ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2020

ਰਿਸ਼ਤਿਆਂ ਦੀ ਰੰਗੋਲੀ ਹੈ ਰੰਗਾਂ ਦੀ ਹੋਲੀ

Ad Position 21
No active advertisement
ਅਜੀਤ ਡੈਸਕ 10-03-2020

ਸਮੇਂ ਅਤੇ ਦੁਹਰਾਓ ਦੇ ਨਾਲ ਕਈ ਪਰੰਪਰਾਵਾਂ ਫਿੱਕੀਆਂ ਪੈ ਜਾਂਦੀਆਂ ਹਨ। ਕਈ ਤਿਉਹਾਰ ਅਤੇ ਰੀਤੀ ਰਿਵਾਜ ਆਪਣਾ ਰੋਮਾਂਸ ਗਵਾਉਣ ਲਗਦੇ ਹਨ ਜਾਂ ਫਿਰ ਉਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਆਧੁਨਿਕ ਤਬਦੀਲੀਆਂ ਦਾ ਕਬਜ਼ਾ ਹੋ ਜਾਂਦਾ ਹੈ। ਪਰ ਹੋਲੀ ਦੇ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਹੋਲੀ ਇਕ ਇਸ ਤਰ੍ਹਾਂ ਦਾ ਤਿਉਹਾਰ ਹੈ, ਮਸਤੀ, ਬੇਫ਼ਿਕਰੀ ਅਤੇ ਬਰਾਬਰੀ ਦੀ ਇਸ ਤਰ੍ਹਾਂ ਦੀ ਪਰੰਪਰਾ ਹੈ ਜੋ ਸਦੀਆਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਨਾ ਸਿਰਫ਼ ਬਹੁਤ ਤਰੋਤਾਜ਼ਾ ਹੈ ਸਗੋਂ ਅੱਜ ਵੀ ਸਭ ਨੂੰ ਆਪਣੇ ਰੋਮਾਂਚ ਨਾਲ ਸਰਾਬੋਰ ਕਰਦੀ ਹੈ। ਹੋਲੀ ਦਾ ਤਿਉਹਾਰ ਪੁਰਾਣੀ ਸ਼ਰਾਬ ਦੀ ਤਰ੍ਹਾਂ ਹੈ ਜੋ ਸਮੇਂ ਬੀਤਣ ਦੇ ਨਾਲ-ਨਾਲ ਹੋਰ ਵੀ ਜ਼ਿਆਦਾ ਨਸ਼ੀਲਾ ਹੁੰਦਾ ਜਾ ਰਿਹਾ ਹੈ। ਸਦੀਆਂ ਪਹਿਲਾਂ ਜਿਥੇ ਹੋਲੀ ਸਮਾਜ ਦੀ ਊਚ-ਨੀਚ ਦੀ ਸੋਚ ਅਤੇ ਸਾਮੰਤੀ ਕਦਰਾਂ-ਕੀਮਤਾਂ ਵਾਲੀਆਂ ਬੇੜੀਆਂ ਨੂੰ ਤੋੜ ਕੇ ਸਾਰਿਆਂ ਨੂੰ ਬਰਾਬਰੀ ਦੇ ਰੰਗ ਵਿਚ ਰੰਗ ਦਿੰਦਾ ਸੀ, ਉਥੇ ਅੱਜ ਇਹ ਰੁਝੇਵਿਆਂ ਦੀ ਮਹਾਂਮਾਰੀ, ਅਮਰੀਕੀ ਗ਼ਰੀਬੀ ਦੀ ਖਾਈ ਅਤੇ ਡਿਜੀਟਲ ਜੀਵਨ ਸ਼ੈਲੀ ਦੇ ਭੇਦ ਨੂੰ ਆਪਣੀ ਮਸਤੀ ਨਾਲ ਇਕ ਝਟਕੇ ਵਿਚ ਖ਼ਤਮ ਕਰ ਦਿੰਦਾ ਹੈ। ਹੋਲੀ ਅੱਜ ਵੀ ਸਾਨੂੰ ਉਸ ਤਰ੍ਹਾਂ ਦੀ ਮਸਤੀ ਅਤੇ ਬੇਫ਼ਿਕਰੀ ਦਾ ਸੁਖ ਦਿੰਦੀ ਹੈ, ਜਿਸ ਤਰ੍ਹਾਂ ਦੀ ਮਸਤੀ ਦਾ ਸੁੱਖ ਸਦੀਆਂ ਪਹਿਲਾਂ ਦਿੰਦੀ ਸੀ। ਇਸ ਮਾਇਨੇ ਵਿਚ ਇਹ ਤਿਉਹਾਰ ਸਮੇਂ ਦੇ ਨਾਲ ਬੁੱਢਾ ਨਹੀਂ ਹੋਇਆ ਸਗੋਂ ਜ਼ਿਆਦਾ ਜਵਾਨ ਹੋਇਆ ਹੈ। ਦੁਨੀਆ ਵਿਚ ਇਸ ਤਰ੍ਹਾਂ ਦਾ ਕੋਈ ਤਿਉਹਾਰ ਨਹੀਂ ਹੈ। ਇਹੀ ਵਜ੍ਹਾ ਹੈ ਕਿ ਹੋਲੀ ਦਾ ਤਿਉਹਾਰ ਅੱਜ ਵੀ ਜਿੰਨਾ ਪੁਰਾਣੀ ਪੀੜ੍ਹੀ ਪਸੰਦ ਕਰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਨੌਜਵਾਨ ਅਤੇ ਅੱਲੜ੍ਹ ਪੀੜ੍ਹੀ ਵੀ ਪਸੰਦ ਕਰਦੀ ਹੈ।
ਹੋਲੀ ਹਿੰਦੁਸਤਾਨ ਦਾ ਸਭ ਤੋਂ ਪੁਰਾਣਾ ਤਿਉਹਾਰ ਹੈ। ਇਸ ਦੇ ਈਸਾ ਤੋਂ 2000 ਸਾਲ ਪਹਿਲਾਂ ਵੀ ਮਨਾਏ ਜਾਣ ਦੇ ਸਬੂਤ ਮਿਲਦੇ ਹਨ। ਇਹ ਸੁਭਾਵਿਕ ਹੀ ਹੈ ਕਿਉਂਕਿ ਇਸ ਤਿਉਹਾਰ ਨੂੰ ਮਨਾਉਣ ਲਈ ਕਿਸੇ ਵੀ ਵੱਡੇ ਅਤੇ ਜਟਿਲ ਪ੍ਰਬੰਧਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਚਾਹੀਦਾ ਜੋ ਇਕ ਖ਼ਾਸ ਤਰ੍ਹਾਂ ਦੀ ਆਰਥਿਕ ਸਥਿਤੀ ਦਾ ਮਾਣ ਕਰਦੀ ਹੋਵੇ। ਹੋਲੀ ਦਾ ਤਿਉਹਾਰ ਅਮੀਰ ਤੋਂ ਅਮੀਰ ਅਤੇ ਗ਼ਰੀਬ ਤੋਂ ਗ਼ਰੀਬ ਇਕ ਹੀ ਪੱਧਰ ਦੀ ਮਸਤੀ ਨਾਲ ਮਨਾ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉੱਤਰ ਹੋਵੇ ਜਾਂ ਦੱਖਣ, ਪੂਰਬ ਹੋਵੇ ਜਾਂ ਪੱਛਮ। ਭਾਰਤ ਵਿਚ ਹੋਲੀ ਦਾ ਤਿਉਹਾਰ ਹਰ ਜਗ੍ਹਾ ਮਨਾਇਆ ਜਾਂਦਾ ਹੈ। ਹਰ ਸੂਬੇ, ਹਰ ਖੇਤਰ ਅਤੇ ਹਰ ਭਾਈਚਾਰੇ ਵਿਚ ਇਹ ਆਪਣੀ ਖ਼ੂਬਸੂਰਤ ਮੌਜੂਦਗੀ ਰੱਖਦਾ ਹੈ। ਇਹ ਗੱਲ ਵੱਖਰੀ ਹੈ ਕਿ ਪੂਰੇ ਦੇਸ਼ ਵਿਚ ਇਸ ਨੂੰ ਸਿਰਫ਼ ਹੋਲੀ ਦੇ ਨਾਂਅ ਨਾਲ ਹੀ ਨਹੀਂ ਮਨਾਇਆ ਜਾਂਦਾ। ਕਿਤੇ ਢੋਲ ਪੂਰਨਿਮਾ, ਕਿਤੇ ਢੋਲ ਯਾਤਰਾ ਤੇ ਕਿਤੇ ਫਾਗੁਨੀ ਪੂਰਨਿਮਾ ਤੇ ਕਿਤੇ ਫਾਗੂ ਦੇ ਨਾਂਅ ਨਾਲ ਇਸ ਨੂੰ ਮਨਾਉਂਦੇ ਹਨ।
ਪਰ ਭਾਵੇਂ ਇਸ ਦੇ ਵੱਖ-ਵੱਖ ਇਲਾਕਿਆਂ ਵਿਚ ਵੱਖ-ਵੱਖ ਨਾਂਅ ਹੋਣ, ਪਰ ਹਰ ਥਾਂ ਹੋਲੀ ਦਾ ਤਿਉਹਾਰ ਆਮ ਹੋਵੇ ਜਾਂ ਖ਼ਾਸ ਸਭ ਲਈ ਖ਼ੁਸ਼ੀਆਂ ਦੇ ਜੈੱਕਪਾਟ ਦੀ ਤਰ੍ਹਾਂ ਹਨ। ਆਮ ਤੌਰ 'ਤੇ ਜੈੱਕਪਾਟ ਕਿਸੇ ਇਕ ਦੇ ਖਾਤੇ ਵਿਚ ਆਉਂਦਾ ਹੈ। ਪਰ ਹੋਲੀ ਦੀ ਮਸਤੀ ਇਕ ਇਸ ਤਰ੍ਹਾਂ ਦਾ ਜੈੱਕਪਾਟ ਹੈ ਜੋ ਹਿੰਦੁਸਤਾਨ ਵਿਚ ਹਰ ਕਿਸੇ ਨੂੰ ਉਪਲਬਧ ਹੈ। ਸ਼ਾਇਦ ਇਸ ਲਈ ਇਹ ਹਿੰਦੁਸਤਾਨ ਵਿਚ ਪਿਆਰ ਦਾ ਮਹਾਂਉਤਸਵ ਹੈ। ਇਸ ਨੂੰ ਸੱਭਿਆਚਰਕ ਪਰੰਪਰਾਵਾਂ ਦਾ ਉਤਸਵ ਵੀ ਮੰਨਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 2000 ਸਾਲਾਂ ਵਿਚ ਹਿੰਦੁਸਤਾਨ ਵਿਚ ਜੀਵਨ ਜਿਊਣ ਦੇ ਢੰਗ ਤਰੀਕਿਆਂ ਵਿਚ ਅਣਗਿਣਤ ਸਮਾਜਿਕ ਅਤੇ ਸੱਭਿਾਚਾਰਕ ਬਦਲਾਅ ਹੋਏ ਹਨ। ਭਾਸ਼ਾਵਾਂ ਬਦਲੀਆਂ ਹਨ, ਧਰਮ ਬਦਲੇ ਹਨ, ਰੁਝੇਵੇਂ ਬਦਲੇ ਹਨ, ਢੰਗ ਬਦਲੇ ਹਨ, ਸ਼ਾਸਕਾਂ ਅਤੇ ਧਾਰਮਿਕ ਸੱਭਿਆਚਾਰਕ ਮਾਨਤਾਵਾਂ ਵਿਚ ਵੀ ਵਿਭਿੰਨਤਾਵਾਂ ਆਈਆਂ ਹਨ ਪਰ ਅੱਜ ਵੀ ਹੋਲੀ ਦਾ ਇਹ ਤਿਉਹਾਰ ਆਪਣੀ ਸਦੀਆਂ ਪੁਰਾਣੀ ਮੌਲਿਕ ਧਮਕ ਦੇ ਨਾਲ ਮੌਜੂਦ ਹੈ।
ਹਿੰਦੁਸਤਾਨ ਵਿਚ ਲਗਪਗ 700 ਸਾਲ ਮੁਸਲਮਾਨਾਂ ਦਾ ਅਤੇ ਢਾਈ ਸੌ ਸਾਲ ਅੰਗਰੇਜ਼ਾਂ ਦਾ ਸ਼ਾਸਨ ਰਿਹਾ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਸੱਭਿਆਚਾਰਕ ਹਮਲੇ ਵੀ ਹੋਏ ਹਨ। ਪਰ ਹੋਲੀ ਵਿਚ ਕਿਸੇ ਵੀ ਕਿਸਮ ਦਾ ਰੱਤੀ ਭਰ ਬਦਲਾਅ ਨਹੀਂ ਹੋਇਆ। ਇਸ ਦੇ ਰੰਗ ਅਤੇ ਇਸ ਦੀ ਮਸਤੀ ਹਮੇਸ਼ਾ ਤੋਂ ਇਕੋ ਜਿਹੀ ਹੈ। ਇਹ ਅੱਜ ਵੀ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਦਾ ਹੈ। ਉਨ੍ਹਾਂ ਵਿਚ ਪਿਆਰ ਦਾ ਬੀਜ ਬੀਜਦਾ ਹੈ ਜਿਵੇਂ ਸਦੀਆਂ ਪਹਿਲਾਂ ਕਰਦਾ ਸੀ। ਉਂਝ ਭਾਰਤ ਵਿਚ ਇਹ ਤਿਉਹਾਰ ਭਾਵੇਂ ਆਮ ਤੌਰ 'ਤੇ ਮਨਾਇਆ ਹਿੰਦੂਆਂ ਵਲੋਂ ਜਾਂਦਾ ਹੋਵੇ, ਪਰ ਇਸ ਤਿਉਹਾਰ ਦੀਆਂ ਧਰਮ ਤੋਂ ਜ਼ਿਆਦਾ ਇਸ ਦੇਸ਼ ਵਿਚ ਸੱਭਿਆਚਾਰਕ ਜੜ੍ਹਾਂ ਹਨ। ਹੋਲੀ ਦੀ ਮਸਤੀ ਵਿਚ ਡੁੱਬ ਜਾਣ ਲਈ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸੰਕੀਰਨਤਾਵਾਂ ਜਾਂ ਸੀਮਾਵਾਂ ਕਦੀ ਨਹੀਂ ਰਹੀਆਂ। ਇਹੀ ਕਾਰਨ ਹੈ ਕਿ ਮੁਗ਼ਲਾਂ ਦੇ ਜ਼ਮਾਨੇ ਵਿਚ ਘੱਟ ਤੋਂ ਘੱਟ ਇਹ ਸ਼ਾਸਕਾਂ ਦੇ ਪੱਧਰ 'ਤੇ ਤਾਂ ਮੁਗ਼ਲਾਂ ਦਾ ਵੀ ਓਨਾ ਹੀ ਤਿਉਹਾਰ ਸੀ ਜਿੰਨਾ ਹਿੰਦੂਆਂ ਦਾ।
ਵਿਹਾਰਕ ਜੀਵਨ ਵਿਚ ਵੀ ਇਹ ਸਾਰੇ ਹਿੰਦੁਸਤਾਨੀਆਂ ਵਲੋਂ ਕਿਸੇ ਨਾ ਕਿਸੇ ਰੂਪ ਵਿਚ ਮਨਾਇਆ ਜਾਂਦਾ ਰਿਹਾ ਹੈ। ਹੋਲੀ ਵਰਗੇ ਤਿਉਹਾਰ ਦੀਆਂ ਸਿਰਫ਼ ਸੱਭਿਆਚਾਰਕ ਖੂਬੀਆਂ ਹੀ ਨਹੀਂ ਹਨ, ਇਸ ਦੀਆਂ ਮਨੋਵਿਗਿਆਨਕ ਖੂਬੀਆਂ ਵੀ ਕੋਈ ਘੱਟ ਨਹੀਂ ਹਨ। ਆਮ ਤੌਰ 'ਤੇ ਹਰ ਤਰ੍ਹਾਂ ਦੀਆਂ ਸਰਗਰਮੀਆਂ ਦਾ, ਹਰ ਤਰ੍ਹਾਂ ਦੀਆਂ ਸੱਭਿਆਚਾਰਕ ਸਰਗਰਮੀਆਂ ਦਾ ਉਮਰ ਸਬੰਧੀ ਵੀ ਇਕ ਦਾਇਰਾ ਹੋਇਆ ਕਰਦਾ ਹੈ, ਪਰ ਹੋਲੀ ਦੀ ਮਸਤੀ ਉਮਰ ਦੇ ਇਸ ਬੰਧਨ ਤੋਂ ਮੁਕਤ ਹੈ। ਹੋਲੀ ਜਿਥੇ ਬੱਚਿਆਂ ਅਤੇ ਅੱਲੜ੍ਹਾਂ ਨੂੰ ਉਮੰਗ ਨਾਲ ਭਰ ਦਿੰਦੀ ਹੈ, ਨੌਜਵਾਨਾਂ ਵਿਚ ਮਸਤੀ ਦੀ ਮਿੱਠੀ ਲੋਰ ਲਿਆ ਦਿੰਦੀ ਹੈ, ਉਥੇ ਇਹ ਬਜ਼ੁਰਗਾਂ ਨੂੰ ਵੀ ਬੀਤੇ ਸਮੇਂ ਵਿਚ ਪਹੁੰਚਾ ਕੇ ਰੰਗ-ਬਿਰੰਗਾ ਕਰ ਦਿੰਦਾ ਹੈ।
