ਪਾਕਿਸਤਾਨ ਦਾ ਮੌਜੂਦਾ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਉਹ ਮੁਕੱਦਸ ਨਗਰ ਹੈ, ਜਿੱਥੇ ਜਗਤ ਗੁਰੂ ਬਾਬਾ ਨਾਨਕ ਦੇਵ ਜੀ, ਨਿਰੰਕਾਰ ਦੇ ਸਾਕਾਰ ਰੂਪ ਵਿਚ ਪ੍ਰਗਟ ਹੋਏ। ਇਸ ਦਾ ਪਹਿਲਾ ਨਾਂਅ ਰਾਏਪੁਰ ਤੇ ਫਿਰ ਰਾਇ ਭੋਇ ਦੀ ਤਲਵੰਡੀ ਹੋਇਆ। ਗੁਰੂ ਜੀ ਦੇ ਆਗਮਨ ਨਾਲ ਇਸ ਦਾ ਨਾਂਅ ਉਨ੍ਹਾਂ ਦੇ ਨਾਂਅ ਤੋਂ ਨਨਕਾਣਾ ਸਾਹਿਬ ਜਗਤ ਪ੍ਰਸਿੱਧ ਹੋਇਆ। ਗੁਰੂ ਸਾਹਿਬ ਵਿਚ ਰੱਬੀ ਨੂਰ ਵੇਖਣ ਵਾਲਾ ਪਹਿਲਾ ਸ਼ਖ਼ਸ ਇਸੇ ਰਾਇ ਭੋਇ ਦੀ ਮੰਡੀ ਦਾ ਚੌਧਰੀ ਰਾਇ ਬੁਲਾਰ ਭੱਟੀ ਸੀ, ਜਿਸ ਨੇ ਗੁਰੂ ਨਾਨਕ ਸਾਹਿਬ ਦੀ ਭੈਣ ਬੇਬੇ ਨਾਨਕੀ ਤੋਂ ਬਾਅਦ ਗੁਰੂ ਜੀ ਵਿਚੋਂ ਰੱਬੀ ਜੋਤਿ ਨੂੰ ਪਛਾਣਿਆ। 'ਖੁਰਸ਼ੀਦ ਖ਼ਾਲਸਾ' ਦੇ ਪੰਨਾ 36 ਅਤੇ 'ਵਿਸਾਖ ਨਹੀਂ ਕੱਤਕ' ਦੇ ਪੰਨਾ 86 ਦੇ ਅਨੁਸਾਰ ਰਾਇ ਬੁਲਾਰ ਨੇ ਆਪਣੇ ਜਿਊਂਦਿਆਂ ਹੀ ਮਾਲ ਦੇ ਕਾਗ਼ਜ਼ਾਂ ਵਿਚ ਰਾਇ ਭੋਇ ਦੀ ਤਲਵੰਡੀ ਦਾ ਨਾਂਅ ਗੁਰੂ ਪਿਆਰ ਅੰਦਰ ਨਨਕਾਣਾ ਸਾਹਿਬ ਰੱਖਿਆ ਸੀ।
ਸ੍ਰੀ ਨਨਕਾਣਾ ਸਾਹਿਬ ਦੇ ਜ਼ਿਲ੍ਹਾ ਬਣਨ ਤੋਂ ਬਾਅਦ ਇਥੇ ਹੈਰਾਨੀਜਨਕ ਤਬਦੀਲੀਆਂ ਆਈਆਂ ਹਨ, ਜਿਨ੍ਹਾਂ ਸਦਕਾ ਅੱਜ ਗੁਰੂ ਨਾਨਕ ਦੇਵ ਜੀ ਇਸ ਜਨਮ ਭੋਂ ਦੇ ਬਾਹਰੀ ਖੇਤਰਾਂ ਦੀ ਨੁਹਾਰ ਲਗਭਗ ਬਿਲਕੁਲ ਬਦਲ ਚੁੱਕੀ ਹੈ। ਮੌਜੂਦਾ ਸਮੇਂ ਸ੍ਰੀ ਨਨਕਾਣਾ ਸਾਹਿਬ ਦੇ ਲਗਭਗ ਸਾਰੇ ਚੌਕਾਂ ਨੂੰ ਨਵੀਂ ਦਿੱਖ ਦਿੱਤੀ ਜਾ ਚੁੱਕੀ ਹੈ। ਗੁਰਦੁਆਰਾ ਸਾਹਿਬ ਦੀ ਤਰਜ਼ 'ਤੇ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਦੀ ਨਵਉਸਾਰੀ ਕਰਕੇ ਉਸ ਨੂੰ ਅਪ-ਗ੍ਰੇਡ ਕੀਤਾ ਗਿਆ ਹੈ, ਆਲੀਸ਼ਾਨ ਬਾਬਾ ਨਾਨਕ ਮੋਟਲ (ਸਰ੍ਹਾਂ) ਦੀ ਉਸਾਰੀ ਕਰਵਾਈ ਗਈ ਹੈ। ਸ੍ਰੀ ਨਨਕਾਣਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਲਗਭਗ ਦੋ ਦਰਜਨ ਨਵੇਂ ਸਮਾਰਕਾਂ ਦੀ ਉਸਾਰੀ ਕਰਵਾਏ ਜਾਣ ਦੇ ਨਾਲ-ਨਾਲ ਜੰਗੀ ਪੱਧਰ 'ਤੇ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦੀ ਉਸਾਰੀ ਵੀ ਜਾਰੀ ਹੈ। ਇਸ ਦੇ ਇਲਾਵਾ ਸ੍ਰੀ ਨਨਕਾਣਾ ਸਾਹਿਬ ਵਿਚਲੇ ਲਗਭਗ ਸਭ ਗੁਰਦੁਆਰਿਆਂ ਦੀ ਨਵਉਸਾਰੀ ਕਰਵਾ ਕੇ ਉਨ੍ਹਾਂ ਨੂੰ ਦਿਲਖਿੱਚਵੀਂ ਦਿੱਖ ਦਿੱਤੀ ਜਾ ਰਹੀ ਹੈ।
ਇਸ ਸ਼ਹਿਰ ਦੇ ਮੇਨ ਬਾਜ਼ਾਰ 'ਚ ਬਿਲਕੁਲ ਮੱਥੇ 'ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਤੋਂ ਬਾਅਦ ਪੰਜਵੀਂ ਪਾਤਸ਼ਾਹੀ ਤਕ ਇਹ ਮੁਕੱਦਸ ਅਸਥਾਨ ਆਮ ਹਾਲਤ ਵਿਚ ਹੀ ਰਿਹਾ। ਬਾਅਦ 'ਚ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ ਆਏ ਤਾਂ ਇਸ ਅਸਥਾਨ ਦੀ ਸੇਵਾ ਉਨ੍ਹਾਂ ਆਪਣੇ ਚੇਲੇ ਅਲਮਸਤ ਜੀ ਨੂੰ ਸੌਂਪੀ। ਜਿਸ ਦੇ ਬਾਅਦ ਲੰਬਾ ਸਮਾਂ ਇਸ ਪਾਵਨ ਅਸਥਾਨ ਦੀ ਸੇਵਾ ਸੰਭਾਲ ਉਦਾਸੀ ਸਾਧੂ ਹੀ ਕਰਦੇ ਰਹੇ। ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਦਾ ਨਵ-ਨਿਰਮਾਣ ਕਰਵਾ ਕੇ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਇਸ ਪਾਵਨ ਅਸਥਾਨ ਦੇ ਨਾਂ 700 ਏਕੜ ਦੀ ਜਾਗੀਰ ਲਵਾਈ। ਹੁਣ ਇਸ ਅਸਥਾਨ ਦੇ ਅੰਦਰ ਆਧੁਨਿਕ ਨਮੂਨੇ ਵਾਲੀਆਂ ਸਰਾਵਾਂ, ਲੰਗਰ ਭਵਨ, ਸ਼ਹੀਦੀ ਗੈਲਰੀ ਅਤੇ ਹੋਰ ਕਈ ਤਰ੍ਹਾਂ ਦੇ ਨਿਰਮਾਣ ਕਰਵਾਏ ਗਏ ਹਨ।
