ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-01-2021

ਜਦੋਂ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦੀ ਸਹਾਇਤਾ ਨਾਲ ਰਾਜਗੱਦੀ ਪ੍ਰਾਪਤ ਕੀਤੀ

Ad Position 21
No active advertisement
ਅਜੀਤ ਡੈਸਕ 20-01-2021

ਕਾਫ਼ੀ ਸਮਾਂ ਤਲਵੰਡੀ ਸਾਬੋ ਠਹਿਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੁਦੀ ਪੰਚਮੀ 20 ਕੱਤਕ ਸੰਮਤ 1763 ਅਰਥਾਤ 20 ਅਕਤੂਬਰ, 1706 ਈ: ਨੂੰ ਦੱਖਣ ਵੱਲ ਚੱਲ ਪਏ। ਤਲਵੰਡੀ ਤੋਂ ਝੋਰੜ ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਸਰਸੇ ਪਹੁੰਚੇ ਅਤੇ ਉੱਥੇ ਸਿੱਧੇ ਨੌਹਰ, ਭਾਂਦਰਾ ਹੁੰਦੇ ਹੋਏ ਸੁਹੇਵੇ ਕੁਝ ਦਿਨ ਰੁਕ ਕੇ ਪੁਸ਼ਕਰ ਅਤੇ ਫਿਰ ਦਾਦੂ-ਪੰਥੀਆਂ ਦੇ ਮਹੰਤ ਜੈਤ ਰਾਮ ਪਾਸ ਪਿੰਡ ਨਰੈਣੇ ਪਹੁੰਚੇ ਜਿੱਥੇ ਦਾਦੂ ਦੀ ਸਮਾਧ ਹੈ। ਨਰੈਣੇ ਤੋਂ ਅੱਗੇ ਲਾਲੀ, ਘਮਰੌਦਾ ਵਿਚੋਂ ਹੁੰਦੇ ਹੋਏ ਕੁਲਾਇਤ ਪਹੁੰਚੇ। ਇੱਥੇ ਹੀ ਭਾਈ ਦਇਆ ਸਿੰਘ ਜੀ ਦੱਖਣ ਤੋਂ ਵਾਪਸ ਆਉਂਦੇ ਗੁਰੂ ਜੀ ਨੂੰ ਮਿਲੇ ਸਨ। ਕੁਲਾਇਤ ਤੋਂ ਚਲ ਕੇ ਗੁਰੂ ਜੀ ਅਰਾਵਲੀ ਪਰਬਤ ਪਾਰ ਕਰ ਕੇ ਬਘੌਰ ਡੇਰਾ ਕੀਤਾ ਜਿਥੇ ਕੁਝ ਸਮੇਂ ਲਈ ਰੁਕੇ ਰਹੇ। ਇਹ ਬਘੌਰ, ਅਜਮੇਰ ਤੋਂ 70 ਕੁ ਮੀਲ ਦੱਖਣ ਪਾਸੇ ਹੈ ਅਤੇ ਬਘੌਰ ਤੋਂ ਆਗਰਾ ਢਾਈ ਕੁ ਸੌ ਮੀਲਾਂ 'ਤੇ ਹੈ।
ਜਦੋਂ 2 ਮਾਰਚ, 1707 ਈ: ਨੂੰ ਔਰੰਗਜ਼ੇਬ ਦਾ ਦੱਖਣ ਵਿਚ ਹੀ ਦਿਹਾਂਤ ਹੋ ਗਿਆ ਅਤੇ ਗੁਰੂ ਜੀ ਨੂੰ ਵੀ ਉਸ ਦੇ ਦਿਹਾਂਤ ਦੀ ਖ਼ਬਰ ਮਿਲੀ ਅਤੇ ਇਹ ਵੀ ਖ਼ਬਰ ਮਿਲ ਚੁੱਕੀ ਸੀ ਕਿ ਉਸ ਦਾ ਛੋਟਾ ਪੁੱਤਰ ਤਾਰਾ ਆਜ਼ਮ ਸ਼ਾਹ ਜਿਸ ਨੇ ਪਿਓ ਦੀ ਦੇਹ ਨੂੰ ਦੌਲਤਾਬਾਦ ਦੇ ਨੇੜੇ ਖ਼ਲਦਾਬਾਦ ਵਿਚ ਦਫ਼ਨ ਕਰ ਦਿੱਤਾ ਸੀ, ਨੇ ਦਿੱਲੀ ਦੇ ਤਖ਼ਤ 'ਤੇ ਬੈਠਣ ਦਾ ਐਲਾਨ ਕਰ ਦਿੱਤਾ ਜਦੋਂ ਕਿ ਔਰੰਗਜ਼ੇਬ ਦਾ ਵੱਡਾ ਪੁੱਤਰ ਮੁਅੱਜ਼ਮ (ਬਹਾਦਰ ਸ਼ਾਹ) ਜਮਰੌਦ ਵਿੱਖੇ ਅਫ਼ਗਾਨਿਸਤਾਨ ਗਿਆ ਹੋਇਆ ਸੀ। ਜਦੋਂ ਉਸ ਨੂੰ ਪਿਤਾ ਦੇ ਮਰਨ ਦੀ ਖ਼ਬਰ ਮਿਲੀ, ਉਹ ਵੀ ਆਗਰੇ ਵੱਲ ਚੱਲ ਪਿਆ। ਉਸ ਨੂੰ ਤਾਰਾ ਆਜ਼ਮ ਦੇ ਤਖ਼ਤ 'ਤੇ ਬੈਠਣ ਦੇ ਐਲਾਨ ਦਾ ਵੀ ਪਤਾ ਲੱਗ ਚੁੱਕਿਆ ਸੀ। ਸ਼ਾਹੀ ਫ਼ੌਜ ਅਤੇ ਸਾਰਾ ਖਜ਼ਾਨਾ ਤਾਰਾ ਆਜ਼ਮ (ਆਜ਼ਮ ਸ਼ਾਹ) ਦੇ ਹੱਥ ਵਿਚ ਹੋਣ ਕਾਰਨ ਬਹਾਦਰ ਸ਼ਾਹ ਕਿਸੇ ਹੋਰ ਸਹਾਇਤਾ ਦੀ ਭਾਲ ਵਿਚ ਸੀ। ਪਰ ਉਸ ਨੇ ਵੀ ਲਾਹੌਰ ਤੋਂ 24 ਮੀਲ ਉੱਤਰ ਵੱਲ ਸ਼ਾਹ ਦੌਲਾ ਦੇ ਪੁਲ 'ਤੇ ਪਹੁੰਚ ਕੇ ਆਪਣੇ ਆਪ ਨੂੰ 'ਬਹਾਦਰ ਸ਼ਾਹ' ਦੇ ਨਾਂਅ ਹੇਠ ਹਿੰਦੁਸਤਾਨ ਦਾ ਬਾਦਸ਼ਾਹ ਥਾਪ ਲਿਆ।
ਚਿੰਤਾ ਅਤੇ ਘਬਰਾਹਟ ਵਿਚ ਡੁੱਬੇ ਬਹਾਦਰ ਸ਼ਾਹ (ਮੁਅੱਜ਼ਮ) ਨੇ ਭਾਈ ਨੰਦ ਲਾਲ ਜੀ ਨੂੰ ਗੁਰੂ ਜੀ ਪਾਸ ਜਾਣ ਨੂੰ ਕਿਹਾ ਅਤੇ ਉਸ ਨੂੰ ਦਿੱਲੀ ਦੇ ਤਖ਼ਤ 'ਤੇ ਬਿਠਾਉਣ ਲਈ ਬੇਨਤੀ ਕਰਨ ਲਈ ਕਿਹਾ। ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਵਲੋਂ ਬੇਨਤੀ ਕਰਨ ਵਾਸਤੇ ਗੁਰੂ ਜੀ ਨੂੰ ਬਘੌਰ ਜਾ ਮਿਲੇ। ਗੁਰੂ ਜੀ ਨੇ ਇਕ ਸ਼ਰਤ ਲਗਾ ਕਿ ਬਹਾਦਰ ਸ਼ਾਹ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਜਿੰਨੀ ਫ਼ੌਜ ਤਾਰਾ ਆਜ਼ਮ ਵਿਰੁੱਧ ਇਕੱਠੀ ਕਰ ਸਕੇ, ਉਸ ਦਾ ਪ੍ਰਬੰਧ ਕੀਤਾ। ਇਥੇ ਗੁਰੂ ਜੀ ਵਲੋਂ ਬਹਾਦਰ ਸ਼ਾਹ ਦੀ ਮਦਦ ਕਰਨ ਦਾ ਇਕ ਕਾਰਨ ਹੋਰ ਵੀ ਹੋ ਸਕਦਾ ਸੀ ਕਿਉਂਕਿ ਤਾਰਾ ਆਜ਼ਮ ਔਰੰਗਜ਼ੇਬ ਦੀ ਤਰ੍ਹਾਂ ਹੰਕਾਰੀ ਅਤੇ ਜ਼ਾਲਮੀ ਸੁਭਾਅ ਵਾਲਾ ਸੀ ਜਦੋਂ ਕਿ ਬਹਾਦਰ ਸ਼ਾਹ ਚੰਗੇ ਸੁਭਾਅ ਦਾ ਮਾਲਕ ਸੀ। ਭਾਈ ਨੰਦ ਲਾਲ ਜੀ ਨੇ ਗੁਰੂ ਜੀ ਵਾਲੀ ਖ਼ਬਰ ਬਹਾਦਰ ਸ਼ਾਹ ਨੂੰ ਆਗਰੇ ਜਾ ਕੇ ਦੱਸੀ। ਜਦੋਂ ਤਾਰਾ ਆਜ਼ਮ ਨੂੰ ਬਹਾਦਰ ਸ਼ਾਹ ਦੀ ਤਿਆਰੀ ਦਾ ਪਤਾ ਲੱਗਿਆ ਤਾਂ ਉਹ ਫ਼ੌਜ ਲੈ ਕੇ ਦੱਖਣ ਤੋਂ ਆਗਰੇ ਵੱਲ ਚੱਲ ਪਿਆ।
ਇੱਧਰ ਬਹਾਦਰ ਸ਼ਾਹ ਨੇ ਆਪਣੀ ਫ਼ੌਜ ਲੈ ਕੇ ਆਗਰੇ ਤੋਂ ਚਲ ਚੰਬਲ ਨਦੀ ਪਾਰ ਕਰ ਜਾਜੌ ਦੇ ਸਥਾਨ 'ਤੇ ਜਾ ਮੋਰਚੇ ਬਣਾ ਲਏ। ਗੁਰੂ ਜੀ ਨੇ ਵੀ ਆਪਣੇ ਸਿੰਘ ਸੂਰਮਿਆਂ ਨੂੰ ਨਾਲ ਦੇ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਬੜੇ ਤਕੜੇ ਜੱਥੇ ਦੇ ਰੂਪ ਵਿਚ ਜਾਜੌ ਭੇਜ ਦਿੱਤਾ। ਜਦੋਂ ਤਾਰਾ ਆਜ਼ਮ ਦੱਖਣ ਤੋਂ ਫ਼ੌਜ ਲੈ ਜਾਜੌ ਪਹੁੰਚ ਗਿਆ ਤਾਂ ਦੋਹਾਂ ਮੁਗ਼ਲ ਭਰਾਵਾਂ ਵਿਚ ਗਹਿ-ਗੱਚ ਯੁੱਧ ਹੋਇਆ। ਜਦੋਂ ਯੁੱਧ ਸਿਖਰਾਂ 'ਤੇ ਸੀ, ਉਸੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਕ ਵੱਡੇ ਜਥੇ ਸਮੇਤ ਜੰਗ ਵਿਚ ਬਹਾਦਰ ਸ਼ਾਹ ਦੀ ਮਦਦ ਲਈ ਪਹੁੰਚ ਗਏ। ਸਿੰਘ ਖੂਬ ਤਲਵਾਰਾਂ ਖੜਕਾ ਰਹੇ ਸਨ। ਗੁਰੂ ਜੀ ਇਕ ਘੋੜੇ 'ਤੇ ਅਸਵਾਰ ਸਨ ਅਤੇ ਆਪਣੇ ਹੱਥਾਂ ਵਿਚ ਧਨੁੱਸ਼ ਬਾਣ ਫੜਿਆ ਹੋਇਆ ਸੀ। ਉੱਧਰ ਤਾਰਾ ਆਜ਼ਮ ਹਾਥੀ ਉੱਤੇ ਅਸਵਾਰ ਹੋ ਕੇ ਆਪਣੇ ਯੋਧਿਆਂ ਨੂੰ ਲੜਨ ਲਈ ਲਲਕਾਰ ਰਿਹਾ ਸੀ। ਗੁਰੂ ਜੀ ਨੇ ਦੋ ਤੀਰਾਂ ਨਾਲ ਤਾਰਾ ਆਜ਼ਮ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਇਕ ਤੀਰ ਉਸ ਦੇ ਮੱਥੇ 'ਤੇ ਜਾ ਲੱਗਾ ਅਤੇ ਉਹ ਹਾਥੀ ਤੋਂ ਡਿੱਗ ਕੇ ਮਰ ਗਿਆ ਅਤੇ ਹਾਥੀ ਉੱਤੇ ਬੈਠੇ ਉਸ ਦੇ ਸਹਾਇਕ ਵੀ ਮਾਰੇ ਗਏ।
ਤਾਰਾ ਆਜ਼ਮ ਦੇ ਮਰਨ ਦੇ ਨਾਲ ਹੀ ਜੰਗ ਦੀ ਸਮਾਪਤੀ ਹੋ ਗਈ। ਜਦੋਂ ਬਹਾਦਰ ਸ਼ਾਹ ਨੇ ਤਾਰਾ ਆਜ਼ਮ ਦੇ ਮੱਥੇ ਵਿਚ ਲੱਗੇ ਤੀਰ ਨੂੰ ਮੰਗਵਾ ਕੇ ਦੇਖਿਆ ਤਾਂ ਉਸ ਉੱਤੇ ਗੁਰੂ ਜੀ ਦੀ ਮੋਹਰ ਨਿਸ਼ਾਨੀ ਦੇਖ, ਉਸ ਦੀ ਤਸੱਲੀ ਹੋ ਗਈ ਕਿ ਤਾਰਾ ਆਜ਼ਮ ਗੁਰੂ ਜੀ ਦੁਆਰਾ ਹੀ ਮਾਰਿਆ ਗਿਆ ਸੀ। ਜਾਜੌ ਦੀ ਲੜਾਈ ਦੇ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਸਮੇਤ ਆਗਰੇ ਚਲੇ ਗਏ। ਇਥੇ ਜਿਸ ਬਾਗ ਵਿਚ ਗੁਰੂ ਜੀ ਠਹਿਰੇ ਸਨ, ਉੱਥੇ ਅੱਜਕਲ੍ਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਬਹਾਦਰ ਸ਼ਾਹ ਨੇ ਜਿੱਤ ਦੀ ਖੁਸ਼ੀ ਵਿਚ ਵੱਡਾ ਦਰਬਾਰ ਸਜਾਇਆ ਅਤੇ ਆਪਣੇ ਜਰਨੈਲਾਂ ਸਮੇਤ ਸਿੰਘਾਂ ਦਾ ਵੀ ਸਨਮਾਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਰਦੇ ਹੋਏ ਬਹੁਤ ਸਤਿਕਾਰ ਨਾਲ ਕੀਮਤੀ ਭੇਟਾਂ ਪੇਸ਼ ਕੀਤੀਆਂ।
ਸਿੱਖ ਇਤਿਹਾਸ ਅਨੁਸਾਰ ਜਾਜੌ ਦੀ ਲੜਾਈ ਵਿਚ ਵੀ ਗੁਰੂ ਜੀ ਨੇ ਬਹਾਦਰ ਸ਼ਾਹ ਦੀ ਮਦਦ ਲਈ ਸਿੰਘਾਂ ਸਮੇਤ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਬਹਾਦਰ ਸ਼ਾਹ ਦੀ ਜਿੱਤ ਦਾ ਕਾਰਣ ਬਣੇ।
ਉਸ ਤੋਂ ਬਾਅਦ ਗੁਰੂ ਜੀ 19 ਅਕਤੂਬਰ, 1707 ਈ: ਨੂੰ ਆਗਰੇ ਤੋਂ ਚੱਲ ਕੇ, ਮਥਰਾ, ਅਲੀਗੜ੍ਹ, ਭਰਤਪੁਰ ਅਤੇ ਅਲਵਰ ਦੀਆਂ ਰਿਆਸਤਾਂ ਵਿਚ ਬਹੁ-ਅਬਾਦੀ ਜਾਟਾਂ ਦੀ ਹੋਣ ਕਾਰਨ ਗੁਰਮਤਿ ਪ੍ਰਚਾਰ ਕਰਦੇ ਰਹੇ ਅਤੇ ਧੌਲਪੁਰ ਜੋ ਆਗਰੇ ਤੋਂ 25-30 ਮੀਲਾਂ ਦੀ ਵਿੱਥ 'ਤੇ ਹੈ, ਨੂੰ ਆਪਣਾ ਕੇਂਦਰੀ ਅਸਥਾਨ ਬਣਾ ਕੇ ਅੱਠ-ਨੌ ਮਹੀਨੇ ਇਸ ਇਲਾਕੇ ਵਿਚ ਪ੍ਰਚਾਰ ਕੀਤਾ। ਉਸ ਤੋਂ ਉਪਰੰਤ ਗੁਰੂ ਜੀ ਸ੍ਰੀ ਨੰਦੇੜ ਸਾਹਿਬ ਵੱਲ ਚਲੇ ਗਏ ਜਿੱਥੇ ਗੁਰੂ ਜੀ ਪ੍ਰਲੋਕ ਗਮਨ ਕਰ ਗਏ। ਉੱਥੇ ਅੱਜ ਕੱਲ੍ਹ ਸਿੱਖਾਂ ਦਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੁਸ਼ੋਭਿਤ ਹੈ।

-ਮਕਾਨ ਨੰ: 3098, ਸੈਕਟਰ 37 ਡੀ, ਚੰਡੀਗੜ੍ਹ। ਮੋਬਾਈਲ : 98764-52223

Ad Position 22
No active advertisement
ਪਿਛਲੀ ਖ਼ਬਰ ਜਾਪੁ ਸਾਹਿਬ ਦਾ ਭਗਤੀ ਅਤੇ ਸ਼ਕਤੀ ਦੇ ਸੁਮੇਲ ਦਾ ਪ੍ਰਵਚਨ ਅਗਲੀ ਖ਼ਬਰ ਹਮ ਇਹ ਕਾਜ ਜਗਤ ਮੋ ਆਏ
Ad Position 24
No active advertisement