ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਵਿਸ਼ਵ ਭਰ ਵਿਚ ਉਨ੍ਹਾਂ ਨਾਲ ਸੰਬੰਧਿਤ ਤਿੰਨ ਇਤਿਹਾਸਕ ਸ਼ਹਿਰਾਂ ਦਾ ਜ਼ਿਕਰ ਬਹੁਤ ਸਤਿਕਾਰ ਨਾਲ ਹੋ ਰਿਹਾ ਹੈ। ਨਨਕਾਣਾ ਸਾਹਿਬ (ਪਾਕਿਸਤਾਨ) ਗੁਰਦੇਵ ਦਾ ਪ੍ਰਕਾਸ਼ ਅਸਥਾਨ, ਸੁਲਤਾਨਪੁਰ ਲੋਧੀ (ਪੰਜਾਬ) ਜਗਤ ਗੁਰੂ ਦੀ ਸੰਸਾਰਿਕ ਕਰਮ ਭੂਮੀ ਤੇ ਧੁਰ ਕੀ ਬਾਣੀ (ਮੂਲਮੰਤਰ) ਉਚਾਰਨ ਅਤੇ ਸ੍ਰੀ ਕਰਤਾਰਪੁਰ ਸਾਹਿਬ, (ਪਾਕਿਸਤਾਨ) ਗੁਰੂ ਜੀ ਦੀ ਸੰਸਾਰਿਕ ਯਾਤਰਾ ਦਾ ਅੰਤਿਮ ਪੜਾਅ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਕਾਰਨ। ਇਸ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਦਾ 'ਨਾਨਕ ਨਿਰਮਲ ਪੰਥ' ਦੀ ਨਿਰਮਲ ਵਿਚਾਰਧਾਰਾ, ਵਿਰਾਸਤ, ਸਿੱਖ ਇਤਿਹਾਸ, ਪਰੰਪਰਾ ਤੇ ਰਵਾਇਤਾਂ ਵਿਚ ਮਹੱਤਵਪੂਰਨ ਸਥਾਨ ਹੈ।
ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਯਾਤਰਾ 'ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਪਹਿਲੇ ਪੜਾਅ ਵਿਚ ਗੁਰਦੇਵ ਨਨਕਾਣਾ ਸਾਹਿਬ ਦੀ ਧਰਤ ਸੁਹਾਵੀ 'ਤੇ ਪ੍ਰਗਟ ਹੋ, ਬਾਲ ਵਰੇਸ ਦੇ ਕੌਤਕਾਂ ਰਾਹੀਂ ਮਨੁੱਖਤਾ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਉਂਦੇ ਹਨ। ਦੂਸਰੇ ਪੜਾਅ 'ਚ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸੰਸਾਰਿਕ ਮੋਦੀ ਦੇ ਰੂਪ ਵਿਚ ਵਿਚਰਦੇ ਹਨ। ਤਿੰਨ ਦਿਨ ਵੇਈਂ 'ਚ ਅਲੋਪ ਰਹਿਣ ਉਪਰੰਤ ਰੱਬੀ ਬਾਣੀ : 'ਮੂਲ ਮੰਤਰ' ਦਾ ਉਚਾਰਨ ਕਰ ਇਕ ਅਕਾਲ ਪੁਰਖ ਦੇ ਬ੍ਰਹਿਮੰਡੀ ਸਰੂਪ ਨੂੰ ਦਰਸਾਉਂਦੇ-ਸਮਝਾਉਂਦੇ ਹਨ। ਫਿਰ ਚੜ੍ਹਿਆ ਸੋਧਣਿ ਧਰਤਿ ਲੁਕਾਈ ਦੇ ਰੂਹਾਨੀ ਮਿਸ਼ਨ ਨੂੰ ਪੂਰਿਆਂ ਕਰਨ ਲਈ ਸੰਸਾਰ ਦਾ ਮੋਦੀ ਬਣ ਵਿਸ਼ਵ ਯਾਤਰਾ ਆਰੰਭ ਕਰਦੇ ਹਨ। ਚਾਰ ਉਦਾਸੀਆਂ ਪ੍ਰਮੁੱਖ ਰੂਪ ਵਿਚ ਤੀਸਰੇ ਪੜਾਅ 'ਚ ਸ਼ਾਮਲ ਹਨ। ਭਾਈ ਗੁਰਦਾਸ ਜੀ ਦੇ ਪਾਵਨ ਕਥਨ ਅਨੁਸਾਰ:
