ਸਿੱਖ ਧਰਮ ਵਿਚ ਭਾਰਤੀ ਸੱਭਿਅਤਾ ਦੇ ਹਰੇਕ ਦਿਨ-ਦਿਹਾੜੇ ਤੇ ਤਿਉਹਾਰ ਨੂੰ ਗੁਰੂ ਸਾਹਿਬਾਨ ਨੇ ਨਵੇਂ ਸੰਕਲਪ, ਉਸਾਰੂ ਉਦੇਸ਼ ਤੇ ਸਿੱਖ ਫ਼ਲਸਫ਼ੇ ਦੇ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਜਿਸ ਸਮੇਂ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਹੋਲਾ-ਮਹੱਲਾ' ਦੀ ਰੀਤ ਆਰੰਭ ਕੀਤੀ ਸੀ, ਉਸ ਵੇਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਏ ਹਾਲਾਤ ਸਿੱਖਾਂ ਕੋਲੋਂ ਇਕੋ ਸਮੇਂ ਸ਼ਾਸਤਰ ਅਤੇ ਸ਼ਸਤਰ ਕਲਾ ਵਿਚ ਨਿਪੁੰਨ ਹੋਣ ਦੀ ਮੰਗ ਕਰਦੇ ਸਨ। 'ਹੋਲੇ-ਮਹੱਲੇ' ਦਾ ਆਰੰਭ ਸੰਨ 1700 ਈਸਵੀ, ਸੰਮਤ 1757 ਚੇਤ ਵਦੀ 1 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ 'ਤੇ ਕੀਤਾ ਗਿਆ।
ਅਜੋਕੀ ਸਿੱਖ ਸੱਭਿਅਤਾ ਅਤੇ ਵਿਰਾਸਤ ਦੇ ਵਿਕਾਸ ਤੇ ਵਿਗਾਸ ਦੇ ਦੌਰਾਨ ਸਿੱਖ ਇਤਿਹਾਸ ਅਤੇ ਪ੍ਰੰਪਰਾਵਾਂ ਨਾਲ ਜੁੜੇ 'ਹੋਲੇ-ਮਹੱਲੇ' ਵਰਗੇ ਕੌਮੀ ਦਿਹਾੜਿਆਂ ਨੂੰ ਨਵੇਂ ਸੰਕਲਪਾਂ ਲਈ ਵਰਤੇ ਜਾਣ ਦੀ ਲੋੜ ਹੈ। ਅੱਜ ਦਾ ਸਿੱਖ ਆਤਮਿਕ ਅਤੇ ਸਰੀਰਕ, ਦੋਵਾਂ ਪੱਖਾਂ ਤੋਂ ਕਮਜ਼ੋਰ ਪੈ ਰਿਹਾ ਹੈ। ਇਕ ਪਾਸੇ ਭਾਰਤ ਵਿਚ ਸਿੱਖ ਕੌਮ ਆਲੇ-ਦੁਆਲੇ ਦੇ ਵਿਰੋਧੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਹਾਲਾਤਾਂ ਨਾਲ ਜੂਝ ਰਹੀ ਹੈ ਅਤੇ ਦੂਜੇ ਪਾਸੇ ਪੰਥਕ ਵਿਕਾਸ ਤੇ ਵਿਗਾਸ ਦੇ ਉਦੇਸ਼ਾਂ ਦੀ ਪੂਰਤੀ ਲਈ ਸੰਘਰਸ਼ ਦੀ ਸਥਿਤੀ ਵਿਚ ਹੈ। ਸਿੱਖ ਨੌਜਵਾਨੀ ਆਪਣੇ ਮੂਲ ਨਾਲੋਂ ਟੁੱਟ ਰਹੀ ਹੈ। 'ਹੋਲਾ-ਮਹੱਲਾ' ਸਿੱਖ ਕੌਮ ਦੀ ਸ਼ਕਤੀ ਨੂੰ ਜਥੇਬੰਦ ਕਰਨ ਅਤੇ ਉਸਾਰੂ ਰੁਚੀਆਂ ਦਾ ਪ੍ਰਸਾਰ ਕਰਨ ਦਾ ਜ਼ਰੀਆ ਬਣਨਾ ਚਾਹੀਦਾ ਹੈ।
ਮੌਜੂਦਾ ਸਮੇਂ ਸਭ ਤੋਂ ਵੱਡੀ ਲੋੜ ਸੰਸਾਰੀ ਰੁਝਾਨਾਂ ਅਤੇ ਸਰੋਕਾਰਾਂ ਮੁਤਾਬਕ ਸਿੱਖ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਾ ਨੂੰ ਆਲਮੀ ਪ੍ਰਸੰਗ ਵਿਚ ਪੇਸ਼ ਕਰਨ ਦੀ ਹੈ। ਸਿੱਖ ਕੌਮ ਨੂੰ ਦੁਨੀਆ ਦੀਆਂ ਦੂਜੀਆਂ ਸਫ਼ਲ ਕੌਮਾਂ ਦੇ ਮੁਕਾਬਲੇ ਆਪਣੇ ਅਮੀਰ ਬੌਧਿਕ ਵਿਰਸੇ ਅਤੇ ਸਰਬ-ਸਾਂਝੀਵਾਲਤਾ ਦੀ ਵਿਚਾਰਧਾਰਾ ਅਨੁਸਾਰ 'ਆਲਮੀ ਜੀਵਨ ਮਨੋਰਥ' ਤੈਅ ਕਰਕੇ ਉਸ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
ਅਜੋਕੇ ਸਮੇਂ ਸਿੱਖ ਕੌਮ ਦੇ ਸਿਆਸੀ ਆਗੂਆਂ ਦੇ ਡਿਗ ਰਹੇ ਕਿਰਦਾਰ ਅਤੇ ਗੁਆਚ ਰਹੀਆਂ ਰਾਜਨੀਤਕ ਕਦਰਾਂ-ਕੀਮਤਾਂ 'ਮੀਰੀ-ਪੀਰੀ' ਦੇ ਸੰਕਲਪ ਨੂੰ ਮੁੜ ਰੂਪਮਾਨ ਕਰਨ ਦੀ ਮੰਗ ਕਰਦੀਆਂ ਹਨ। ਸਿੱਖ ਧਰਮ ਵਿਚ ਧਰਮ ਤੇ ਰਾਜਨੀਤੀ ਦੇ ਸੁਮੇਲ ਦੇ ਇਸ ਸੰਕਲਪ ਬਾਰੇ ਨਵੀਆਂ ਅੰਤਰ-ਦ੍ਰਿਸ਼ਟੀਆਂ ਪੈਦਾ ਕਰਨ, ਸਿੱਖ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਨਿਰਧਾਰਿਤ ਕਰਨ ਲਈ ਸਮੁੱਚੀਆਂ ਸਿੱਖ ਸਿਆਸੀ ਧਿਰਾਂ ਨੂੰ ਇਕ ਮੰਚ 'ਤੇ ਇਕੱਤਰ ਕਰਕੇ ਚਿੰਤਨ ਕੀਤਾ ਜਾਣਾ ਚਾਹੀਦਾ ਹੈ। ਅਗਲੀ ਸਿੱਖ ਪੀੜ੍ਹੀ ਅੰਦਰ ਸਿੱਖੀ ਜਜ਼ਬਾ ਤਾਂ ਹੈ ਪਰ ਲੋੜ ਹੈ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣ ਦੀ। ਸਿੱਖ ਨੌਜਵਾਨੀ ਸਾਹਮਣੇ ਕੋਈ ਰੋਲ ਮਾਡਲ ਨਹੀਂ ਹੈ। ਪਤਿਤਪੁਣਾ ਅਤੇ ਨਸ਼ਾਖੋਰੀ ਨਵੀਂ ਪੀੜ੍ਹੀ ਨੂੰ ਘੁਣ ਵਾਂਗ ਖਾ ਰਿਹਾ ਹੈ। 'ਹੋਲੇ-ਮਹੱਲੇ' ਵਰਗੇ ਰਵਾਇਤੀ ਜੋੜ-ਮੇਲਿਆਂ ਦੇ ਜਾਹੋ-ਜਲਾਲ ਤਾਂ ਹੀ ਕਾਇਮ ਰਹਿਣਗੇ, ਜੇਕਰ ਅਗਲੀ ਪੀੜ੍ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੁਰੋਂ ਬਖ਼ਸ਼ੀ ਸਿੱਖੀ ਦਾਤ ਅਤੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖੇਗੀ।
ਸਿੱਖ ਵਿੱਦਿਅਕ, ਸੱਭਿਆਚਾਰਕ, ਖੇਡਾਂ ਸਮੇਤ ਸਮੁੱਚੇ ਸਿੱਖ ਕਦਰਾਂ-ਕੀਮਤਾਂ ਦੇ ਢਾਂਚੇ ਨੂੰ ਨਵੇਂ ਨਿਸ਼ਾਨਿਆਂ 'ਤੇ ਸੇਧਿਤ ਕਰਨਾ ਚਾਹੀਦਾ ਹੈ। ਸਿੱਖੀ ਜੰਗਜੂ ਕਲਾਵਾਂ ਦੇ ਪ੍ਰਦਰਸ਼ਨ ਤਾਂ 'ਹੋਲੇ-ਮਹੱਲੇ' ਮੌਕੇ ਹੁੰਦੇ ਹੀ ਹਨ, ਪਰ ਇਨ੍ਹਾਂ ਮੁਕਾਬਲਿਆਂ ਨੂੰ ਅਨੁਸ਼ਾਸਨਬੱਧ, ਯੋਜਨਾਬੱਧ ਤਰੀਕੇ ਨਾਲ ਕਰਵਾਉਣ, ਸਿੱਖ ਨੌਜਵਾਨੀ ਦੀ ਇਨ੍ਹਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ, ਸਰੀਰਕ ਨਿਰੋਗਤਾ ਵੱਲ ਉਤਸ਼ਾਹਿਤ ਕਰਨ, ਖੇਡ ਭਾਵਨਾ ਪ੍ਰਫ਼ੁੱਲਤ ਕਰਨ, ਨਸ਼ਾਖੋਰੀ ਤੋਂ ਦੂਰ ਰਹਿਣ ਅਤੇ ਨੌਜਵਾਨ ਪੀੜ੍ਹੀ ਅੰਦਰ ਸਿੱਖੀ ਵਿਰਸੇ ਦਾ ਪ੍ਰਸਾਰ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦੁਨੀਆ ਦਾ ਆਧੁਨਿਕ ਸਹੂਲਤਾਂ ਪ੍ਰਾਪਤ ਅਤੇ ਉੱਚ ਪੱਧਰ ਦਾ ਇਕ ਵਿਸ਼ਾਲ ਖੇਡ ਸਟੇਡੀਅਮ ਤਿਆਰ ਕਰਵਾਇਆ ਜਾਵੇ। ਸਿੱਖ ਜੰਗੀ ਕਲਾਵਾਂ ਦੇ ਕੌਮੀ ਮੁਕਾਬਲੇ 'ਹੋਲੇ-ਮਹੱਲੇ' ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਰਵਾਏ ਜਾਣ ਅਤੇ ਜੇਤੂਆਂ ਨੂੰ ਆਕਰਸ਼ਕ ਅਤੇ ਭਾਰੀ ਇਨਾਮ ਵੰਡੇ ਜਾਣ ਦੀ ਪਿਰਤ ਸ਼ੁਰੂ ਕੀਤੀ ਜਾਵੇ। ਇਸ ਮੌਕੇ ਅਜੋਕੀ ਸਿੱਖ ਨੌਜਵਾਨੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲੜੀਵਾਰ ਗੁਰਮਤਿ ਕੈਂਪ ਲਗਾਉਣੇ ਚਾਹੀਦੇ ਹਨ, ਸਿੱਖ ਨੌਜਵਾਨਾਂ ਦੇ ਪ੍ਰਤਿਭਾ ਖੋਜ, ਅਮਲੀ ਜੀਵਨ-ਜਾਚ ਅਤੇ ਮਨੁੱਖੀ ਵਿਹਾਰ ਮੁਕਾਬਲੇ ਕਰਵਾਏ ਜਾਣ, ਤਾਂ ਜੋ ਸਿੱਖ ਨੌਜਵਾਨਾਂ ਨੂੰ ਸਿੱਖੀ ਨੈਤਿਕਤਾ, ਸਦਾਚਾਰ ਅਤੇ ਆਦਰਸ਼ਾਂ ਨਾਲ ਜੁੜਨ ਦਾ ਉਤਸ਼ਾਹ ਮਿਲ ਸਕੇ।
