ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-01-2022

ਗੁਰੂ ਸਾਹਿਬ ਦਾ ਜੀਵਨ-ਆਦਰਸ਼

Ad Position 21
No active advertisement
ਅਜੀਤ ਡੈਸਕ 09-01-2022

ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸਨ ਜਿਨ੍ਹਾਂ ਦੁਆਰਾ ਪ੍ਰਦਾਨ ਕੀਤੀ ਗਈ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਵਿਚ ਇਨ੍ਹਾਂ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਸੀ। ਇਸ ਕਾਰਜ ਲਈ ਇਨ੍ਹਾਂ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਅਤੇ ਅਨੇਕਾਂ ਸਿੰਘਾਂ-ਸਿੰਘਣੀਆਂ ਨੇ ਆਪਣੀ ਸ਼ਹਾਦਤ ਦਿੱਤੀ ਸੀ। ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਚਮਕੌਰ ਦੀ ਗੜ੍ਹੀ ਵਿਚ ਚਾਲੀ ਹੋਰਨਾਂ ਸਿੱਖਾਂ ਸਮੇਤ ਹਜ਼ਾਰਾਂ ਦੀ ਮੁਗ਼ਲ ਫ਼ੌਜ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਨੇ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਸਰਹਿੰਦ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੀ। ਇਹ ਸ਼ਹਾਦਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੱਚਾਈ ਅਤੇ ਸਮਾਜ ਦੀ ਭਲਾਈ ਲਈ ਸਿਰਜੇ ਗਏ ਮਾਰਗ ਪ੍ਰਤਿ ਪ੍ਰੇਰਨਾ ਪੈਦਾ ਕਰਦੀਆਂ ਹਨ।
ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੇ ਬੀਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨ-ਦਰਸ਼ਨ ਵਿਚੋਂ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੇ ਸਮਾਜ ਵਿਚ ਉਸ ਸਮੇਂ ਸੱਚਾਈ, ਸਦਾਚਾਰ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਦਾ ਕਾਰਜ ਆਰੰਭਿਆ ਸੀ ਜਦੋਂ ਇਸ ਦਿਸ਼ਾ ਵਿਚ ਸੋਚਿਆ ਵੀ ਨਹੀਂ ਜਾ ਸਕਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਬਾਣੀ 'ਜਪੁ' ਵਿਚੋਂ ਹੀ ਇਸ ਗ੍ਰੰਥ ਸਾਹਿਬ ਦਾ ਮਨੋਰਥ ਪ੍ਰਗਟ ਹੋ ਜਾਂਦਾ ਹੈ। ਪਹਿਲੀ ਪਉੜੀ ਵਿਚ ਹੀ ਗੁਰੂ ਜੀ 'ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ' ਦਾ ਪ੍ਰਸ਼ਨ ਖੜ੍ਹਾ ਕਰਦੇ ਹਨ ਜਿਹੜੀ ਕਿ ਤਤਕਾਲੀ ਸਮਾਜ ਦੀ ਦਸ਼ਾ ਅਤੇ ਦਿਸ਼ਾ ਦਾ ਪ੍ਰਗਟਾਵਾ ਕਰ ਦਿੰਦੀ ਹੈ। ਇਸ ਦਾ ਭਾਵ ਇਹ ਵੀ ਲਿਆ ਜਾ ਸਕਦਾ ਹੈ ਕਿ ਗੁਰੂ ਜੀ ਮਹਿਸੂਸ ਕਰਦੇ ਸਨ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਪ੍ਰਭੂ-ਮੁਖੀ ਮਾਰਗ 'ਤੇ ਚਲਦੇ ਹੋਏ ਸਦਾਚਾਰੀ ਹੋਣਾ ਹੈ ਅਤੇ ਇਸ ਮਾਰਗ ਨੂੰ ਧਾਰਨ ਕੀਤੇ ਬਗ਼ੈਰ ਸਮਾਜ ਵਿਚ ਇਕਸੁਰਤਾ ਅਤੇ ਭਾਈਚਾਰਕ ਸਾਂਝ ਪੈਦਾ ਨਹੀਂ ਹੋ ਸਕਦੀ।
ਪਰਮਾਤਮਾ ਹਮੇਸ਼ਾ ਨਿਆਂਕਾਰੀ ਭੂਮਿਕਾ ਨਿਭਾਉਂਦਾ ਹੈ ਅਤੇ ਜਦੋਂ ਸਮਾਜ ਦੀ ਹਾਲਤ ਵਿਚ ਏਨਾ ਨਿਘਾਰ ਆ ਜਾਵੇ ਤਾਂ ਕਿਸੇ ਪੁਰਖ ਨੂੰ ਧਰਮ ਦਾ ਮਾਰਗ ਪੁਨਰ-ਸਥਾਪਤ ਕਰਨ ਲਈ ਭੇਜਦਾ ਹੈ। ਜਗਤ ਵਿਚ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸੇ ਲੜੀ ਦਾ ਇਕ ਹਿੱਸਾ ਹੈ-ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਗੁਰੂ ਗੋਬਿੰਦ ਸਿੰਘ ਜੀ ਵੀ ਜਗਤ ਵਿਚ ਆਗਮਨ ਦਾ ਉਦੇਸ਼ ਧਰਮ ਦੀ ਭਾਵਨਾ ਨੂੰ ਪੁਨਰ-ਸਥਾਪਤ ਕਰਨਾ ਦਸਦੇ ਹਨ -ਧਰਮ ਚਲਾਵਨ ਸੰਤ ਉਬਾਰਨ ਦੁਸਟ ਸਭਨ ਕੋ ਮੂਲ ਉਪਾਰਿਨ। ਉਨ੍ਹਾਂ ਦਾ ਜਨਮ ਗੁਰੂ ਤੇਗ਼ ਬਹਾਦਰ ਅਤੇ ਮਾਤਾ ਗੁਜਰੀ ਜੀ ਦੇ ਘਰ ਪਟਨਾ ਸਾਹਿਬ ਵਿਖੇ ਹੋਇਆ ਸੀ। ਜਦੋਂ ਉਨ੍ਹਾਂ ਦਾ ਜਨਮ ਹੋਇਆ ਤਾਂ ਪਿਤਾ ਗੁਰੂ ਤੇਗ਼ ਬਹਾਦਰ ਜੀ ਪੂਰਬ ਦੀ ਯਾਤਰਾ 'ਤੇ ਸਨ। ਪੰਜਾਬ ਸਮੇਤ ਸਾਰੇ ਉੱਤਰੀ ਭਾਰਤ ਵਿਚ ਗੁਰੂ ਜੀ ਨੂੰ ਬਾਦਸ਼ਾਹ ਦੇ ਜ਼ੁਲਮ ਦੀ ਖ਼ਬਰ ਮਿਲੀ ਤਾਂ ਉਹ ਪਟਨਾ ਵਿਖੇ (ਗੁਰੂ) ਗੋਬਿੰਦ ਸਿੰਘ (ਬਚਪਨ ਦਾ ਨਾਂਅ ਗੋਬਿੰਦ ਰਾਇ ਸੀ, ਗੁਰਗੱਦੀ ਤੇ ਬੈਠਣ ਅਤੇ ਖ਼ਾਲਸੇ ਦੀ ਸਿਰਜਣਾ ਉਪਰੰਤ ਗੁਰੂ ਗੋਬਿੰਦ ਸਿੰਘ ਨਾਂ ਪ੍ਰਸਿੱਧ ਹੋਇਆ) ਦਾ ਦੀਦਾਰ ਕਰਕੇ ਛੇਤੀ ਹੀ ਪੰਜਾਬ ਵੱਲ ਚੱਲ ਪਏ ਸਨ ਅਤੇ ਪਰਿਵਾਰ ਨੂੰ ਵੀ ਛੇਤੀ ਹੀ ਪੰਜਾਬ ਆਉਣ ਦਾ ਆਦੇਸ਼ ਕਰ ਦਿੱਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੰਦਪੁਰ ਸਿੱਖੀ ਪ੍ਰਚਾਰ ਦਾ ਕੇਂਦਰ ਬਣਿਆ ਹੋਇਆ ਸੀ ਅਤੇ ਦੂਰੋਂ-ਨੇੜਿਉਂ ਆਉਣ ਵਾਲੀ ਸੰਗਤ ਇਥੇ ਹੀ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਂਦੀ ਅਤੇ ਬਖ਼ਸ਼ਿਸ਼ਾਂ ਪ੍ਰਾਪਤ ਕਰਦੀ ਸੀ। ਗੁਰੂ ਜੀ ਨੇ ਸਮਕਾਲੀ ਹਾਲਾਤ ਦੇ ਸਨਮੁੱਖ ਯੋਜਨਾਬੰਦੀ ਆਰੰਭ ਕਰ ਦਿੱਤੀ ਸੀ। ਢਾਡੀਆਂ ਦੀਆਂ ਵਾਰਾਂ ਅਤੇ ਸਾਹਿਤ ਦੀ ਸਿਰਜਣਾ ਨੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਗੁਰੂ ਜੀ ਨੇ ਵਕਤੀ ਤੌਰ ਤੇ ਆਪਣਾ ਨਿਵਾਸ ਅਨੰਦਪੁਰ ਤੋਂ ਪਾਉਂਟਾ ਸਾਹਿਬ ਕਰ ਲਿਆ ਸੀ ਤਾਂ ਕਿ ਆਪਣੇ 'ਧਰਮ ਚਲਾਵਨ ਸੰਤ ਉਬਾਰਨ' ਦੇ ਮਿਸ਼ਨ ਨੂੰ ਅੱਗੇ ਤੋਰਿਆ ਜਾ ਸਕੇ। ਉਨ੍ਹਾਂ ਨੇ ਢਾਡੀਆਂ, ਕਵੀਸ਼ਰਾਂ, ਲਿਖਾਰੀਆਂ ਨੂੰ ਜੋਸ਼ੀਲਾ ਸਾਹਿਤ ਰਚਣ ਅਤੇ ਗਾਇਨ ਦਾ ਆਦੇਸ਼ ਕਰ ਦਿੱਤਾ ਸੀ।
ਗੁਰੂ ਜੀ ਸਿੱਖਾਂ ਨੂੰ ਸ਼ਸਤਰ ਅਤੇ ਸ਼ਾਸਤਰ ਵਿਦਿਆ ਵਿਚ ਨਿਪੁੰਨ ਕਰਨਾ ਚਾਹੁੰਦੇ ਸਨ ਕਿਉਂਕਿ ਸ਼ਾਸਤਰ ਵਿੱਦਿਆ ਤੋਂ ਬਗ਼ੈਰ ਸ਼ਸਤਰ ਵਿੱਦਿਆ ਮਨੁੱਖ ਦੇ ਮਨ ਵਿਚ ਇਕ ਪਾਸੇ ਜਬਰ ਅਤੇ ਹਉਮੈ ਦਾ ਵਿਕਾਸ ਕਰਦੀ ਹੈ ਅਤੇ ਦੂਜੇ ਪਾਸੇ ਉਹ ਵਹਿਮਾਂ, ਭਰਮਾਂ, ਪਾਖੰਡਾਂ ਅਤੇ ਕਰਮਕਾਂਡਾਂ ਵਿਚ ਫਸਿਆ ਰਹਿੰਦਾ ਹੈ। ਸ਼ਾਸਤਰਾਂ ਤੋਂ ਪ੍ਰਾਪਤ ਕੀਤਾ ਆਤਮ ਗਿਆਨ ਮਨੁੱਖ ਦੇ ਮਨ ਵਿਚ ਸ਼ਰਧਾ, ਭਾਵਨਾ, ਦ੍ਰਿੜ੍ਹਤਾ, ਸਬਰ, ਸੰਤੋਖ, ਬੀਰਰਸ ਅਤੇ ਸੂਰਬੀਰਤਾ ਦੇ ਹੋਰ ਗੁਣ ਭਰਨ ਵਿਚ ਸਮਰੱਥ ਹੁੰਦਾ ਹੈ।
ਸ਼ਾਸਤਰ ਵਿੱਦਿਆ ਦੇ ਅਧਿਐਨ ਅਤੇ ਸ਼ਸਤਰ ਵਿੱਦਿਆ ਲਈ ਜੋਸ਼ ਪੈਦਾ ਕਰਨ ਲਈ ਗੁਰੂ ਜੀ ਦੇ ਦਰਬਾਰ ਵਿਚ ਇਕ ਸੌ ਤੋਂ ਵਧੇਰੇ ਕਵੀ ਆਉਂਦੇ ਸਨ ਅਤੇ ਆਪਣੀਆਂ ਰਚਨਾਵਾਂ ਸੁਣਾ ਕੇ ਗੁਰੂ ਜੀ ਤੋਂ ਭਾਰੀ ਇਨਾਮ ਪ੍ਰਾਪਤ ਕਰਦੇ ਸਨ। ਗੁਰੂ ਜੀ ਦਾ ਇਕ ਕਵੀ ਹੰਸ ਰਾਮ ਦੱਸਦਾ ਹੈ ਕਿ ਗੁਰੂ ਜੀ ਨੇ ਉਸਨੂੰ ਸੱਠ ਹਜ਼ਾਰ (60,000) ਟਕਾ ਬਖ਼ਸ਼ਿਸ਼ ਕੀਤਾ ਸੀ।
ਗੁਰੂ ਜੀ ਨੇ ਕੁੱਝ ਸਮਾਂ ਅਨੰਦਪੁਰ ਸਾਹਿਬ ਤੋਂ ਪਾਉੇਂਟਾ ਸਾਹਿਬ ਵਿਖੇ ਨਿਵਾਸ ਕਰ ਲਿਆ ਸੀ ਅਤੇ ਇੱਥੇ ਉਨ੍ਹਾਂ ਦੁਆਰਾ ਆਰੰਭ ਕੀਤੇ ਜੀਵਨ-ਆਦਰਸ਼ ਆਮ ਲੋਕਾਂ ਦੀ ਖਿੱਚ ਦਾ ਕਾਰਨ ਬਣੇ ਅਤੇ ਹਰ ਧਰਮ, ਜਾਤ, ਵਿਸ਼ਵਾਸ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਸ਼ਰਧਾਲੂ ਬਣਨ ਲੱਗੇ ਸਨ। ਪੀਰ ਬੁੱਧੂ ਸ਼ਾਹ ਦੁਆਰਾ ਸ਼ਾਹੀ ਦਰਬਾਰ ਦੀ ਨੌਕਰੀ ਵਿਚੋਂ ਕੱਢੇ ਮੁਸਲਮਾਨਾਂ ਨੂੰ ਗੁਰੂ ਜੀ ਨੇ ਤਨਖਾਹਦਾਰ ਸਿਪਾਹੀ ਬਣਾਇਆ ਸੀ। ਉਸ ਸਮੇਂ ਅਜਿਹਾ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਇਸੇ ਅਸਥਾਨ 'ਤੇ ਗੁਰੂ ਜੀ ਜਿੱਥੇ ਕਵੀ ਦਰਬਾਰ ਲਗਾਇਆ ਕਰਦੇ ਸਨ ਉੱਥੇ ਵੱਡੇ-ਵੱਡੇ ਵਿਦਵਾਨ ਵੀ ਗੁਰੂ ਜੀ ਦੀ ਸ਼ਰਨ ਵਿਚ ਆ ਕੇ ਨਿਵਾਸ ਕਰਨ ਲੱਗੇ ਸਨ। ਗੁਰੂ ਜੀ ਨੇ ਆਪ ਵੀ ਸ਼ਾਸਤਰ ਵਿੱਦਿਆ ਦਾ ਮਹਾਨ ਕਾਰਜ ਆਰੰਭ ਕਰ ਦਿੱਤਾ ਸੀ ਜਿਹੜਾ ਕਿ 'ਦਸਮ ਗ੍ਰੰਥ' ਦੇ ਰੂਪ ਵਿਚ ਅੱਜ ਵੀ ਮੌਜੂਦ ਹੈ। ਇਸ ਧਰਮ ਗ੍ਰੰਥ ਵਿਚ ਅਜਿਹੀਆਂ ਰਚਨਾਵਾਂ ਵੀ ਮੌਜੂਦ ਹਨ ਜਿਹੜੀਆਂ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਹਨ।
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਾਉਂਟਾ ਸਾਹਿਬ ਰਿਹਾਇਸ਼ ਦੌਰਾਨ ਪ੍ਰਦਾਨ ਕੀਤੀ ਸ਼ਸਤਰ ਅਤੇ ਸ਼ਾਸਤਰ ਦੀ ਵਿਚਾਰਧਾਰਾ ਨੇ ਆਮ ਲੋਕਾਂ ਦੀ ਜੀਵਨਸ਼ੈਲੀ ਨੂੰ ਪੂਰਨ ਤੌਰ 'ਤੇ ਬਦਲ ਦਿੱਤਾ ਸੀ। ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਆਮ ਲੋਕ ਸਿੱਖ ਬਣਦੇ ਜਾ ਰਹੇ ਸਨ ਉੱਥੇ ਪਹਾੜੀ ਰਾਜੇ ਇਸ ਤੋਂ ਈਰਖਾ ਕਰਨ ਲੱਗੇ ਸਨ ਕਿ ਕਿਤੇ ਤਾਕਤ ਹਾਸਲ ਕਰਕੇ ਗੁਰੂ ਜੀ ਉਨ੍ਹਾਂ ਦੇ ਰਾਜ 'ਤੇ ਕਾਬਜ਼ ਹੀ ਨਾ ਹੋ ਜਾਣ। ਭੰਗਾਣੀ ਦੇ ਸਥਾਨ ਤੇ ਗੁਰੂ ਜੀ ਦਾ ਪਹਿਲਾ ਯੁੱਧ ਏਸੇ ਲੜੀ ਦਾ ਇਕ ਹਿੱਸਾ ਸੀ। ਬਹੁਤ ਸਾਰੇ ਪਹਾੜੀ ਰਾਜੇ ਸਾਂਝੇ ਤੌਰ 'ਤੇ ਗੁਰੂ ਜੀ ਵਿਰੁੱਧ ਚੜ੍ਹ ਆਏ ਸਨ। ਭੰਗਾਣੀ ਦਾ ਯੁੱਧ ਸਿੱਖਾਂ ਲਈ ਪਰਖ ਦੀ ਘੜੀ ਸੀ ਕਿਉਂਕਿ ਰਾਜਿਆਂ ਦੀਆਂ ਫ਼ੌਜਾਂ ਵਿਚ ਸਿੱਖਿਅਤ ਸਿਪਾਹੀ ਅਤੇ ਜਰਨੈਲ ਸਨ ਅਤੇ ਗੁਰੂ ਜੀ ਵੱਲੋਂ ਲੜ੍ਹਨ ਵਾਲੇ ਸ਼ਰਧਾਲੂ ਸਨ। ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਵਲੋਂ ਅਜਿਹੇ ਸ਼ਰਧਾਲੂ ਲੜ ਰਹੇ ਸਨ ਜਿਨ੍ਹਾਂ ਨੇ ਕਦੇ ਕੋਈ ਹਥਿਆਰ ਫੜ ਕੇ ਵੀ ਨਹੀਂ ਸੀ ਦੇਖਿਆ। ਪੀਰ ਬੁੱਧੂ ਸ਼ਾਹ ਜਿਹੇ ਬੰਦਗੀ ਕਰਨ ਵਾਲੇ ਫ਼ਕੀਰਾਂ ਨੇ ਯੁੱਧ ਵਿਚ ਹਿੱਸਾ ਲੈ ਕੇ ਇਹ ਸਿੱਧ ਕਰ ਦਿੱਤਾ ਸੀ ਕਿ ਧਰਮ ਦੇ ਮਾਰਗ 'ਤੇ ਚਲਦੇ ਹੋਏ ਲੋੜ ਪੈਣ ਤੇ ਸ਼ਸਤਰਾਂ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਭੰਗਾਣੀ ਦੇ ਯੁੱਧ ਨੇ ਸਿੱਖਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਸਨ ਜਿਸ ਦਾ ਵਰਨਣ ਕਰਦੇ ਹੋਏ ਗੁਰੂ ਜੀ ਆਪਣੀ ਰਚਨਾ ਬਚਿਤ੍ਰ ਨਾਟਕ ਵਿਚ ਦੱਸਦੇ ਹਨ:
ਜੁੱਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਂਵ।
ਕਾਹਲੂਰ ਮੈ ਬਾਂਧਿਯੋ ਆਨਿ ਅਨੰਦਪੁਰ ਗਾਂਵ।
ਅਧਿਆਇ 8. 36.
