ਜਾਪੁ ਸਾਹਿਬ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ। ਇਸ ਦੀ ਸ਼ਬਦਾਵਲੀ ਕੂੜ ਦੇ ਹਨੇਰੇ ਦੀ ਦਹਿਸ਼ਤ ਨੂੰ ਚੀਰਦੇ ਚਾਨਣ ਦੇ ਤੀਰਾਂ ਦੀ ਰਵਾਨਗੀ ਦਾ ਵਿਗਾਸ ਹੈ। ਜਾਪੁ ਸਾਹਿਬ 'ਦਿਆਲੰ ਸਰੂਪੇ' ਅਕਾਲ ਪੁਰਖ ਦੇ 'ਪਰਮ ਰੂਪ ਪੁਨੀਤ ਮੂਰਤਿ' ਦੀ ਉਸਤਤਿ ਦਾ ਗੀਤ ਹੈ। ਉਸ ਦੀ ਅਨੰਤਤਾ ਦੀ ਪਰਿਕਰਮਾ ਹੈ। ਇਹ ਬਾਣੀ ਸਿਪਾਹੀ ਨੂੰ ਸੰਤ ਦੇ ਆਭਾ ਮੰਡਲ ਨਾਲ ਇਕਸੁਰ ਕਰਕੇ ਸੰਤ-ਸਿਪਾਹੀ ਦਾ ਹੁਸਨ ਬਖ਼ਸ਼ਦੀ ਹੈ। ਯੋਧੇ ਨੂੰ ਮਾਨਵਤਾ ਦੇ ਰਾਖੇ ਧਰਮਵੀਰ ਵਿਚ ਬਦਲ ਦਿੰਦੀ ਹੈ। ਸਿੱਖ ਲਈ ਯੁੱਧ ਲਾਲਸਾਵਾਂ ਜਾਂ ਵੈਰ ਦੀ ਉਪਜ ਨਹੀਂ ਸਰਬੱਤ ਦੇ ਭਲੇ ਲਈ ਵਿਵਸਥਾ ਦੇ ਮਿਆਰੀਕਰਨ ਦੇ ਪਾਵਨ ਗਿਆਨ ਨਾਲ ਅਭੇਦ ਹੈ। 'ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ' ਅਕਾਲ ਪੁਰਖ 'ਕਾਮਲ ਕਰੀਮ' (ਸਭ 'ਤੇ ਬਖਸ਼ਿਸ਼ ਕਰਨ ਵਾਲਾ), 'ਰਾਜ਼ਕ ਰਹੀਮ' (ਸਭ ਨੂੰ ਰਿਜ਼ਕ ਦੇਣ ਵਾਲਾ) ਅਤੇ 'ਹੁਸਨਲ ਚਰਾਗ਼' (ਸੁੰਦਰਤਾ ਦਾ ਦੀਪਕ) ਹੈ। ਖ਼ਾਲਸੇ ਦਾ ਮੰਤਵ ਉਸ ਦੇ ਸਿਰਜੇ ਸੰਸਾਰ ਅੰਦਰ ਇਨਸਾਫ਼ ਤੇ ਸਮਾਨਤਾ ਨੂੰ ਸਥਾਪਿਤ ਕਰਦਿਆਂ ਸੁੰਦਰਤਾ ਦੇ ਰੰਗ ਭਰਨੇ ਹਨ। ਉਦਾਰਤਾ ਦਾ ਵਰਤਾਵਰਨ ਉਸਾਰਨਾ ਹੈ, ਲੋੜਵੰਦਾਂ ਦੀ ਸਹਾਇਤਾ ਕਰਨੀ ਹੈ ਅਤੇ ਪ੍ਰੇਮ ਦੀ ਸੁਹਾਵਣੀ ਰੁੱਤ ਦਾ ਅਗਾਜ਼ ਕਰਨਾ ਹੈ।
ਜਾਪੁ ਸਾਹਿਬ ਵਿਚ ਅਕਾਲ ਪੁਰਖ ਰੂਪ, ਰੰਗ, ਜਾਤ-ਪਾਤ, ਬਰਨ, ਰੇਖ ਭੇਖ ਅਤੇ ਮਜ਼ਹਬ ਦੀਆਂ ਵਲਗਣਾਂ ਤੋਂ ਮੁਕਤ 'ਨਮੋ ਸਰਬ ਦੇਸੇ ਨਮੋ ਸਰਬ ਭੇਸੇ' ਹਰ ਦੇਸ ਅਤੇ ਹਰ ਹਿਰਦੇ ਵਿਚ ਮਹਿਕ ਰਿਹਾ ਹੈ। ਉਹ ਸਮੁੱਚੀ ਮਾਨਵਤਾ ਲਈ ਮਾਂ ਰੂਪ ਦੀ ਠੰਢੀ ਛਾਂ ਅਤੇ ਸ੍ਰਿਸ਼ਟੀ ਦੇ ਨਿੱਕੇ-ਵੱਡੇ ਹਰ ਭੇਤ ਦਾ ਪਰਮ ਗਿਆਤਾ ਹੈ। 'ਨਮੋ ਪਰਮ ਗਿਆਤਾ ਨਮੋ ਲੋਕ ਮਾਤਾ' ਨੇਕੀ ਲਈ ਉਹ ਕਿਰਪਾ ਦੀ ਬਰਸਾਤ ਹੈ। ਪ੍ਰ੍ਰੇਮ ਭਿੱਜੀਆਂ ਰੂਹਾਂ ਲਈ ਮੁਕਤੀ ਦਾਤਾ, ਹੰਕਾਰੀ ਦੁਸ਼ਟ ਬਿਰਤੀ ਨੂੰ ਚੂਰ ਚੂਰ ਕਰਕੇ ਮਿੱਟੀ ਵਿਚ ਮਿਲਾ ਦੇਣ ਵਾਲਾ ਮਹਾਂ ਗਜ਼ਬ ਹੈ।
ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ
ਜ਼ੁਲਮ ਦਾ ਵਿਰੋਧ ਕਰਨ ਲਈ ਡਰ ਤੇ ਦੁੱਖਾਂ ਨਾਲ ਭੰਨੀ ਹੋਈ ਜਨਤਾ ਨੂੰ ਲਾਮਬੰਦ ਕਰਨਾ ਬੇਹੱਦ ਮੁਸ਼ਕਿਲ ਕਾਰਜ ਸੀ। ਜਾਪੁ ਸਾਹਿਬ ਅਜਿਤ ਸਮਝੇ ਜਾਂਦੇ ਤਾਨਾਸ਼ਾਹ ਹਾਕਮਾਂ ਦੀ ਸ਼ਕਤੀ ਦੇ ਖੌਫ਼ ਤੋਂ ਜਨਤਾ ਨੂੰ ਮੁਕਤ ਕਰਕੇ ਅਕਾਲ ਪੁਰਖ ਦੀ ਅਪਾਰ ਸ਼ਕਤੀ ਨਾਲ ਜੋੜਦਾ ਤੇ ਸਚਾਈ ਦੀ ਫ਼ਤਹਿ ਦਾ ਯਕੀਨ ਜਗਾਉਂਦਾ ਹੈ। ਦੁਨਿਆਵੀ ਬਾਦਸ਼ਾਹ ਦੀ ਸ਼ਕਤੀ ਅਕਾਲ ਪੁਰਖ ਦੀ ਅਪਾਰ ਮਹਿਮਾ ਸਾਹਮਣੇ ਤੁੱਛ ਹੈ। ਅਕਾਲ ਪੁਰਖ ਰਾਜਿਆਂ ਦਾ ਰਾਜਾ, ਸੂਰਜਾਂ ਦਾ ਸੂਰਜ, ਦੇਵਤਿਆਂ ਦਾ ਪਾਲਣਹਾਰ, ਅਪਾਰ ਉਪਮਾ ਦਾ ਧਨੀ ਹੈ। ਕਰੋੜਾਂ ਇੰਦਰ ਉਸ ਦੇ 'ਅਮਿਤੋਜਿ' (ਅਥਾਹ ਸ਼ਕਤੀ) ਅੱਗੇ ਨਤਮਸਤਕ ਹਨ। ਕਾਇਨਾਤ ਦਾ ਪੱਤਾ ਪੱਤਾ ਉਸ 'ਤ੍ਰਿਭਵਣ ਮਹੀਪ' ਦਾ ਜੱਸ ਗਾ ਰਿਹਾ ਹੈ।
