ਦਸਵੇਂ ਗੁਰਾਂ ਨੇ ਸਾਜੀ ਨਿਹੰਗ ਸਿੰਘਾਂ ਦੀ ਲਾਡਲੀ ਹੈ ਫ਼ੌਜ ਜੀ
ਗੁਰਾਂ ਦੀ ਰਜ਼ਾ ਵਿਚ ਰਹਿ ਕੇ ਜੋ ਸਦਾ, ਲੁੱਟਦੀ ਐ ਮੌਜ ਜੀ
ਹੋਰਨਾਂ ਦੀ ਹੋਲੀ ਇਨ੍ਹਾਂ ਦੇ ਨੇ ਵੱਖਰੇ ਜੱਗ ਉੱਤੇ ਹੋਲੇ ਜੀ
ਧਿਆਨ ਲਾ ਕੇ ਸੁਣ ਲਓ ਨਿਹੰਗ ਸਿੰਘਾਂ ਦੇ ਗੜਗੱਜ ਬੋਲੇ ਜੀ
ਘਿਓ ਤਾਈਂ ਪੰਜਵਾਂ ਤੇ ਛੇਵਾਂ ਤੇਲ ਨੂੰ, ਤੱਤੇ ਨੂੰ ਹੰਕਾਰਿਆ
ਪੁੱਠੀ ਜੇ ਕਮੀਜ਼ ਪਾਈ ਛਾਉਣੀ ਬਦਲੀ, ਸਿੰਘਾਂ ਨੇ ਪਿਆਰਿਆ
ਬੱਕਰੀ ਅਕਾਸ਼ਪਰੀ, ਰਾਕਾ ਟੱਟੂ ਨੂੰ, ਭੇਡਾਂ ਹੂਰਾਂ ਪਰੀਆਂ
ਆਵੇ ਕਦੇ ਸੁਪਨਾ ਤਾਂ ਕਹਿੰਦੇ ਢਾਕੇ ਦੇਸ਼ ਦੀਆਂ ਸੈਰਾਂ ਕਰੀਆਂ
ਮਧਰੇ ਨੂੰ 9 ਗਜਾ, ਘੋਨਮੋਨ ਨੂੰ ਸਿਰਘਸਾ ਆਖਦੇ
ਟੁੱਟੇ ਹੋਏ ਛੱਪਰ ਨਿਹੰਗ ਸਿੰਘਾਂ ਨੂੰ ਸ਼ੀਸ਼ ਮਹਿਲ ਜਾਪਦੇ
ਇਨ੍ਹਾਂ ਦੇ ਕਰਤਬ ਦਿੰਦੇ ਹੌਂਸਲੇ ਜੋ ਜ਼ਿੰਦਗੀ 'ਚ ਡੋਲੇ ਜੀ
ਧਿਆਨ ਲਾ ਕੇ ਸੁਣ ਲਓ ਨਿਹੰਗ ਸਿੰਘਾਂ ਦੇ ਗੜਗੱਜ ਬੋਲੇ ਜੀ
ਰੱਬ ਦੀ ਰਜ਼ਾ 'ਚ ਰੁੱਖੀ ਸੁੱਖੀ ਖਾ ਕੇ ਕਹਿੰਦੇ, ਚੜ੍ਹੀ ਚੌੜ ਹੋਈ ਐ
ਸਿਰ ਵਿਚ ਲੜਨ ਜੇ ਜੂੰਆਂ ਕਹਿੰਦੇ ਰਾਤੀਂ ਘੋੜ ਦੌੜ ਹੋਈ ਐ
ਢੋਲਕ ਪ੍ਰੇਮਣ ਤੇ ਚਿਮਟਾ ਨਗੌਰੀ, ਵਾਜਾ ਮੋਹਣ ਸਿੰਘ ਜੀ
ਸੌਣ ਵਾਲੇ ਤਾਈਂ ਕਹਿੰਦੇ ਇਹ ਤਾਂ ਹੋ ਗਿਆ ਅੜਿੰਗ ਤੇ ਬੜਿੰਗ ਜੀ
ਚਾਹ ਨੂੰੂ ਢਿੱਡ ਫੂਕਣੀ ਤੇ ਖੰਡ ਤਾਈਂ ਚੁੱਪ, ਗੁੜ ਸਿਰਜੋੜ ਜੀ,
ਬੇਹੀ ਰੋਟੀ ਤਾਈਂ ਕਹਿੰਦੇ ਮਿੱਠੇ ਪਰਸ਼ਾਦੇ, ਪਰਾਉਂਠਾ ਤਹਿਤੋੜ ਜੀ
ਕਹਿੰਦੇ ਸਿੰਘ ਛਕਦੇ ਬਦਾਮ ਪਏ ਐ ਜੇ ਖਾਂਦੇ ਹੋਣ ਛੋਲੇ ਜੀ