ਭੰਗਾਣੀ ਦੇ ਯੁੱਧ ਉਪਰੰਤ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਪਸ ਆ ਜਾਣ 'ਤੇ ਇਸ ਨਗਰ ਵਿਖੇ ਰੌਣਕਾਂ ਪਰਤ ਆਈਆਂ ਸਨ, ਦੂਰ-ਨੇੜੇ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੀ ਸੀ। ਮਸੰਦ ਭੇਟਾਵਾਂ ਲੈ ਕੇ ਗੁਰੂ-ਘਰ ਆਉਣ ਲੱਗੇ ਅਤੇ ਜਿਹੜੇ ਸ਼ਰਧਾਲੂ ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੇ ਦਰਸ਼ਨਾਂ ਨੂੰ ਨਹੀਂ ਸਨ ਜਾ ਸਕੇ ਉਹ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗੇ ਸਨ। ਅਨੰਦਪੁਰ ਵਿਖੇ ਦੋਵੇਂ ਵਕਤ ਦੀਵਾਨ ਲਗਦਾ ਸੀ। ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭ ਕੀਤਾ ਨਿਤਨੇਮ ਹੁੰਦਾ, ਆਸਾ ਦੀ ਵਾਰ ਦੇ ਗਾਇਨ ਉਪਰੰਤ ਢਾਡੀ ਵਾਰਾਂ ਗਾਉਂਦੇ ਸਨ ਜਿਹੜੀਆਂ ਸੰਗਤ ਨੂੰ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਬੀਰ ਰਸ ਵੀ ਪੈਦਾ ਕਰਦੀਆਂ ਸਨ। ਇਸ ਤੋਂ ਇਲਾਵਾ ਗੁਰੂ ਜੀ ਆਪਣੇ ਤੋਂ ਪਹਿਲਾਂ ਰਹਿ ਚੁੱਕੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਸੰਗਤ ਨੂੰ ਦ੍ਰਿੜ੍ਹ ਕਰਾਉਂਦੇ ਸਨ। ਮਸੰਦ ਪ੍ਰਥਾ ਨੂੰ ਖ਼ਤਮ ਕਰਨਾ ਅਤੇ ਖ਼ਾਲਸੇ ਦੀ ਸਿਰਜਣਾ ਦੋ ਵੱਡੇ ਕਾਰਜ ਇਸ ਨਗਰ ਵਿਖੇ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੇ ਸਿੱਖ ਜੀਵਨ ਜਾਚ ਅਤੇ ਸਮਾਜ ਦੇ ਪਰਿਵਰਤਨ 'ਤੇ ਮਹੱਤਵਪੂਰਨ ਯੋਗਦਾਨ ਪਾਇਆ ਸੀ।
1699 ਈਸਵੀ ਦੀ ਵਿਸਾਖ਼ੀ ਮੌਕੇ ਸੀਸ ਭੇਟ ਕਰਨ ਆਏ ਪਹਿਲੇ ਪੰਜ ਸਿੱਖਾਂ ਨੂੰ ਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਜਥੇਬੰਦੀ ਦਾ ਮੁੱਢ ਬੰਨ੍ਹਿਆ ਸੀ। ਇਸ ਜਥੇਬੰਦੀ ਵਿਚ ਸ਼ਾਮਲ ਹੋਣ ਵਾਲਿਆਂ ਲਈ ਕੁੱਝ ਸਦਾਚਾਰਕ ਨਿਯਮ ਧਾਰਨ ਕਰਨੇ ਜ਼ਰੂਰੀ ਸਨ ਜਿਨ੍ਹਾਂ ਨੂੰ ਰਹਿਤ ਕਿਹਾ ਜਾਂਦਾ ਹੈ। ਭਾਈ ਨੰਦ ਲਾਲ ਨੇ ਤਨਖਾਹਨਾਮਾ ਵਿਚ ਖ਼ਾਲਸੇ ਸੰਬੰਧੀ ਇਨ੍ਹਾਂ ਨਿਯਮਾਂ ਦਾ ਵਰਨਣ ਕੀਤਾ ਹੈ:
ਖਾਲਸਾ ਸੋਇ ਨਿਰਧਨ ਕੋ ਪਾਲੈ ਖਾਲਸਾ ਸੋਇ ਦੁਸ਼ਟ ਕੋ ਗਾਲੈ।
