ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2020

ਹੋਲੀ ਅਤੇ ਹੋਲੇ ਦੀ ਸੱਭਿਆਚਾਰਕ ਅਤੇ ਇਤਿਹਾਸਕ ਮਹਾਨਤਾ

Ad Position 21
No active advertisement
ਅਜੀਤ ਡੈਸਕ 10-03-2020

ਤਿੱਥ-ਤਿਉਹਾਰ ਮਾਨਵੀ ਜ਼ਿੰਦਗੀ ਨੂੰ ਸਕੂਨ ਪ੍ਰਦਾਨ ਕਰਦੇ ਹਨ ਅਤੇ ਨਿਰੰਤਰਤਾ ਬਖ਼ਸ਼ਦੇ ਹਨ। ਇਸੇ ਸੰਕਲਪ ਦੀ ਪੂਰਤੀ ਤਹਿਤ ਦੁਨੀਆ ਦੇ ਕੋਨੇ-ਕੋਨੇ 'ਚ ਰਹਿ ਰਹੀ ਮਨੁੱਖਤਾ ਨੇ ਆਪੋ-ਆਪਣੇ ਸਮਾਜਿਕ, ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਤਿੱਥ-ਤਿਉਹਾਰ ਸਿਰਜੇ ਹੋਏ ਹਨ। ਜਿਨ੍ਹਾਂ ਨੂੰ ਬੜੇ ਚਾਵਾਂ, ਉਮੰਗਾਂ ਅਤੇ ਇੱਛਾਵਾਂ ਦੀ ਤ੍ਰਿਪਤੀ ਹਿੱਤ ਮਨਾਉਂਦੇ ਹਨ ਅਤੇ ਮਾਣਦੇ ਹਨ। 'ਨੌਂ ਦਿਨ ਅਤੇ ਤੇਰ੍ਹਾਂ ਤਿਉਹਾਰ' ਜਿਹੀ ਪ੍ਰਸਿੱਧ ਕਹਾਵਤ ਤਿਉਹਾਰਾਂ ਦੇ ਨਿਰੰਤਰ ਚਲਦੇ ਕਾਫ਼ਲੇ ਦੀ ਉਪਜ ਹੈ। ਤਿਉਹਾਰ ਮਨੁੱਖੀ ਜੀਵਨ ਦੀ ਰੰਗੀਨ ਝਲਕ ਹੈ। ਮਨੁੱਖ ਦੇ ਸੁਹਜ ਦੀ ਅਨੁਭੂਤੀ ਦਾ ਬਾਹਰੀ ਪ੍ਰਗਟਾਵਾ ਹੈ ਅਤੇ ਉਸ ਦੀ ਸਮੂਹਿਕ ਤਰੱਕੀ ਦੀ ਭਾਵਨਾ ਵਿਚ ਬੱਝਿਆ ਅਤੇ ਸਮੋਇਆ ਹੋਇਆ ਸ਼੍ਰੋਮਣੀ ਜਜ਼ਬਾ ਹੈ। ਏਕਤਾ, ਭਾਈਵਾਲਤਾ, ਸਾਂਝ, ਪਿਆਰ, ਕੁਰਬਾਨੀ ਆਦਿ ਅਨੇਕ ਸਰੋਕਾਰਾਂ ਦਾ ਪ੍ਰਗਟਾਵਾ, ਕਾਰਜ ਅਤੇ ਪ੍ਰਕਾਰਜ ਤਿਉਹਾਰਾਂ ਵਿਚ ਨਿਹਿਤ ਹੈ। ਹੋਲੀ ਵੀ ਇਕ ਅਜਿਹਾ ਤਿਉਹਾਰ ਹੈ, ਜਿਸ ਵਿਚ ਮਾਨਵੀ ਏਕਤਾ ਅਤੇ ਸਾਂਝਾਂ ਦੇ ਅਮੁੱਕ ਅਤੇ ਨਿਰੰਤਰ ਵਹਿਣ ਵਗਦੇ ਹੋਏ ਪ੍ਰਤੀਤ ਹੁੰਦੇ ਹਨ।
ਤਿਉਹਾਰਾਂ ਦੇ ਵਰਗੀਕਰਨ ਦੀਆਂ ਅਵਤਾਰੀ ਪੁਰਬ, ਖੇਤਰੀ ਜਾਂ ਸਥਾਨਕ ਪੱਧਰ ਦੇ ਤਿਉਹਾਰ, ਮੌਸਮੀ ਜਾਂ ਰੁੱਤਾਂ ਨਾਲ ਸੰਬੰਧਿਤ ਤਿਉਹਾਰ, ਇਤਿਹਾਸਕ ਪੱਖੋਂ ਵਿਲੱਖਣਤਾ ਰੱਖਣ ਵਾਲੇ ਤਿਉਹਾਰ ਆਦਿ ਕਈ ਵੰਨਗੀਆਂ ਹਨ ਜਿਨ੍ਹਾਂ ਦੀਆਂ ਅੱਗੋਂ ਹੋਰ ਅਨੇਕ ਵੰਨਗੀਆਂ ਦੱਸੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਹੋਲੀ ਮੌਸਮੀ ਯਾਨਿ ਰੁੱਤ ਸਬੰਧੀ ਤਿਉਹਾਰਾਂ ਵਿਚੋਂ ਇਕ ਹੈ, ਜਦ ਕਿ ਹੋਲਾ ਇਤਿਹਾਸਕ ਪ੍ਰਸੰਗਤਾ ਨਾਲ ਵਿਸ਼ੇਸ਼ ਕਰਕੇ ਜੁੜਿਆ ਹੋਇਆ ਤਿਉਹਾਰ ਹੈ।
ਏਕਤਾ ਅਤੇ ਸਾਂਝਾਂ ਦੇ ਪ੍ਰਤੀਕ 'ਹੋਲੀ' ਤਿਉਹਾਰ ਨੂੰ ਮਨਾਉਣ ਦਾ ਆਰੰਭ, ਮਾਨਵ ਜਾਤੀ ਦੇ ਖ਼ੁਸ਼ੀਆਂ-ਖੇੜਿਆਂ ਨੂੰ ਅਨੁਭਵ ਕਰਨ ਵਾਲੀਆਂ ਅਵਸਥਾਵਾਂ ਜਾਂ ਮੌਕਿਆਂ ਤੋਂ ਹੋਇਆ ਮੰਨਿਆ ਜਾ ਸਕਦਾ ਹੈ। ਇਸ ਦਾ ਸਮਾਂ-ਸਾਲ ਨਿਰਧਾਰਤ ਕਰਨਾ ਭਾਵੇਂ ਨਿਸਚਿਤ ਨਹੀਂ ਹੋ ਸਕਦਾ ਪਰ ਇਹ ਤਿਉਹਾਰ ਮਨੁੱਖੀ ਚੇਤਨਾ, ਪੜਾਅ ਦੇ ਕਾਲ ਦਾ ਜ਼ਰੂਰ ਆਖਿਆ ਜਾ ਸਕਦਾ ਹੈ। ਭਾਵ ਇਹ ਕਿ ਇਤਿਹਾਸਕ ਸਮਿਆਂ ਤੋਂ ਪਹਿਲਾਂ 'ਹੋਲੀ' ਨੇ ਜਨਮ ਲੈ ਲਿਆ ਸੀ ਭਾਵੇਂ ਉਸ ਵੇਲੇ ਇਸ ਤਿਉਹਾਰ ਦਾ ਨਾਮਕਰਨ ਕੁਝ ਹੋਰ ਹੀ ਕੀਤਾ ਗਿਆ ਹੋਵੇ, ਜਾਂ ਨਾਂਅ ਨਾ ਵੀ ਰੱਖਿਆ ਜਾ ਸਕਿਆ ਹੋਵੇ।
ਮਨੁੱਖਤਾ ਦੀ ਮਾਨਸਿਕਤਾ ਜਦੋਂ ਪ੍ਰਕਿਰਤਕ ਖ਼ੁਸ਼ੀ ਨੂੰ ਆਧਾਰ-ਭੂਮੀ ਮੰਨ ਕੇ ਖ਼ਿੜ ਉੱਠਦੀ ਹੈ ਤਾਂ ਸਭਨੀਂ ਪਾਸੀਂ ਖੇੜਾ ਛਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਕਣਕਾਂ ਦੇ ਸਿੱਟੇ ਅਥਵਾ ਬੱਲੀਆਂ ਭਰਪੂਰ ਜੋਬਨ 'ਤੇ ਹੁੰਦੀਆਂ ਹਨ। ਇਨ੍ਹਾਂ ਹੋਲੀ ਦੇ ਦਿਨਾਂ ਤੋਂ ਮਗਰੋਂ ਹੀ ਉਨ੍ਹਾਂ ਨੇ ਹਰਿਆਵਲ ਨੂੰ ਛੱਡ ਕੇ ਸੁਨਹਿਰੀ ਰੰਗ ਵੱਲ ਪਲਸੇਟਾ ਮਾਰਨਾ ਹੁੰਦਾ ਹੈ। ਸਰ੍ਹੋਂ ਦੇ ਖੇਤ ਪੀਲੀ ਪੁਸ਼ਾਕ ਪਾਈ ਦੂਰੋਂ ਅਨੋਖੀ ਝਲਕ ਪ੍ਰਦਾਨ ਕਰ ਰਹੇ ਹੁੰਦੇ ਹਨ ਅਤੇ ਲੋਕ-ਰੰਗ ਵਿਚ ਹੋਰ ਇਜ਼ਾਫਾ ਕਰ ਰਹੇ ਹੁੰਦੇ ਹਨ। ਇਸ ਸੰਬੰਧੀ ਲੋਕ-ਗੀਤ ਦੇ ਬੋਲ ਹਨ ਕਿ-
'ਫੱਗਣ ਦੇ ਮਹੀਨੇ ਸਰੋਂ ਖੇਤੀਂ ਫੁੱਲੀ ਏ, ਹੋਲੀ ਦੀ ਬਹਾਰ ਧਰਤੀ ' ਤੇ ਡੁੱਲ੍ਹੀ ਏ।'
ਫੁੱਲਾਂ ਦਾ ਖਿੜਨਾ ਤੇ ਉਨ੍ਹਾਂ ਦਾ ਪੀਲਾ, ਲਾਲ, ਗੁਲਾਬੀ, ਉਨ੍ਹਾਬੀ , ਚਿੱਟਾ ਆਦਿ ਰੰਗ ਵਿਸ਼ੇਸ਼ ਕਰਕੇ ਮਾਨਵੀ ਅਨੇਕਤਾ ਵਿਚ ਏਕਤਾ ਦਾ ਬਿੰਬ ਉਭਾਰਦਾ ਪ੍ਰਤੀਤ ਹੁੰਦਾ ਹੈ। ਅੰਬ, ਜਾਮਣਾਂ ਅਤੇ ਸ਼ਹਿਤੂਤ ਆਦਿ ਰੁੱਖਾਂ 'ਤੇ ਪੋਂਗਰ ਭਾਵ ਨਵੀਆਂ ਕਰੂੰਬਲਾਂ ਦੀ ਫੁਟਾਰ ਦੇ ਨਾਲ ਫਲ ਪੈਣ ਦੀ ਮੁੱਢਲੀ ਨਿਸ਼ਾਨੀ-ਬੂਰ ਦਾ ਨਜ਼ਾਰਾ ਆਪਣੇ ਵੱਖਰੇ ਦਿਲ-ਖਿੱਚਵੇਂ ਅੰਦਾਜ਼ ਦਾ ਸੰਦੇਸ਼ ਅਤੇ ਸੁਹੱਪਣ ਸੁਹਜ ਦਾ ਦ੍ਰਿਸ਼ ਪ੍ਰਦਾਨ ਕਰ ਰਿਹਾ ਹੁੰਦਾ ਹੈ। ਨਾਖਾਂ, ਬੱਗੂਗੋਸ਼ਿਆਂ, ਅਨਾਰਾਂ, ਆੜੂਆਂ ਅਤੇ ਅਮਰੂਦਾਂ ਆਦਿ ਦੇ ਦਰੱਖਤ ਰੰਗ-ਬਰੰਗੇ ਪੱਤਿਆਂ ਅਤੇ ਫੁੱਲਾਂ ਸਹਿਤ ਦਿਲਕਸ਼ ਝਲਕ ਦੀ ਸਾਕਾਰ ਮੂਰਤ ਹੋ ਨਿਬੜਦੇ ਹਨ। ਇਹ ਸਾਰਾ ਪ੍ਰਕਿਰਤਕ ਦ੍ਰਿਸ਼ ਅਤੇ ਵਾਤਾਵਰਨ ਮਨੁੱਖਤਾ ਨੂੰ ਉਸ ਕਿਸਮ ਦਾ ਖੇੜਾ, ਉਲਾਸ ਅਤੇ ਖੁਸ਼ੀਆਂ ਅਰਪਿਤ ਕਰਦਾ ਹੈ ਜਿਸ ਵਿਚੋਂ ਮਾਨਵੀ ਸਾਂਝ ਨੇ ਜਨਮ ਲੈਣਾ ਹੁੰਦਾ ਹੈ।