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥
(ਵਾਰਾਂ ਭਾਈ ਗੁਰਦਾਸ ਜੀ 1 / 24)
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਗੁਰਦੇਵ ਪਿਤਾ ਦੇ ਇਸ ਤੀਸਰੇ ਪੜਾਅ ਨੂੰ ਵੀ ਬਾਖ਼ੂਬੀ ਵਰਨਣ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਜੀਵਨ-ਯਾਤਰਾ ਦਾ ਅੰਤਿਮ ਤੇ ਚੌਥਾ ਪੜਾਅ ਕਰਤਾਰਪੁਰ ਸਾਹਿਬ ਹੈ। ਕਰਤਾਰਪੁਰ ਸਾਹਿਬ ਦੇ ਇਸ ਪੜਾਅ ਬਾਰੇ ਸਾਨੂੰ ਸਭ ਤੋਂ ਵੱਧ ਪ੍ਰਮਾਣਿਕ ਤੇ ਇਤਿਹਾਸਕ ਜਾਣਕਾਰੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਹੀ ਪ੍ਰਾਪਤ ਹੈ। ਭਾਈ ਗੁਰਦਾਸ ਜੀ ਦਾ ਕਥਨ ਸਪੱਸ਼ਟ ਕਰਦਾ ਹੈ:
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ
ਬੈਠਿ ਕੀਆ ਅਵਤਾਰਾ।
ਸਪੱਸ਼ਟ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਏ ਇਸ ਨਗਰ ਵਿਚ ਅੰਤਮ ਪੜਾਅ 'ਚ ਉਦਾਸੀ ਬਾਣਾ ਜੋ ਸੰਸਾਰ ਦੇ ਉਧਾਰ ਹਿਤ ਸੁਲਤਾਨਪੁਰ ਲੋਧੀ ਵਿਖੇ ਧਾਰਨ ਕੀਤਾ ਸੀ, ਉਸ ਨੂੰ ਉਤਾਰ ਦਿੰਦੇ ਹਨ, ਮੰਜੀ 'ਤੇ ਬੈਠ ਕੇ ਆਸਣ ਲਗਾ ਕੇ ਸੰਗਤ ਦਾ ਪਾਰਉਤਾਰਾ ਕਰਦੇ ਹਨ। ਅਲੌਕਿਕ ਕੌਤਕ, ਆਪਣੇ ਪਿਆਰੇ ਸਿੱਖ ਭਾਈ ਲਹਿਣਾ ਜੀ ਨੂੰ ਆਪਣੇ ਅਸਥਾਨ 'ਤੇ ਬਿਠਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ 'ਚ 'ਗੁਰੂ' ਪ੍ਰਵਾਨ ਕਰਦੇ ਤੇ ਸੰਗਤ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਅੱਗੇ ਝੁਕਣ ਦਾ ਆਦੇਸ਼ ਕਰਦੇ ਹਨ। ਕਰਤਾਰਪੁਰ ਸਾਹਿਬ ਦੀ ਧਰਤਿ ਸੁਹਾਵੀ 'ਤੇ ਬਾਣੀ ਉਚਾਰਨ ਕਰਦੇ ਹਨ ਤੇ ਹਰ ਸਮੇਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਤੇ ਗੁਰਬਾਣੀ ਦੇ ਗਾਇਨ ਦੀਆਂ ਅਲਾਹੀ- ਅਨਾਦੀ ਧੁਨਾਂ ਗੂੰਜਦੀਆਂ ਹਨ। ਗੁਰਸਿੱਖਾਂ ਦੇ ਨਿੱਤਨੇਮ ਦੀ ਮਰਯਾਦਾ ਆਰੰਭ ਹੁੰਦੀ ਹੈ ਕਿ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਤੇ ਸ਼ਾਮ ਨੂੰ ਸੋਦਰੁ ਤੇ ਆਰਤੀ ਦਾ ਗਾਇਨ ਹੋਵੇ।
ਵਿਸ਼ਵ ਦੇ ਅਧਿਆਤਮਿਕ ਵਿਜੇਤਾ, ਗੜ੍ਹ, ਬਗ਼ਦਾਦ, ਮੱਕਾ-ਮਦੀਨਾ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮੁਲਤਾਨ ਦੀ ਯਾਤਰਾ ਤੋਂ ਉਪਰੰਤ ਫਿਰ ਕਰਤਾਰਪੁਰ ਆਉਂਦੇ ਹਨ। ਘਰ-ਘਰ ਵਿਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੋਣ ਲੱਗੀ। ਕਲਯੁਗ 'ਚ ਗੁਰੂ ਜੀ ਨੇ ਮਨੁੱਖਤਾ ਨੂੰ ਸਰਬ-ਸ਼ਕਤੀਮਾਨ, ਸਰਬ ਸਾਂਝੇ, ਸਰਬ ਵਿਆਪਕ, ਸਵੈ-ਪ੍ਰਕਾਸ਼ਮਾਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਇਆ। ਹਉਮੈਂ-ਹੰਕਾਰ ਤੋਂ ਰਹਿਤ ਨਿਰਮਲ 'ਨਾਨਕ ਨਿਰਮਲ ਪੰਥ' ਚਲਾਇਆ, ਆਪਣੀ ਹੈਯਾਤੀ 'ਚ ਹੀ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਗੁਰੂ ਥਾਪ ਕੇ ਗੁਰਿਆਈ ਦਾ ਛਤਰ ਝੁਲਾ ਦਿੱਤਾ।
ਵਿਸ਼ਵ ਦੇ ਇਤਿਹਾਸ ਵਿਚ ਕਰਤਾਰਪੁਰ ਸਾਹਿਬ ਪਹਿਲਾ ਇਤਿਹਾਸਕ ਨਗਰ ਹੈ, ਜਿਸ ਨੂੰ ਪ੍ਰਮਾਣਿਕ ਰੂਪ 'ਚ ਸੱਚ-ਖੰਡ ਕਿਹਾ ਗਿਆ ਹੈ। ਗੁਰੂ ਜੀ ਕਰਤਾਰਪੁਰ ਵਾਸ ਸਮੇਂ ਧਰਮ ਦੀ ਧਰਮਸ਼ਾਲ ਸਤਿਸੰਗਤਿ ਸਥਾਪਿਤ ਕਰਦੇ ਹਨ। ਅਕਾਲ ਪੁਰਖ ਦੇ ਕਰਤਾਰੀ ਰੂਪ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੀ ਧਰਮ ਭੂਮੀ 'ਚ 'ਕਰਤਾ ਪੁਰਖ' ਦੀ ਕਿਰਤ, ਕਿਰਸਾਣ ਰੂਪ, 'ਚ ਕਰਦੇ ਹਨ। ਕਰਤਾਰਪੁਰ ਸਾਹਿਬ 'ਚ ਕਰਤਾ ਪੁਰਖ ਦਾ ਕਰਤਾਰੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ, ਕਰਤਾਰ-ਕਰਤਾਰ ਕਰਦੇ ਕਰਤੇ 'ਚ ਅਭੇਦ ਹੋ ਜਾਂਦੇ ਹਨ। ਕਰਤਾਰਪੁਰ ਸਾਹਿਬ ਦੇ ਦੈਵੀ-ਰੂਹਾਨੀ ਕਰਤਾਰੀ ਰੰਗਾਂ-ਦ੍ਰਿਸ਼ਾਂ ਦਾ ਇਹ ਇਕ ਸੰਖੇਪ ਪੱਖ ਹੈ। ਸਮੁੱਚੇ ਰੂਪ 'ਚ ਕਰਤਾਰਪੁਰ ਦੇ ਕਰਤਾਰੀ ਵਰਤਾਰੇ ਨੂੰ ਸੰਸਾਰਿਕ ਜ਼ੁਬਾਨ, ਕਲਮ ਬਿਆਨ ਨਹੀਂ ਕਰ ਸਕਦੀ ਪਰ ਕਰਤਾਰਪੁਰ ਸਾਹਿਬ ਦੀਆਂ ਰੂਹਾਨੀ ਅਧਿਆਤਮਿਕ ਤਰੰਗਾਂ ਨੂੰ ਅੱਜ ਵੀ ਮਾਣਿਆ-ਮਹਿਸੂਸ ਕੀਤਾ ਜਾ ਸਕਦਾ ਹੈ, ਜੇ ਕਰਤਾ ਪੁਰਖ ਬਖਸ਼ਿਸ਼ ਕਰ ਕੇ ਉਸ ਧਰਤ ਸੁਹਾਵੀ ਦੇ ਦਰਸ਼ਨ ਇਸ਼ਨਾਨ ਦਾ ਸੁਭਾਗ ਬਖ਼ਸ਼ਿਸ਼ ਕਰ ਦੇਣ ਤਾਂ!!
ਇਤਿਹਾਸਕ-ਸੰਸਾਰਿਕ ਪੱਖਾਂ ਤੋਂ ਸੰਖੇਪ 'ਚ ਅਸੀਂ ਕਰਤਾਰਪੁਰ ਸਾਹਿਬ ਬਾਰੇ ਇਹ ਹੀ ਕਹਿ ਸਕਦੇ ਹਾਂ ਕਿ ਕਰਤਾਰਪੁਰ ਸਾਹਿਬ ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਕੁਦਰਤੀ ਵਾਤਾਵਰਨ 'ਚ ਸੰਮਤ 1561 (1504 ਈ:) ਨੂੰ ਵਸਾਇਆ। ਸੰਸਾਰ ਦੇ ਉਧਾਰ ਕਰਤਾ, ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰਿਕ ਯਾਤਰਾਵਾਂ-ਉਦਾਸੀਆਂ ਉਪਰੰਤ ਸੰਮਤ 1579 (1521-22 ਈ:) 'ਚ ਆਪਣੇ ਵਸਾਏ ਪਵਿੱਤਰ ਨਗਰ ਕਰਤਾਰਪੁਰ 'ਚ ਸੰਸਾਰਿਕ ਯਾਤਰਾ ਦੌਰਾਨ ਅੰਤਿਮ ਪੜਾਅ 'ਚ ਪੱਕੇ ਤੌਰ 'ਤੇ ਨਿਵਾਸ ਕੀਤਾ। ਕਰਤਾਰਪੁਰ ਨਗਰ ਵਸਾਉਣ 'ਚ ਗੁਰੂ-ਘਰ ਦੇ ਪ੍ਰੀਤਵਾਨ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮਲ) ਨੇ ਬਹੁਤ ਸਹਿਯੋਗ ਦਿੱਤਾ। ਸੰਮਤ 1589 (1532 ਈ:) 'ਚ ਭਾਈ ਲਹਿਣਾ ਜੀ ਦਾ ਮਿਲਾਪ ਹੋਇਆ ਜੋ ਅੰਤਿਮ ਹੋ ਨਿੱਬੜਿਆ। ਸੰਮਤ 1596 (1539 ਈ:) 'ਚ ਗੁਰੂ ਜੀ, ਕਰਤਾਰਪੁਰ ਦੀ ਧਰਤੀ 'ਤੇ ਕਰਤੇ ਦੀ ਕਿਰਤ-ਕੀਰਤੀ ਕਰਦੇ ਹੋਏ ਕਰਤਾਰ ਵਿਚ ਅਭੇਦ ਹੋ ਗਏ।