ਮੌਜੂਦਾ ਸਮੇਂ ਸਿੱਖ ਵਿੱਦਿਅਕ ਪ੍ਰਬੰਧ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਨਵੀਂ ਪਹਿਲਕਦਮੀ ਦੀ ਲੋੜ ਹੈ। ਹਰ ਸਾਲ 'ਹੋਲੇ-ਮਹੱਲੇ' ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਸਾਲਾਨਾ ਸਿੱਖ ਵਿੱਦਿਅਕ ਕਾਨਫਰੰਸ' ਕਰਵਾਉਣ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿਚ ਦੁਨੀਆ ਭਰ ਤੋਂ ਸਿੱਖ ਵਿੱਦਿਅਕ ਸ਼ਾਸਤਰੀਆਂ ਨੂੰ ਬੁਲਾਇਆ ਜਾਵੇ, ਤਾਂ ਜੋ ਸਿੱਖ ਵਿਦਿਅਕ ਪ੍ਰਣਾਲੀ ਦੀ ਸਮੇਂ-ਸਮੇਂ 'ਤੇ ਪ੍ਰਭਾਵੀ ਰੂਪ-ਰੇਖਾ ਨਿਰਧਾਰਿਤ ਕੀਤੀ ਜਾ ਸਕੇ।
'ਹੋਲੇ-ਮਹੱਲੇ' ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਸਰਬ ਧਰਮ ਸੰਮੇਲਨ' ਕਰਵਾਉਣ ਦੀ ਪਿਰਤ ਪਾਈ ਜਾਵੇ ਤਾਂ ਜੋ ਅੱਜ ਦੇ ਸਮੇਂ ਵਿਚ ਵਿਸ਼ਵ ਭਰ ਵਿਚ ਪੈਦਾ ਹੋ ਰਹੀ ਧਾਰਮਿਕ ਅਸਹਿਣਸ਼ੀਲਤਾ ਅਤੇ ਮਨੁੱਖੀ ਸਮੱਸਿਆਵਾਂ ਦੇ ਹੱਲ ਲਈ ਸਾਰੇ ਧਰਮਾਂ ਨੂੰ ਆਪੋ-ਆਪਣੀ ਸੁਹਿਰਦ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਕੀਤਾ ਜਾ ਸਕੇ।
ਸਿੱਖ ਧਰਮ ਦੀਆਂ ਧਾਰਮਿਕ, ਸਮਾਜਿਕ, ਬੌਧਿਕ, ਨੌਜਵਾਨ ਅਤੇ ਇਸਤਰੀ ਜਥੇਬੰਦੀਆਂ ਵਲੋਂ ਤਿੰਨ ਰੋਜ਼ਾ 'ਹੋਲੇ-ਮਹੱਲੇ' ਦੇ ਇਕ ਦਿਨ 'ਧਰਮ ਪ੍ਰਚਾਰ ਕਾਨਫ਼ਰੰਸ' ਕਰਵਾਉਣੀ ਚਾਹੀਦੀ ਹੈ, ਜਿਸ ਦੌਰਾਨ ਸਿੱਖਾਂ ਦੀਆਂ ਸਮਾਜਿਕ ਅਤੇ ਧਾਰਮਿਕ ਪ੍ਰਾਪਤੀਆਂ ਅਤੇ ਸਾਲ ਭਰ ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਕੀਤਾ ਜਾਵੇ ਅਤੇ ਚੁਣੌਤੀਆਂ ਦਾ ਚਿੰਤਨ ਕਰਕੇ ਸਿੱਖ ਧਰਮ ਪ੍ਰਚਾਰ ਦੀ ਲਹਿਰ ਨੂੰ ਨਵੀਂ ਸੇਧ ਦੇਣ ਦੀਆਂ ਨੀਤੀਆਂ ਤੈਅ ਕੀਤੀਆਂ ਜਾਣ। ਇਸ ਤੋਂ ਇਲਾਵਾ ਸਿੱਖ ਕੌਮ ਅੰਦਰ ਅਨੁਸ਼ਾਸਨਬੱਧਤਾ ਨੂੰ ਕਾਇਮ ਕਰਨ ਲਈ ਵੀ ਹੋਲੇ-ਮਹੱਲੇ ਵਰਗੇ ਕੌਮੀ ਜੋੜ ਮੇਲੇ ਨੂੰ ਇਕ ਜ਼ਰੀਆ ਬਣਾਉਣਾ ਚਾਹੀਦਾ ਹੈ।
-# ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾ : 98780-70008
e-mail : ts1984buttar@ yahoo.com