ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗਤ ਵਿਚ ਆਪਣੇ ਆਗਮਨ ਦਾ ਤੱਤ-ਉਦੇਸ਼ ਜਾਂ ਸਤਿ-ਆਦਰਸ਼ ਖੁਦ ਆਪਣੀ ਪਾਵਨ ਬਾਣੀ 'ਬਚਿਤ੍ਰ ਨਾਟਕ' ਵਿਚ ਬੜੇ ਸਪੱਸ਼ਟ ਤੇ ਸ਼ਾਹਕਾਰ ਤਰੀਕੇ ਨਾਲ ਪ੍ਰਗਟਾਉਂਦੇ ਹਨ :
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵਿ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂੁ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥੪੩॥
(ਬਚ੍ਰਿੱਤ ਨਾਟਕ, ਅਧਿਆਇ ੬)
ਉਪਰੋਕਤ ਮੁੱਖ ਵਾਕ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਕਿਸੇ ਖ਼ਾਸ ਕੌਮ, ਖਿੱਤੇ, ਦੇਸ਼, ਜਾਤੀ, ਮਜ਼੍ਹਬ ਜਾਂ ਕੁਲ ਦੇ ਭਲੇ ਲਈ ਮਖ਼ਸੂਸ (ਰਾਖ਼ਵਾਂ) ਨਹੀਂ, ਸਗੋਂ ਸਾਰੇ ਜਗਤ ਦੇ ਉਧਾਰ ਲਈ ਹੈ। ਗੁਰੂ ਸਾਹਿਬ ਧਰਮ ਦੇ ਵਿਸਥਾਰ ਹੇਤ, ਦੀਨ-ਦੁਨੀ ਦੀ ਰੱਖਿਆ ਤੇ ਦੁਸ਼ਟਾਂ-ਜ਼ਾਲਮਾਂ ਦਾ ਨਾਸ਼ ਕਰਨ ਲਈ ਹੀ ਅਕਾਲ ਪੁਰਖ ਦੁਆਰਾ ਜਗਤ ਵਿਖੇ ਆਏ 'ਪਰਮ ਦੂਤ' ਸਨ।
ਦਸਮ ਪਾਤਿਸ਼ਾਹ ਦਾ ਆਦਰਸ਼ ਕਿੰਨਾ ਉੱਚਾ-ਸੁੱਚਾ ਤੇ ਸਰਬਸਾਂਝਾ ਸੀ। ਗੁਰੂ ਦਸਮੇਸ਼ ਜੀ ਆਪਣੀ ਸੰਸਾਰਕ ਯਾਤਰਾ 'ਚ ਹੀ ਅਜਿਹੇ ਪੂਰਨੇ ਪਾ ਗਏ ਹਨ ਕਿ ਕੋਈ ਸ਼ੰਕਾ-ਸੁਬਹਾ ਹੋਣ ਦੀ ਗੁੰਜਾਇਸ਼ ਹੀ ਨਹੀਂ ਬਚਦੀ।
ਦਸਮ ਪਾਤਿਸ਼ਾਹ ਇਸ ਮਾਤ ਲੋਕ ਵਿਚ ਸਮੁੱਚੀ ਮਾਨਵਤਾ ਨੂੰ ਮਜ਼੍ਹਬਾਂ, ਫ਼ਿਰਕਿਆਂ, ਫ਼ੋਕਟ ਕਰਮ-ਕਾਂਡਾਂ ਦੇ ਝਗੜੇ-ਝੇੜਿਆਂ ਵਿਚੋਂ ਬਾਹਰ ਕੱਢ ਕੇ ਸਿਰਫ਼ ਧਰਮ ਦੇ ਸਹੀ ਰਾਹ 'ਤੇ ਤੋਰਨ ਲਈ ਆਏ ਸਨ, ਜਿਸ ਦਾ ਜ਼ਿਕਰ ਦਸਮ ਪਿਤਾ ਖੁਦ ਕਰਦੇ ਹਨ :
