ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੋਦ 'ਚ ਵਸੇ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਫੇਜ਼ 8 ਵਿਖੇ ਭਗਤ ਧੰਨਾ ਜੱਟ ਜੀ ਦੀ ਯਾਦ 'ਚ ਗੁਰਦੁਆਰਾ ਸ੍ਰੀ ਧੰਨਾ ਭਗਤ (ਨੇੜੇ ਵਾਈ.ਪੀ.ਐਸ.) ਸੁਸ਼ੋਬਿਤ ਹੈ। ਇਸ ਅਸਥਾਨ ਦੀ ਸੇਵਾ ਕਾਰਸੇਵਾ ਦੇ ਪੁੰਜ ਅਤੇ ਧਰਮ ਦੇ ਪ੍ਰਚਾਰਕ ਸੰਤ ਅਤਰ ਸਿੰਘ ਮਸਤੁਆਣਾ ਸਾਹਿਬ ਵਾਲਿਆਂ ਤੋਂ ਵਰਸਾਏ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਨੇ ਸੰਨ 1968 ਵਿਚ ਕਰਾਉਣੀ ਸ਼ੁਰੂ ਕੀਤੀ । ਜਦੋਂ ਉਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਯਾਦ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼ 8 ਦੀ ਕਾਰਸੇਵਾ ਕਰਵਾ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਭਗਤ ਧੰਨਾ ਜੀ ਦੀ ਯਾਦ ਦੀ ਕਾਰਸੇਵਾ ਕਰਾਉਣ ਦਾ ਅਨੁਭਵ ਹੋਇਆ ਅਤੇ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਜੋ ਰੂਹਾਨੀਅਤ ਦੀ ਮੂਰਤ ਸਨ ਅਤੇ ਸਿੱਖ ਧਰਮ ਦੇ ਪ੍ਰਚਾਰਕ ਸਨ ਨੇ ਇਸ ਅਸਥਾਨ 'ਤੇ ਭਗਤ ਧੰਨਾ ਜੀ ਦੀ ਯਾਦ ਉਸਾਰਨ ਦਾ ਉਪਰਾਲਾ ਕੀਤਾ। ਮਹਾਂਪੁਰਸ਼ਾਂ ਦੇ ਪਰਲੋਕ ਸਿਧਾਰ ਜਾਣ ਉਪਰੰਤ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਇਸ ਅਸਥਾਨ ਦੀ ਕਾਰਸੇਵਾ ਅਤੇ ਰਹਿੰਦੇ ਕਾਰਜ ਨੂੰ ਜਾਰੀ ਰੱਖਿਆ ਅਤੇ ਬਾਅਦ ਵਿਚ ਬਾਬਾ ਸੁਰਿੰਦਰ ਸਿੰਘ, ਜੋ ਸੰਤ ਈਸ਼ਰ ਸਿੰਘ ਅਤੇ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੇ ਅਸਥਾਨ 'ਤੇ ਕਈ ਦਹਾਕਿਆਂ ਤੋਂ ਸੇਵਾ ਨਿਭਾਅ ਰਹੇ ਸਨ ਨੂੰ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ 1991 ਵਿਚ ਭਗਤ ਧੰਨਾ ਜੀ ਦੀ ਯਾਦ ਗੁਰਦੁਆਰਾ ਧੰਨਾ ਭਗਤ ਫੇਜ਼ 8 ਦੀ ਸੇਵਾ ਕਰਨ ਲਈ ਕਿਹਾ ਕਿ ਉਹ ਹੁਣ ਇਸ ਅਸਥਾਨ ਵਿਚ ਰਹਿਣ ਅਤੇ ਸੇਵਾ ਕਾਰਜ ਸੰਭਾਲਣ। ਉਸ ਤੋਂ ਬਾਅਦ ਬਾਬਾ ਸੁਰਿੰਦਰ ਸਿੰਘ ਧੰਨਾ ਭਗਤ ਵਾਲਿਆਂ ਨੇ ਬੜੀ ਨਿਮਰਤਾ ਨਾਲ ਇਸ ਕਾਰਜ ਨੂੰ ਸਿਰਮੱਥੇ ਲੈਂਦੇ ਹੋਏ ਬੜੀ ਹੀ ਚੜ੍ਹਦੀਕਲਾ 'ਚ ਅਸਥਾਨ 'ਤੇ ਸੇਵਾ ਕਾਰਜ ਸ਼ੁਰੂ ਕੀਤੇ ਹੋਏ ਹਨ ਅਤੇ ਹਰ ਸਾਲ ਭਗਤ ਧੰਨਾ ਜੀ ਦੀ ਯਾਦ 'ਚ ਵਿਸ਼ਾਲ ਸਮਾਗਮ ਕਰਵਾਇਆ ਜਾਂਦਾ ਹੈ। ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕਰਦੇ ਹਨ ਅਤੇ ਸੰਗਤਾਂ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੀਆਂ ਹਨ। ਇਸ ਸਾਲ ਵੀ 28, 29 ਫਰਵਰੀ ਅਤੇ 1 ਮਾਰਚ 2020 ਨੂੰ ਗੁਰਦੁਆਰਾ ਧੰਨਾ ਭਗਤ ਫੇਜ਼ 8 ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਨੇੜੇ ਵਾਈ. ਪੀ. ਐੱਸ. ਚੌਕ) ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਸ਼ਿਰਕਤ ਕੀਤੀ। ਇਸ ਅਸਥਾਨ 'ਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ, ਰੋਜ਼ਾਨਾ ਨਿਤਨੇਮ ਅਤੇ ਸ਼ਾਮ ਨੂੰ ਕਥਾ, ਹਰ ਮਹੀਨੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ, ਸਾਲਾਨਾ ਗੁਰਪੁਰਬ ਅਤੇ ਦਿਹਾੜੇ ਮਨਾਏ ਜਾਂਦੇ ਹਨ ਅਤੇ ਸਮਾਗਮਾਂ ਦੌਰਾਨ ਮੁਫ਼ਤ ਕੈਂਪ ਲਾਏ ਜਾਂਦੇ ਹਨ, ਲੋੜਵੰਦਾਂ ਦੀ ਮਦਦ ਲਈ ਖੂਨਦਾਨ ਕੈਂਪ ਲਾਏ ਜਾਂਦੇ ਹਨ, ਸੰਗਤ ਦੇ ਸਹਿਯੋਗ ਨਾਲ ਸੇਵਾ ਕਾਰਜ ਕੀਤੇ ਜਾ ਰਹੇ ਹਨ । ਸੰਗਤ ਦੇ ਸਹਿਯੋਗ ਨਾਲ ਗੁਰੂ ਘਰ ਦਾ ਲੰਗਰ ਹਾਲ ਤਿਆਰ ਕੀਤਾ ਗਿਆ ਹੈ ਅਤੇ ਗੁਰੂਘਰ ਦੀ ਕਾਰਸੇਵਾ ਜਾਰੀ ਹੈ।
-ਮੋਬਾਈਲ : 98157-07865