'ਕਰਤਾਰਪੁਰ ਸਾਹਿਬ' ਰਾਵੀ ਦਰਿਆ ਦੇ ਕਿਨਾਰੇ ਵਸਾਇਆ ਗਿਆ ਸੀ। ਗੁਰੂ ਜੀ ਸੰਸਾਰ 'ਤੇ ਜ਼ਾਹਰ ਪੀਰ ਜਗਤੁ ਗੁਰੁ ਬਾਬਾ ਦੇ ਰੂਪ 'ਚ ਵਿਚਰੇ, ਗੁਰੂ ਨਾਨਕ ਦੇਵ ਜੀ ਨੂੰ ਸਭ ਲੋਕਾਈ ਨੇ ਸਵੀਕਾਰਿਆ-ਸਤਿਕਾਰਿਆ। ਇਸ ਦੀ ਅਲੌਕਿਕ-ਅਨੋਖੀ ਇਕਲੌਤੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਕਰਤਾਰਪੁਰ 'ਚ ਵਾਪਰਦੀ ਹੈ। ਸਤਿਗੁਰੂ ਜੀ ਕਰਤਾਰਪੁਰ 'ਚ ਜੋਤੀ-ਜੋਤਿ ਸਮਾਅ ਜਾਂਦੇ ਹਨ। ਉਨ੍ਹਾਂ ਦੇ ਸਰੀਰ ਨੂੰ ਸੰਭਾਲਣ ਵਾਸਤੇ ਉਸ ਸਮੇਂ ਦੀਆਂ ਦੋਨੋਂ ਵੱਡੀਆਂ ਕੌਮਾਂ-ਮੁਸਲਮਾਨਾਂ ਤੇ ਹਿੰਦੂਆਂ 'ਚ ਝਗੜਾ ਹੁੰਦਾ ਹੈ ਕਿ ਅੰਤਿਮ ਸੰਸਕਾਰ-ਰਸਮਾਂ ਮੁਸਲਮ ਰੀਤੀ ਨਾਲ ਹੋਣ ਜਾਂ ਹਿੰਦੂ ਰੀਤੀ ਅਨੁਸਾਰ। ਇਕ ਧਿਰ ਗੁਰੂ ਜੀ ਦੇ ਸਰੀਰ ਨੂੰ ਦਫ਼ਨਾਉਣ ਤੇ ਦੂਸਰੀ ਧਿਰ ਅਗਨ ਭੇਟ ਕਰਨੀ ਲੋਚਦੀ ਸੀ। ਜਦੋਂ ਚਾਦਰ ਦੀ ਵੰਡ ਹੋਈ, ਇਕ ਧਿਰ ਨੇ ਆਪਣੀਆਂ ਰਸਮਾਂ ਅਨੁਸਾਰ ਉਸ ਨੂੰ ਦਫ਼ਨਾ ਦਿੱਤਾ ਤੇ ਦੂਸਰੀ ਧਿਰ ਨੇ ਅਗਨ ਭੇਟ ਕਰ ਦਿੱਤਾ। ਇਕ ਧਿਰ ਨੇ ਕਬਰ ਬਣਾ ਲਈ ਦੂਸਰੀ ਨੇ ਸਮਾਧ ਪਰ ਦੇਖੋ ਕਰਤਾਰਪੁਰ ਦੇ ਕਰਤੇ ਦੇ ਰੰਗ ਉਸ ਨੇ ਦੋਨਾਂ ਨੂੰ ਰਾਵੀ ਦਰਿਆ ਦੀਆਂ ਛੱਲਾਂ ਭੇਟ ਕਰ ਇਕਮਿਕ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ-ਚਰਨ ਛੋਹ ਇਸ ਧਰਤੀ ਨੂੰ ਪ੍ਰਾਪਤ ਹੋਈ। ਕਿਹਾ ਜਾਂਦਾ ਹੈ, ਕਿ ਕਰਤਾਰਪੁਰ ਸਾਹਿਬ ਕਰਤਾਰੀ ਰੂਹਾਨੀ ਵਾਤਾਵਰਨ ਨੂੰ ਮਾਣਦਿਆਂ ਹੋਇਆਂ ਪੰਚਮ ਨਾਨਕ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਿਲਾਵਲ ਰਾਗ 'ਚ ਪਾਵਨ ਬਚਨ ਹਨ:
