ਇਸ ਸੰਸਾਰ ਵਿਚ ਜਦੋਂ ਵੀ ਧਰਮ ਦੀ ਹਾਨੀ ਹੋਈ, ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਹੋਇਆ ਅਤੇ ਜ਼ੁਲਮ ਨੇ ਪੈਰ ਪਸਾਰੇ ਤਾਂ ਪਰਮਾਤਮਾ ਨੇ ਕਿਸੇ ਨਾ ਕਿਸੇ ਪੈਗੰਬਰ ਨੂੰ ਇਸ ਧਰਤੀ ਉੱਤੇ ਭੇਜਿਆ ਤਾਂ ਜੋ ਕੁਰਾਹੇ ਪਈ ਲੋਕਾਈ ਨੂੰ ਸਿੱਧਾ ਰਾਹ ਵਿਖਾਇਆ ਜਾ ਸਕੇ। ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਿਲਕੁਲ ਹੀ ਨਿਵੇਕਲੇ ਪੈਗੰਬਰ ਹੋਏ ਹਨ ਜਿਨ੍ਹਾਂ ਦਾ ਸਾਨੀ ਇਸ ਸੰਸਾਰ ਵਿਚ ਕੋਈ ਨਹੀਂ ਹੋਇਆ ਤੇ ਸ਼ਾਇਦ ਕੋਈ ਹੋਵੇਗਾ ਵੀ ਨਹੀਂ। ਗੁਰੂ ਜੀ ਸੰਸਾਰ ਦੇ ਪਹਿਲੇ ਯੁੱਗ ਪੁਰਸ਼ ਹੋਏ ਹਨ ਜਿਨ੍ਹਾਂ ਨੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਇਨਕਲਾਬ ਸਿਰਜਿਆ। ਜਦੋਂ ਤੋਂ ਸੰਸਾਰ ਵਿਚ ਮਨੁੱਖੀ ਸਮਾਜ ਹੋਂਦ ਵਿਚ ਆਇਆ ਹੈ ਮਨੁੱਖਾਂ ਵਿਚ ਵਿਤਕਰਾ ਬਣਿਆ ਹੋਇਆ ਹੈ। ਦਾਸ ਦਾਸੀਆਂ ਦੀ ਪ੍ਰਥਾ ਮੁੜ ਕਦੀਮ ਤੋਂ ਹੈ। ਜਦੋਂ ਦਸਮੇਸ਼ ਪਿਤਾ ਜੀ ਦਾ ਆਗਮਨ ਹੋਇਆ ਉਦੋਂ ਮਨੁੱਖੀ ਸਮਾਜ ਬੁਰੀ ਤਰ੍ਹਾਂ ਊਚ-ਨੀਚ ਤੇ ਜਾਤ-ਪਾਤ ਦੇ ਬੰਧਨਾਂ ਵਿਚ ਬੱਝਿਆ ਹੋਇਆ ਸੀ। ਲੋਕਾਈ ਦੀ ਬਹੁਗਿਣਤੀ ਨੂੰ ਸ਼ੂਦਰ ਆਖ ਪਸ਼ੂਆਂ ਨਾਲੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਸ ਨਾਬਰਾਬਰੀ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਵਲੋਂ ਵਿੱਢੀ ਮੁਹਿੰਮ ਨੂੰ ਅਮਲੀ ਰੂਪ ਦੇ ਕੇ ਗੁਰੂ ਜੀ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਵਿਚੋਂ ਮਨੁੱਖੀ ਵਿਤਕਰੇ ਨੂੰ ਮੇਟ ਸਭਨਾਂ ਨੂੰ ਬਰਾਬਰੀ ਦੀ ਬਖ਼ਸ਼ਿਸ਼ ਕੀਤੀ। ਉਨ੍ਹਾਂ ਆਪਣੇ ਕਥਨ 'ਮਾਨਸ ਕੀ ਜਾਤਿ ਸਬੈ ਏੇਕੈ ਪਹਿਚਾਨਬੋ' ਨੂੰ ਅਮਲੀ ਰੂਪ ਦਿੱਤਾ। ਧਰਮ, ਜਾਤ, ਰੰਗ, ਨਸਲ, ਅਮੀਰੀ ਆਦਿ ਕਾਰਨ ਪਏ ਮਨੁੱਖੀ ਵਿਤਕਰਿਆਂ ਨੂੰ ਇਕੋ ਝਟਕੇ ਨਾਲ ਤੋੜ ਸਭਨਾਂ ਨੂੰ ਇਕੋ ਨਾਂਅ ਅਤੇ ਸਰੂਪ ਦੀ ਬਖ਼ਸ਼ਿਸ਼ ਕੀਤੀ। ਉਨ੍ਹਾਂ ਕੇਵਲ ਸਮਾਜਿਕ ਬਰਾਬਰੀ ਹੀ ਸਥਾਪਿਤ ਨਹੀਂ ਕੀਤੀ ਸਗੋਂ ਅੰਮ੍ਰਿਤ ਦੀ ਦਾਤ ਨਾਲ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਤੇ ਨਿਓਟਿਆਂ ਨੂੰ ਓਟ ਪ੍ਰਦਾਨ ਕੀਤੀ। ਜਿਹੜੇ ਲੋਕ ਆਪਣੇ ਆਪ ਨੂੰ ਨਿਮਾਣੇ, ਨਿਤਾਣੇ ਅਤੇ ਲਿਤਾੜੇ ਹੋਏ ਸਮਝ ਨਰਕ ਦਾ ਜੀਵਨ ਜੀ ਰਹੇ ਸਨ ਉਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਸੱਚ ਤੇ ਹੱਕ ਦੀ ਲੜਾਈ ਲਈ ਆਪਣੇ ਆਪ ਨੂੰ ਤਿਆਰ ਕੀਤਾ। ਇਨ੍ਹਾਂ ਕਿਰਤੀਆਂ ਨੇ ਜਦੋਂ ਹਥਿਆਰ ਚੁੱਕੇ ਤਾਂ ਉਸ ਵੇਲੇ ਸਭ ਤੋਂ ਵੱਡੀ ਜ਼ਾਲਿਮ ਹਕੂਮਤ ਦਾ ਤਖ਼ਤਾ ਪਲਟ ਕੇ ਰੱਖ ਦਿੱਤਾ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਸਿੰਘ ਸਜੇ ਲੋਕੀਂ ਸੰਤ ਸਿਪਾਹੀ ਦਾ ਰੂਪ ਧਾਰ ਲੈਂਦੇ ਸਨ। ਇਹ ਵੀ ਸਿੱਧ ਹੋਇਆ ਕਿ ਜਦੋਂ ਲੋਕ ਜਾਗਦੇ ਹਨ ਤਾਂ ਉਨ੍ਹਾਂ ਦੇ ਜੋਸ਼ ਨੂੰ ਤਾਕਤ ਦਾ ਮਜ਼ਬੂਤ ਤੋਂ ਮਜ਼ਬੂਤ ਬੰਧ ਵੀ ਰੋਕ ਨਹੀਂ ਸਕਦਾ।
ਗੁਰੂ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਰੇ ਦੀਵਾਨ ਵਿਚ ਮਿਆਨ ਵਿਚੋਂ ਲਿਸ਼ਕਦੀ ਤਲਵਾਰ ਕੱਢ ਕੇ ਇਕ ਸਿਰ ਦੀ ਮੰਗ ਕੀਤੀ ਜਿਹੜਾ ਉਨ੍ਹਾਂ ਦੀ ਤਲਵਾਰ ਦੀ ਆਪਣੇ ਖ਼ੂਨ ਨਾਲ ਪਿਆਸ ਮਿਟਾਵੇ। ਇੰਝ ਉਨ੍ਹਾਂ ਨੇ ਪੰਜ ਜ਼ਿੰਦਾ ਸ਼ਹੀਦਾਂ ਦੀ ਚੋਣ ਕੀਤੀ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਨਾਲ ਸਿੰਘ ਸਜਾ ਕੇ ਪੰਜ ਪਿਆਰਿਆਂ ਦਾ ਨਾਂਅ ਦਿੱਤਾ। ਗੁਰੂ ਜੀ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਆਪਣੇ ਆਪ ਨੂੰ ਉਸੇ ਪੰਗਤੀ ਵਿਚ ਖੜ੍ਹਾ ਕਰ ਦਿੱਤਾ। ਪੰਜਾਂ ਪਿਆਰਿਆਂ ਤੋਂ ਆਪ ਨੇ ਅੰਮ੍ਰਿਤ ਛਕ ਕੇ ਗੁਰੂ ਚੇਲੇ ਦੇ ਫ਼ਰਕ ਨੂੰ ਮੇਟਿਆ। ਗੁਰੂ ਜੀ ਨੇ ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗੀ ਤਾਂ ਅਗੋਂ ਉਨ੍ਹਾਂ ਆਖਿਆ, 'ਗੁਰੂ ਜੀ ਅਸੀਂ ਇਹ ਦਾਤ ਆਪਣਾ ਸੀਸ ਭੇਟ ਕਰ ਕੇ ਪ੍ਰਾਪਤ ਕੀਤੀ ਹੈ, ਤੁਸੀਂ ਕੀ ਭੇਟ ਕਰੋਗੇ।' ਗੁਰੂ ਜੀ ਦਾ ਉਤਰ ਸੀ, 'ਤੁਸੀਂ ਤਾਂ ਆਪਣਾ ਹੀ ਸੀਸ ਭੇਟਾ ਕੀਤਾ ਹੈ ਮੈਂ ਤਾਂ ਆਪਣਾ ਸਾਰਾ ਸਰਬੰਸ ਹੀ ਭੇਟ ਕਰ ਦਿੱਤਾ ਹੈ। ਗੁਰੂ ਜੀ ਕੇਵਲ ਨੌ ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹੀਦੀ ਦੇਣ ਦਿੱਲੀ ਤੋਰਿਆ ਸੀ। ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿਖੇ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਧਰਮ ਯੁੱਧ ਵਿਚ ਸ਼ਹੀਦ ਹੋਣ ਲਈ ਭੇਜਿਆ। ਉਨ੍ਹਾਂ ਦੇ ਦੋਵੇਂ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਦੀ ਉਮਰ ਮਸਾਂ ਪੰਜ ਤੇ ਸੱਤ ਸਾਲ ਸੀ ਸੂਬਾ ਸਰਹਿੰਦ ਨੇ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕੀਤਾ। ਉਥੇ ਹੀ ਗੁਰੂ ਜੀ ਦੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਜੀ ਨੇ ਤਲਵਾਰ ਨੂੰ ਕ੍ਰਿਪਾਨ ਦੇ ਰੂਪ ਵਿਚ ਸਾਰੇ ਸਿੰਘਾਂ ਲਈ ਪਹਿਨਣਾ ਲਾਜ਼ਮੀ ਕਰ ਦਿੱਤਾ ਤਾਂ ਜੋ ਲੋੜ ਪੈਣ 'ਤੇ ਇਸ ਦੀ ਵਰਤੋਂ ਜ਼ੁਲਮ ਵਿਰੁੱਧ ਕੀਤੀ ਜਾ ਸਕੇ। ਸੰਸਾਰ ਵਿਚੋਂ ਸ਼ਖ਼ਸੀ ਰਾਜ ਦੇ ਜ਼ੁਲਮ ਨੂੰ ਖ਼ਤਮ ਕਰ ਕੇ ਪੰਚਾਇਤੀ ਰਾਜ ਆਧਾਰਿਤ ਲੋਕਰਾਜ ਦੀ ਨੀਂਹ ਰੱਖੀ। ਸਾਰੇ ਫ਼ੈਸਲੇ ਸੱਚੇ ਤੇ ਸੁੱਚੇ ਚੁਣੇ ਗਏ ਪੰਜ ਲੋਕ ਆਗੂਆਂ ਰਾਹੀਂ ਕਰਨ ਦੀ ਪਿਰਤ ਪਾਈ। ਖ਼ਾਲਸਾ ਰਾਜ ਦਾ ਸੰਕਲਪ ਅਤੇ ਖ਼ਾਲਸੇ ਦੀ ਸਿਰਜਣਾ ਇਕ ਨਵੇਂ ਇਨਕਲਾਬ ਦਾ ਆਰੰਭ ਸੀ। ਇੰਝ ਦਸਮੇਸ਼ ਪਿਤਾ ਜੀ ਨੇ ਸੰਸਾਰ ਵਿਚ ਰਾਜਨੀਤਕ, ਸਮਾਜਿਕ ਅਤੇ ਸਭਿਆਚਾਰਕ ਇਨਕਲਾਬ ਸਿਰਜਿਆ।
ਗੁਰੂ ਸਾਹਿਬ ਸਮੇਂ ਔਰਤ ਨੂੰ ਸਮਾਜ ਵਿਚ ਬਰਾਬਰੀ ਨਹੀਂ ਸੀ। ਕੁੜੀ ਦੇ ਜਨਮ ਲੈਂਦਿਆਂ ਹੀ ਉਸ ਨੂੰ ਮਾਰਨ ਦਾ ਯਤਨ ਕੀਤਾ ਜਾਂਦਾ ਸੀ। ਗੁਰੂ ਜੀ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਹੁਕਮ ਜਾਰੀ ਕੀਤਾ ਕਿ ਜਿਹੜਾ ਕੁੜੀ ਦੀ ਹੱਤਿਆ ਕਰਦਾ ਹੈ ਉਹ ਮੇਰਾ ਸਿੰਘ ਨਹੀਂ ਹੋ ਸਕਦਾ। ਇਥੋਂ ਤੱਕ ਕਿ ਉਨ੍ਹਾਂ ਆਪਣੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਕੁੜੀ ਮਾਰਨ ਵਾਲੇ ਨਾਲ ਕਿਸੇ ਕਿਸਮ ਦਾ ਕੋਈ ਸਬੰਧ ਨਾ ਰੱਖਿਆ ਜਾਵੇ। ਪਰਾਈ ਇਸਤਰੀ ਵੱਲ ਭੈੜੀ ਨਜ਼ਰ ਰੱਖਣ ਵਾਲਾ ਤੇ ਨਸ਼ਿਆਂ ਦਾ ਸੇਵਨ ਕਰਨ ਵਾਲਾ ਗੁਰੂ ਦਾ ਸਿੰਘ ਨਹੀਂ ਹੋ ਸਕਦਾ। ਸੱਚ ਤੇ ਹੱਕ ਦੀ ਕਮਾਈ ਖਾਣ ਵਾਲਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਹੀ ਗੁਰੂ ਜੀ ਦਾ ਸਿੰਘ ਹੋ ਸਕਦਾ ਹੈ। ਗੁਰੂ ਜੀ ਵਲੋਂ ਬਖ਼ਸ਼ੀ ਸ਼ਕਤੀ ਹੀ ਸੀ ਜਿਸ ਨੇ ਬੀਬੀਆਂ ਵਿਚ ਦਲੇਰੀ ਭਰੀ। ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਸ਼ਾਹੀ ਫ਼ੌਜ ਦੇ ਘੇਰੇ ਨੂੰ ਤੋੜ ਸਸਕਾਰ ਕਰਨ ਵਾਲੀ ਬੀਬੀ ਸ਼ਰਨ ਕੌਰ ਹੀ ਸੀ। ਮੁਕਤਸਰ ਦੇ ਮੈਦਾਨ ਵਿਚ ਲੋਕ ਸ਼ਕਤੀ ਦੀ ਹੋਈ ਜਿੱਤ ਵਿਚ ਮਾਈ ਭਾਗ ਕੌਰ ਦੀ ਅਹਿਮ ਭੂਮਿਕਾ ਸੀ।
ਗੁਰੂ ਜੀ ਨੇ ਜਿਥੇ ਯੁੱਗ ਪਲਟਾਇਆ, ਸਮਾਜ ਬਦਲਿਆ, ਸਮਾਜ ਨੂੰ ਲੋਕਰਾਜ ਤੇ ਬਰਾਬਰੀ ਦੀ ਬਖ਼ਸ਼ਿਸ਼ ਕੀਤੀ ਉਥੇ ਗੁਰੂ ਚੇਲੇ ਦੇ ਅੰਤਰ ਨੂ ਵੀ ਮੇਟਿਆ। ਗੁਰੂ ਜੀ ਨੇ ਕਈ ਭਾਸ਼ਾਵਾਂ ਵਿਚ ਬਾਣੀ ਦੀ ਰਚਨਾ ਕੀਤੀ। ਉਨ੍ਹਾਂ ਦੀ ਬਾਣੀ ਜਾਪੁ ਸਾਹਿਬ ਨੂੰ ਪਰਮਾਤਮਾ ਦੀ ਉਸਤਤਿ ਦਾ ਸਭ ਤੋਂ ਵੱਡਾ ਖ਼ਜ਼ਾਨਾ ਮੰਨਿਆ ਜਾਂਦਾ ਹੈ। ਅਜਿਹੀ ਸੰਪੂਰਨ ਪਰਿਭਾਸ਼ਾ ਅੱਜ ਤੱਕ ਕਿਸੇ ਨਹੀਂ ਦਿੱਤੀ ਤੇ ਸ਼ਾਇਦ ਹੋਰ ਕੋਈ ਦੇ ਵੀ ਨਾ ਸਕੇ। ਫ਼ਾਰਸੀ ਵਿਚ ਔਰੰਗਜ਼ੇਬ ਨੂੰ ਲਿਖੇ ਜਫ਼ਰਨਾਮੇ ਵਿਚ ਉਸ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਕਰਵਾਇਆ ਤੇ ਉਸ ਆਪਣੀ ਭੁੱਲ ਬਖ਼ਸ਼ਾਉਣ ਲਈ ਗੁਰੂ ਜੀ ਦੇ ਦਰਸ਼ਨਾਂ ਲਈ ਬੇਨਤੀ ਕੀਤੀ। ਚਾਰ ਦਹਾਕਿਆਂ ਦੀ ਉਮਰ ਵਿਚ ਜਿਤਨੇ ਮਹਾਨ ਕਾਰਜ ਗੁਰੂ ਜੀ ਨੇ ਕੀਤੇ ਅੱਜ ਤੱਕ ਸੰਸਾਰ ਵਿਚ ਨਾ ਕੋਈ ਕਰ ਸਕਿਆ ਹੈ ਅਤੇ ਨਾ ਹੀ ਕਰ ਸਕੇਗਾ। ਸਾਰੇ ਸੰਸਾਰ ਦੇ ਚਿੰਤਕ ਅਤੇ ਵਿਗਿਆਨੀ ਹੈਰਾਨ ਹਨ ਕਿ ਇਹ ਸਭ ਕਿਵੇਂ ਹੋਇਆ। ਅਜਿਹਾ ਇਨਕਲਾਬ ਤਾਂ ਪਰਮਾਤਮਾ ਹੀ ਸਿਰਜ ਸਕਦਾ ਹੈ ਪਰ ਧੰਨ ਹਨ ਦਸਮੇਸ਼ ਪਿਤਾ ਜਿਨ੍ਹਾਂ ਹਮੇਸ਼ਾ ਆਪਣੇ ਆਪ ਨੂੰ ਪਰਮਾਤਮਾ ਦਾ ਦਾਸ ਅਤੇ ਸਿੰਘਾਂ ਨੂੰ ਆਪਣੀ ਸ਼ਕਤੀ ਆਖਿਆ। ਗੁਰੂ ਜੀ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਵਿਚੋਂ ਮਨੁੱਖੀ ਵਿਤਕਰੇ ਨੂੰ ਮੇਟ ਸਭਨਾਂ ਨੂੰ ਬਰਾਬਰੀ ਦੀ ਬਖ਼ਸ਼ਿਸ਼ ਕੀਤੀ। ਉਨ੍ਹਾਂ ਆਪਣੇ ਕਥਨ 'ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ' ਨੂੰ ਅਮਲੀ ਰੂਪ ਦਿੱਤਾ। ਧਰਮ, ਜਾਤ, ਰੰਗ, ਨਸਲ, ਅਮੀਰੀ ਆਦਿ ਕਾਰਨ ਪਏ ਮਨੁੱਖੀ ਵਿਤਕਰਿਆਂ ਨੂੰ ਇਕੋ ਝਟਕੇ ਨਾਲ ਤੋੜ ਸਭਨਾਂ ਨੂੰ ਇਕੋ ਨਾਮ ਅਤੇ ਸੂਰਪ ਦੀ ਬਖ਼ਸ਼ਿਸ਼ ਕੀਤੀ। ਉਨ੍ਹਾਂ ਕੇਵਲ ਸਮਾਜਿਕ ਬਰਾਬਰੀ ਹੀ ਸਥਾਪਿਤ ਨਹੀਂ ਕੀਤੀ ਸਗੋਂ ਅੰਮ੍ਰਿਤ ਦੀ ਦਾਤ ਨਾਲ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਤੇ ਨਿਓਟਿਆਂ ਨੂੰ ਓਟ ਪ੍ਰਦਾਨ ਕੀਤੀ।
ਸ਼ਹੀਦੀਆਂ ਵਿਚ ਵੀ ਗੁਰੂ ਸਾਹਿਬ ਨੇ ਸੰਸਾਰ ਵਿਚ ਨਵੀਂ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਆਪਣਾ ਸਾਰਾ ਸਰਬੰਸ ਕੌਮ ਦੇ ਲੇਖੇ ਲਗਾ ਦਿਤਾ। ਖ਼ਾਲਸੇ ਦੀ ਸਿਰਜਣਾ ਸਮੇਂ ਜਦੋਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਆਖਿਆ, 'ਗੁਰੂ ਜੀ ਅਸੀਂ ਇਹ ਦਾਤ ਆਪਣਾ ਸੀਸ ਭੇਟ ਕਰ ਕੇ ਪ੍ਰਾਪਤ ਕੀਤੀ ਹੈ। ਤੁਸੀਂ ਕੀ ਭੇਟ ਕਰੋਗੇ।' ਗੁਰੂ ਜੀ ਦਾ ਉੱਤਰ ਸੀ ਕਿ ਮੈਂ ਤਾਂ ਆਪਣਾ ਸਾਰਾ ਸਰਬੰਸ ਹੀ ਖ਼ਾਲਸੇ ਦੀ ਭੇਟਾ ਕਰ ਦਿੱਤਾ ਹੈ।
ਗੁਰੂ ਜੀ ਵਲੋਂ ਖ਼ਾਲਸੇ ਦੀ ਸਿਰਜਣਾ ਪਿਛੋਂ ਵੱਡੀ ਗਿਣਤੀ ਵਿਚ ਜ਼ੁਲਮ ਦੇ ਸਤਾਏ ਹੋਏ ਲੋਕ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਸਿੰਘ ਸਜਣ ਲਗ ਪਏ। ਇਸ ਇਨਕਲਾਬੀ ਤਬਦੀਲੀ ਨੇ ਮੌਕੇ ਦੇ ਸ਼ਾਸਕਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਭੈਭੀਤ ਕਰ ਦਿੱਤਾ। ਸ਼ਾਸਨ ਨੇ ਇਸ ਚੇਤਨਾ ਨੂੰ ਖ਼ਤਮ ਕਰਨ ਲਈ ਭਾਰੀ ਫ਼ੌਜਾਂ ਨਾਲ ਦਸਮੇਸ਼ ਦੇ ਗੜ੍ਹ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸ਼ਾਹੀ ਫ਼ੌਜਾਂ ਨੇ 1701 ਤੋਂ 1704 ਦੇ ਵਿਚਕਾਰ ਅਨੰਦਪੁਰ ਸਾਹਿਬ ਉਤੇ ਪੰਜ ਵਾਰ ਹਮਲਾ ਕੀਤਾ। ਚਾਰ ਲੜਾਈਆਂ ਵਿਚ ਸਿੰਘਾਂ ਨੇ ਵੈਰੀ ਦੇ ਦੰਦ ਖੱਟੇ ਕੀਤੇ। ਪੰਜਵੀਂ ਵਾਰ ਭਾਰੀ ਫ਼ੌਜ ਨਾਲ ਫਿਰ ਹਮਲਾ ਕੀਤਾ ਗਿਆ। ਇਹ ਮੁਕਾਬਲਾ ਛੇ ਮਹੀਨੇ ਚਲਦਾ ਰਿਹਾ। ਕੋਈ ਪੇਸ਼ ਨਾ ਜਾਂਦੀ ਵੇਖ ਹਾਕਮਾਂ ਵਲੋਂ ਇਹ ਪੇਸ਼ਕਸ਼ ਕੀਤੀ ਗਈ ਕਿ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣ ਤਾਂ ਲੜਾਈ ਹਮੇਸ਼ਾ ਲਈ ਬੰਦ ਹੋ ਜਾਵੇਗੀ। ਉਨ੍ਹਾਂ ਵਲੋਂ ਕਸਮਾਂ ਖਾਧੀਆਂ ਗਈਆਂ। ਖ਼ਾਲਸੇ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਅਜੇ ਸਿਰਸਾ ਨਦੀ ਦੇ ਕਿਨਾਰੇ ਹੀ ਪੁੱਜੇ ਸਨ ਕਿ ਸ਼ਾਹੀ ਫ਼ੌਜ ਨੇ ਆਪਣੇ ਵਾਹਿਦੇ ਤੋਂ ਮੁੱਕਰ ਗੁਰੂ ਜੀ ਉਤੇ ਹਮਲਾ ਕਰ ਦਿੱਤਾ। ਗੁਰੂ ਜੀ ਸਵੇਰ ਦਾ ਨਿਤ ਨੇਮ ਕਰ ਰਹੇ ਸਨ। ਗੁਰੂ ਜੀ ਦੇ ਸਿੰਘਾਂ ਨੇ ਸ਼ਾਹੀ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਤਾਂ ਜੋ ਗੁਰੂ ਜੀ ਨਿਤ ਨੇਮ ਪੂਰਾ ਕਰ ਲੈਣ। ਅਗੋਂ ਸਿਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਚੋਖਾ ਕੀਮਤੀ ਸਾਮਾਨ ਤੇ ਗੁਰੂ ਜੀ ਦੀ ਬਾਣੀ ਦਰਿਆ ਵਿਚ ਰੁੜ੍ਹ ਗਈ। ਗੁਰੂ ਜੀ ਰੋਪੜ ਪਹੁੰਚੇ ਹੀ ਸਨ, ਫ਼ੌਜ ਨੇ ਮੁੜ ਹਮਲਾ ਕਰ ਦਿੱਤਾ। ਇਥੇ ਵੀ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਇਥੋਂ ਗੁਰੂ ਜੀ ਚਮਕੌਰ ਸਾਹਿਬ ਪਹੁੰਚੇ ਜਿਥੇ ਉਨ੍ਹਾਂ ਇਕ ਹਵੇਲੀ ਵਿਚ ਟਿਕਾਣਾ ਕੀਤਾ। ਜਿਸ ਨੂੰ ਗੜ੍ਹੀ ਆਖਿਆ ਜਾਂਦਾ ਸੀ। ਗੁਰੂ ਜੀ ਨਾਲ ਕੇਵਲ 40 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਰਹਿ ਗਏ ਸਨ। ਫ਼ੈਸਲਾ ਕੀਤਾ ਗਿਆ ਕਿ ਸਵੇਰੇ ਪੰਜ-ਪੰਜ ਸਿੰਘ ਗੜ੍ਹੀ ਤੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਣਗੇ। ਸਿੰਘਾਂ ਨੇ ਵਾਸਤੇ ਪਾਏ ਕਿ ਗੁਰੂ ਜੀ ਤੁਸੀਂ ਸਾਹਿਬਜ਼ਾਦਿਆਂ ਦੇ ਨਾਲ ਗੜ੍ਹੀ ਵਿਚੋਂ ਚਲੇ ਜਾਵੋ ਉਦੋਂ ਤੱਕ ਅਸੀ ਫ਼ੌਜ ਦਾ ਮੁਕਾਬਲਾ ਕਰਾਂਗੇ। ਗੁਰੂ ਰਾਜ਼ੀ ਨਹੀਂ ਹੋਏ। ਦੂਜੇ ਦਿਨ ਵਾਰੀ-ਵਾਰੀ ਜਥੇ ਗੜ੍ਹੀ ਵਿਚੋਂ ਨਿਕਲ ਵੈਰੀ ਨਾਲ ਲੜਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕਰਨ ਲੱਗ ਪਏ। ਜਦੋਂ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਹੁਰਾਂ ਦੀ ਵਾਰੀ ਆਈ ਤਾਂ ਗੁਰੂ ਜੀ ਨੇ ਆਪਣੇ ਹੱਥੀਂ ਉਨ੍ਹਾਂ ਨੂੰ ਸ਼ਹਾਦਤ ਲਈ ਤੋਰਿਆ।ਆਪ ਗੜ੍ਹੀ ਦੀ ਕੰਧ 'ਤੇ ਖੜ੍ਹੇ ਹੋ ਕੇ ਸਾਹਿਬਜ਼ਾਦੇ ਨੂੰ ਦਲੇਰੀ ਨਾਲ ਯੁੱਧ ਕਰਦਿਆਂ ਵੇਖਦੇ ਰਹੇ। ਬਾਬਾ ਅਜੀਤ ਸਿੰਘ ਹੁਰਾਂ ਦੀ ਸ਼ਹਾਦਤ ਪਿਛੋਂ ਗੁਰੂ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਦੇ ਜਥੇ ਨੂੰ ਬਾਹਰ ਵੇਖਿਆ। ਸ਼ਾਮ ਹੋਣ ਤੱਕ ਇਸ ਜਥੇ ਨੇ ਵੀ ਸ਼ਹਾਦਤ ਦਾ ਜਾਮ ਪੀ ਲਿਆ। ਗੁਰੂ ਜੀ ਦੀਆਂ ਅੱਖਾਂ ਵਿਚ ਅੱਥਰੂ ਨਹੀਂ ਸਨ ਸਗੋਂ ਪ੍ਰਮਾਤਮਾ ਦਾ ਸ਼ੁਕਰਾਨਾ ਸੀ ਉਨ੍ਹਾਂ ਆਖਿਆ, 'ਮੈਂ ਤੁਹਾਡੀ ਅਮਾਨਤ ਤੁਹਾਡੇ ਧਰਮ ਦੀ ਰਾਖੀ ਲਈ ਭੇਟ ਕਰ ਦਿੱਤੀ ਹੈ।' ਕੇਵਲ ਪੰਜ ਸਿੰਘ ਰਹਿ ਗਏ ਸਨ। ਗੁਰੂ ਜੀ ਨੇ ਆਖਿਆ ਕਿ ਸਵੇਰੇ ਮੈਂ ਇਸ ਜਥੇ ਦੀ ਲੜਾਈ ਵਿਚ ਅਗਵਾਈ ਕਰਾਂਗਾ। ਸਿੰਘਾਂ ਨੇ ਮੁੜ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਚਲੇ ਜਾਵੋ। ਜ਼ੁਲਮ ਦੇ ਵਿਰੁੱਧ ਸ਼ੁਰੂ ਹੋਈ ਮੁਹਿੰਮ ਤੁਹਾਡੇ ਬਗ਼ੈਰ ਦਮ ਤੋੜ ਦੇਵੇਗੀ। ਜਦੋਂ ਗੁਰੂ ਜੀ ਨਾ ਮੰਨੇ ਤਾਂ ਪੰਜਾਂ ਸਿੰਘਾਂ ਨੇ ਗੁਰਮਤਾ ਕਰ ਕੇ ਗੁਰੂ ਜੀ ਨੂੰ ਹੁਕਮ ਕੀਤਾ ਕਿ ਸਾਡਾ ਹੁਕਮ ਹੈ ਕਿ ਤੁਸੀਂ ਗੜ੍ਹੀ ਛੱਡ ਕੇ ਚਲੇ ਜਾਵੋ। ਗੁਰੂ ਜੀ ਨੇ ਆਖਿਆ ਮੈਂ ਚੋਰੀ ਨਹੀਂ ਜਾਵਾਂਗਾ ਸਗੋਂ ਗੜ੍ਹੀ ਦੀ ਛੱਤ ਤੇ ਚੜ੍ਹ ਕੇ ਉੱਚੀ ਆਖਿਆ, 'ਮੈਂ ਜਾ ਰਿਹਾ ਹਾਂ ਜੇ ਹਿੰਮਤ ਹੈ ਤਾਂ ਫੜ ਲਵੋ'। ਗੁਰੂ ਜੀ ਆਪਣੇ ਦੋ ਸਾਥੀਆਂ ਨਾਲ ਗੜ੍ਹੀ ਵਿਚੋਂ ਚਲੇ ਗਏ। ਇੰਝ ਮਹਾਨ ਸ਼ਹੀਦੀਆਂ ਦੇ ਨਾਲ-ਨਾਲ ਗੁਰੂ ਜੀ ਨੇ ਲੋਕਰਾਜ ਤੇ ਪੰਚਾਇਤੀ ਰਾਜ ਦੀ ਨੀਂਹ ਰੱਖੀ। ਉਨ੍ਹਾਂ ਆਖਿਆ ਕਿ ਸਾਰੇ ਫੈਸਲੇ ਪੰਜ ਸਿੰਘ ਪੂਰੀ ਸੋਚ ਵਿਚਾਰ ਪਿੱਛੋਂ ਕਰਨਗੇ ਤੇ ਉਹ ਫ਼ੈਸਲਾ ਸਾਰਿਆਂ ਨੂੰ ਮੰਨਣਾ ਪਵੇਗਾ।