ਰਾਜਾਨ ਰਾਜ ਭਾਨਾਨ ਭਾਨ
ਦੇਵਾਨ ਦੇਵ ਉਪਮਾ ਮਹਾਨ
ਜ਼ੁਲਮ ਅਤੇ ਤੁਅੱਸਬ ਦੇ ਤੂਫ਼ਾਨਾਂ ਵਿਰੁੱਧ ਮੈਦਾਨੇ ਜੰਗ ਵਿਚ ਉਤਰੇ ਖ਼ਾਲਸੇ ਨੂੰ ਦੁਸ਼ਟਾਂ ਦੇ ਨਾਸ਼ ਕਰਨ ਵਾਲੇ ਸਰਬਸ਼ਕਤੀਮਾਨ ਅਕਾਲ ਪੁਰਖ ਦੇ 'ਸਦਾ ਅੰਗ ਸੰਗੇ' ਹੋਣ ਦਾ ਭਰੋਸਾ ਹੈ। ਸਵਾ ਲੱਖ ਨਾਲ ਭਿੜਨ ਲਈ ਉਛਾਲੇ ਮਾਰਦੇ ਦਰਿਆ ਜਿਹਾ ਠਾਠਾਂ ਮਾਰਦਾ ਜੋਸ਼ ਹੈ। ਇਹ ਜੋਸ਼ ਗੁੱਸੇ ਭੜਕਾਹਟ ਅਤੇ ਭਟਕਣ ਤੋਂ ਮੁਕਤ ਹੈ। ਇਸ ਦੀ ਭਾਵਨਾ 'ਕ੍ਰਿਪਾਲੰ ਸਰੂਪੇ ਕੁਕਰਮੰ ਪ੍ਰਣਾਸੀ' ਭੈੜੇ ਕਰਮ ਕਰਨ ਵਾਲਿਆਂ ਦਾ ਨਾਸ਼ ਕਰਨ ਵਾਲੇ ਕ੍ਰਿਪਾਲੂ ਅਕਾਲ ਪੁਰਖ ਨੂੰ ਸਿਮਰਦਿਆਂ ਨਿਰਧਨ, ਮਜ਼ਲੂਮਾਂ ਦੀ ਸੁਰੱਖਿਆ ਤੇ ਨਾਰੀ ਦਾ ਸਨਮਾਨ ਬਣਦੀ ਹੈ। ਖ਼ਾਲਸੇ ਦੀ ਤੇਗ ਨੇਕੀ ਦੀ ਢਾਲ ਅਤੇ ਬਦੀ ਲਈ ਕਾਲ ਹੈ। ਖ਼ਾਲਸੇ ਕੋਲ ਨਫ਼ਰਤ ਨਹੀਂ ਪ੍ਰੇਮ ਨਾਲ ਭਰਪੂਰ 'ਅਨੰਦੀ ਸਰੂਪੇ' ਅਕਾਲ ਪੁਰਖ ਦੀ ਉਪਮਾ ਦਾ ਰੂਹਾਨੀ ਗੀਤ ਹੈ:
ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
ਖ਼ਾਲਸੇ ਦੀ ਸਮਦ੍ਰਿਸ਼ਟੀ ਕੋਲ ਗਿਆਨ ਦੇ ਚਾਨਣ ਵਿਚ ਧਰਮ ਸਥਾਪਤੀ ਦਾ ਨਿਰਮਲ ਕਰਮ ਹੈ। ਜਾਪੁ ਸਾਹਿਬ ਅਕਾਲ ਪੁਰਖ ਦੀ ਬਹੁ ਰੰਗੀ ਵਿਰਾਟ ਤੇ ਅਦਭੁਤ ਕੁਦਰਤ ਦੀ ਅਨੇਕਤਾ ਵਿਚ ਏਕਤਾ ਦਾ ਰੰਗ ਨਿਹਾਰਦਾ ਹੈ। ਇਹ ਵੱਖਰੇ ਸੱਭਿਆਚਾਰ ਤੇ ਵੱਖਰੀ ਆਸਥਾ ਦੀ ਹੋਂਦ ਨੂੰ ਸਵੀਕਾਰ ਕਰਦਿਆਂ ਬਹੁਲਤਾਵਾਦੀ ਸਮਾਜ ਵਿਚ ਸਮਾਨਤਾ ਤੇ ਮਿਲਵਰਤਨ ਦੇ ਰਾਹਾਂ ਦੀ ਤਲਾਸ਼ ਕਰਦਾ ਹੈ। ਅਕਾਲ ਪੁਰਖ ਦੀ ਮਾਨਤਾ ਕਿਸੇ ਇਕ ਧਰਮ, ਦੇਸ਼, ਕੌਮ ਜਾਂ ਭਾਸ਼ਾ ਨਾਲ ਸਬੰਧਿਤ ਨਹੀਂ। ਉਹ 'ਸਮਸਤੁਲ ਜੁਬਾਂ ਹੈਂ' ਸਾਰੀ ਮਨੁੱਖਤਾ ਅੰਦਰ ਉਹ ਆਪ ਬੋਲ ਰਿਹਾ ਹੈ। ਜਾਪੁ ਸਾਹਿਬ ਵਿਤਕਰਿਆਂ ਤੋਂ ਪਾਰ ਸੱਚ, ਪ੍ਰੇਮ ਅਤੇ ਸਾਂਝੀਵਾਲਤਾ ਦੀ ਪਰਵਾਜ਼ ਹੈ। ਇਹ ਭੇਖ, ਭਰਮ ਤੇ ਭੋਗ ਦੀ ਬਿਰਤੀ ਦਾ ਖੰਡਨ ਕਰਕੇ ਸਮੁੱਚੀ ਕਾਇਨਾਤ ਲਈ ਉਪਯੋਗੀ ਪਰਮ ਜੁਗਤ ਦਾ ਮੰਡਨ ਕਰਦਾ ਹੈ।
ਅਭੇਖੀ ਅਭਰਮੀ ਅਭੋਗੀ ਅਭੁਗਤੇ
ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ
ਜਾਪੁ ਸਾਹਿਬ ਦੀ ਬਾਣੀ ਮਨੁੱਖ ਨੂੰ ਵਿਸ਼ਵ ਨਾਗਰਕਿਤਾ ਦੇ ਸੰਕਲਪ ਨਾਲ ਜੋੜਦੀ ਹੈ। ਇਸ ਦਾ ਮੰਤਵ ਮਾਨਵਵਾਦੀ ਆਲਮੀ ਸੱਭਿਆਚਾਰ ਵਿਕਸਤ ਕਰਨਾ ਹੈ। ਜਿਥੇ ਸੁੱਚੀ ਕਿਰਤ ਦਾ ਸਨਮਾਨ, ਸ਼ੁਭ ਕਰਮ ਦਾ ਚਾਅ, ਸ਼ੋਸ਼ਣ ਦਾ ਜ਼ਬਰਦਸਤ ਵਿਰੋਧ ਅਤੇ ਨੇਕੀ ਦੇ ਉਥਾਨ ਲਈ ਸਭ ਵਰਗਾਂ ਦੇ ਸਹਿਯੋਗ ਦੀ ਅਭਿਲਾਸ਼ਾ ਹੈ। ਫੁੱਟ ਪਾਊ ਅਨਸਰਾਂ ਅਤੇ ਤੁਅੱਸਬੀ ਸੋਚ ਥੋਪਣ ਦੇ ਮਨਸੂਬਿਆਂ ਨੂੰ ਨਕਾਰ ਕੇ ਮਾਨਵਤਾ ਦੇ ਕਲਿਆਣ ਹਿਤ ਸੱਭਿਆਚਾਰਾਂ ਦੀ ਅਨੇਕਤਾ ਵਿਚ ਏਕਤਾ ਦੀ ਬਰਕਤ ਨੂੰ ਰੂਪਮਾਨ ਕਰਨਾ ਹੈ:
ਅਮਾਨ ਹੈਂ ਨਿਧਾਨ ਹੈਂ
ਅਨੇਕ ਹੈਂ ਫਿਰਿ ਏਕ ਹੈਂ
-ਟੀਚਰ ਕਾਲੋਨੀ, ਵਾਰਡ ਨੰਬਰ 11, ਕੁਰਾਲੀ
(ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ)
ਮੋਬਾਈਲ : 70093-56607