ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2020

<h4>ਸਰਬੰਸਦਾਨੀ ਦੇ ਲਾਡਲੇ 52 ਕਵੀਆਂ ਦੀ ਪਾਵਨ ਧਰਤੀ</h4> ਪਾਉਂਟਾ ਸਾਹਿਬ ਦਾ ਹੋਲਾ ਮਹੱਲਾ

Ad Position 21
No active advertisement
ਅਜੀਤ ਡੈਸਕ 10-03-2020

ਸਰਬੰਸਦਾਨੀ ਨੀਲੇ ਦੇ ਸ਼ਾਹ-ਸਵਾਰ, ਸੰਤ-ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ-ਨਰੋਏ ਸਮਾਜ ਦੀ ਸਿਰਜਣਾ ਲਈ ਇਕ ਨਿਵੇਕਲੀ ਵਿਚਾਰਧਾਰਾ ਦਿੱਤੀ। ਮਨੁੱਖੀ ਸਮਾਜ ਦੇ ਦੋਵੇਂ ਅੰਗਾਂ ਇਸਤਰੀ ਤੇ ਪੁਰਸ਼ ਲਈ ਗ੍ਰਹਿਸਥੀ ਹੋਣਾ, ਪਰਉਪਕਾਰੀ ਹੋਣਾ ਅਤੇ ਹਰ ਵਕਤ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੇ ਗੁਰਸਿੱਖਾਂ ਨੂੰ ਆਪਾ ਸਮਰਪਿਤ ਕਰਨ ਲਈ ਪਾਬੰਦ ਕੀਤਾ। ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਪਾਉਂਟਾ ਸਾਹਿਬ 'ਚ ਨਿਵਾਸ ਸਮੇਂ ਹੋਲੇ ਮਹੱਲੇ ਦੇ ਮੌਕੇ 'ਤੇ ਆਪਣੇ ਸਿੰਘਾਂ ਨੂੰ ਨਕਲੀ ਟਾਕਰੇ ਦਾ ਸਾਂਗ ਰਚ ਕੇ ਖ਼ਾਲਸਾ ਫੌਜ ਨੂੰ ਰਣ ਤੱਤੇ ਅੰਦਰ ਹੁੰਦੀ ਅਸਲੀ ਦਾਅ-ਪੇਚਾਂ, ਚਾਲਾਂ, ਹਰਕਤਾਂ ਨੂੰ ਬਿਆਨ ਗੋਚਰੇ ਕਰਕੇ ਅਭਿਆਸ ਕਰਦੇ। ਹਰ ਜਥੇ ਨੂੰ ਵੱਖ-ਵੱਖ ਵਰਦੀਆਂ ਪਹਿਨਾਈਆਂ ਜਾਂਦੀਆਂ। ਅਜਿਹੇ ਹਮਲੇ ਸਮੇਂ ਘੋੜਿਆਂ ਤੇ ਹਾਥੀਆਂ ਦੀ ਵਰਤੋਂ ਵੀ ਕੀਤੀ ਜਾਂਦੀ। ਪਾਤਸ਼ਾਹ ਆਪ ਵੀ ਲੜਾਈ ਵਿਚ ਹਿੱਸਾ ਲੈਂਦੇ।
ਗੁਰੂ ਸਾਹਿਬ ਨੇ ਇਸ ਪਾਵਨ ਧਰਤੀ 'ਤੇ ਆਪਣੇ ਲਾਡਲੇ 152 ਕਵੀਆਂ ਤੇ ਸਾਹਿਤ ਰਸੀਆਂ ਨੂੰ ਨਾਲ ਲੈ ਕੇ ਅਦਬੀ ਮਹਿਫ਼ਲਾਂ ਨੂੰ ਸ਼ਿੰਗਾਰਿਆ। ਇਸੇ ਅਸਥਾਨ 'ਤੇ ਚੰਦਨ ਕਵੀ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ਉਸ ਨੂੰ 65000 ਮੋਹਰਾਂ ਦੇ ਕੇ ਸਨਮਾਨਿਤ ਕੀਤਾ। ਜਮਨਾ ਦੇ ਕਲ-ਕਲ ਵਹਿੰਦੇ ਪਾਣੀ ਨਾਲ ਕਲੋਲਾਂ ਕਰਦਿਆਂ ਕੁਦਰਤ ਦੀ ਸੁਹਾਵਣੀ ਗੋਦ ਵਿਚ ਬਿਰਾਜ ਕੇ ਦਸਮ ਗ੍ਰੰਥ ਦੀਆਂ ਅਨੇਕਾਂ ਬਾਣੀਆਂ ਦੀ ਰਚਨਾ ਕੀਤੀ। ਸ਼ਸਤਰ ਤੇ ਸ਼ਾਸਤਰ ਦੀ ਵਿੱਦਿਆ ਦੇ ਨਾਲ ਕਾਦਰ ਦੀ ਕੁਦਰਤ ਦੇ ਸੁੰਦਰ ਨਜ਼ਾਰਿਆਂ ਨੂੰ ਮਾਣਦਿਆਂ, ਬਲਿਹਾਰ ਜਾਂਦਿਆਂ, ਉਸ ਦੀਆਂ ਗੁੱਝੀਆਂ ਰਮਜ਼ਾਂ ਨੂੰ ਭਾਂਪਦਿਆਂ ਇਸ ਯੋਗ ਕਲਾ ਪਾਰਖੂ ਦੀ ਤਰ੍ਹਾਂ ਆਪਣੇ ਸਿੰਘਾਂ ਨੂੰ ਸੋਹਣੀਆਂ ਦਸਤਾਰਾਂ ਸਜਾਉਣ ਤੇ ਚੰਗੀਆਂ ਸਾਹਿਤਕ ਰਚਨਾਵਾਂ ਦੇ ਮੁਕਾਬਲਿਆਂ ਵਿਚ ਇਨਾਮ ਦਿੱਤੇ ਜਾਣ ਲੱਗੇ। ਦੇਸ਼ ਦੇ ਕੋਨੇ-ਕੋਨੇ ਤੋਂ ਸਾਹਿਤਕਾਰ ਵਿਸ਼ੇਸ਼ ਕਰਕੇ ਕਵੀ ਆਪਣੀਆਂ ਆਤਮਿਕ ਰਸ ਭਰਪੂਰ ਪ੍ਰੇਮਰਸ, ਬੀਰਰਸ, ਹਾਸਰਸ ਦੀਆਂ ਕਵਿਤਾਵਾਂ ਗੁਰੂ ਸਾਹਿਬ ਨੂੰ ਸਰਵਣ ਕਰਵਾਉਣ ਲਈ ਪਾਉਂਟਾ ਸਾਹਿਬ ਪੁੱਜਦੇ ਸਨ। ਇਥੇ ਹੀ ਪੀਰ ਬੁੱਧੂ ਸ਼ਾਹ ਵੀ ਸਢੌਰੇ ਤੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਸਰਬੰਸਦਾਨੀ ਪਿਤਾ ਦੇ ਦਰਸ਼ਨਾਂ ਹਿਤ ਇਥੇ ਪੁੱਜਾ। ਉਨ੍ਹਾਂ ਭੰਗਾਣੀ ਦੇ ਯੁੱਧ ਵਿਚ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਯੁੱਧ ਕਲਾ ਦੇ ਜੌਹਰ ਵਿਖਾਏ। ਯੁੱਧ ਤੋਂ ਪਿੱਛੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਦੀ ਸ਼ਹਾਦਤ ਹੋਣ 'ਤੇ ਪੀਰ ਜੀ ਨੇ ਗੁਰੂ ਪਾਤਸ਼ਾਹ ਜੀ ਤੋਂ ਛੋਟੀ ਦਸਤਾਰ ਤੇ ਕੇਸਾਂ ਸਮੇਤ ਕੰਘਾ ਪ੍ਰਾਪਤ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਸ੍ਰੀ ਅਨੰਦਪੁਰ ਸਾਹਿਬ ਵਾਂਗ ਸ੍ਰੀ ਪਾਉਂਟਾ ਸਾਹਿਬ ਦੀ ਹੋਲੇ ਮਹੱਲੇ ਦੀ ਰੌਣਕ ਦੇਖਣ ਯੋਗ ਹੁੰਦੀ ਹੈ। ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਹਿਮਾਚਲ, ਹਰਿਆਣਾ, ਪੰਜਾਬ, ਦਿੱਲੀ, ਉਤਰਾਂਚਲ ਖਾਸ ਕਰਕੇ ਦੂਨ ਅਤੇ ਤਰਾਈ ਦੇ ਇਲਾਕੇ ਦੀਆਂ ਸੰਗਤਾਂ ਲਈ ਵਿਸ਼ੇਸ਼ ਖਿੱਚ ਰੱਖਦੀ ਹੈ।
ਪਾਉਂਟਾ ਸਾਹਿਬ ਦੇ ਪਾਵਨ ਅਸਥਾਨ ਲਈ ਸਾਰਾ ਸਾਲ ਲੱਖਾਂ ਸੰਗਤਾਂ ਪੁੱਜਦੀਆਂ ਹਨ ਪਰ ਹੋਲੇ ਮਹੱਲੇ ਦੀ ਰੌਣਕ ਆਪਣੀ ਮਿਸਾਲ ਆਪ ਹੀ ਹੁੰਦੀ ਹੈ। ਚੰਡੀਗੜ੍ਹ ਤੋਂ ਲਗਪਗ 120 ਕਿਲੋਮੀਟਰ 'ਤੇ ਵਸਿਆ ਇਹ ਅਸਥਾਨ ਚੰਡੀਗੜ੍ਹ ਤੋਂ ਨਾਹਨ (ਹਿਮਾਚਲ), ਜਗਾਧਰੀ (ਹਰਿਆਣਾ) ਤੇ ਦੇਹਰਾਦੂਨ (ਉਤਰਾਂਚਲ) ਤੋਂ ਸਿੱਧੀਆਂ ਸੜਕਾਂ ਨਾਲ ਜੁੜਿਆ ਹੋਇਆ ਹੈ। ਸਿੱਖ ਸੰਗਤਾਂ ਲਈ ਹੋਲੇ ਮਹੱਲੇ ਦਾ ਜੋੜ ਮੇਲਾ ਸਾਲ ਭਰ ਲਈ ਰੰਗੀਨ ਸੁਪਨੇ ਛੱਡ ਜਾਂਦਾ ਹੈ।


ਮੋਬਾ: 98143-24040
bhagwansinghjohal@gmail.com

Ad Position 22
No active advertisement
ਪਿਛਲੀ ਖ਼ਬਰ ਅਜੋਕੇ ਸਿੱਖ ਪ੍ਰਸੰਗ 'ਚ ਹੋਲੇ ਮਹੱਲੇ ਦੀ ਸਾਰਥਿਕਤਾ ਅਗਲੀ ਖ਼ਬਰ <h4>ਜੋੜ ਮੇਲੇ 'ਤੇ ਵਿਸ਼ੇਸ਼</h4> ਸੰਤ ਅਤਰ ਸਿੰਘ (ਮਸਤੂਆਣਾ ਵਾਲੇ)
Ad Position 24
No active advertisement