16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2022

ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ...

Ad Position 21
repet_subhas-goyals [Copy P29]
ਅਜੀਤ ਡੈਸਕ 29-12-2022

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿੱਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਤਿਆਰ-ਬਰ-ਤਿਆਰ ਹਥਿਆਰਬੰਦ ਖ਼ਾਲਸਾ-ਪੰਥ ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ, ਸਵੈਮਾਣ ਨਾਲ ਜ਼ਿੰਦਗੀ ਜੀਊਣ ਲਈ ਪ੍ਰੇਰਿਆ: ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 142)
ਗੁਰੂ ਜੀ ਨੂੰ ਇਕ ਪਾਸੇ ਕੱਟੜ ਮੁਗਲ ਹਕੂਮਤ ਅਤੇ ਦੂਜੇ ਪਾਸੇ ਲੋਭੀ, ਕਰਮ-ਕਾਂਡੀ, ਧਾਰਮਿਕ ਪਰੰਪਰਾਵਾਂ ਦੀ ਧਾਰਨੀ ਜਾਤ-ਪਾਤ, ਵਰਣ-ਵੰਡ ਆਧਾਰਿਤ ਵੰਡੀ ਜਮਾਤ ਦੇ ਨਾਲ-ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ। ਇਨ੍ਹਾਂ ਸਮਾਜ-ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜੀਵਨ ਭਰ ਸੰਘਰਸ਼ ਕਰਨਾ ਪਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ ਸੱਤਵੀਂ, 23 ਪੋਹ (22 ਦਸੰਬਰ, 1666) ਨੂੰ ਪਟਨਾ ਸਾਹਿਬ (ਬਿਹਾਰ) ਦੀ ਇਤਿਹਾਸਕ ਧਰਤੀ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜ਼ਰੀ ਜੀ ਦੇ ਘਰ ਪ੍ਰਗਟ ਹੋਏ। ਅੱਜ ਵਿਸ਼ਵ ਪੱਧਰ 'ਤੇ ਉਨ੍ਹਾਂ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
ਗੁਰੂ ਸਾਹਿਬ ਦਾ ਜੀਵਨ-ਉਦੇਸ਼ 'ਸੱਚ' ਧਰਮ ਦੀ ਸਥਾਪਨਾ, ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗ਼ੁਲਾਮ ਮਾਨਸਿਕਤਾ ਹੈ। ਉਨ੍ਹਾਂ ਵਲੋਂ ਧਰਮ ਯੁੱਧ ਕਰਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ-ਜ਼ੁਲਮ ਤੇ ਧੱਕੇਸ਼ਾਹੀ ਨੂੰ ਰੋਕਣਾ ਸੀ।
ਧਰਮ ਦੀ ਬਹਾਲੀ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ-ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ। ਦਸਮੇਸ਼ ਪਿਤਾ ਜੀ ਨੇ ਅਖੌਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਖੰਡਾਂ ਦਾ ਖ਼ੂਬ ਪਾਜ ਉਘੇੜਿਆ। ਆਪਣੀ ਬਾਣੀ ਵਿਚ ਉਨ੍ਹਾਂ ਨੇ ਇਨ੍ਹਾਂ ਪਖੰਡਾਂ ਅਤੇ ਕਰਮਕਾਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆ। ਕਹਿਣ ਤੋਂ ਭਾਵ ਗੁਰੂ ਜੀ ਨੇ ਪ੍ਰਚਲਿਤ ਅਖ਼ੌਤੀ ਧਾਰਮਿਕ ਵਿਸ਼ਵਾਸਾਂ ਦਾ ਖੰਡਨ ਬੇਖੌਫ਼ ਹੋ ਕੇ ਕੀਤਾ ਅਤੇ ਲੋਕਾਂ ਨੂੰ 'ਸੱਚ' ਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ।
ਅਜੋਕੀ ਦੁਨੀਆ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਸਤਿਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ। ਪਰ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਸਮੁੱਚੀ ਮਨੁੱਖਤਾ ਵਿਚ ਇਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ, ਸਾਰੇ ਇਕੋ ਮਿੱਟੀ ਦੇ ਬਣੇ ਹੋਏ ਹਨ, ਇਸ ਲਈ ਹਿੰਦੂ, ਮੁਸਲਮਾਨ, ਜੋਗੀ ਆਦਿ ਫ਼ਿਰਕੂ ਵੰਡੀਆਂ ਦੇ ਆਧਾਰ 'ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂ।
ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗ਼ਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗ਼ਲ ਨਾਲ ਲਾਇਆ। ਸਦੀਆਂ ਤੋਂ ਗ਼ੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਣਖ਼ ਅਤੇ ਸਵੈਮਾਣ ਦੀ ਭਾਵਨਾ ਨੂੰ ਜਗਾ ਦਿੱਤਾ। ਇਹੀ ਲੋਕ ਗੁਰੂ-ਕਿਰਪਾ ਦੇ ਪਾਤਰ ਬਣ ਕੇ ਖ਼ਾਲਸਾ ਸਜੇ ਅਤੇ ਗੁਰੂ-ਨਜ਼ਰਾਂ ਵਿਚ ਪ੍ਰਵਾਨ ਚੜ੍ਹੇ। ਗੁਰੂ ਜੀ ਇਨ੍ਹਾਂ ਦੇ ਕਿਰਦਾਰ, ਵਿਹਾਰ ਤੇ ਆਚਾਰ 'ਤੇ ਤਸੱਲੀ ਪ੍ਰਗਟ ਕਰਦੇ ਰਹਿੰਦੇ ਹਨ:
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀ ਮੋਸੇ ਗਰੀਬ ਕਰੋਰ ਪਰੇ॥
(ਦਸਮ ਗ੍ਰੰਥ, ਪੰਨਾ 716)
ਦੁਨੀਆ ਦੇ ਇਤਿਹਾਸ ਵਿਚ ਇਹ ਇਕ ਵੱਡਾ ਇਨਕਲਾਬ ਮੰਨਿਆ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਆਪਣੇ ਬਰਾਬਰ ਗੁਰੂ ਦਾ ਦਰਜਾ ਦਿੱਤਾ। ਦੁਨੀਆ ਦੇ ਕਿਸੇ ਵੀ ਧਾਰਮਿਕ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਬਰਾਬਰੀ ਦਾ ਰੁਤਬਾ ਨਹੀਂ ਦਿੱਤਾ। ਪਰ ਦਸਮ-ਪਿਤਾ ਧੰਨ ਹਨ ਜਿਨ੍ਹਾਂ 'ਖ਼ਾਲਸੇ' ਨੂੰ ਆਪਣਾ ਖ਼ਾਸ ਰੂਪ ਦੱਸ ਕੇ ਬਰਾਬਰਤਾ ਹੀ ਨਹੀਂ ਦਿੱਤੀ ਬਲਕਿ ਆਪਣਾ ਗੁਰੂ ਵੀ ਸਵੀਕਾਰ ਕੀਤਾ। ਇਹ ਇਕ ਇਤਿਹਾਸਕ ਸਚਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪ੍ਰਗਟ ਕਰ ਕੇ ਗੁਰ ਦੀਖਿਆ ਦਾ ਅਧਿਕਾਰ ਵੀ 'ਗੁਰੂ-ਪੰਥ' ਨੂੰ ਸੌਂਪ ਦਿੱਤਾ।