ਖਾਲਸਾ ਸੋਇ ਨਾਮ ਜਪ ਕਰੈ ਖਾਲਸਾ ਸੋਇ ਮਲੇਛ ਪਰ ਚੜ੍ਹੈ।
ਖਾਲਸਾ ਸੋਇ ਨਾਮ ਸਿਉਂ ਜੋੜੇ ਖਾਲਸਾ ਸੋਇ ਬੰਧਨ ਕੋ ਤੋੜੇ।
ਖਾਲਸਾ ਸੋਇ ਜੋ ਚੜ੍ਹੇ ਤੁਰੰਗ ਖਾਲਸਾ ਸੋਇ ਜੋ ਕਰੇ ਨਿਤ ਜੰਗ।
ਖਾਲਸਾ ਸੋਇ ਸ਼ਸਤਰ ਕੋ ਧਾਰੇ ਖਾਲਸਾ ਸੋਇ ਦੁਸ਼ਟ ਕੋ ਮਾਰੇ।
ਤਨਖਾਹਨਾਮਾ, 50-54
ਗੁਰੂ ਜੀ ਦੀ ਸ਼ਖ਼ਸੀਅਤ ਦਾ ਸਭ ਤੋਂ ਵੱਡਾ ਗੁਣ ਸੀ ਕਿ ਉਹ ਮੁਰਦਿਆਂ ਵਿਚ ਜਾਨ ਪਾ ਦਿੰਦੇ ਸਨ। ਉਨ੍ਹਾਂ ਦੀ ਪ੍ਰੇਰਨਾ, ਜੋਸ਼ ਅਤੇ ਉਤਸ਼ਾਹ ਸਦਕਾ ਘੱਟ ਗਿਣਤੀ ਵਿਚ ਹੁੰਦੇ ਹੋਏ ਵੀ ਸਿੱਖ ਵੱਡੀ ਤੋਂ ਵੱਡੀ ਫ਼ੌਜ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਗਏ ਸਨ।
ਖ਼ਾਲਸਾ ਪੰਥ ਦੀ ਸਿਰਜਣਾ ਜਬਰ ਅਤੇ ਅਨਿਆਂ ਦੇ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਦ੍ਰਿੜ੍ਹ ਸੰਕੇਤ ਸੀ ਅਤੇ ਇਸ ਕਾਰਜ ਲਈ ਗੁਰੂ ਜੀ ਨੂੰ ਕਈ ਯੁੱਧ ਕਰਨੇ ਪਏ ਸਨ। ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਮੁਕਤਸਾਰ ਸਾਹਿਬ ਦੇ ਵੱਡੇ ਯੁੱਧਾਂ ਦੌਰਾਨ ਗੁਰੂ ਸਾਹਿਬ ਦੇ ਪਰਿਵਾਰ ਅਤੇ ਖ਼ਾਲਸੇ ਦਾ ਭਾਰੀ ਨੁਕਸਾਨ ਹੋਇਆ ਸੀ ਪਰ ਗੁਰੂ ਜੀ ਆਪਣੇ ਉਦੇਸ਼ ਦੀ ਸਫ਼ਲਤਾ ਲਈ ਨਿਰੰਤਰ ਯਤਨਸ਼ੀਲ ਸਨ। ਮੁਕਤਸਰ ਦੇ ਯੁੱਧ ਤੋਂ ਬਾਅਦ ਗੁਰੂ ਜੀ ਨੇ ਤਲਵੰਡੀ ਸਾਬੋ ਵਿਖੇ ਆ ਕੇ ਨਿਵਾਸ ਕਰ ਲਿਆ ਸੀ ਅਤੇ ਇੱਥੋਂ ਦੇ ਚੌਧਰੀ ਭਾਈ ਡੱਲੇ ਨੇ ਗੁਰੂ ਜੀ ਦੀ ਭਰਪੂਰ ਸੇਵਾ ਕੀਤੀ ਸੀ।
ਤਲਵੰਡੀ ਨਿਵਾਸ ਦੌਰਾਨ ਗੁਰੂ ਜੀ ਦੁਆਰਾ ਕੀਤੇ ਜਾ ਰਹੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਪ੍ਰਭਾਵ ਚਾਰ-ਚੁਫੇਰੇ ਨਜ਼ਰ ਆਉਣ ਲੱਗਾ ਸੀ। ਮਾਲਵੇ ਦੇ ਲੋਕ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸ਼ਰਧਾਲੂ ਬਣ ਗਏ ਸਨ ਅਤੇ ਉਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਅੰਮ੍ਰਿਤ ਛਕ ਕੇ ਸਿੰਘ ਵੀ ਸਜਦੇ ਜਾ ਰਹੇ ਸਨ। ਨੌਂ ਮਹੀਨੇ ਗੁਰੂ ਜੀ ਇਸ ਅਸਥਾਨ 'ਤੇ ਰਹੇ ਅਤੇ ਇੱਥੇ ਨਿਵਾਸ ਦੌਰਾਨ ਹੀ ਉਨ੍ਹਾਂ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ (ਗੁਰੂ) ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕਰਕੇ ਇਸਨੂੰ ਸੰਪੂਰਨਤਾ ਪ੍ਰਦਾਨ ਕੀਤੀ ਸੀ।
