ਸਤਾਰ੍ਹਵੀਂ ਸਦੀ ਦੇ ਅੰਤ ਵਿਚ ਜਦੋਂ ਨਾਨਕ ਜੋਤ ਦੇ ਦਸਵੇਂ ਪ੍ਰਕਾਸ਼ ਵਿਚੋਂ ਇਕ ਕਰਮ ਯੋਗੀ, ਸੰਤ ਸਿਪਾਹੀ, ਦਸਮੇਸ਼ ਪ੍ਰਭੂ ਤੇ ਆਪੇ ਗੁਰੂ ਚੇਲਾ ਰੂਪੀ ਸਿਧਾਂਤ ਦਾ ਜਨਮ ਗੰਗਾ ਤੱਟ 'ਤੇ ਸ੍ਰੀ ਪਟਨਾ ਸਾਹਿਬ ਦੀ ਧਰਮੀ 'ਤੇ ਹੁੰਦਾ ਹੈ। ਉਸ ਸਮੇਂ ਹਿੰਦਸਤਾਨ ਉਤੇ ਮੁਗਲ ਸ਼ਾਸਨ ਕਾਇਮ ਸੀ। ਚੁਫੇਰੇ ਅਰਾਜਕਤਾ ਤੇ ਫਿਰਕਾਪ੍ਰਸਤੀ ਦਾ ਮਾਹੌਲ ਸੀ। ਅਵਾਮ ਗੁੂੰਗੀ ਤੇ ਬਹਿਰੀ ਹੋ ਚੁੱਕੀ। ਹਿੰਦੂ ਤੇ ਹੋਰ ਧਰਮ ਹਿੰਦੋਸਤਾਨ ਦੀ ਧਰਤੀ 'ਤੇ ਭੈਭੀਤ ਸਨ। ਪਹਿਲੀ ਨਾਨਕ ਜੋਤ ਦੇ ਉਦੇਸ਼ਾਂ ਦੀ ਪੂਰਤੀ ਹਿਤ ਦਸਮੇਸ਼ ਪਿਤਾ ਨੇ ਆਪਣੇ ਜੀਵਨ ਪ੍ਰਯੋਜਨ ਨੂੰ ਸਪੱਸ਼ਟ ਕਰਦੇ ਹੋਏ ਫ਼ਰਮਾਇਆ :
ਹਮ ਇਹ ਕਾਜ ਜਗਤ ਮੋ ਆਏ।
ਧਰਮ ਹੇਤ ਗੁਰਦੇਵ ਪਠਾਏ
ਜਹਾਂ ਤਹਾਂ ਤੁਮ ਧਰਮ ਬਿਥਾਰੋ।
ਦੁਸ਼ਟ ਦੋਖੀਯਨਿ ਪਕਰਿ ਪਛਾਰੋ2
(ਦਸਮ ਗ੍ਰੰਥ ਪੰਨਾ 57)
ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਮਾਨਵ ਕਲਿਆਣ ਹਿਤ ਉਦੇਸ਼ਾਂ ਦੀ ਪੂਰਤੀ ਲਈ ਦਿਸ਼ਾਹੀਣ ਸਮਾਜ ਨੂੰ ਆਪਣੀ ਨਿਆਰੀ ਪਛਾਣ ਦਿਵਾਉਣ ਲਈ ਸਮੁੱਚੇ ਜੀਵਨ ਨੂੰ ਪੰਥ 'ਤੇ ਨਿਛਾਵਰ ਕਰ ਦਿੱਤਾ। ਜਿਸ ਫਲਸਫੇ ਤੇ ਜੀਵਨ ਉਦੇਸ਼ ਨਾਲ ਪਰਮ ਪੁਰਖ ਨੇ ਗੁਰੂ ਸਾਹਿਬ ਨੂੰ ਜੀਵਨ ਕਲਿਆਣ ਦਾ ਹੁਕਮ ਲਾ ਕੇ ਭੇਜਿਆ ਆਪਣਾ ਸੁੱਤ (ਪੁੱਤਰ) ਕਰਕੇ ਨਿਵਾਰ ਕੇ ਭੇਜਿਆ। ਗੁਰੂ ਸਾਹਿਬ ਨੇ ਪ੍ਰਕਾਸ਼ ਤੋਂ ਜੋਤੀ ਜੋਤ ਤੱਕ ਮੰਨਣ ਤੱਕ ਕ੍ਰਾਂਤੀਕਾਰੀ ਤੋਂ ਹੀਣ ਪੰਥ ਦੀ ਸਥਾਪਨਾ ਕੀਤੇ
ਮੈਂ ਆਪਣਾ ਸੁੱਤ ਤੋਹਿ ਨਿਵਾਜਾ
ਪੰਥ ਪ੍ਰਚੁਰ ਕਰਬੈ ਕਹੁ ਸਾਜਾ
(ਦਸਮ ਗ੍ਰੰਥ ਪੰਨਾ 42)
ਗੁਰੂ ਸਾਹਿਬ ਦੇ ਫਲਸਫੇ ਦਾ ਮੁੱਖ ਟੀਚਾ ਸਮਾਜ ਵਿਚ ਬਰਾਬਰਤਾ ਦਾ ਮਾਹੌਲ ਪੈਦਾ ਕਰਕੇ ਭੈਭੀਤ ਸਮਾਜ ਨੂੰ ਜੁਝਾਰੂ ਪੰਥ 'ਚ ਤਬਦੀਲ ਕਰਨ ਦੇ ਨਾਲ-ਨਾਲ ਐਸੀ ਕੌਮ ਵਿਚ ਤਬਦੀਲ ਕਰਨਾ ਸੀ ਜੋ ਚਕਰ ਚਿਹਨ, ਵਰਨ ਜਾਤ, ਵਿਤਕਰੇ ਤੋਂ ਉੱਪਰ ਹੋਵੇ, ਜੋ ਰਾਜੇ ਵੀ ਹੋਣ ਤੇ ਜੋਗੀ ਵੀ, ਜੋ ਸਿਪਾਹੀ ਵੀ ਹੋਣ ਤੇ ਸੰਤ ਵੀ, ਜਿਸ ਦੀ ਆਤਮਾ ਦੁੱਖ ਸੁੱਖ, ਅਮੀਰੀ-ਗ਼ਰੀਬੀ, ਨਿੰਦਾ-ਉਸਤਤ ਤੋਂ ਰਹਿਤ ਹੋਵੇ।
ਦਸਮੇਸ਼ ਜੀ ਨੇ ਇਸੇੇ ਜੀਵਨ-ਜਾਚ ਦਾ ਪ੍ਰਕਾਸ਼ ਖਾਲਸਾ ਅੰਦਰ ਕਰਨ ਲਈ ਖਾਲਸਾ ਪੰਥ ਚਲਾਇਆ ਜੋ ਕਿ ਹਿੰਦੁਸਤਾਨ ਦੇ ਸੱਭਿਆਚਾਰ ਤੇ ਸੁਤੰਤਰਤਾ ਨੂੰ ਬਹਾਲ ਕਰਵਾਉਣ ਲਈ ਅਤੇ ਉਸੇ ਸਮੇਂ ਪੂਰਨ ਰੁੂਪ ਤੋਂ ਜ਼ਾਲਮ ਮੁਗਲ ਹਕੂਮਤ ਦੇ ਅਧੀਨ ਆਤਮ-ਸਮਰਪਣ ਕਰ ਚੁੱਕੀ ਜਨਤਾ ਅੰਦਰ ਗ਼ੈਰਤ, ਸਤਿਕਾਰ ਤੇ ਮਾਣ ਪੈਦਾ ਕਰਨ ਲਈ ਇਕ ਕ੍ਰਾਂਤੀਕਾਰੀ ਕਾਰਜ ਸਿੱਧ ਹੋਇਆ। ਸੰਨ 1499 ਵਿਚ ਜਦੋਂ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਤੋਂ ਬਰਾਬਰਤਾ ਦਾ ਸਿਧਾਂਤ ਦਿੰਦਿਆਂ ਉਚਾਰਿਆ ਸੀ ਨਾ ਕੋ ਹਿੰਦੂ ਨਾ ਕੋ ਮੁਸਲਮਾਨ
ਉਸੇ ਵਕਤ ਸੰਨ 1699 ਵਿਚ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਹੋਣ ਵਾਲੇ ਅਕਾਲ ਰੂਪੀ ਕੌਤਕ ਦਾ ਸੱਦਾ ਮਾਨਵਤਾ ਨੂੰ ਮਿਲ ਗਿਆ ਸੀ। ਜਿਸ ਦੀ ਪੂਰਤੀ ਦਸਮੇਸ਼ ਜੀ ਨੇ ਪੰਜ ਪਿਆਰੇ ਅਖਵਾਏ, ਲਾਹੌਰ ਦੇ ਭਾਈ ਦਇਆ ਸਿੰਘ, ਹਸਤਨਾਪੁਰੀ ਦੇ ਭਾਈ ਧਰਮ ਸਿੰਘ, ਦਵਾਰਕਾ ਦੇ ਭਾਈ ਮੋਹਕਮ ਸਿੰਘ, ਜਗਨਨਾਥ ਪੁਰੀ ਦੇ ਭਾਈ ਹਿੰਮਤ ਸਿੰਘ ਤੇ ਬਿਦਰ ਦੇ ਭਾਈ ਸਾਹਿਬ ਸਿੰਘ ਦੇ ਸੁਮੇਲ ਨਾਲ ਸਿੱਖ ਲਹਿਰ ਪੁੂਰੇ ਹਿੰਦਸਤਾਨ 'ਚ ਪ੍ਰਫੁਲਿਤ ਹੋਈ। ਪਰ ਇਸ ਕਾਰਜ ਦੇ ਟੀਚੇ ਨੂੰ ਤੈਅ ਕਰਨ ਲਈ ਗੁਰੂ ਸਾਹਿਬ ਅੱਗੇ ਅੰਮ੍ਰਿਤ ਦੀ ਉਤਪਤੀ ਅੰਮ੍ਰਿਤ ਰੂਪੀ ਸ਼ਖ਼ਸੀਅਤਾਂ ਦੀ ਪਰਖ, ਅੰਮ੍ਰਿਤ ਉਤਪੰਨ ਕਰਨ ਦਾ ਸਥਾਨ ਅਤੇ ਸਮਾਂ ਤੈਅ ਕਰਨ ਦਾ ਅਨੋਖਾ ਚੋਜ ਸੀ।
ਗੁਰੂ ਅਮਰਦਾਸ ਪਾਤਸ਼ਾਹ ਦੇ ਦਸੇ ਅੰਮ੍ਰਿਤ
ਸੁਰਿ ਨਰਿ ਮੁਿਨ ਜਨਿ ਅੰਮ੍ਰਿਤੁ ਖੋਜਦੇ
ਸਾ ਅੰਮ੍ਰਿਤੁ ਗੁਰ ਤੇ ਪਾਇਆ
ਅਨੁਸਾਰ ਅੰਮ੍ਰਿਤੁ ਪ੍ਰਚੰਡ ਦੀ ਕਿਰਿਆ ਗੁਰੂ ਸਾਹਿਬ ਨੇ ਅਨੰਦਪੁਰ ਨਗਰ ਵਿਖੇ ਪੰਜ ਸੀਸ ਚੁਣ ਕੇ ਅਮਰ, ਅਡੋਲ, ਨਿਰਵੈਰ, ਨਿਡਰ ਤੇ ਸ਼ਾਨਾਮਤੀ ਖਾਲਸੇ ਦੇ ਜਨਮ ਨਾਲ ਸੰਪੂਰਨ ਕੀਤੀ। ਇਸ ਤੋਂ ਵੀ ਅਸਚਰਜ ਕੌਤਕ ਇਹ ਵਰਤਾਇਆ ਕਿ ਸਿਰਲੱਥ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤਪਾਨ ਕਰਕੇ ਆਪੇ ਗੁਰੂ ਚੇਲੇ ਦੀ ਪਿਰਤ ਪਾਈ।
ਖਾਲਸਾ ਮੇਰੋ ਰੂਪ ਹੈ ਖਾਸ
ਖਾਲਸੇ ਮਹਿ ਹਉ ਕਰਹੁ ਨਿਵਾਸ
ਖਾਲਸਾ ਮੋਰੋ ਮੁੱਖ ਹੈ ਅੰਗ।
ਖਾਲਸੇ ਕੋ ਹੌ ਬਸਹਿ ਸਦ ਸੰਗ
ਆਖ ਕੇ ਗੁਰੂ ਤੇ ਚੇਲੇ ਦੇ ਇਕੋ ਉਦੇਸ਼ ਤੇ ਗੁਰੂ ਦਾ ਪੰਚ ਪ੍ਰਧਾਨੀ ਰੂਪ ਚੇਲਾ ਤਿਆਰ ਕੀਤਾ ਕੀਤਾ। ਅੰਮ੍ਰਿਤ ਛਕਾ ਕੇ ਸਿੰਘ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਸੀ, ਧਾਰਮਿਕ ਤੇ ਗੁਲਾਮ ਬਿਰਤੀ ਤੋਂ ਰਹਿਤ, ਸਿਰਲੱਥ ਤਿਆਗੀ ਸੂਰਮਾ ਹੋਣ ਦਾ ਕਿਰਦਾਰ ਬਖਸ਼ਿਸ਼ ਕੀਤਾ। ਅੱਗੇ ਜਾ ਕਿ ਇਸੇ ਯੋਧੇ ਖਾਲਸੇ ਦਾ ਇਤਿਹਾਸ ਸਿਰਜਣ ਵਾਲਾ ਕਾਰਨਾਮਾ ਕੌਮ ਨੇ ਭੰਗਾਣੀ, ਨਾਦੌਣ ਤੋਂ ਮਗਰੋਂ ਚਮਕੌਰ ਸਾਹਿਬ ਦੀ ਧਰਤੀ 'ਤੇ ਵੇਖਿਆ।
ਤਿਲਕ ਜੰਝੂ ਰਾਖਾ ਪ੍ਰਭ ਤਾ ਕਾ
ਕੀਨੋ ਬਡੋ ਕਲੂ ਮਹਿ ਸਾਕਾ
ਸਾਦਨਿ ਹੇਤਿ ਇਤਿ ਜਿਨਿ ਕਰਿ
ਸੀਸ ਦੀਆ ਪਰ ਸੀ ਨ ਉਚਰੀ
ਤੇ ਇਸੇ ਦੇ ਫਲਸਰੂਪ 1699 ਈ: ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਸਿੰਘ ਦੇ ਧਾਰਨ ਚਿੰਨ੍ਹਾਂ ਨੂੰ ਹੋਲੇ ਮਹੱਲੇ ਦੇ ਰੂਪ 'ਚ ਸਦਾ ਸਦਾ ਲਈ ਸਾਹਸ ਤੇ ਜੁਰਅਤ ਭਰਪੂਰ ਕੌਮ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ। ਅੰਮ੍ਰਿਤ ਦੇ ਸਿਧਾਂਤ ਦੀ ਹਿੰਦੋਸਤਾਨ ਦੀ ਜਨਤਾ ਅੰਦਰ ਨਵੀਂ ਰੂਹ ਫੂਕੀ ਤੇ ਇਹ ਉਹ ਸਮਾਂ ਸੀ ਜਦੋਂ ਮਜ਼ਲੂਮਾਂ ਤੇ ਲਤਾੜੇ ਲੋਕਾਂ ਅੰਦਰ ਉੱਚੇ ਧਾਰਮਿਕ ਤੇ ਸਮਾਜਿਕ ਪਰਿਵਰਤਨ ਆਏ। ਨੌਵੇਂ ਪਾਤਸ਼ਾਹ ਦੀ ਕੁਰਬਾਨੀ ਅਤੇ 1699 ਦੀ ਵਿਸਾਖੀ ਵਾਲੇ ਕ੍ਰਾਂਤੀਕਾਰੀ ਉਦੇਸ਼ਾਂ ਦੀ ਪੂਰਤੀ ਮਗਰੋਂ ਦਸਮੇਸ਼ ਜੀ ਦੇ ਅਗਲੇ ਉਦੇਸ਼ ਨੇ ਮੁਗਲ ਹਕੂਮਤ ਦੇ ਅੰਤ ਦੀ ਨੀਂਹ ਰੱਖੀ।
ਕਲਗੀਧਰ ਪਿਤਾ ਨੇ ਖੁਦ ਹੱਥੀਂ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਲਈ ਤਿਆਰ ਕੀਤਾ। ਲਾਸ਼ਾਂ ਦਾ ਢੇਰ ਲਾਉਂਦੀ ਅਜੀਤ ਸਿੰਘ ਦੀ ਤਲਵਾਰ ਨੇ ਵੈਰੀ ਦਲ ਨੂੰ ਤਰੇਲੀਆਂ ਲਿਆ ਛੱਡੀਆਂ। ਇਹ ਦਸਮੇਸ਼ ਪਿਤਾ ਦੇ ਚਮਕੌਰ ਸਾਹਿਬ ਅੰਦਰ ਆਪਣੇ ਅਗਲੇ ਪੜਾਅ ਵੱਲ ਵਧ ਰਹੇ ਉਦੇਸ਼ ਦਾ ਹੀ ਇਕ ਅੰਸ਼ ਸੀ। ਜਿਥੇ ਦਸ ਲੱਖ ਦੀ ਦੁਸ਼ਮਣ ਸੈਨਾ ਨਾਲ ਚਾਲੀ ਸਿੰਘਾਂ ਨੇ ਲੋਹਾ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਸੂਰਮਗਤੀ ਦੀ ਐਸੀ ਉਦਾਹਰਣ ਪੇਸ਼ ਕੀਤੀ ਜਿਸ ਦਾ ਸਾਨੀ ਇਤਿਹਾਸ ਕਿਸੇ ਹੋਰ ਕੌਮ ਵਿਚ ਨਹੀਂ ਲਿਖਿਆ ਗਿਆ।
ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚਿੱਠੀ ਲੈ ਕੇ ਔਰੰਗਜ਼ੇਬ ਕੋਲ ਭੇਜਿਆ। ਫ਼ਾਰਸੀ ਭਾਸ਼ਾ ਵਿਚ ਉਚਾਰਨ ਇਸ ਫ਼ਤਹਿਨਾਮੇ ਨੂੰ ਗੁਰੂ ਸਾਹਿਬ ਨੇ ਜ਼ਫਰਨਾਮੇ ਦਾ ਨਾਂਅ ਦਿੱਤਾ ਤੇ ਇਕ ਯੋਧੇ ਦੀ ਸਮੇਂ ਦੇ ਹਾਕਮ ਨੂੰ ਉਸ ਦੇ ਕਮਾਏ ਫ਼ਰੇਬ ਅਤੇ ਉਸ ਦੁਆਰਾ ਯੁੱਧਨੀਤੀ ਦੇ ਕੀਤੇ ਉਲੰਘਣ ਦੀ ਵਿਥਿਆ ਦੱਸੀ। ਅਸਲ 'ਚ ਜ਼ਫਰਨਾਮਾ ਲਿਖਣਾ ਕੇਵਲ ਗੁਰੂ ਸਾਹਿਬ ਵਲੋਂ ਔਰੰਗਜ਼ੇਬ ਨੂੰ ਉਸ ਦੇ ਕੀਤੇ ਮਾੜੇ ਕਾਰਨਾਮੇ ਬਾਰੇ ਯਾਦ ਕਰਾਉਣਾ ਹੀ ਨਹੀਂ ਸੀ ਸਗੋਂ ਇਹ ਗੁਰੂ ਦੇ ਇਕ ਉਦੇਸ਼ ਦਾ ਵੀ ਹਿੱਸਾ ਸੀ। ਉਹ ਉਦੇਸ਼ ਜਿਸ ਸਦਕਾ ਦਸਮੇਸ਼ ਜੀ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਤੋਂ ਲੈ ਕੇ ਦਸਵੀਂ ਜੋਤ ਤੱਕ ਮੁਗਲ ਹਕੂਮਤ ਦੁਆਰਾ ਕਮਾਏ ਧ੍ਰੋਹ ਦਾ ਵਰਨਣ ਕਰਦੇ ਹਨ, ਜਿਸ ਦਾ ਦਾਇਰਾ ਵਿਸ਼ਾਲ ਹੈ।
ਗੁਰੂ ਸਾਹਿਬ 1708 ਨੂੰ ਨੰਦੇੜ ਪਹੁੰਚਦੇ ਹਨ ਤੇ ਇਥੇ ਹੀ ਟਿਕਾਣਾ ਕਰਦੇ ਹਨ। ਇਥੋਂ ਹੀ ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ 'ਤੇ ਖ਼ਾਲਸਾ ਰਾਜ ਦੀ ਸਥਾਪਤੀ ਵੱਲ ਪਹਿਲਾ ਕਦਮ ਪੁੱਟਦਿਆਂ ਮਾਧੋ ਦਾਸ ਨੂੰ ਅੰਮ੍ਰਿਤਪਾਨ ਕਰਵਾ ਕੇ ਬੰਦਾ ਸਿੰਘ ਬਣਾਇਆ ਤੇ ਬਹਾਦਰ ਦੀ ਉਪਾਧੀ ਦੇ ਕੇ ਧਰਮ ਤੇ ਨਿਆਂ ਦਾ ਚਾਨਣ ਪ੍ਰਚੰਡ ਕਰਨ ਲਈ ਪੰਜਾਬ ਭੇਜਿਆ। ਜਿਸ ਨੇ ਮਗਰੋਂ ਪਹਿਲਾ ਸੁਤੰਤਰ ਖ਼ਾਲਸਾ ਰਾਜ ਕਾਇਮ ਕੀਤਾ ਪਰ ਇਸ ਸਭ ਵਿਚ ਗੁਰੂ ਸਾਹਿਬ ਦੀ ਦੂਰਅੰਦੇਸ਼ੀ ਬਹੁਤ ਮਹੱਤਵ ਰੱਖਦੀ ਸੀ। ਇਹ ਗੁਰੂ ਸਾਹਿਬ ਵਲੋਂ ਬੰਦਾ ਬਹਾਦਰ ਨੂੰ ਦਿੱਤਾ ਥਾਪੜਾ ਹੀ ਸੀ ਕਿ ਸਮਾਂ ਰਹਿੰਦਿਆਂ ਹੀ ਉਸ ਨੇ ਚੱਪੜਚਿੜੀ ਦੇ ਸਥਾਨ 'ਤੇ ਸੂਬਾ-ਏ-ਸਰਹਿੰਦ ਦਾ ਸਿਰ ਧੜ ਤੋਂ ਅਲੱਗ ਕਰਕੇ ਪੰਜਾਬ ਅੰਦਰ ਮੁਗਲ ਹਕੂਮਤ ਨੂੰ ਜੜ੍ਹੋਂ ਪੁੱਟਿਆ।
ਅਕਾਲ ਪੁਰਖ ਦੇ ਦਾਸ ਗੁਰੂ ਸਾਹਿਬ ਹੁਣ ਆਪਣਾ ਅਸਲ ਮਨੋਰਥ ਪੂਰਾ ਕਰਨ ਦੀ ਤਿਆਰੀ ਵਿਚ ਸਨ ਕਿ ਇਸ ਕਾਰਜ ਲਈ ਉਨ੍ਹਾਂ ਨੰਦੇੜ ਦੀ ਧਰਤੀ ਨੂੰ ਚੁਣਿਆ। ਗੁਰੂ ਸਾਹਿਬ ਦੀ ਦੂਰਅੰਦੇਸ਼ੀ ਸੀ ਕਿ ਉਹ ਦੇਹ ਗੁਰੂ ਤੋਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਨਾ ਚਾਹੁੰਦੇ ਸਨ। ਜਿਸ ਦੇ ਫਲਸਰੂਪ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋਤ-ਰੂਪ ਆਤਮਿਕ ਗੁਰੂ ਦੀ ਪਦਵੀ ਬਖ਼ਸ਼ ਕੇ ਦੋਹਰਾ ਉਚਾਰਿਆ:
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ
ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ
ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਗੁਰੂ ਪਦਵੀ ਬਖਸ਼ ਕੇ ਆਦਿ ਗ੍ਰੰਥ ਤੋਂ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਰ ਦਿੱਤਾ।'
-ਮੋਬਾਈਲ : 98144 74445
advravindersinghsampla@gmail.com