ਧਿਆਨ ਲਾ ਕੇ ਸੁਣ ਲਓ ਨਿਹੰਗ ਸਿੰਘਾਂ ਦੇ ਗੜਗੱਜ ਬੋਲੇ ਜੀ
ਮੱਛੀ ਤਾਈਂ ਜਲ ਤੋਰੀ, ਹੋਲਾਂ ਲਾਚੀਆਂ ਤੇ ਰੁੱਪਾ ਕਹਿੰਦੇ ਗੰਢੇ ਨੂੰ
ਘੱਗਰੇ ਨੂੰ ਧੂੜਕੋਟ, ਚਾਦਰੇ ਨੂੰ ਹੂੰਝਾ ਤੇ ਤਖ਼ਤ ਮੰਜੇ ਨੂੰ
ਅੰਨ੍ਹੇ ਤਾਈਂ ਸੂਰਮਾ ਤੇ ਲੰਗੜਾ ਸੁਚਾਲਾ, ਗੂੰਗਾ ਵੇਦ ਪੜ੍ਹਿਆ
ਕਾਣਾ ਲੱਖ ਨੇਤਰਾ ਤੇ ਕੰਨੋਂ ਬੋਲਾ ਆਖਦੇ ਚੁਬਾਰੇ ਚੜ੍ਹਿਆ
ਜੁੱਤੀ ਨੂੰ ਚਰਣ ਦਾਸੀ, ਪੈਰਾਂ ਨੂੰ ਚਰਣ, ਪੱਗ ਦਸਤਾਰ ਜੀ
ਸੋਟੇ ਨੂੰ ਸਲੋਤਰ, ਬੰਦੂਕ ਰਾਮਜੰਗਾ, ਭਗਉਤੀ ਤਲਵਾਰ ਜੀ
ਮੋਮਬੱਤੀ ਧੀ ਕਹਿੰਦੇ ਅੰਗਰੇਜ਼ ਦੀ, ਸਾਈਕਲ ਵਾਵਰੋਲੇ ਜੀ
ਧਿਆਨ ਲਾ ਕੇ ਸੁਣ ਲਓ ਨਿਹੰਗ ਸਿੰਘਾਂ ਦੇ ਗੜਗੱਜ ਬੋਲੇ ਜੀ
ਮੋਟਰ ਨੂੰ ਨੱਕ ਵੱਢੀ, ਰੇਲ ਭੂਤਨੀ ਤੇ ਟਰੱਕ ਨੂੰ ਛੜਾ
ਰੇਲ ਵਾਲੇ ਇੰਜਣ ਨੂੰ ਦੇਖ ਕਹਿੰਦੇ ਨੇ ਇਹ ਤਾਂ ਤੇਜਾ ਸਿਉਂ ਖੜ੍ਹਾ
ਥਾਣੇਦਾਰ ਕੁੰਡਾ, ਤਖ਼ਤਾ ਸਿਪਾਹੀ ਐ, ਜਿੰਦਾ ਚੌਂਕੀਦਾਰ ਜੀ
ਲਸਣ ਨੂੰ ਲੌਂਗਚਿੜਾ, ਬੈਂਗਣ ਬਟੇਰਾ ਤੇ ਬਾਰਾਂਸਿੰਗਾ ਕੁਆਰ ਜੀ
ਦੁੱਧ ਨੂੰ ਸਮੁੰਦਰ, ਸ਼ੱਕਰ ਸਿਰਖਿੰਡੀ ਤੇ ਗਾਜਰਾਂ ਗੁਵਿੰਦੀਆਂ
ਪੀਲਾਂ ਨੂੰ ਦਾਖਾਂ ਤੇ ਜਲੇਬੀ ਜੰਡ ਫਲੀ ਬੜਾ ਅਨੰਦ ਦਿੰਦੀਆਂ
ਵਾਰੋ ਵਾਰੀ ਸਾਰਿਆਂ ਨੇ ਫੱਤੇਵਾਲੀਆ 'ਛੱਡ ਜਾਣੇ ਚੋਲੇ' ਜੀ
ਧਿਆਨ ਲਾ ਕੇ ਸੁਣ ਲਓ ਨਿਹੰਗ ਸਿੰਘਾਂ ਦੇ ਗੜਗੱਜ ਬੋਲੇ ਜੀ
-ਗੁਰਚੇਤ ਸਿੰਘ ਫੱਤੇਵਾਲੀਆ
ਇੰਚਾਰਜ, ਉਪ ਦਫ਼ਤਰ ਮਾਨਸਾ।
ਮੋਬਾ: 94177-74558