ਤਲਵੰਡੀ ਸਾਬੋ ਤੋਂ ਗੁਰੂ ਜੀ ਨਾਂਦੇੜ ਵੱਲ ਚਲੇ ਗਏ ਸਨ ਤਾਂ ਕਿ ਬਾਦਸ਼ਾਹ ਨਾਲ ਮੁਲਾਕਾਤ ਕਰਕੇ ਉਸ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਜਾ ਸਕੇ ਪਰ ਇਹ ਸੰਭਵ ਨਹੀਂ ਸੀ ਹੋ ਸਕਿਆ ਕਿਉਂਕਿ ਗੁਰੂ ਜੀ ਬਘੌਰ ਪੁੱਜੇ ਸਨ ਕਿ ਉਨ੍ਹਾਂ ਨੂੰ ਬਾਦਸ਼ਾਹ ਦੇ ਦੇਹਾਂਤ ਦੀ ਖਬਰ ਮਿਲ ਗਈ ਸੀ। ਇਥੋਂ ਗੁਰੂ ਜੀ ਸਿੱਧਾ ਦਿੱਲੀ ਆ ਗਏ ਸਨ ਅਤੇ ਆਪਣੇ ਸੁਭਾਅ ਅਨੁਸਾਰ ਵੈਰ-ਵਿਰੋਧ ਭੁਲਾ ਕੇ ਸਭ ਨੂੰ ਪਰਮਾਰਥ ਦੇ ਮਾਰਗ ਤੇ ਚੱਲਣ ਦੀ ਸਿੱਖਿਆ ਦਿੰਦੇ ਰਹੇ ਸਨ। ਗੁਰੂ ਜੀ ਦੀ ਇਹ ਸਿੱਖਿਆ ਉਨ੍ਹਾਂ ਦੇ ਜੀਵਨ ਵਿਚੋਂ ਉਸ ਸਮੇਂ ਪ੍ਰਗਟ ਹੁੰਦੀ ਹੈ ਜਦੋਂ ਬਾਦਸ਼ਾਹ ਔਰੰਗਜ਼ੇਬ ਤੋਂ ਬਾਅਦ ਉਸ ਦੇ ਪੁੱਤਰਾਂ ਵਿਚਕਾਰ ਗੱਦੀ ਲਈ ਯੁੱਧ ਛਿੜ ਗਿਆ ਸੀ। ਬਾਦਸ਼ਾਹ ਦੇ ਇਕ ਪੁੱਤਰ ਬਹਾਦਰ ਸ਼ਾਹ ਨੇ ਗੁਰੂ ਜੀ ਤੋਂ ਤਖ਼ਤ ਹਾਸਲ ਕਰਨ ਲਈ ਸਹਾਇਤਾ ਦੀ ਮੰਗ ਕੀਤੀ ਸੀ। ਗੁਰੂ ਜੀ ਨੇ ਉਸ ਨੂੰ ਤਖ਼ਤ ਦੇ ਯੋਗ ਜਾਣ ਕੇ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਉਹ ਸਾਰੀਆਂ ਗੱਲਾਂ ਨੂੰ ਨਹੀਂ ਚਿਤਾਰਿਆ ਸੀ ਜਿਹੜੀਆਂ ਹਕੂਮਤ ਨੇ ਉਨ੍ਹਾਂ ਨਾਲ ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਮੁਕਤਸਰ ਸਾਹਿਬ ਦੇ ਯੁੱਧਾਂ ਵਿਚ ਕੀਤੀਆਂ ਸਨ। ਗੁਰੂ ਜੀ ਦਾ ਉਦੇਸ਼ ਹੀ ਸਮਾਜ ਨੂੰ ਉਸਾਰੂ ਲੀਹਾਂ 'ਤੇ ਪਾਉਣਾ ਸੀ ਅਤੇ ਉਨ੍ਹਾਂ ਆਪਣੇ ਜੀਵਨ ਰਾਹੀਂ ਇਹ ਸੰਦੇਸ਼ ਦਿੱਤਾ ਸੀ ਕਿ ਸਮਾਜ ਦਾ ਵਿਕਾਸ ਕੇਵਲ ਰਾਜ ਦੀ ਪ੍ਰਾਪਤੀ ਰਾਹੀਂ ਹੀ ਸੰਭਵ ਨਹੀਂ ਹੈ ਬਲਕਿ ਜਿਹੜਾ ਵਿਅਕਤੀ ਇਸ ਕਾਰਜ ਨੂੰ ਕਰਨ ਲਈ ਅੱਗੇ ਆਉਣ ਦਾ ਯਤਨ ਕਰੇ, ਉਸ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।
ਗੁਰੂ ਜੀ ਦੀ ਸਹਾਇਤਾ ਨਾਲ ਜਦੋਂ ਬਹਾਦਰ ਸ਼ਾਹ ਬਾਦਸ਼ਾਹ ਬਣ ਗਿਆ ਤਾਂ ਉਹ ਗੁਰੂ ਜੀ ਨਾਲ ਕੀਤੇ ਇਕਰਾਰ ਤੋਂ ਪਿੱਛੇ ਹਟਣ ਲੱਗਿਆ। ਉਸ ਨੂੰ ਆਪਣਾ ਤਖ਼ਤ ਬਚਾਉਣ ਦੀ ਚਿੰਤਾ ਵਧੇਰੇ ਸਤਾਉਣ ਲੱਗੀ ਸੀ। ਗੁਰੂ ਜੀ ਰਾਜਿਆਂ ਦੀਆਂ ਕਮਜ਼ੋਰੀਆਂ ਅਤੇ ਚਾਲਾਂ ਤੋਂ ਭਲੀਭਾਂਤ ਵਾਕਿਫ਼ ਸਨ। ਉਨ੍ਹਾਂ ਨੇ ਬਾਦਸ਼ਾਹ ਦਾ ਸਾਥ ਛੱਡ ਕੇ ਨਾਂਦੇੜ ਦੇ ਸਥਾਨ ਤੋਂ ਬੰਦਾ ਸਿੰਘ ਬਹਾਦਰ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਪੰਜਾਬ ਭੇਜ ਦਿੱਤਾ ਸੀ ਜਿਸ ਨੇ ਪੰਜਾਬ ਵਿਚ ਆਪਣੀ ਹਕੂਮਤ ਕਾਇਮ ਕਰ ਲਈ ਸੀ ਅਤੇ ਬਹਾਦਰ ਸ਼ਾਹ ਜਿਉਂਦੇ ਜੀਅ ਉਸ ਨੂੰ ਕਾਬੂ ਨਹੀਂ ਸੀ ਕਰ ਸਕਿਆ। ਬਹਾਦਰ ਸ਼ਾਹ ਨੇ ਗੁਰੂ ਜੀ ਨਾਲ ਕੀਤੇ ਇਕਰਾਰ ਤੋਂ ਪਿੱਛੇ ਹਟ ਕੇ ਸਮੁੱਚੇ ਉੱਤਰੀ ਭਾਰਤ ਵਿਚ ਗੜਬੜੀ ਵਾਲਾ ਮਾਹੌਲ ਪੈਦਾ ਕਰ ਲਿਆ ਸੀ।
ਨਾਂਦੇੜ ਵਿਖੇ 7 ਅਕਤੂਬਰ 1708 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਸਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਪ੍ਰਦਾਨ ਕਰਦੇ ਹੋਏ ਕਿਹਾ ਕਿ 'ਜੋਤਿ ਗ੍ਰੰਥ ਵਿਚ ਅਤੇ ਸਰੀਰ ਪੰਥ ਵਿਚ'। ਇਸ ਦਾ ਭਾਵ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖ਼ਾਲਸਾ ਪੰਥ ਗੁਰੂ-ਰੂਪ ਹੋ ਕੇ ਫ਼ੈਸਲੇ ਕਰ ਸਕਦਾ ਹੈ। ਇਹ ਪਰੰਪਰਾ ਮੌਜੂਦਾ ਸਮੇਂ ਤਕ ਪ੍ਰਚੱਲਿਤ ਹੈ। ਗੁਰੂ ਜੀ ਦੁਆਰਾ ਸਿਰਜੇ ਗਏ ਇਨ੍ਹਾਂ ਆਦਰਸ਼ਾਂ ਕਰਕੇ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੁਆਰਾ ਦਰਸਾਏ ਗਏ ਮਾਰਗ 'ਤੇ ਚੱਲਣ ਦਾ ਯਤਨ ਕਰਦੇ ਹਾਂ। ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ 'ਤੇ ਚੱਲ ਕੇ ਹੀ ਸਮਾਜ ਵਿਚ ਸਤਿ, ਸੰਤੋਖ, ਦਇਆ, ਧਰਮ ਅਤੇ ਧੀਰਜ ਦੀ ਭਾਵਨਾ ਪ੍ਰਗਟ ਹੁੰਦੀ ਹੈ ਅਤੇ ਪ੍ਰੇਮ, ਭਾਈਚਾਰੇ ਅਤੇ ਸਵੈਮਾਨ ਦਾ ਮਾਰਗ ਪ੍ਰਫੁਲਿਤ ਹੁੰਦਾ ਹੈ।


-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ad Position 22
No active advertisement
ਪਿਛਲੀ ਖ਼ਬਰ ਹੱਕ-ਪ੍ਰਸਤ ਤੇ ਹੱਕ ਮੁਤਲਾਸ਼ੀਆਂ ਦੇ ਵਿਸ਼ਵ ਰਹਿਬਰ ਅਗਲੀ ਖ਼ਬਰ ...ਆਈਆਂ ਨੂਰ ਦੀਆਂ ਸਰਕਾਰਾਂ <H4>* ਡਾ. ਸਰਬਜੀਤ ਕੌਰ ਸੰਧਾਵਾਲੀਆ *</H4>
Ad Position 24
No active advertisement