ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-01-2021

ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ

Ad Position 21
No active advertisement
ਅਜੀਤ ਡੈਸਕ 20-01-2021

ਮਨੁੱਖੀ ਹੱਕਾਂ ਦੀ ਬਹਾਲੀ ਅਤੇ ਮਨੁੱਖਾਂ ਦੀ ਧਾਰਮਿਕ ਆਜ਼ਾਦੀ ਲਈ ਆਪਣਾ ਸਮੁੱਚਾ ਪਰਿਵਾਰ ਵਾਰਨ ਵਾਲੀ ਉੱਚੀ-ਸੁੱਚੀ ਸ਼ਖ਼ਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ 5 ਜਨਵਰੀ 1666 ਈ: ਨੂੰ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ। ਆਪ ਜੀ ਦਾ ਨਾਂਅ ਗੋਬਿੰਦ ਰਾਏ ਰੱਖਿਆ ਗਿਆ। ਗੁਰੂ ਜੀ ਦਾ ਵਿਆਹ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਹੋਇਆ। ਆਪ ਜੀ ਦੇ ਘਰ ਚਾਰ ਪੁੱਤਰਾਂ ਸਹਿਬਜ਼ਾਦਾ ਅਜੀਤ ਸਿੰਘ, ਸਹਿਬਜ਼ਾਦਾ ਜੁਝਾਰ ਸਿੰਘ, ਸਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਹਿਬਜ਼ਾਦਾ ਫ਼ਤਹਿ ਸਿੰਘ ਨੇ ਜਨਮ ਲਿਆ। ਗੁਰੂ ਜੀ ਦੇ ਬਚਪਨ ਦੇ ਪੰਜ/ਛੇ ਸਾਲ ਪਟਨਾ ਸਾਹਿਬ ਵਿਖੇ ਹੀ ਬੀਤੇ । ਆਪ ਜੀ ਨੇ ਆਪਣੀ ਵਿੱਦਿਆ ਅਨੰਦਪੁਰ ਸਾਹਿਬ ਵਿਖੇ ਚੰਗੀ ਪਾਠਸ਼ਾਲਾ ਤੋਂ ਕੀਤੀ। ਇਨ੍ਹਾਂ ਵਿਚ ਹੀ ਗੁਰੂ ਜੀ ਨੇ ਸੰਸਕ੍ਰਿਤ ਅਤੇ ਫਾਰਸੀ ਦੀ ਪੜ੍ਹਾਈ ਕੀਤੀ। ਗੁਰਮੁਖੀ ਅਤੇ ਧਾਰਮਿਕ ਗਿਆਨ ਮਾਤਾ ਜੀ ਤੋਂ ਹੀ ਪ੍ਰਾਪਤ ਕੀਤਾ। ਗੁਰਬਾਣੀ ਦਾ ਅਧਿਐਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਾਰੇ ਸਿਖਿਆ ਮੁਨਸ਼ੀ ਸਾਹਿਬ ਚੰਦ ਕੋਲੋਂ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਸ਼ਾਸਤਰ ਵਿੱਦਿਆ ਅਤੇ ਘੋੜ ਸਵਾਰੀ ਵੀ ਸਿੱਖੀ।
ਗੁਰੂ ਜੀ ਬਚਪਨ ਤੋਂ ਹੀ ਆਪਣੇ ਹਾਣੀਆਂ ਨਾਲ ਟੋਲੀਆਂ ਦੇ ਰੂਪ ਵਿਚ ਫ਼ਰਜ਼ੀ ਲੜਾਈਆਂ ਕਰਦੇ ਰਹਿੰਦੇ ਸਨ। ਜਦ ਆਪ ਜੀ ਦੀ ਉਮਰ ਨੌਂ ਸਾਲ ਦੀ ਸੀ ਤਾਂ ਉਨ੍ਹਾਂ ਨੇ ਪਿਤਾ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਨੂੰ ਸ਼ਹਾਦਤ ਦੇਣ ਲਈ ਦਿੱਲੀ ਭੇਜਿਆ। ਸ਼ਹਾਦਤ ਪ੍ਰਾਪਤ ਕਰ ਜਾਣ 'ਤੇ ਸਾਰੀ ਜ਼ਿੰਮੇਵਾਰੀ ਆਪ ਜੀ 'ਤੇ ਆਣ ਪਈ। ਇਸ ਉਪਰੰਤ ਕੁਝ ਦਿਨਾਂ ਬਾਅਦ (1675 ਈ:) ਵਿਚ ਬਾਲਗ ਉਮਰੇ ਹੀ ਸੰਗਤ ਦੀ ਅਗਵਾਈ ਵਿਚ ਗੁਰੂਗੱਦੀ ਸੰਭਾਲ ਲਈ। ਉਸ ਸਮੇਂ ਗੁਰੂ ਜੀ ਸਾਹਮਣੇ ਤਿੰਨ ਵਿਰੋਧੀ ਤਾਕਤਾਂ ਔਰਗਜ਼ੇਬ, ਪਹਾੜੀ ਹਿੰਦੂ ਰਾਜੇ ਅਤੇ ਪ੍ਰਿਥੀਏ, ਧੀਰ ਮੱਲੀਏ, ਰਾਮ ਰਾਈਆਂ ਦਾ ਬੋਲਬਾਲਾ ਸੀ। ਉਸ ਸਮੇਂ ਗੁਰੂ ਜੀ ਨੂੰ ਇਨ੍ਹਾਂ ਤਿੰਨਾਂ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਲਈ ਸਾਥੀਆਂ, ਫ਼ੌਜ ਅਤੇ ਲੜਾਈਆਂ ਲਈ ਹਥਿਆਰਾਂ ਦੀ ਕਾਫ਼ੀ ਘਾਟ ਸੀ। ਜਦ ਗੁਰੂ ਜੀ ਨੂੰ ਪਤਾ ਚੱਲਿਆ ਕਿ ਨੌਵੇਂ ਗੁਰੂ ਜੀ ਦੀ ਸ਼ਹਾਦਤ ਤੇ ਸਿੱਖਾਂ ਦੇ ਦਿਲਾਂ ਵਿਚ ਇਨ੍ਹਾਂ ਡਰ ਪੈਦਾ ਹੋ ਗਿਆ ਤਾਂ ਇਸ ਗੱਲ ਦਾ ਗੁਰੂ ਜੀ ਨੂੰ ਬਹੁਤ ਦੁੱਖ ਹੋਇਆ। ਇਨ੍ਹਾਂ ਤਿੰਨਾਂ ਤਾਕਤਾਂ ਨੂੰ ਠੱਲ੍ਹ ਪਾਉਣ ਲਈ ਗੁਰੂ ਜੀ ਨੇ ਪੱਕਾ ਮਨ ਬਣਾ ਲਿਆ ਸੀ ਅਤੇ ਇਸ ਲਈ ਉਨ੍ਹਾਂ ਨੇ ਅਜਿਹੇ ਸੂਰਮਿਆਂ ਦੀ ਫ਼ੌਜ ਤਿਆਰ ਕਰਨੀ ਸ਼ੂਰੂ ਕਰ ਦਿੱਤੀ। ਜਿਨ੍ਹਾਂ ਦੇ ਹੱਥਾਂ ਵਿਚ ਤਲਵਾਰਾਂ, ਦਿਲਾਂ ਵਿਚ ਦਇਆ, ਧਰਮ, ਸੰਤੋਖ ਹੋਵੇ ਅਤੇ ਉਹ ਹੋ ਰਹੇ ਅੱਤਿਆਚਾਰ ਨੂੰ ਠੱਲ੍ਹ ਪਾਉਣ ਲਈ ਆਪਣੀਆਂ ਜਾਨਾਂ ਵਾਰ ਦੇਣ ਲਈ ਤੱਤਪਰ ਹੋਣ। ਗੁਰੂ ਜੀ ਨੇ ਆਪਣੀ ਇਸ ਇਨਕਲਾਬੀ ਯੋਜਨਾ ਨੂੰ ਸਿਰੇ ਚਾੜ੍ਹਣ ਲਈ ਲੋਕਾਂ ਵਿਚ ਗ਼ੁਲਾਮੀ ਵਾਲੀ ਮਾਨਸਿਕਤਾ ਨੂੰ ਬਦਲ ਕੇ ਆਜ਼ਾਦ ਕੌਮ ਵਾਲੀ ਸੋਚ ਉਨ੍ਹਾਂ ਦੇ ਮਨਾਂ ਵਿਚ ਭਰਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਨੇ ਦੇਸ਼ ਭਰ ਦੇ ਕਵੀਆਂ ਨੂੰ ਖੁੱਲ੍ਹਾ ਬੁਲਾਵਾ ਦਿੱਤਾ ਅਤੇ ਉਸ ਸਮੇਂ ਦੇ ਉੱਘੇ 52 ਕਵੀਆਂ ਤੋਂ ਗੁਰੂ ਜੀ ਨੇ ਆਪਣੇ ਦਰਬਾਰ ਵਿਚ ਪੁਰਾਤਨ ਧਰਮ ਗ੍ਰੰਥਾਂ ਦਾ ਅਨੁਵਾਦ ਕਰਵਾਇਆ। ਗੁਰੂ ਜੀ ਨੇ ਆਪਣੇ ਜੀਵਨਕਾਲ ਦੌਰਾਨ ਧਰਮ ਨੂੰ ਬਚਾਉਣ ਲਈ ਅਨੇਕਾਂ ਲੜਾਈਆਂ, ਜਿਨ੍ਹਾਂ ਵਿਚ ਭੰਗਾਣੀ ਦਾ ਯੁੱਧ, ਨਾਦੌਣ ਦਾ ਯੁੱਧ, ਗੁਲੇਰ ਯੁੱਧ ਆਦਿ ਯੁੱਧ ਲੜੇੇ।
ਗੁਰੂ ਜੀ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇੇ ਭਾਰੀ ਇੱਕਠ ਵਿਚੋਂ ਇੱਕ-ਇੱਕ ਕਰਕੇ ਪੰਜ ਸੀਸਾਂ ਦੀ ਮੰਗ ਕੀਤੀ ਤਾਂ ਭਾਈ ਦਇਆ ਰਾਮ ਖੱਤਰੀ, ਭਾਈ ਧਰਮ ਦਾਸ, ਭਾਈ ਹਿੰਮਤ ਰਾਏ, ਮੁਹਕਮ ਚੰਦ ਅਤੇ ਭਾਈ ਸਾਹਿਬ ਚੰਦ ਕ੍ਰਮਵਾਰ ਸੀਸ ਦੇਣ ਲਈ ਗੁਰੂ ਜੀ ਪਾਸ ਗਏ ਜੋ ਵੱਖ ਵੱਖ ਜਾਤੀਆਂ ਨਾਲ ਸਬੰਧ ਰਖਦੇ ਸਨ। ਗੁਰੂ ਜੀ ਨੇ ਆਪਣਾ ਸਿਰ ਤਲੀ 'ਤੇ ਧਰ ਕੇ ਮੈਦਾਨ ਵਿਚ ਨਿੱਤਰੇ ਇਨ੍ਹਾਂ ਪੰਜ ਪਿਆਰਿਆਂ ਦੀ ਸਥਾਪਤੀ ਕਰਦਿਆਂ ਇਕ ਨਵੀਂ ਸਿੱਖ ਕੌਮ ਦੀ ਸਥਾਪਨਾ ਕੀਤੀ।
ਆਪਣੇ ਹੱਥੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਉਣ ਉਪਰੰਤ ਪੰਜ ਪਿਆਰਿਆਂ ਪਾਸੋਂ ਖੁਦ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਗੁਰੂ ਜੀ ਨੇ ਫੁਰਮਾਇਆ ਕਿ ਇਹ ਸੂਰਮਿਆਂ ਦੀ ਨਵੀਂ ਖਾਲਸਾ ਕੌਮ ਬਣ ਗਈ ਹੈ। ਹੁਣ ਇਨ੍ਹਾਂ ਪੰਜਾਂ ਸਿੰਘ ਦੇ ਨਾਮ ਦਇਆ ਸਿੰਘ,ਧਰਮ ਸਿੰਘ, ਹਿੰਮਤ ਸਿੰਘ, ਮੁਹਕਮ ਸਿੰਘ ਅਤੇ ਸਾਹਿਬ ਸਿੰਘ ਹੋ ਗਏ ਹਨ। ਗੁਰੂ ਜੀ ਨੇ ਫਰਮਾਨ ਕੀਤਾ ਕਿ ਅੱਜ ਤੋਂ ਹੀ ਪਿਛਲੇ ਭੇਦ ਭਾਵ, ਊਚ-ਨੀਚ ਛੱਡ ਕੇ ਹੁਣ ਖਾਲਸਾ ਪੰਥ ਹੀ ਤੁਹਾਡੀ ਕੌਮ ਤੇ ਜਾਤ ਹੈ। ਤੁਸੀ ਪਰਉਪਕਾਰੀ ਸੂਰਮੇ, ਦਇਆਦਾਨੀ ਬਣ ਗਏ ਹੋ ਤੁਸੀ ਕਿਸੇ ਵੀ ਮਜ਼ਲੂਮ ਉੱਪਰ ਜ਼ੁਲਮ ਨਹੀਂ ਕਰਨਾ ਅਤੇ ਨਾ ਹੀ ਜ਼ੁਲਮ ਸਹਿਣ ਕਰਨਾ ਹੈ, ਸਗੋਂ ਉਸ ਦਾ ਡਟ ਕੇ ਮੁਕਾਬਲਾ ਕਰਨਾ ਹੈ। ਇਸ ਖ਼ਾਲਸਾ ਧਰਮ ਲਈ ਤੁਹਾਨੂੰ ਆਪਣੀਆਂ ਜਾਨਾਂ ਵਾਰਨ ਦੀ ਲੋੜ ਵੀ ਪੈ ਸਕਦੀ ਹੈ ਪਰ ਧਰਮ ਤੇ ਪ੍ਰਪੱਕ ਰਹਿਣ ਦੇ ਉਪਦੇਸ਼ ਦਿੱਤੇ। ਗੁਰੂ ਜੀ ਦੇ ਮੁਗ਼ਲਾਂ ਨਾਲ ਯੁੱਧ ਹੁੰਦੇ ਰਹੇ ਤੇ ਗੁਰੂ ਜੀ ਨੇ ਸਿੱਖ ਧਰਮ ਦੀ ਸਲਾਮਤੀ ਲਈ ਆਪਣੇ ਵੱਡੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਆਪਣੇ ਹੱਥੀਂ ਤਿਆਰ ਕਰਕੇ ਜੰਗ ਦੇ ਮੈਦਾਨ ਵਿਚ ਤੋਰਿਆ ਤੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦੀਆਂ ਪ੍ਰਾਪਤ ਕਰਦਿਆਂ ਵੇਖਿਆ।
ਆਪ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਰਹੰਦ ਦੇ ਨਵਾਬ ਨੇ ਫੜ ਕੇ ਧਰਮ ਬਦਲਣ ਬਾਰੇ ਕਿਹਾ ਕਿ ਤੁਸੀਂ ਮੁਸਲਮਾਨ ਬਣ ਜਾਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਗੁਰੂ ਦੇ ਲਾਡਲੇ ਸਾਹਿਬਜ਼ਾਦਿਆਂ ਨੇ ਬੁਲੰਦ ਆਵਾਜ਼ ਵਿਚ ਕਿਹਾ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮੌਤ ਤੋਂ ਨਹੀਂ ਡਰਦੇ, ਸਾਨੂੰ ਸਾਡਾ ਧਰਮ ਪਿਆਰਾ ਹੈ। ਮੁਗਲਾਂ ਨੇ ਆਖਿਰ ਸਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ। ਮਾਤਾ ਗੁਜਰ ਕੌਰ ਜੀ ਨੇ ਠੰਢੇ ਬੁਰਜ ਵਿਚ ਪ੍ਰਾਣ ਤਿਆਗ ਕੇ ਸ਼ਹੀਦੀ ਦੇ ਦਿੱਤੀ। ਜਦ ਗੁਰੂ ਸਾਹਿਬ ਜੀ ਨੂੰ ਖਬਰ ਮਿਲੀ ਕੇ ਸਰਹੰਦ ਦੇ ਨਵਾਬ ਦੇ ਹੁਕਮ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਗੁਰੂ ਜੀ ਨੇ ਇਹ ਸਾਰੀ ਵਾਰਤਾ ਸੁਣ ਕੇ ਇੱਕ ਬੂਟਾ ਪੁੱਟਿਆ ਤੇ ਫੁਰਮਾਨ ਕੀਤਾ ਕਿ ਹੁਣ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ ਹੈ। ਇਹ ਵਾਕ ਵੀ ਸੱਚ ਸਿੱਧ ਹੋਏ। ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿਚ ਦੀ ਹੁੰਦੇ ਹੋਏ ਨੰਦੇੜ ਜਾ ਪੁੱਜੇ, ਇਥੇ ਉਨ੍ਹਾਂ ਦਾ ਮਿਲਾਪ ਮਾਧੋਦਾਸ ਵੈਰਾਗੀ ਨਾਲ ਹੋਇਆ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂਅ ਮਾਧੋਦਾਸ ਤੋਂ ਬਦਲ ਕੇ ਬੰਦਾ ਸਿੰਘ ਰੱਖ ਦਿੱਤਾ ਤੇ ਮੁਗਲਾਂ ਦਾ ਖਾਤਮਾ ਕਰਨ ਲਈ ਗੁਰੂ ਜੀ ਨੇ ਆਪਣੇ ਭੱਥੇ ਵਿਚੋਂ ਕੁਝ ਤੀਰ ਅਤੇ ਪੰਜ ਸਿੰਘਾਂ ਦਾ ਜਥਾ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਹਰ ਕੰਮ ਕਰਨ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਹੀ ਆਰੰਭ ਕਰਨਾ ਹੈ। ਗੁਰੂ ਜੀ ਨੇ ਇਹ ਬਚਨ ਦੇ ਕੇ ਇਸ ਜਥੇ ਨੂੰ ਮੁਗਲਾਂ ਦੇ ਖਾਤਮੇ ਲਈ ਪੰਜਾਬ ਰਵਾਨਾ ਕਰ ਦਿੱਤਾ। ਸ੍ਰੀ ਨਾਂਦੇੜ ਸਾਹਿਬ ਵਿਖੇ ਗੁਰੂ ਜੀ ਨੇ ਸੰਗਤ ਨੂੰ ਇੱਕਠਿਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਦੇਹਧਾਰੀ ਗੁਰੂ ਦੀ ਬਜਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਗੁਰੂ ਜੀ 7 ਅਕਤੂਬਰ 1708 ਈ: ਨੂੰ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।

-ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ, ਪੰਜਾਬ-151102
ਮੋਬਾਈਲ: 94170-79435
ਮੇਲ : jivansidhus@gmail.com

Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਸ੍ਰੀ ਦਸਮੇਸ਼ ਪਿਤਾ ਅਗਲੀ ਖ਼ਬਰ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ
Ad Position 24
No active advertisement