ਹੋਲੀ ਦੇ ਤਿਉਹਾਰ ਨੂੰ ਮਨਾਉਣ ਦੀ ਪ੍ਰਸੰਗਤਾ ਵਿਚ ਬਹੁਤ ਸਾਰੇ ਮਿਥਿਹਾਸਕ ਅਤੇ ਇਤਿਹਾਸਕ ਹਵਾਲੇ ਉਪਲੱਬਧ ਹਨ। ਇਸੇ ਪ੍ਰਸੰਗ ਵਿਚ ਪ੍ਰਹਿਲਾਦ ਭਗਤ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਉਸ ਦਾ ਪਿਤਾ ਹਰਨਾਕਸ਼ ਸੀ, ਜੋ ਹੈ ਤਾਂ ਰਾਜਾ ਸੀ ਪਰ ਈਸ਼ਵਰ ਭਗਤੀ ਦਾ ਵਿਰੋਧੀ ਅਰਥਾਤ ਨਾਸਤਿਕ ਸੀ। ਰਾਜਾ ਹਰਨਾਕਸ਼ ਨੇ ਆਪਣੀ ਹਊਮੈ ਏਨੀ ਵਧਾ ਲਈ ਹੋਈ ਸੀ ਕਿ ਉਹ ਪ੍ਰਹਿਲਾਦ ਨੂੰ ਰੱਬ ਦੀ ਭਗਤੀ ਤੋਂ ਹਟਾ ਕੇ ਖ਼ਤਮ ਕਰ ਦੇਣਾ ਚਾਹੁੰਦਾ ਸੀ। ਪਿਤਾ ਹਰਨਾਕਸ਼ ਨੇ ਪੁੱਤਰ ਪ੍ਰਹਿਲਾਦ ਨੂੰ ਮਾਰਨ ਦੇ ਕਈ ਉਪਰਾਲੇ ਕੀਤੇ, ਅਨੇਕ ਕਸ਼ਟ ਦਿੱਤੇ, ਸਾਰੇ ਦੁੱਖਾਂ, ਕਸ਼ਟਾਂ ਅਤੇ ਮਾਰੂ ਚਾਲਾਂ ਦੇ ਬਾਵਜੂਦ ਪ੍ਰਹਿਲਾਦ ਬਚ ਜਾਂਦਾ ਰਿਹਾ। ਅੰਤ ਵਿਚ, ਹਰਨਾਕਸ਼ ਨੇ ਆਪਣੀ ਭੈਣ, ਜਿਸਦਾ ਨਾਮ 'ਹੋਲਿਕਾ' ਸੀ ਅਤੇ ਜਿਸ ਨੂੰ ਵਰਦਾਨ ਹਾਸਿਲ ਸੀ ਕਿ ਉਹ ਅੱਗ ਵਿਚ ਸੜ ਨਹੀਂ ਸਕਦੀ, ਦੀ ਪਿਆਰ ਕਰਨ ਦੇ ਬਹਾਨੇ ਆਪਣੀ ਗੋਦ ਵਿਚ ਲੈ ਕੇ ਲੱਕੜਾਂ ਦੇ ਢੇਰ, ਜਿਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਵਿਚ ਬੈਠ ਜਾਂਦੀ ਹੈ-ਪਰ ਭਾਣਾ ਉਲਟ ਵਾਪਰਦਾ ਹੈ, ਭਾਵ ਹੋਲਿਕਾ ਤਾਂ ਸੜ ਜਾਂਦੀ ਹੈ ਪਰ ਪ੍ਰਹਿਲਾਦ ਨੌਂ-ਬਰ-ਨੌਂ ਬਚ ਜਾਂਦਾ ਹੈ। ਇਸ ਕਥਾ ਤੋਂ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਲੋਕ-ਮਾਨਸਿਕਤਾ ਨੇ ਇਹ ਭਾਵ ਕਬੂਲਿਆ ਹੈ ਕਿ ਭਗਤੀ ਭਾਵ ਸ਼੍ਰੋਮਣੀ ਹੈ ਅਤੇ ਸੱਚ ਨੂੰ ਆਂਚ ਨਹੀਂ। ਇਸ ਅਨੁਸਾਰ, ਜਿਸ ਦਿਨ ਹੋਲਿਕਾ ਸੜ ਗਈ ਅਤੇ ਹਰਨਾਕਸ਼ ਦਾ ਮਾਣ-ਹੰਕਾਰ ਟੁੱਟ ਗਿਆ ਅਤੇ ਪ੍ਰਹਿਲਾਦ ਬਚ ਗਿਆ, ਉਸੇ ਦਿਨ ਤੋਂ ਹੋਲੀ ਦੇ ਤਿਉਹਾਰ ਦਾ ਮਨਾਉਣਾ ਆਰੰਭ ਹੋਇਆ।
