁੰਦੇ ਹਨ।
ਉਂਝ ਤਾਂ ਬਾਹਰੀ ਤੌਰ 'ਤੇ ਇਸ ਸਭ ਵਿਚ ਕਿਸੇ ਦਾ ਕੋਈ ਦਬਾਅ ਸਾਫ਼-ਸਾਫ਼ ਨਹੀਂ ਦਿਸਦਾ, ਪਰ ਯਕੀਨ ਮੰਨੋ ਇਕਰੰਗਤਾ ਬਾਜ਼ਾਰ ਦੇ ਦਬਾਅ ਨਾਲ ਆ ਰਹੀ ਹੈ ਕਿਉਂਕਿ ਬਾਜ਼ਾਰ ਹਰ ਤਿਉਹਾਰ ਨੂੰ ਆਪਣੇ ਕਾਰੋਬਾਰ ਦੇ ਰੂਪ ਵਿਚ ਤਬਦੀਲ ਕਰਨਾ ਚਾਹੁੰਦਾ ਹੈ। ਕਿਸੇ ਵੀ ਭਾਵ ਨੂੰ, ਕਿਸੇ ਵੀ ਵਿਚਾਰ ਨੂੰ ਤਾਂ ਹੀ ਕਾਰੋਬਾਰ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਜਦੋਂ ਉਸ ਵਿਚ ਇਕਸੁਰਤਾ ਹੋਵੇ, ਉਸ ਵਿਚ ਇਕ ਹੀ ਤਰ੍ਹਾਂ ਦੀ ਸੋਚ, ਇਕ ਹੀ ਤਰ੍ਹਾਂ ਦਾ ਵਿਵਹਾਰ ਅਤੇ ਇਕ ਹੀ ਤਰ੍ਹਾਂ ਦੀ ਖੁਸ਼ੀ ਨੱਥੀ ਹੋਵੇ। ਇਸ ਲਈ ਤਿਉਹਾਰਾਂ 'ਚੋਂ ਗ਼ਾਇਬ ਹੁੰਦੀ ਵਿਭਿੰਨਤਾ ਸਾਡੀ ਮਜ਼ਬੂਤ ਹੁੰਦੀ ਅਖਿਲ ਭਾਰਤੀਯਤਾ ਨਹੀਂ, ਇਹ ਬਾਜ਼ਾਰ ਦੇ ਕਾਰੋਬਾਰੀ ਫੰਦੇ ਦਾ ਨਤੀਜਾ ਵੀ ਹੋ ਸਕਦੀ ਹੈ।
ਹੋਲੀ ਵਿਚ ਅਸੀਂ ਜਿੰਨਾ ਸੰਭਵ ਹੋਵੇ ਸਾਨੂੰ ਦੇਸ਼ ਦੀ ਪਰੰਪਰਾ ਅਨੁਸਾਰ ਵਾਪਸ ਆਉਣਾ ਚਾਹੀਦਾ। ਪਰੰਪਰਾਗਤ ਢੰਗ ਨਾਲ ਤਿਆਰ ਰੰਗ ਅਤੇ ਅਬੀਰ ਦੀ ਵਰਤੋਂ ਕਰਨੀ ਚਾਹੀਦੀ। ਲੋਕਾਂ ਨਾਲ ਗਲੇ ਮਿਲ ਕੇ ਉਨ੍ਹਾਂ ਨੂੰ ਗੁਲਾਲ ਲਗਾਉਣਾ ਚਾਹੀਦਾ ਅਤੇ ਸਭ ਨੂੰ ਸ਼ੁੱਭਕਾਮਨਾਵਾਂ, ਡਿਜੀਟਲ ਮਾਧਿਅਮਾਂ ਨਾਲ ਕਰਨ ਦੀ ਬਜਾਏ ਆਹਮਣੇ-ਸਾਹਮਣੇ ਮਿਲ ਕੇ ਦੇਣੀਆਂ ਚਾਹੀਦੀਆਂ। ਜੇਕਰ ਇਹ ਸੰਭਵ ਨਾ ਹੋਵੇ ਤਾਂ ਘੱਟ ਤੋਂ ਘੱਟ ਟੈਲੀਫੋਨ ਰਾਹੀਂ ਗੱਲ ਕਰਨਾ ਮੈਂ ਜ਼ਿਆਦਾ ਚੰਗਾ ਸਮਝਦਾ ਹਾਂ ਬਜਾਏ ਇਸ ਦੇ ਕਿ ਵੱਟਸਐਪ ਵਿਚ ਮੇਰੇ ਕੋਲ ਆਏ ਕਿਸੇ ਦੇ ਵਧਾਈ ਸੰਦੇਸ਼ ਨੂੰ ਮੈਂ ਅੱਗੇ ਭੇਜ ਦੇਵਾਂ। ਹਿੰਦੁਸਤਾਨ ਵਿਚ ਅਣਗਿਣਤ ਤਿਉਹਾਰ ਹਨ। ਦੇਸ਼ ਦਾ ਕੋਈ ਇਸ ਤਰ੍ਹਾਂ ਦਾ ਕੋਨਾ ਨਹੀਂ ਹੈ, ਜਿਥੇ ਮੰਨਿਆ ਜਾਵੇ ਕਿ ਉਹ ਕਿਸੇ ਦੂਸਰੇ ਤੋਂ ਘੱਟ ਹੈ। ਕੋਈ ਇਸ ਤਰ੍ਹਾਂ ਦਾ ਖੇਤਰ ਨਹੀਂ ਹੈ, ਜਿਥੇ ਜ਼ਬਰਦਸਤ ਤਿਉਹਾਰਾਂ ਦੀ ਪਰੰਪਰਾ ਦੇਸ਼ ਦੇ ਬਾਕੀ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਨਾ ਹੋਵੇ।
ਸਾਡੇ ਸਾਰੇ ਤਿਉਹਾਰ, ਸਾਡੀ ਮਨੁੱਖਤਾ ਦੇ ਪੜਾਅ ਹਨ। ਸਾਨੂੰ ਆਪਣੇ ਇਨ੍ਹਾਂ ਤਿਉਹਾਰਾਂ ਦੀ ਮਾਸੂਮੀਅਤ, ਇਨ੍ਹਾਂ ਦੀਆਂ ਮੂਲ ਭਾਵਨਾਵਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਸਾਨੂੰ ਇਨ੍ਹਾਂ ਨੂੰ ਬਾਜ਼ਾਰ ਦੇ ਹਵਾਲੇ ਕਰਨ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਬਾਜ਼ਾਰ ਵੀ ਵੱਡੀ ਭਾਵਨਾ ਨੂੰ ਉਪਭੋਗ ਵਿਚ ਬਦਲ ਦਿੰਦਾ ਹੈ। ਅੱਜ ਦੀ ਤਰੀਕ ਵਿਚ ਮੁੰਬਈ ਵਰਗੇ ਸ਼ਹਿਰ ਵਿਚ ਗਣਪਤੀ ਅਤੇ ਦੀਵਾਲੀ ਦਾ ਤਿਉਹਾਰ 'ਤੇ ਬਾਜ਼ਾਰ ਵੀ ਇਸ ਚਮਕ ਦਮਕ ਦਾ ਸ਼ਿਕਾਰ ਹੋ ਗਿਆ ਹੈ। ਪਰ ਹੋਲੀ ਵਰਗੇ ਤਿਉਹਾਰ ਵਿਚ ਹੁਣ ਵੀ ਇਕ ਸਮਾਜਿਕ ਸਮਰੱਥਾ ਹੈ। ਹੋਲੀ ਵਰਗੇ ਤਿਉਹਾਰਾਂ ਵਿਚ ਹਾਲੇ ਵੀ ਹੈਸੀਅਤ ਭਾਰੂ ਨਹੀਂ ਹੋਈ। ਇਸ ਨੂੰ ਇਸੇ ਤਰ੍ਹਾਂ ਹੀ ਬਚਾ ਕੇ ਰੱਖਣਾ ਚਾਹੀਦਾ ਹੈ। ਨਿਸ਼ਚਤ ਰੂਪ ਨਾਲ ਭਾਰਤ ਵਿਚ ਕਿਸੇ ਵੀ ਧਰਮ ਦੇ ਮੰਨਣ ਵਾਲਿਆਂ ਦਾ ਤਿਉਹਾਰ ਹੋਵੇ, ਉਸ ਵਿਚ ਸਭ ਕੁਝ ਦੇ ਬਾਵਜੂਦ ਇਕ ਪ੍ਰਭਾਵੀ ਭਾਰਤੀਯਤਾ ਮੌਜੂਦ ਹੁੰਦੀ ਹੈ। ਇਸ ਲਈ ਸਾਡੇ ਇਥੇ ਈਦ ਅਤੇ ਕ੍ਰਿਸਮਸ ਦੇ ਤਿਉਹਾਰ ਭਾਰਤ ਦੇ ਦੂਜੇ ਤਿਉਹਾਰਾਂ ਦੀ ਤਰ੍ਹਾਂ ਲਜ਼ੀਜ਼ ਪਕਵਾਨਾਂ ਦੇ ਤਿਉਹਾਰ ਵੀ ਹਨ।
ਅਸੀਂ ਚਾਹੇ ਜਿਸ ਵੀ ਧਰਮ ਨੂੰ ਮੰਨਣ ਵਾਲੇ ਹੋਈਏ ਅਸੀਂ ਸਾਰੇ ਭਾਰਤੀ ਤਿਉਹਾਰਾਂ ਵਿਚ ਨਵੇਂ ਕੱਪੜੇ ਪਾਉਣਾ ਪਸੰਦ ਕਰਦੇ ਹਾਂ ਅਤੇ ਜੇਕਰ ਨਵੇਂ ਕੱਪੜੇ ਕਿਸੇ ਵਜ੍ਹਾ ਨਾਲ ਸੰਭਵ ਨਾ ਹੋਣ ਤਾਂ ਖ਼ਾਸ ਤੌਰ 'ਤੇ ਤਿਉਹਾਰਾਂ ਵਿਚ ਸਾਫ਼-ਸੁਥਰੇ ਕੱਪੜੇ ਪਾਉਣਾ ਪਸੰਦ ਕਰਦੇ ਹਾਂ। ਆਪਣੀ ਇਸ ਆਦਤ ਨੂੰ ਸਾਨੂੰ ਇਸ ਆਧੁਨਿਕਤਾ ਦੀ ਬੇਫ਼ਿਕਰੀ ਵਿਚ ਦਫ਼ਨ ਨਹੀਂ ਕਰਨਾ ਚਾਹੀਦਾ ਕਿ ਤਿਉਹਾਰਾਂ ਵਿਚ ਹੀ ਨਵੇਂ ਕੱਪੜੇ ਕਿਉਂ ਪਾਈਏ? ਇਹ ਵੱਡਾ ਹਲਕਾਪਨ ਲਗਦਾ ਹੈ। ਬਿਨਾਂ ਸ਼ੱਕ ਅੱਜ 50 ਸਾਲ ਪਹਿਲਾਂ ਵਰਗੀ ਸਥਿਤੀ ਨਹੀਂ ਹੈ ਕਿ ਕਦੀ-ਕਦੀ ਹੀ ਨਵੇਂ ਕੱਪੜੇ ਨਸੀਬ ਹੁੰਦੇ ਹੋਣ। ਅੱਜ ਕਰੋੜਾਂ ਲੋਕ ਜਦੋਂ ਚਾਹੁਣ ਉਦੋਂ ਨਵੇਂ ਕੱਪੜੇ ਖਰੀਦ ਸਕਦੇ ਹਨ। ਬਾਵਜੂਦ ਇਸ ਦੇ ਤਿਉਹਾਰਾਂ ਵਿਚ ਨਵੇਂ ਕੱਪੜੇ ਪਾਉਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਾਲ ਨਾ ਸਿਰਫ਼ ਸਾਡਾ ਆਪਣੀ ਮਜ਼ਬੂਤ ਵਿਰਾਸਤ ਨਾਲ ਰਿਸ਼ਤਾ ਬਣਿਆ ਰਹਿੰਦਾ ਹੈ ਸਗੋਂ ਇਕ ਸਹਿਜਤਾ ਵੀ ਬਣੀ ਰਹਿੰਦੀ ਹੈ।
ਤਿਉਹਾਰਾਂ ਨੂੰ ਦੇਸ਼ ਦੀਆਂ ਪਰੰਪਰਾਵਾਂ ਅਨੁਸਾਰ ਮਨਾਈਏ
ਅਜੀਤ ਡੈਸਕ
10-03-2020