ਮੈ ਅਪਨਾ ਸੁਤ ਤੋਹਿ ਨਿਵਾਜਾ॥
ਪੰਥ ਪ੍ਰਚੁਰ ਕਰਬੇ ਕਹੁ ਸਾਜਾ॥
ਜਹਾ ਤਹਾਂ ਤੈ ਧਰਮੁ ਚਲਾਇ॥
ਕਬੁਧਿ ਕਰਨ ਤੇ ਲੋਕ ਹਟਾਇ॥ ੨੯॥
(ਬਚਿਤ੍ਰ ਨਾਟਕ)
ਕੁਝ ਨਵੀਨ ਇਤਿਹਾਸਕਾਰਾਂ ਨੇ ਇਕ ਭੁਲੇਖਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਦਰਸ਼ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼, ਵੱਖੋ-ਵੱਖਰਾ ਸੀ। ਦਰਅਸਲ ਗੁਰੂ ਸਾਹਿਬਾਨ ਦੇ ਆਦਰਸ਼ ਨੂੰ ਸਮਝੇ ਬਗ਼ੈਰ ਹੀ ਅਜਿਹੀਆਂ ਮਿੱਥਾਂ ਬਣਾ ਲਈਆਂ ਜਾਂਦੀਆਂ ਹਨ, ਜਦੋਂ ਕਿ ਸ਼ਾਂਤਮਈ ਰਹਿਣਾ ਜਾਂ ਸ਼ਸਤਰ ਚੁੱਕਣਾ ਹੀ ਗੁਰੂ ਸਾਹਿਬਾਨ ਦਾ ਵਾਸਤਵੀ ਆਦਰਸ਼ ਨਹੀਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਾਂ ਗੁਰੂ ਸਾਹਿਬਾਨ ਦਾ ਉਦੇਸ਼ ਜਾਂ ਆਦਰਸ਼ ਸਮੁੱਚੀ ਲੋਕਾਈ ਨੂੰ ਆਤਮਿਕ ਤੇ ਸਰੀਰਕ ਗ਼ੁਲਾਮੀ ਦੇ ਬਹੁਪ੍ਰਕਾਰੀ ਬੰਧਨਾਂ ਤੋਂ ਮੁਕਤ ਕਰਨਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਸ਼ਾਸਤਰ' ਦੀ ਵਰਤੋਂ ਕੀਤੀ ਤੇ ਹਾਲਾਤ ਅਨੁਸਾਰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਸ਼ਾਸਤਰ' ਦੇ ਨਾਲ 'ਸ਼ਸਤਰ' ਦੀ ਵਰਤੋਂ ਵੀ ਕੀਤੀ। ਦਸਮ ਪਾਤਿਸ਼ਾਹ 'ਬਚਿਤ੍ਰ ਨਾਟਕ' ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਜਾਮਿਆਂ ਦੀ ਇਕੋ ਜੋਤਿ ਤੇ ਜੁਗਤ ਦਾ ਪ੍ਰਗਟਾਵਾ ਇਉਂ ਕਰਦੇ ਹਨ :
ਸ੍ਰੀ ਨਾਨਕ ਅੰਗਦਿ ਕਰਿ ਮਾਨਾ॥
ਅਮਰਦਾਸ ਅੰਗਦ ਪਹਿਚਾਨਾ॥
ਅਮਰਦਾਸ ਰਾਮਦਾਸ ਕਹਾਯੋ॥
ਸਾਧਨਿ ਲਖਾ ਮੂੜ੍ਹ ਨਹਿ ਪਾਯੋ॥੯॥
ਭਿੰਨ ਭਿੰਨ ਸਭਹੂੰ ਕਰ ਜਾਨਾ॥
ਏਕ ਰੂਪ ਕਿਨਹੂੰ ਪਹਿਚਾਨਾ॥