ਗੁਰੂ ਜੀ ਜਦੋਂ ਰਾਏ ਕੋਟ ਪੁੱਜੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ ਮਸਾਂ ਸੱਤ ਤੇ ਨੌ ਸਾਲ ਸੀ ਮਾਤਾ ਗੁਜਰੀ ਜੀ ਦੇ ਨਾਲ ਹੀ ਸਰਹਿੰਦ ਦੇ ਨਵਾਬ ਨੇ ਸ਼ਹੀਦ ਕਰ ਦਿੱਤੇ ਹਨ। ਗੁਰੂ ਜੀ ਦਾ ਪਹਿਲਾ ਪ੍ਰਸ਼ਨ ਸੀ ਕਿ ਸ਼ਹਾਦਤ ਵੇਲੇ ਸਾਹਿਬਜ਼ਾਦੇ ਡਰੇ ਜਾਂ ਘਬਰਾਏ ਤਾਂ ਨਹੀਂ ਸਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸੂਬੇ ਵਲੋਂ ਬਹੁਤ ਲਾਲਚ ਦਿੱਤੇ ਗਏ ਪਰ ਉਹ ਅਡੋਲ ਰਹੇ। ਉਨ੍ਹਾਂ ਨੂੰ ਬਹੁਤ ਤਸੀਹੇ ਦਿੱਤੇ ਗਏ। ਜਦੋਂ ਤੱਕ ਉਹ ਜੀਵਤ ਸਨ ਉਨ੍ਹਾਂ ਦੇ ਚਿਹਰਿਆਂ 'ਤੇ ਅਨੋਖਾ ਨੂਰ ਸੀ। ਗੁਰੂ ਜੀ ਨੇ ਮੁੜ ਵਾਹਿਗੁਰੂ ਦਾ ਸ਼ੁਕਰੀਆ ਕੀਤਾ ਤੇ ਆਖਿਆ ਹੁਣ ਜ਼ੁਲਮ ਦੀ ਜੜ੍ਹ ਪੁੱਟੀ ਜਾਵੇਗੀ। ਇਸ ਦਾ ਨਤੀਜਾ ਇਹ ਹੋਇਆ ਕਿ ਗੁਰੂ ਜੀ ਦੇ ਅਨੇਕਾਂ ਸਿੰਘਾਂ ਨੇ ਆਪਣੀਆਂ ਹੀ ਨਹੀਂ ਸਗੋਂ ਆਪਣੇ ਪੂਰੇ ਪਰਿਵਾਰਾਂ ਦੀ ਅਹੂਤੀ ਜ਼ੁਲਮ ਵਿਰੁੱਧ ਚੱਲ ਰਹੀ ਇਸ ਲੜਾਈ ਵਿਚ ਪਾਈ।
ਰਾਏਕੋਟ ਤੋਂ ਜਦੋਂ ਖਿਦਰਾਣੇ ਦੀ ਢਾਬ (ਮੁਕਤਸਰ ਸਾਹਿਬ) ਗੁਰੂ ਜੀ ਪੁੱਜੇ ਤਾਂ ਸ਼ਾਹੀ ਫ਼ੌਜਾਂ ਪਿੱਛਾ ਕਰਦੀਆਂ ਇਥੇ ਵੀ ਪੁੱਜ ਗਈਆਂ ਤੇ ਗੁਰੂ ਸਾਹਿਬ ਉਤੇ ਹਮਲਾ ਕਰ ਦਿੱਤਾ। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੇ ਲੋਕ ਰੋਹ ਨੂੰ ਤੇਜ ਕਰ ਦਿੱਤਾ ਸੀ। ਸਾਰੇ ਪਾਸਿਓਂ ਕਿਰਤੀ ਕਾਮਿਆਂ ਨੇ ਜੋ ਵੀ ਹਥਿਆਰ ਹੱਥ ਲਗਾ ਫ਼ੌਜ ਨੂੰ ਚਾਰੇ ਪਾਸਿਓ ਘੇਰ ਲਿਆ। ਸ਼ਾਹੀ ਫ਼ੌਜ਼ ਨੂੰ ਅਜੇਹੀ ਹਾਰ ਦਾ ਮੂੰਹ ਵੇਖਣਾ ਪਿਆ ਕਿ ਮੁੜ ਉਹ ਕਦੇ ਵੀ ਗੁਰੂ ਜੀ ਉਤੇ ਹਮਲਾ ਕਰਨ ਦਾ ਹੌਂਸਲਾ ਨਹੀਂ ਕਰ ਸਕੇ। ਇਹ ਲੋਕ ਸ਼ਕਤੀ ਦੀ ਅਨੋਖੀ ਜਿੱਤ ਸੀ।
ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਸ੍ਰੀ ਦਸਮੇਸ਼ ਪਿਤਾ
ਅਜੀਤ ਡੈਸਕ
20-01-2021