ਸਿੱਖ ਨੇਕੀ ਦਾ ਪਹਿਰੇਦਾਰ ਅਤੇ ਮਾਨਵਤਾ ਦਾ ਮਿੱਤਰ ਪਿਆਰਾ ਹੈ। ਉਸ ਕੋਲ ਰਬਾਬ ਦਾ ਸੰਗੀਤ ਅਤੇ ਤੇਗ ਦੀ ਧਾਰ ਦਾ ਜਲਾਲ ਹੈ। ਸਿੱਖ ਕੋਲ ਕਾਮਨਾਵਾਂ ਨਹੀਂ ਸਾਰੇ ਸੰਸਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਉਹ ਆਲੀਸ਼ਾਨ ਹਵੇਲੀਆਂ ਤੇ ਸ਼ੀਸ਼-ਮਹਿਲਾਂ ਦਾ ਚਾਹਵਾਨ ਨਹੀਂ, ਸਗੋਂ ਨੀਲੀ-ਛੱਤ ਅਤੇ ਸਾਰਾ ਸੰਸਾਰ ਹੀ ਉਸ ਦਾ ਘਰ-ਪਰਿਵਾਰ ਹੈ। ਉਹ ਸੰਕੀਰਨਤਾ ਦੀ ਥਾਂ ਆਲਮੀ ਸੋਚ ਦਾ ਮਾਲਕ ਹੈ। ਉਸ ਦੀ ਸੋਚ ਦੀ ਵਿਸ਼ਾਲਤਾ ਅਤੇ ਵਿਹਾਰ ਦੀ ਸੁੰਦਰਤਾ ਗੁਰੂ ਸਾਹਿਬ ਦੀ ਅਗਵਾਈ ਅਤੇ ਨਦਰਿ ਨਾਲ ਰੂਪਮਾਨ ਹੁੰਦੀ ਹੈ।
ਸਿੱਖ ਧਰਮ ਵਿਚ ਸੰਸਾਰ ਦੁੱਖਾਂ ਦਾ ਘਰ ਨਹੀਂ ਧਰਮ ਕਮਾਉਣ ਦਾ ਅਵਸਰ ਹੈ। ਗੁਰੂ ਤੋਂ ਸੇਧ ਲੈ ਕੇ ਪਰਉਪਕਾਰ ਦੇ ਰਾਹਾਂ 'ਤੇ ਤੁਰਦਿਆਂ ਅਕਾਲ ਪੁਰਖ ਨਾਲ ਮਿਲਾਪ ਦੀ ਆਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਮੌਤ ਤੋਂ ਪਾਰ ਜ਼ਿੰਦਗੀ ਦਾ ਸੁਨੇਹਾ ਹੈ। ਜ਼ੁਲਮ ਦੀ ਕਾਲੀ-ਬੋਲੀ ਰਾਤ ਵਿਚ ਚਾਨਣ ਦੇ ਤੀਰਾਂ ਦੀ ਬਰਸਾਤ ਦਾ ਨਿਰਭਉ ਨਿਰਵੈਰੁ ਹੁਸਨ ਹੈ। ਬਦੀ ਖਿਲਾਫ਼ ਇਕ ਨੂੰ ਸਵਾ ਲੱਖ ਨਾਲ ਲੜਾ ਦੇਣ ਦਾ ਬੇਮਿਸਾਲ ਕਾਰਨਾਮਾ ਹੈ। ਮਨੁੱਖਤਾ ਦਾ ਮਹਿਲ ਉਸਾਰਨ ਲਈ ਮਾਸੂਮ ਚੰਦਾਂ ਨੂੰ ਜ਼ਿੰਦਾ ਕੰਧਾਂ ਵਿਚ ਚਿਣਵਾ ਲੈਣ ਅਤੇ ਵੱਡੇ ਸਾਹਿਬਜ਼ਾਦਿਆਂ ਨੂੰ ਅੱਖਾਂ ਅੱਗੇ ਪੁਰਜਾ ਪੁਰਜਾ ਕਟਿ ਮਰੈ ਦੇ ਕੌਤਕ ਕਰਦਿਆਂ ਸ਼ਹੀਦੀਆਂ ਪਾਉਂਦੇ ਦੇਖਣ ਦਾ ਵਿਸ਼ਾਲ ਜਿਗਰਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਨੂੰ ਅਕਾਲ ਪੁਰਖ ਦੀ ਦਾਤ ਮੰਨਦਿਆਂ ਆਦਰਸ਼ ਜੀਵਨ ਦੇ ਮਿਆਰ ਸਥਾਪਿਤ ਕੀਤੇ। ਵਿਅਕਤੀ ਨੂੰ ਪਰਿਵਾਰਵਾਦ ਦੀ ਥਾਂ ਸਰਬੱਤ ਦੇ ਭਲੇ ਨੂੰ ਮੁਖ ਰੱਖ ਕੇ ਜੀਵਨ ਬਤੀਤ ਕਰਨ ਦੀ ਜੁਗਤ ਸਮਝਾਈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਅਤੇ ਜੀਵਨ ਵਿਚੋਂ ਆਦਰਸ਼ ਜੀਵਨ-ਜਾਚ ਦੇ ਸੁਨਹਿਰੀ ਨਕਸ਼ ਰੋਸ਼ਨ ਹੁੰਦੇ ਹਨ ਜੋ ਨਿਮਾਣੇ ਅਤੇ ਨਿਤਾਣੇ, ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੇ ਜੀਵਨ ਵਿਚ ਵੱਡੇ ਪਰਿਵਰਤਨ ਦਾ ਅਧਾਰ ਬਣੇ। ਡਰੇ ਤੇ ਸ਼ੋਸ਼ਿਤ ਲੋਕ ਫੌਲਾਦੀ ਯੋਧਿਆਂ ਵਿਚ ਤਬਦੀਲ ਹੋ ਗਏ। ਬਦਲਾ ਲੈਣ ਦੀ ਥਾਂ ਉਨ੍ਹਾਂ ਨੇ ਸੰਸਾਰ ਨੂੰ ਸੁਹਾਵਣਾ ਬਣਾਉਣ ਅਤੇ ਇਨਸਾਫ ਦੀ ਸਥਾਪਨਾ ਦਾ ਸੁਹਿਰਦ ਯਤਨ ਕੀਤਾ। ਮਨੁੱਖੀ ਸੰਬੰਧਾਂ ਵਿਚ ਸੰਜੀਦਗੀ ਲਿਆਂਦੀ। ਨੈਤਿਕਤਾ ਦੇ ਉਜਾਲਿਆਂ ਨਾਲ ਮੁਹੱਬਤ ਕੀਤੀ। ਕੱਟੜਤਾ ਦੀ ਥਾਂ ਸਾਂਝੀਵਾਲਤਾ, ਸ਼ੋਸ਼ਣ ਦੀ ਥਾਂ ਸੇਵਾ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਈ। ਸਿੱਖਾਂ ਦੇ ਖ਼ੂਨ ਦੇ ਪਿਆਸੇ ਵੈਰੀਆਂ ਦੀਆਂ ਇਸਤਰੀਆਂ ਤੱਕ ਨੂੰ ਸਿੱਖਾਂ ਨੇ ਸਤਿਕਾਰ ਬਖਸ਼ ਕੇ ਚਰਿੱਤਰ ਦੇ ਮਿਆਰਾਂ ਦੀਆਂ ਬੁਲੰਦੀਆਂ ਨੂੰ ਪਰਿਭਾਸ਼ਿਤ ਕੀਤਾ।
ਗੁਰੂ ਸਾਹਿਬ ਨੇ ਧਰਮ ਨੂੰ ਰਸਮ ਦੀ ਥਾਂ ਸੁਚੱਜੇ ਵਿਵਹਾਰ ਦੀ ਖ਼ੂਬਸੂਰਤੀ ਨਾਲ ਜੋੜਿਆ। ਸ਼ਕਤੀ ਨੂੰ ਭਗਤੀ ਨਾਲ ਇਕਸੁਰ ਕਰਕੇ ਮਾਨਵਤਾ ਲਈ ਉਪਯੋਗੀ ਬਣਾਇਆ। ਸਿਪਾਹੀ ਨੂੰ ਸੰਤ ਦੀ ਉੱਚੀ-ਸੁੱਚੀ ਉਪਮਾ ਯਾਦ ਕਰਵਾਈ। ਸਿੱਟੇ ਵਜੋਂ ਸਿੱਖ ਸੰਤ-ਸਿਪਾਹੀ ਦੇ ਸੰਕਲਪ ਨਾਲ ਸਰਸ਼ਾਰ ਹੋ ਕੇ ਨਿਰਧਨ ਨੂੰ ਪਾਲਣ ਅਤੇ ਦੁਸ਼ਟ ਨੂੰ ਗਾਲਣ ਵਾਲੇ ਕਿਰਦਾਰ ਦਾ ਮਾਲਕ ਬਣ ਗਿਆ।
ਖ਼ਾਲਸਾ ਹੰਕਾਰ ਤੋਂ ਮੁਕਤ ਹੋ ਕੇ ਨਿਮਰਤਾ ਦੇ ਸਰੋਵਰਾਂ ਵਿਚ ਇਸ਼ਨਾਨ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਰਾਹੀਂ ਮਨੁੱਖਤਾ ਨੂੰ ਯਾਦ ਕਰਵਾਇਆ ਕਿ ਮਸਤ ਹਾਥੀਆਂ ਦਾ ਮਾਣ ਤੋੜਨ ਤੇ ਵੱਡੇ ਕਿਲ੍ਹਿਆਂ ਨੂੰ ਮਿੱਟੀ ਵਿਚ ਮਿਲਾ ਦੇਣ ਵਾਲੇ, ਸਾਰੀ ਧਰਤੀ 'ਤੇ ਕਬਜ਼ਾ ਕਰ ਲੈਣ ਵਾਲੇ ਹੰਕਾਰੀ ਯੋਧੇ ਵੀ ਸੰਸਾਰ ਨੂੰ ਛੱਡ ਕੇ ਖਾਲੀ ਹੱਥ ਤੁਰ ਜਾਂਦੇ ਹਨ। ਉਨ੍ਹਾਂ ਦੀ ਤਾਕਤ ਅਕਾਲ ਪੁਰਖ ਦੀ ਸਦੀਵੀ ਪਰਮ ਸ਼ਕਤੀ ਦੇ ਸਾਹਮਣੇ ਤੁੱਛ ਹੈ। ਨਿਮਰਤਾ ਅਤੇ ਨੇਕੀ ਇਲਾਹੀ ਨਦਰਿ ਦੀਆਂ ਰਿਸ਼ਮਾਂ ਵਿਚ ਵਿਚਰਨ ਦਾ ਸੁਭਾਗ ਹਾਸਲ ਕਰਦੀ ਹੈ ਤੇ ਮਾਨਵਤਾ ਲਈ ਵਰਦਾਨ ਬਣ ਜਾਂਦੀ ਹੈ।
ਗੁਰੂ ਸਾਹਿਬ ਨੇ ਖ਼ਾਲਸੇ ਨੂੰ ਸਰਬ ਸ਼ਕਤੀਮਾਨ ਅਤੇ ਸਾਰੇ ਪ੍ਰਾਣੀਆਂ 'ਤੇ ਕਿਰਪਾ ਕਰਨ ਵਾਲੇ ਅਕਾਲ ਪੁਰਖ ਦੀ ਕੀਰਤੀ ਨਾਲ ਜੋੜਿਆ। ਅਠਾਰ੍ਹਵੀਂ ਸਦੀ ਵਿਚ ਜਦੋਂ ਹਕੂਮਤ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਲੱਗ ਪਈ ਤਾਂ ਸਿੱਖਾਂ ਨੇ ਅਕਾਲ ਪੁਰਖ ਨੂੰ ਅੰਗ ਸੰਗ ਸਮਝ ਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਕੇ ਆਪਣਾ ਰਾਜ ਸਥਾਪਿਤ ਕੀਤਾ। ਸਿੱਖ ਮਿਸਲਦਾਰਾਂ ਨੇ ਆਪਣੇ ਰਾਜ ਵਿਚ ਹਰ ਧਰਮ ਦੇ ਨਿਰਧਨਾਂ ਦੀ ਦਿਲ ਖੋਲ੍ਹ ਕੇ ਸਹਾਇਤਾ ਕੀਤੀ। ਨਾਰੀ ਦੇ ਸਿਰ 'ਤੇ ਸਨਮਾਨ ਦੀ ਚੁੰਨੀ ਸਜਾਈ।
ਗੁਰੂ ਸਾਹਿਬ ਨੇ ਧਰਮ ਨੂੰ ਪੁਜਾਰੀਵਾਦ ਦੇ ਸਿਰਜੇ ਕਰਮਕਾਂਡ ਤੇ ਰਸਮਾਂ ਦੇ ਭਾਰ ਤੋਂ ਮੁਕਤੀ ਦਿਵਾਈ ਤੇ ਆਚਰਨ ਦੀ ਪਾਵਨਤਾ ਨਾਲ ਇਸ ਨੂੰ ਜੋੜਿਆ। ਸੱਤ ਸਮੁੰਦਰਾਂ ਦੇ ਇਸ਼ਨਾਨ, ਕਰੜੀ ਸਰੀਰ ਨੂੰ ਕਸ਼ਟ ਦੇਣ ਵਾਲੀ ਤਪੱਸਿਆ ਦੀ ਥਾਂ ਪ੍ਰੇਮ ਨਾਲ ਪ੍ਰਭੂ ਨੂੰ ਪਾਉਣ ਦੀ ਜੁਗਤ ਸਮਝਾਈ। ਫਿਰਕਾਪ੍ਰਸਤੀ ਨੂੰ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦਾ ਸਬਕ ਪੜ੍ਹਾਇਆ। ਸਰਬ ਸਾਂਝੇ ਸ੍ਰਿਸ਼ਟੀ ਦੇ ਰਚਨਹਾਰ ਅਤੇ ਸਭ 'ਤੇ ਕਿਰਪਾ ਕਰਨ ਵਾਲੇ ਦਿਆਲੂ ਕਰਤਾ ਕਰੀਮ ਰਾਜਕ ਰਹੀਮ ਦੇ ਨਾਮ ਨਾਲ ਜੋੜ ਕੇ ਅਨੇਕਤਾ ਵਿਚ ਏਕਤਾ, ਸਮਾਨਤਾ, ਸਹਿਯੋਗ, ਉਦਾਰ ਤੇ ਇਨਸਾਫ਼ ਦਾ ਮਾਰਗ ਦੱਸ ਕੇ ਉਸਾਰੂ ਸਮਾਜ ਸਿਰਜਣ ਦਾ ਮਹਾਨ ਯਤਨ ਕੀਤਾ।
-284, ਮਾਸਟਰ ਕਾਲੋਨੀ, ਵਾਰਡ ਨੰਬਰ 7, ਕੁਰਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ)
ਮੋਬਾਈਲ : 70093-56607