ਗੁਰਦੁਆਰਾ ਜਨਮ ਅਸਥਾਨ ਤੋਂ ਸੱਜੇ ਹੱਥ ਪਾਸ ਹੀ ਇਕ ਗਲੀ ਵਿਚ ਗੁਰਦੁਆਰਾ ਪੱਟੀ ਸਾਹਿਬ ਮੌਜੂਦ ਹਨ। ਇਸ ਅਸਥਾਨ 'ਤੇ 1475 ਈ: ਵਿਚ ਗੁਰੂ ਜੀ ਨੂੰ ਪੰਡਿਤ ਗੋਪਾਲ ਦਾਸ ਪਾਸ ਹਿੰਦੀ ਪੜ੍ਹਨ, 1478 ਈ: ਵਿਚ ਪੰਡਿਤ ਬ੍ਰਿਜ ਲਾਲ ਪਾਸ ਸੰਸਕ੍ਰਿਤ ਅਤੇ 1482 ਈ: ਵਿਚ ਮੌਲਵੀ ਕੁਤਬਉੱਦੀਨ ਪਾਸ ਫ਼ਾਰਸੀ ਪੜ੍ਹਨ ਲਈ ਭੇਜਿਆ ਗਿਆ। ਸਤਿਗੁਰੂ ਨਾਨਕ ਦੇਵ ਜੀ ਦੀ ਤੀਖਣ ਬੁੱਧੀ, ਆਤਮਿਕ ਗਿਆਨ ਤੇ ਰੌਸ਼ਨ ਦਿਮਾਗ਼ ਦੇ ਸਾਹਮਣੇ, ਵਾਰੀ-ਵਾਰੀ ਤਿੰਨਾਂ ਹੀ ਸੰਸਾਰਿਕ ਉਸਤਾਦਾਂ ਨੇ ਸਿਰ ਨਿਵਾਇਆ। ਜਿਸ ਅਸਥਾਨ 'ਤੇ ਗੁਰਦੇਵ ਨੂੰ ਪੜ੍ਹਨ ਲਈ ਭੇਜਿਆ ਗਿਆ ਸੀ, ਉਸੇ ਅਸਥਾਨ 'ਤੇ ਗੁਰਦੁਆਰਾ ਪੱਟੀ ਸਾਹਿਬ ਸੁਭਾਇਮਾਨ ਹੈ। ਇਸ ਅਸਥਾਨ 'ਤੇ ਮੌਲਵੀ ਕੁਤਬੁਉੱਦੀਨ ਪਾਸੋਂ ਫ਼ਾਰਸੀ ਪੜ੍ਹਨ ਕਰਕੇ ਇਸ ਅਸਥਾਨ ਨੂੰ ਗੁਰਦੁਆਰਾ ਮੌਲਵੀ ਪੱਟੀ ਸਾਹਿਬ ਵੀ ਆਖਿਆ ਜਾਂਦਾ ਹੈ।
ਗੁਰਦੁਆਰਾ ਪੱਟੀ ਸਾਹਿਬ ਤੋਂ ਕੋਈ 20 ਕੁ ਕਦਮ ਦੀ ਦੂਰੀ 'ਤੇ ਗੁਰਦੁਆਰਾ ਬਾਲ ਲੀਲਾ ਮੌਜੂਦ ਹੈ। ਇਸ ਅਸਥਾਨ 'ਤੇ ਗੁਰੂ ਜੀ ਬਾਲ ਉਮਰ ਵਿਚ ਆਪਣੇ ਹਾਣੀਆਂ ਨਾਲ ਖੇਡਿਆ ਕਰਦੇ ਸਨ। ਇਥੇ ਬਾਅਦ ਵਿਚ ਰਾਇ ਬੁਲਾਰ ਨੇ ਨਾਨਕ ਸਰ ਨਾਂਅ ਦਾ ਇਕ ਸਰੋਵਰ ਬਣਵਾਇਆ। ਇਹ ਸਰੋਵਰ ਅੱਜ ਵੀ ਗੁਰਦੁਆਰਾ ਬਾਲ ਲੀਲ੍ਹਾ ਦੇ ਬਿਲਕੁਲ ਨਾਲ ਮੌਜੂਦ ਹੈ। ਗੁਰਦੁਆਰਾ ਜਨਮ ਅਸਥਾਨ ਤੋਂ ਨੱਕ ਦੀ ਸੇਧ 'ਤੇ ਅੱਧਾ-ਪੌਣਾ ਕਿਲੋਮੀਟਰ ਦੀ ਵਿੱਥ 'ਤੇ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ 'ਤੇ ਤੰਬੂ ਦੀ ਤਰ੍ਹਾਂ ਫੈਲਿਆ ਹੋਇਆ ਇਕ ਵੱਟ ਦਾ ਵਿਸ਼ਾਲ ਪੁਰਾਣਾ ਰੁੱਖ ਹੈ। ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਚੂਹੜਕਾਣੇ ਤੋਂ ਸੱਚਾ ਸੌਦਾ ਕਰਨ ਤੋਂ ਬਾਅਦ ਵਾਪਸੀ ਸਮੇਂ ਰੁਕੇ ਸਨ। ਗੁਰਦੁਆਰਾ ਤੰਬੂ ਸਾਹਿਬ ਦੇ ਪਾਸ ਹੀ ਉਹ ਅਸਥਾਨ ਹੈ, ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋਂ ਵਾਪਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੁਹ ਪ੍ਰਾਪਤ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਪਧਾਰੇ ਸਨ। ਗੁਰੂ ਜੀ ਇਸ ਜਗ੍ਹਾ 'ਤੇ ਤਿੰਨ ਦਿਨ ਠਹਿਰੇ। ਬਾਅਦ ਵਿਚ ਇਥੇ ਯਾਦਗਾਰੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਣਾਇਆ ਗਿਆ। ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਨਾਲ ਹੀ ਇਕ ਹੋਰ ਗੁਰਦੁਆਰਾ ਪੰਜਵੀਂ ਪਾਤਸ਼ਾਹੀ ਵੀ ਹੈ। ਦੱਸਿਆ ਜਾਂਦਾ ਹੈ ਕਿ ਇਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ।
ਗੁਰਦੁਆਰਾ ਜਨਮ ਅਸਥਾਨ ਮੁੱਖ ਬਾਜ਼ਾਰ ਤੋਂ ਹਟਵੀਂ ਇਕ ਗਲੀ ਵਿਚ ਗੁਰਦੁਆਰਾ ਮਾਲ ਜੀ ਸਾਹਿਬ ਵੀ ਆਪਣੀਆਂ ਸ਼ਾਨਾਂ ਬਰਕਰਾਰ ਰੱਖੀਆਂ ਹੋਈਆਂ ਹਨ। ਦੱਸਿਆ ਜਾਂਦਾ ਹੈ ਕਿ ਇਕ ਦਿਨ ਮੱਝਾਂ-ਗਾਵਾਂ ਚਾਰਦਿਆਂ ਗੁਰੂ ਨਾਨਕ ਦੇਵ ਜੀ ਇਕ ਦਰੱਖਤ ਹੇਠ ਆਰਾਮ ਕਰਦਿਆਂ ਦੀ ਸੁਰਤਿ ਪ੍ਰਭੂ ਚਰਨਾਂ ਵਿਚ ਲੀਨ ਹੋ ਗਈ। ਪਰਛਾਵੇਂ ਢਲ ਗਏ, ਉਨ੍ਹਾਂ ਦੇ ਇਲਾਹੀ ਚਿਹਰੇ 'ਤੇ ਧੁੱਪ ਆ ਗਈ। ਉਸ ਸਮੇਂ ਇਕ ਫ਼ਨੀਅਰ ਸੱਪ ਨੇ ਆਪਣੇ ਫ਼ਨ ਨਾਲ ਗੁਰੂ ਸਾਹਿਬ ਦੇ ਚਿਹਰੇ 'ਤੇ ਛਾਂ ਕੀਤੀ। ਜਦ ਹਾਕਮ ਰਾਇ ਬੁਲਾਰ ਨੇ ਦੂਰੋਂ ਦੇਖਿਆ, ਤਾਂ ਉਸ ਸਮਝਿਆ ਕਿ ਬਾਲਕ ਨਾਨਕ ਨੂੰ ਸੱਪ ਨੇ ਡੱਸ ਲਿਆ ਹੋਵੇਗਾ। ਉਸ ਦੇ ਨੇੜੇ ਪਹੁੰਚਣ 'ਤੇ ਸੱਪ ਆਪਣੀ ਵਰਮੀ ਵਿਚ ਵੜ ਗਿਆ। ਰਾਇ ਬੁਲਾਰ ਨੇ ਗੁਰੂ ਸਾਹਿਬ ਨੂੰ ਜਗਾਇਆ, ਤਾਂ ਉਹ ਬਿਲਕੁਲ ਠੀਕ-ਠਾਕ ਸਨ। ਇਹ ਅਨੋਖਾ ਕੌਤਕ ਵੇਖ ਰਾਇ ਬੁਲਾਰ ਨੂੰ ਗੁਰੂ ਜੀ ਦੀ ਰੂਹਾਨੀ ਸਖ਼ਸ਼ੀਅਤ ਦੀ ਪਹਿਚਾਣ ਹੋ ਗਈ। ਇਸੇ ਪ੍ਰਕਾਰ ਨਨਕਾਣਾ ਸਾਹਿਬ ਵਿਚਲੇ ਗੁਰਦੁਆਰਾ ਕਿਆਰਾ ਸਾਹਿਬ ਬਾਰੇ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਬਚਪਨ ਵਿਚ ਇਕ ਦਿਨ ਜਦੋਂ ਮੱਝਾਂ ਚਰਾਉਣ ਖੇਤਾਂ ਵੱਲ ਲੈ ਗਏਤਾਂ ਰੁੱਖ ਦੀ ਠੰਢੀ ਛਾਂ ਹੇਠ ਬੈਠਿਆਂ ਗੁਰੂ ਜੀ ਦੀ ਸੁਰਤਿ ਪ੍ਰਮਾਤਮਾ ਨਾਲ ਜੁੜ ਗਈ ਤੇ ਮੱਝਾਂ ਕਿਸੇ ਕਿਸਾਨ ਦੇ ਖੇਤ ਵਿਚ ਜਾ ਵੜੀਆਂ। ਜਦੋਂ ਉਹ ਕਿਸਾਨ ਫ਼ਸਲ ਵੇਖਣ ਆਇਆ ਤਾਂ ਉਥੇ ਮੱਝਾਂ ਨੂੰ ਚਰਦੀਆਂ ਵੇਖ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਅਵਾ-ਤਵਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਇਹ ਸ਼ਿਕਾਇਤ ਜਾ ਕੇ ਰਾਇ ਬੁਲਾਰ ਪਾਸ ਕਰ ਦਿੱਤੀ। ਉਸ ਦਾ ਰੌਲਾ ਸੁਣ ਗੁਰੂ ਜੀ ਦੀ ਅੱਖ ਖੁੱਲ੍ਹ ਗਈ ਅਤੇ ਉਹ ਮੱਝਾਂ ਹਿੱਕ ਕੇ ਆਪਣੇ ਘਰ ਵੱਲ ਨੂੰ ਲੈ ਗਏ। ਕਿਸਾਨ ਦੀ ਸ਼ਿਕਾਇਤ ਸੁਣ ਰਾਇ ਬੁਲਾਰ ਨੇ ਆਪਣੇ ਆਦਮੀ ਉਸ ਨਾਲ ਫ਼ਸਲ ਵੇਖਣ ਲਈ ਘੱਲ ਦਿੱਤੇ। ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਖੇਤ ਹਰਿਆ ਭਰਿਆ ਸੀ। ਦੱਸਦੇ ਹਨ ਕਿ ਗੁਰਦੁਆਰਾ ਕਿਆਰਾ ਸਾਹਿਬ ਉਸੇ ਖੇਤ ਵਿਚ ਹੀ ਬਣਿਆ ਹੋਇਆ ਹੈ।
ਦੇਸ਼ ਦੀ ਵੰਡ ਤੋਂ ਬਾਅਦ ਉਕਤ ਸਾਰੇ ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧੀਨ ਹੈ। ਬੋਰਡ ਵਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਦੇ ਨਾਲ-ਨਾਲ ਇਨ੍ਹਾਂ ਦੇ ਪੁਰਾਣੇ ਖਸਤਾਹਾਲ ਭਵਨਾਂ ਦੀ ਨਵਉਸਾਰੀ ਮਾਹਿਰਾਂ ਦੀ ਦੇਖ-ਰੇਖ ਬੜੇ ਜੋਰਾਂ-ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ।
-ਪੱਤਰਕਾਰ, ਅਜੀਤ ਉਪ-ਦਫ਼ਤਰ ਅੰਮ੍ਰਿਤਸਰ
ਮੋਬਾਈਲ : 93561-27771