ਕੁੱਲ ਮਿਲਾ ਕੇ ਹੋਲੀ ਉਮਰ ਦੇ ਬੰਧਨ ਤੋਂ ਮੁਕਤ ਮਸਤੀ ਦਾ ਨਾਂਅ ਹੈ। ਇਹ ਰਿਸ਼ਤਿਆਂ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਹੋਲੀ ਇਕ ਇਸ ਤਰ੍ਹਾਂ ਦਾ ਤਿਉਹਾਰ ਹੈ ਜਿਸ ਵਿਚ ਲੋਕ ਆਪਣੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਦੇ ਰੰਗ ਵਿਚ ਰੰਗ ਦਿੰਦਾ ਹੈ। ਹੋਲੀ ਇਸ ਮਾਇਨੇ ਵਿਚ ਵੀ ਅੱਜ ਲਈ ਬਹੁਤ ਮਹੱਤਵਪੂਰਨ ਅਤੇ ਮੌਜੂ ਤਿਉਹਾਰ ਹੋ ਗਿਆ ਹੈ ਕਿਉਂਕਿ ਸਾਡੀ ਰੋਜ਼ਮਰ੍ਹਾ ਹਰ ਸਮੇਂ ਤਣਾਅ ਅਤੇ ਭੱਜ-ਦੌੜ ਭਰੇ ਰੁਝੇਵਿਆਂ ਨਾਲ ਘਿਰੀ ਹੋਈ ਹੈ। ਹੋਲੀ ਸਾਡੀ ਇਸ ਅਤਿ ਰੁਝੇਵਿਆਂ ਵਾਲੀ ਜੀਵਨਸ਼ੈਲੀ ਨੂੰ ਇਕ ਆਤਮਿਕ ਸ਼ਾਂਤੀ ਦਿੰਦੀ ਹੈ। ਕੁਝ ਘੰਟਿਆਂ ਲਈ ਹੀ ਸਹੀ ਅਸੀਂ ਹੋਲੀ ਦੇ ਦਿਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਭੁੱਲ ਜਾਂਦੇ ਹਾਂ। ਇਸ ਤਰ੍ਹਾਂ ਦੀ ਤਾਕਤ ਕਿਸੇ ਵੀ ਦੂਜੇ ਤਿਉਹਾਰ ਵਿਚ ਨਹੀਂ ਹੈ। ਇਸ ਲਈ ਰੰਗਾਂ ਦੀ ਹੋਲੀ ਸਹੀ ਮਾਅਨਿਆਂ ਵਿਚ ਸਾਡੇ ਸਮਾਜਿਕ ਰਿਸ਼ਤਿਆਂ ਦੀ ਇੰਦਰ ਧਨੁਸ਼ੀ ਹੋਲੀ ਹੈ। **

Ad Position 22
No active advertisement
ਪਿਛਲੀ ਖ਼ਬਰ 'ਭਗਤ ਧੰਨਾ ਜੀ' ਦੀ ਯਾਦ ਗੁਰਦੁਆਰਾ ਸ੍ਰੀ ਧੰਨਾ ਭਗਤ, ਮੁਹਾਲੀ ਅਗਲੀ ਖ਼ਬਰ ਹੋਲੀ ਅਤੇ ਹੋਲੇ ਦੀ ਸੱਭਿਆਚਾਰਕ ਅਤੇ ਇਤਿਹਾਸਕ ਮਹਾਨਤਾ
Ad Position 24
No active advertisement