ਇਸੇ ਕਥਾ ਵਾਂਗ ਮਹਾਭਾਰਤ ਦੇ ਕਾਲ-ਖੰਡ ਸਮੇਂ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੇ ਆਪਸੀ ਹੋਲੀ ਖੇਡਣ ਦੇ ਅਨੇਕ ਪ੍ਰਸੰਗ ਪ੍ਰਚੱਲਿਤ ਹਨ। ਲੋਕ-ਨਾਚ ' ਫਾਗ ' ਦਾ ਮੁੱਢ ਫੱਗਣ ਮਹੀਨੇ ਵਿਚ ਹੋਲੀਆਂ ਖੇਡਣ ਦੇ ਤਿਉਹਾਰ ਤੋਂ ਹੀ ਹੋਇਆ ਮੰਨਿਆ ਜਾਂਦਾ ਹੈ। ਉਂਜ ਤਾਂ ਸਾਰੇ ਭਾਰਤ ਵਿਚ 'ਹੋਲੀ' ਬੜੇ ਜੋਸ਼ ਨਾਲ ਮਨਾਈ ਜਾਂਦੀ ਹੈ, ਪਰ 'ਬ੍ਰਜ' ਖੇਤਰ ਦੀ ਹੋਲੀ ਦਾ ਕੋਈ ਮੁਕਾਬਲਾ ਨਹੀਂ। ਉਥੇ ਹਰ ਨੌਜਵਾਨ, ਗੱਭਰੂ, ਮੁਟਿਆਰ, ਮਰਦ-ਤੀਂਵੀਂ ਇਸ ਜਸ਼ਨਾਂ ਭਰੇ ਸਮਾਰੋਹ ਨੂੰ ਕਈ ਕਈ ਦਿਨਾਂ ਤੱਕ, ਗਲੀਆਂ, ਮੁਹੱਲਿਆਂ, ਘਰਾਂ ਜਾਂ ਹੋਰ ਸਾਂਝੀਆਂ ਥਾਂਵਾਂ ਤੇ ਰੰਗ-ਗੁਲਾਲ ਇਕ ਦੂਸਰੇ ਨੂੰ ਮਲਦੇ, ਇਕ ਦੂਜੇ 'ਤੇ ਸੁੱਟਦੇ , ਪਿਚਕਾਰੀਆਂ ਭਰ ਭਰ ਦੂਸਰਿਆਂ 'ਤੇ ਮਾਰ ਕੇ ਰੰਗੋ-ਰੰਗ ਕਰਦੇ ਦਿਸਦੇ ਹਨ। ਇਸ ਸੰਬੰਧੀ ਇਕ ਲੋਕ-ਗੀਤ ਹੈ-
'ਓ ਰੰਗੀਲਾ ਛੈਲ ਖੇਲੋ ਹੋਰੀ,
ਓ ਮਹਾਰਾਜਾ ਰੰਗੀਲਾ ਛੈਲ ਖੇਲੋ ਹੋਰੀ। '
ਪੰਜਾਬ ਵਿਚ ਗੁਰੂ ਸਾਹਿਬਾਨ ਦੇ ਕਾਲ ਵਿਚ ਵੀ ਇਸ ਤਿਉਹਾਰ ਨੂੰ ਮਨਾਏ ਜਾਣ ਦੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਵਿਚ ਅਧਿਆਤਮਕ ਰੰਗਣ ਵਿਚ ਆਪੇ ਨੂੰ ਰੰਗ ਕੇ ਹੋਲੀ ਮਨਾਉਣ ਦਾ ਸੁਨੇਹਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਲੀ ਆਮ ਪ੍ਰਚੱਲਿਤ ਤਿਉਹਾਰ ਸੀ। ਉਨ੍ਹਾਂ ਨੇ ਹੋਲੀ ਦੇ ਤਿਉਹਾਰ ਤੋਂ ਇਕ ਦਿਨ ਉਪਰੰਤ ਇਸ ਨੂੰ ਮਨਾਉਂਦਿਆਂ ਹੋਇਆਂ 