ਜਿਨ ਜਾਨਾ ਤਿਨ ਹੀ ਸਿਧ ਪਾਈ॥
ਬਿਨ ਸਮਝੇ ਸਿਧ ਹਾਥਿ ਨ ਆਈ॥੧੦॥
ਰਾਮਦਾਸ ਹਰਿ ਸੋ ਮਿਲ ਗਏ॥
ਗੁਰਤਾ ਦੇਤ ਅਰਜਨਹਿ ਭਏ॥
ਜਬ ਅਰਜਨ ਪ੍ਰਭੁ ਲੋਕ ਸਿਧਾਏ॥
ਹਰਿਗੋਬਿੰਦ ਤਿਹ ਠਾਂ ਠਹਿਰਾਏ॥੧੧॥
ਹਰਿਗੋਬਿੰਦ ਪ੍ਰਭ ਲੋਕ ਸਿਧਾਰੇ॥
ਹਰੀਰਾਇ ਤਿਹ ਠਾਂ ਬੈਠਾਰੇ॥
ਹਰੀਕ੍ਰਿਸਨ ਤਿਨ ਕੇ ਸੁਤ ਵਏ॥
ਤਿਨ ਤੇ ਤੇਗ ਬਹਾਦਰ ਭਏ॥੧੨॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਤਿ-ਆਦਰਸ਼ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵੈਰ ਕਿਸੇ ਮਜ਼੍ਹਬ ਨਾਲ ਨਹੀਂ, ਸਗੋਂ ਜ਼ੁਲਮ ਦੇ ਨਾਲ ਹੈ। ਦੁਸ਼ਟ-ਦਮਨ ਦਸਮੇਸ਼ ਗੁਰੂ, ਦੁਸ਼ਟਾਂ ਨੂੰ ਮਾਰਦੇ ਨਹੀਂ, ਸਗੋਂ ਤਰੁੱਠ ਕੇ, ਤਰਸ ਕਰਕੇ, ਉਨ੍ਹਾਂ ਦੀ ਦੁਸ਼ਟਤਾਈ ਨੂੰ ਬਿਦਾਰ ਕੇ ਉਨ੍ਹਾਂ ਦਾ ਉਧਾਰ ਕਰਦੇ ਸਨ। ਗੁਰੂ ਜੀ ਦੇ ਹਰੇਕ ਤੀਰ ਨਾਲ 'ਸਵਾ ਤੋਲਾ ਸੋਨਾ' ਲੱਗਾ ਹੋਣਾ ਕਿ; ਜੇਕਰ ਜ਼ਾਲਮ ਫ਼ੌਜ ਦਾ ਕੋਈ ਸਿਪਾਹੀ ਇਸ ਤੀਰ ਨਾਲ ਜ਼ਖ਼ਮੀ ਹੋਵੇ ਤਾਂ ਇਸ ਸੋਨੇ ਨਾਲ ਆਪਣਾ ਦਵਾ-ਦਾਰੂ ਦਾ ਇੰਤਜ਼ਾਮ ਕਰ ਸਕੇ ਤੇ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੇ ਪਰਿਵਾਰ ਵਾਲੇ ਉਸ ਦਾ ਅੰਤਮ ਕਿਰਿਆ-ਕਰਮ ਕਰ ਸਕਣ।
ਗੁਰੂ ਸਾਹਿਬ ਨੇ ਕਿਸੇ ਖ਼ਾਸ ਫ਼ਿਰਕੇ ਦੇ ਖਿਲਾਫ਼ ਸੰਘਰਸ਼ ਨਹੀਂ ਕੀਤਾ, ਕਿਉਂਕਿ ਇਕ ਪਾਸੇ ਜਿੱਥੇ ਦਸਮ ਪਾਤਿਸ਼ਾਹ ਨੇ ਜ਼ਾਲਮ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਪੁੱਟ ਸੁੱਟੀਆਂ, ਉਥੇ ਭੰਗਾਣੀ ਦੇ ਮੈਦਾਨ ਵਿਚ ਪਹਾੜੀ ਰਾਜਪੂਤ ਰਾਜੇ ਭੀਮ ਚੰਦ ਨੇ ਗੁਰੂ ਜੀ ਨੂੰ ਜੰਗ ਦਾ ਨਿਓਂਦਾ ਦਿੱਤਾ ਤਾਂ ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਫ਼ਕੀਰ ਆਪਣੇ ਦੋ ਭਰਾਵਾਂ, ਚਾਰ ਪੁੱਤਰਾਂ ਤੇ ਸੱਤ ਸੌ ਮੁਰੀਦਾਂ ਸਮੇਤ ਗੁਰੂ-ਘਰ ਤਰਫ਼ੋਂ ਮੁਗ਼ਲਾਂ ਨਾਲ ਜੂਝਣ ਲਈ ਪਹੁੰਚਦੇ ਹਨ। ਖ਼ਾਲਸਾ ਪੰਥ ਦੀ ਸਾਜਨਾ ਸੰਬੰਧੀ ਔਰੰਗਜ਼ੇਬ ਦੇ ਇਕ ਅਖ਼ਬਾਰ ਨਵੀਸ ਵਲੋਂ ਭੇਜੀ ਗਈ ਨਿਰਪੱਖ ਰਿਪੋਰਟ, ਜਿਸ ਦਾ ਹਵਾਲਾ ਇਤਿਹਾਸਕਾਰ ਮੈਕਾਲਫ਼ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਇਤਿਹਾਸਕਾਰ ਬੂਟੇ ਸ਼ਾਹ ਦੀ 'ਤਵਾਰੀਖ਼-ਏ-ਪੰਜਾਬ' ਵਿਚੋਂ ਲਿਆ ਹੈ, ਵੀ ਕਾਬਲ-ਏ-ਗੌਰ ਹੈ। 'ਚਾਰ ਵਰਣਾਂ ਤੋਂ ਨਿਰਲੇਪ ਇਕ ਵੱਖਰਾ ਮਜ਼੍ਹਬ ਹੋਂਦ ਵਿਚ ਆ ਗਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਨੇ ਖ਼ੁਦਾ ਦੀ ਥਾਂ ਲੈਂਦੇ ਅਵਤਾਰਾਂ ਦੀ ਪੂਜਾ ਦਾ ਦੌਰ ਆਪਣੀ ਉੱਮਤ ਵਿਚੋਂ ਖ਼ਤਮ ਕਰ ਦਿੱਤਾ ਹੈ ਅਤੇ ਵੀਹ ਹਜ਼ਾਰ ਲੋਕਾਂ ਨੇ ਇਸ ਨਵੀਂ ਕਿਸਮ ਦੇ ਮਜ਼੍ਹਬ ਨੂੰ ਅਖ਼ਤਿਆਰ ਕੀਤਾ ਹੈ।'
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਸਾਰਾ ਸੰਸਾਰ ਸੀ, ਉਨ੍ਹਾਂ ਦਾ ਦੇਸ਼ ਸਮੁੱਚੀ ਰੱਬੀ ਰਚਨਾ ਸੀ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਤੋਂ ਕੋਈ ਭਿੰਨ ਨਹੀਂ। ਗੁਰੂ ਨਾਨਕ ਦਾ ਸਿੱਖ ਧਰਮ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਲਾਵੇ 'ਚ ਲੈਣ ਦੀ ਗੱਲ ਆਖਦਾ ਹੈ। 'ਜਨ ਨਾਨਕ ਕਾ ਹਰਿ ਧੜਾ ਧਰਮੁ, ਸਭ ਸ੍ਰਿਸਟਿ ਜਿਣਿ ਆਵੈ॥ (ਰਾਗੁ ਆਸਾ ਘਰੁ ੨ ਮ. ੪, ਅੰਗ : ੩੬੬)।'
-ਫ਼ੋਨ : 98780-70008
e-mail : ts1984buttar@yahoo.com