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 816)
ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਕ-ਲੋਚਾ ਮਨੋਕਾਮਨਾ ਸਮੂਹ ਗੁਰੂ ਨਾਨਕ ਨਾਮ ਲੇਵਾ, ਸਿੱਖ ਸੰਗਤਾਂ 'ਚ ਬਹੁਤ ਚਿਰੋਕਣੀ ਹੈ ਤੇ ਪ੍ਰਬਲ ਹੈ। ਕਰਤਾਰਪੁਰ ਸਾਹਿਬ 'ਤੇ ਕਰਤਾ ਦੀ ਰਹਿਮਤ ਹੋਈ ਹੈ, ਉਰਜੋਈ ਸੁਣੀ ਗਈ ਹੈ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੀ ਵਿਲੱਖਣ, ਅਦਭੁੱਤ, ਅਲੌਕਿਕ, ਰੂਹਾਨੀ-ਵਿਸਮਾਦੀ ਵਰਤਾਰਾ ਵਾਪਰਿਆ ਤੇ ਵਾਪਰ ਰਿਹਾ ਹੈ, ਜਿਸ ਨੂੰ ਸ਼ਬਦਾਂ ਦੀ ਸੀਮਤ ਸ਼ਬਦਾਵਲੀ 'ਚ ਦਰਸਾ ਸਕਣਾ ਅਸੰਭਵ ਹੈ। ਇਹ ਅਦਭੁੱਤ ਅਜੂਬੇ ਵਜੋਂ ਉੱਭਰਿਆ ਹੈ ਸ੍ਰੀ ਦਰਬਾਰ ਸਾਹਿਬ ਵਿਸ਼ਵ ਦੇ ਮੌਜੂਦਾ ਨਕਸ਼ੇ ਤੇ ਲੋਕਾਈ ਦੇ ਦਿਲਾਂ 'ਤੇ!!
ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਦਾ ਅਹਿਸਾਸ ਹੋਇਆ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਰੋੜਾਂ ਰੁਪਏ ਖ਼ਰਚ ਕਰ ਕੇ ਸਿੱਖ ਸੰਗਤਾਂ ਦੀ ਤਾਂਘ ਨੂੰ ਪੂਰਿਆਂ ਕਰਨ ਦਾ ਇਤਿਹਾਸਕ ਕਾਰਜ ਕੀਤਾ। ਕਰਤਾਰੀ ਜੋਤਿ, ਗੁਰੂ ਨਾਨਕ ਦੇਵ ਜੀ ਦੀ ਕਰਤਾਰੀ ਕਿਰਤ, ਰੱਬੀ ਰੰਗ 'ਚ ਰੰਗੀ ਧਰਤੀ ਕਰਤਾਪੁਰ ਸਾਹਿਬ ਨੂੰ ਲਾਂਘਾ ਖੁੱਲਣ ਦੇ ਪਵਿੱਤਰ ਇਤਿਹਾਸਕ ਦਿਹਾੜੇ 'ਤੇ ਭਾਰਤ-ਪਾਕਿਸਤਾਨ ਦੋਨਾਂ ਹੀ ਸਰਕਾਰਾਂ ਦਾ ਰੋਮ-ਰੋਮ ਤੋਂ ਧੰਨਵਾਦ, ਦਰਸ਼ਨ-ਅਭਿਲਾਖੀਆਂ ਨੂੰ ਮੁਬਾਰਕਾਂ, ਮੇਰੇ ਸਾਹਿਬ ਨਿਰੰਕਾਰੀ ਜੋਤਿ, ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰਬਾਨ ਬਣੇ ਰਹਿਣ!!
ਫਿਰਿ ਬਾਬਾ ਆਇਆ ਕਰਤਾਰਪੁਰਿ...
ਅਜੀਤ ਡੈਸਕ
08-11-2022