'ਹੋਲਾ-ਮਹੱਲਾ' ਯਾਨਿ 'ਹੋਲੇ' ਦਾ ਨਾਮ ਦਿੱਤਾ। ਹੋਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਪਹਿਲਾਂ ਇਸ ਤਿਉਹਾਰ ਵਿਚ ਪਿਆਰ, ਉਮਾਹ, ਲਗਨ, ਸਾਂਝ ਆਦਿ ਦੀ ਭਾਵਨਾ ਹੀ ਭਾਰੂ ਸੀ, ਉਥੇ ਗੁਰੂ ਸਾਹਿਬ ਨੇ ਉਸ ਸਭ ਕਾਸੇ ਦੇ ਨਾਲ- ਨਾਲ ਬੀਰ ਰਸ ਭਰ ਕੇ, ਸੂਰਮਗਤੀ ਦੀਆਂ ਖੇਡਾਂ ਜਿਵੇਂ ਗਤਕਾਬਾਜ਼ੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ ਆਦਿ ਦੀ ਸ਼ਮੂਲੀਅਤ ਕਰਕੇ, ਇਸਦੇ ਸਰੂਪ ਨੂੰ ਹੋਰ ਵੀ ਨਿਖਾਰ ਦਿੱਤਾ। ਹੋਲਾ ਮਨਾਉਂਦੇ ਸਮੇਂ ਪੰਜਾਬੀ ਲੋਕ ਅਤੇ ਖਾਸ ਕਰਕੇ ਸਿੱਖ ਕੌਮ ਬੀਰਤਾ ਭਰਪੂਰ, ਜੋਸ਼ ਭਰਪੂਰ ਅਤੇ ਜੰਗਜੂ ਪੱਧਰ ਦੀਆਂ ਖੇਡਾਂ ਅਤੇ ਕਰਤਬਾਂ ਆਦਿ ਦਾ ਪ੍ਰਦਰਸ਼ਨ ਵੀ ਕਰਦੇ ਹਨ ਅਤੇ ਆਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਂਵਾਂ ਵੀ ਗਾਉਂਦੇ ਹਨ।
ਇਸੇ ਤਰ੍ਹਾਂ ਹੋਰ ਵੀ ਕਈ ਧਾਰਮਿਕ, ਮਿਥਿਹਾਸਕ ਅਤੇ ਇਤਿਹਾਸਕ ਪ੍ਰਸੰਗ ਹਨ ਜਿਨ੍ਹਾਂ ਤੋਂ ਭਾਰਤੀ ਏਕਤਾ, ਲੋਕਾਂ ਦੀਆਂ ਖੁਸ਼ੀਆਂ, ਖ਼ੁਸ਼ਹਾਲੀਆਂ, ਖੇੜੇ ਦੀ ਰੁੱਤ ਦਾ ਸਵਾਦ ਤੇ ਸੁਹਜ ਦਾ ਪਤਾ ਲਗਦਾ ਹੈ। ਪਰ ਕਈ ਵਾਰ ਮਨੁੱਖ ਦੇ ਖੁਸ਼ੀਆਂ ਮਨਾਉਣ ਦੀਆਂ ਅਵਸਥਾਵਾਂ ਜਾਂ ਸਥਿਤੀਆਂ ਵਿਚ ਉਲਾਰ ਬਿਰਤੀ ਸਦਕਾ ਕੁਝ ਸਮਾਜਿਕ ਕੁਰੀਤੀਆਂ ਵੀ ਆ ਸ਼ਾਮਿਲ ਹੁੰਦੀਆਂ ਹਨ ਜੋ ਸਰਬ-ਸਾਂਝੇ ਤਿਉਹਾਰ ਵਿਚ ਫਿੱਕਾਪਣ ਲੈ ਆਉਂਦੀਆਂ ਹਨ। ਰੰਗਾਂ ਦਾ ਆਦਾਨ-ਪ੍ਰਦਾਨ ਕਰਨ ਦੀ ਥਾਂ ਨੌਜਵਾਨ, ਗੱਭਰੂ-ਮੁਟਿਆਰਾਂ ਜਦੋਂ ਚਿੱਕੜ, ਗੰਦਾ ਪਾਣੀ ਜਾਂ ਹੋਰ ਨਿੱਕ-ਸੁੱਕ ਇਕ ਦੂਜੇ ਉਪਰ ਜਾਂ ਜਾਂਦੇ ਰਾਹੀਆਂ ਉਤੇ ਸੁੱਟਣਾ ਸ਼ੁਰੂ ਕਰ ਦਿੰਦੇ ਹਨ ਜਾਂ ਹੋਰ ਅਸ਼ਲੀਲ ਜਾਂ ਵਰਜਿਤ ਹਰਕਤਾਂ ਆਦਿ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਤਾਂ ਸਭਨਾਂ ਲਈ ਖੁਸ਼ੀਆਂ ਦੇ ਰੰਗ ਵਿਚ ਭੰਗ ਪੈ ਜਾਣ ਵਾਲੀ ਗੱਲ ਹੋ ਜਾਂਦੀ ਹੈ। ਸਿੱਟੇ ਵਜੋਂ, ਕਈ ਥਾਈਂ ਲੜਾਈਆਂ-ਝਗੜੇ ਜਾਂ ਮਾਰੋ-ਮਾਰੀ ਵੀ ਹੋ ਜਾਂਦੀ ਹੈ। ਹੋਲੀ ਦਾ ਪ੍ਰਕਾਰਜ ਇਹ ਨਹੀਂ ਹੈ। ਹੋਲੀ ਤਾਂ ਸਭਨਾਂ ਰੰਗਾਂ ਨੂੰ ਮਾਣ-ਸਤਿਕਾਰ ਦੇ ਕੇ, ਮਰਿਆਦਾ ਵਿਚ ਰਹਿ ਕੇ ਮਾਨਣ ਦਾ ਨਾਮ ਹੈ। ਲੜਾਈਆਂ-ਝਗੜਿਆਂ, ਵੈਰ-ਵਿਰੋਧਾਂ, ਈਰਖਾ-ਰੁਸੇਵਿਆਂ ਆਦਿ ਦੇ, ਹੋਲੀ ਵਿਰੋਧ ਵਿਚ ਹੈ।
ਹੋਲੀ ਅਤੇ ਹੋਲੇ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਦੀ ਮਹਿਕ ਹੈ। ਇਹ ਕਿਸੇ ਇਕ ਵਰਗ ਜਾਂ ਇਲਾਕੇ ਦੇ ਲੋਕਾਂ ਦਾ ਤਿਉਹਾਰ ਨਹੀਂ, ਸਗੋਂ ਸਭੇ ਸਾਂਝੀਵਾਲਤਾ ਦਾ ਤਿਉਹਾਰ ਹੈ। ਇਸ ਪਿੱਛੇ ਛਿਪੀ ਅਮੀਰ ਵਿਰਾਸਤ ਨੂੰ ਪਛਾਨਣਾ ਅਤੇ ਰੰਗਾਂ ਦੀ ਮਹਿਕ ਨੂੰ ਮਾਣਦਿਆਂ ਹੋਇਆਂ ਆਪਣੇ ਵਿਰਸੇ ਅਤੇ ਕੁਰਬਾਨੀਆਂ ਭਰਪੂਰ ਇਤਿਹਾਸ ਨੂੰ ਚੇਤੇ ਕਰਨ ਦੀ ਲੋੜ ਹੈ।


-ਏ-9, ਗਰੀਨ ਪਾਰਕ, ਜੀ. ਟੀ. ਰੋਡ, ਫਗਵਾੜਾ-144401 ਮੋਬਾਈਲ : 98142-09732

Ad Position 22
No active advertisement
ਪਿਛਲੀ ਖ਼ਬਰ ਰਿਸ਼ਤਿਆਂ ਦੀ ਰੰਗੋਲੀ ਹੈ ਰੰਗਾਂ ਦੀ ਹੋਲੀ ਅਗਲੀ ਖ਼ਬਰ ਤਿਉਹਾਰਾਂ ਨੂੰ ਦੇਸ਼ ਦੀਆਂ ਪਰੰਪਰਾਵਾਂ ਅਨੁਸਾਰ ਮਨਾਈਏ
Ad Position 24
No active advertisement