ਦੁਨੀਆ ਦੇ ਹੋਰਨਾਂ ਧਾਰਮਿਕ ਰਹਿਬਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਅਕਾਲ ਪੁਰਖ, ਵਾਹਿਗੁਰੂ ਦਾ ਦਾਸ, ਸੇਵਕ ਦੱਸਦਿਆਂ, ਉਨ੍ਹਾਂ ਬੜੀ ਸਖ਼ਤ ਹਦਾਇਤ ਕੀਤੀ ਕਿ ਮੈਨੂੰ ਪਰਮਾਤਮਾ ਨਹੀਂ ਸਮਝਣਾ:
ਜੋ ਹਮ ਕੋ ਪਰਮੇਸਰ ਉਚਰਿਹੈਂ॥
ਤੇ ਸਭ ਨਰਕ ਕੁੰਡ ਮਹਿ ਪਰਿਹੈਂ॥
ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ 42 ਸਾਲ ਦੀ ਉਮਰ 'ਚ ਹਕੂਮਤੀ ਜਬਰ-ਜ਼ੁਲਮ ਦੇ ਨਾਲ 14 ਜੰਗਾਂ ਲੜੀਆਂ ਪਰ ਇੰਚ ਭਰ ਵੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ। ਇਨ੍ਹਾਂ ਜੰਗਾਂ ਦੌਰਾਨ ਹੀ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਗੁਰੂ-ਪਿਆਰੇ ਗੁਰਸਿੱਖ ਸ਼ਹੀਦ ਹੋਏ। ਚਮਕੌਰ ਦੀ ਜੰਗ ਉਪਰੰਤ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ 'ਚ ਅਕਾਲ-ਪੁਰਖ ਰੂਪੀ 'ਮਿੱਤਰ-ਪਿਆਰੇ ਨੂੰ ਹਾਲ ਮੁਰੀਦਾਂ ਕਿਹਣਾ' ਅਕਾਲ ਪੁਰਖ ਨੂੰ ਸੰਬੋਧਨ ਕਰ ਕੇ, ਦੀਨੇ ਕਾਂਗੜ ਦੀ ਧਰਤੀ ਤੋਂ ਸਮੇਂ ਦੇ ਬਾਦਸ਼ਾਹ ਨੂੰ ਜ਼ਫ਼ਰਨਾਮਾ ਲਿਖ ਕੇ ਸਮੇਂ ਦੇ ਸੱਚ ਤੋਂ ਜਾਣੂੰ ਕਰਵਾਇਆ। ਤਖ਼ਤ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਦੀ ਧਰਤ ਸੁਹਾਵੀ 'ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ-ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਕਤ ਕਰ ਸੰਪੂਰਤਨਤਾ ਬਖ਼ਸ਼ੀ। ਤਖ਼ਤ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ 'ਚ ਸੰਸਾਰਿਕ ਯਾਤਰਾ ਸੰਪੂਰਨ ਕਰਨ ਤੋਂ ਪਹਿਲਾਂ ਸ਼ਬਦ ਗੁਰੂ, ਸ੍ਰੀ ਗੁਰੂ-ਗ੍ਰੰਥ ਸਾਹਿਬ ਨੂੰ ਹਮੇਸ਼ਾ ਵਾਸਤੇ ਗੁਰਤਾਗੱਦੀ 'ਤੇ ਬਿਰਾਜਮਾਨ ਕਰ, ਵਿਅਕਤੀ ਗੁਰੂ ਦੀ ਪਰੰਪਰਾ ਨੂੰ ਸਦਾ ਲਈ ਸਮਾਪਤ ਕਰ ਦਿੱਤਾ।

-ਮੋਬਾਈਲ : 98146-37979

Ad Position 22
No active advertisement
ਪਿਛਲੀ ਖ਼ਬਰ ਨੂਰ ਦਰ ਹਮ ਚਸ਼ਮ ਗੁਰੂ ਗੋਬਿੰਦ ਸਿੰਘ ਅਗਲੀ ਖ਼ਬਰ ਗੁਰੂ ਜੀ ਦੇ ਪ੍ਰਵਚਨਾਂ ਵਿਚ ਆਦਰਸ਼ ਜੀਵਨ ਦਾ ਸੰਕਲਪ
Ad Position 24