ਨੂਰ ਇਲਾਹੀ ਪ੍ਰਗਟਿਆ, ਨਨਕਾਣੇ ਵਿਚ ਜੋਤਿ ਜਗਾਈ।
ਕਰੇ ਉਤਾਰੇ ਫਰਸ਼ 'ਤੇ, ਹਰ ਪਾਸੇ ਹੋਈ ਰੁਸ਼ਨਾਈ।
ਮੱਸਿਆ ਵਰਗੇ ਦਿਲਾਂ ਵਿਚ, ਪੂਰਨਮਾਸ਼ੀ ਸੀ ਚੜ੍ਹ ਆਈ,
ਛਿੱਟਾ ਦੇ ਕੇ ਨਾਮ ਦਾ, ਧਰਤੀ ਦੀ ਸੀ ਪਿਆਸ ਬੁਝਾਈ।
ਦੱਸਿਆ ਮਾਰਗ ਸੱਚ ਦਾ, ਹਰ ਪਾਸੇ ਠੰਢਕ ਵਰਤਾਈ,
ਜੰਗਲਾਂ, ਮਾਰੂਥਲਾਂ ਵਿਚ, ਰੋਹੀਆਂ ਵਿਚ ਸੀ ਛਹਿਬਰ ਲਾਈ।
ਮੁਰਝਾਏ ਹੋਏ ਦਿਲਾਂ ਵਿਚ, ਖ਼ੁਸ਼ੀਆਂ ਦੀ ਸੀ ਆਸ ਜਗਾਈ,
ਕਰੀਆਂ ਚਾਰ ਉਦਾਸੀਆਂ, ਕੁਦਰਤ ਦੀ ਗੁਲਜ਼ਾਰ ਖਿੜਾਈ।
ਸਭ ਦੇ ਸਾਂਝੇ ਮਹਿਰਮਾ, ਦੂਰ ਕਰੀ ਤੂੰ ਪੀੜ ਪਰਾਈ,
ਨਾਥਾਂ ਤਪੀਆਂ ਜੋਗੀਆਂ ਸਭ ਨੂੰ ਸਿੱਧੀ ਵਾਟ ਦਿਖਾਈ।
ਮਨ ਵਾਲੀ ਨਿਰਮਾਣਤਾ, ਮਿੱਠਤ ਵਾਲੀ ਮੱਤ ਸਿਖਾਈ,
ਖ਼ਿਮਾ ਗ਼ਰੀਬੀ ਪਿਆਰ ਦੀ, ਹਉਮੈ ਉਤੇ ਜਿੱਤ ਕਰਾਈ।
ਸਭ ਵਖਰੇਵੇਂ ਮੇਟ ਕੇ, ਨਫ਼ਰਤ ਦੀ ਦੀਵਾਰ ਗਿਰਾਈ,
ਸਭਨਾਂ ਨੂੰ ਤੂੰ ਪਿਆਰਿਆ, ਮੂਲੋਂ ਕੀਤਾ ਫ਼ਰਕ ਨਾ ਰਾਈ।
ਜਿਥੋਂ ਦੀ ਤੂੰ ਲੰਘਿਆ, ਵਡਭਾਗੀ ਉਹ ਧਰਤ ਸੁਹਾਈ,
ਸਦਕੇ ਤੇਰੇ ਸਾਹਿਬਾ, ਕਣ ਕਣ ਤੇਰੀ ਮਹਿਕ ਸਮਾਈ।
ਤੇਰੇ ਅਜਬ ਸਰੂਰ ਨੇ, ਡਾਲੀ ਡਾਲੀ ਹੈ ਮਹਿਕਾਈ,
ਤੇਰੀ ਬਾਣੀ ਗਾਉਂਦਿਆਂ, ਸਭ ਤੇ ਨਾਮ ਖੁਮਾਰੀ ਛਾਈ।
ਅੱਖਰਾਂ ਦੇ ਕੁਝ ਵੱਸ ਨਹੀਂ, ਕਿਵੇਂ ਕਰਾਂ ਤੇਰੀ ਵਡਿਆਈ,
ਮਿਹਰ ਮੁਹੱਬਤ ਵਾਲਿਆ, ਯਾਦ ਤੇਰੀ ਕਿੰਨੀ ਸੁਖਦਾਈ।
ਅੱਜ ਤੱਕ ਤੇਰੇ ਪਿਆਰ ਵਿਚ, ਕਾਇਨਾਤ ਫਿਰੇ ਨਸ਼ਿਆਈ,
ਹਰ ਪਾਸੇ ਹੀ ਗੂੰਜ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ।
ਧਨੁ ਨਾਨਕ ਤੇਰੀ ਵੱਡੀ ਕਮਾਈ <h4>* ਡਾ. ਸਰਬਜੀਤ ਕੌਰ ਸੰਧਾਵਾਲੀਆ *</h4>
ਅਜੀਤ ਡੈਸਕ
19-11-2021