ਪੰਦਰ੍ਹਵੀਂ ਸਦੀ ਤੱਕ ਸਦੀਆਂ ਦੀ ਗ਼ੁਲਾਮੀ ਅਤੇ ਜਾਤ-ਪਾਤ ਦੇ ਆਧਾਰ ਉੱਤੇ ਪਈਆਂ ਵੰਡੀਆਂ ਨਾਲ ਭਾਰਤੀ ਸਮਾਜ ਦਾ ਬੁਰਾ ਹਾਲ ਹੋ ਗਿਆ ਸੀ। ਕੰਮਕਾਜੀ ਆਧਾਰ ਉੱਤੇ ਹੋਈ ਵਰਗ ਵੰਡ ਨੂੰ ਪੱਕਿਆਂ ਕਰ ਕੇ ਲੋਕਾਂ ਨੂੰ ਉੱਚੀਆਂ ਅਤੇ ਨੀਵੀਆਂ ਜਾਤਾਂ ਵਿਚ ਵੰਡ ਦਿੱਤਾ ਗਿਆ ਸੀ। ਵੇਲੇ ਦੇ ਹਾਕਮਾਂ ਨੇ ਧਰਮ ਦੇ ਠੇਕੇਦਾਰਾਂ ਅਤੇ ਉੱਚੀ ਜਾਤ ਦੇ ਆਗੂਆਂ ਨੂੰ ਖ਼ਰੀਦ, ਉਨ੍ਹਾਂ ਦੇ ਹੱਥੋਂ ਹੀ ਇਸ ਵੰਡ ਨੂੰ ਮਜ਼ਬੂਤ ਕਰਵਾਇਆ। ਗ਼ਰੀਬ, ਨਿਮਾਣੇ ਅਤੇ ਲਿਤਾੜੇ ਜਾ ਰਹੇ ਲੋਕਾਂ ਦੇ ਦਿਮਾਗ਼ ਵਿਚ ਇਹ ਦ੍ਰਿੜ੍ਹ ਕਰਵਾ ਦਿੱਤਾ ਗਿਆ ਕਿ ਤੁਹਾਡੀ ਦੁਰਦਸ਼ਾ ਤੁਹਾਡੇ ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਕਰਕੇ ਹੈ। ਅਗਲੇ ਜਨਮ ਵਿਚ ਭਲੇ ਦਿਨ ਵੇਖਣ ਲਈ ਉੱਚੀਆਂ ਜਾਤਾਂ ਦੀ ਸੇਵਾ ਕਰੋ, ਦੇਵੀ ਦੇਵਤਿਆਂ ਦੀ ਪੂਜਾ ਕਰੋ, ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਰੱਬ ਦੇ ਨੁਮਾਇੰਦੇ ਮੰਨ, ਉਨ੍ਹਾਂ ਦੀ ਹਰ ਜ਼ਿਆਦਤੀ ਨੂੰ ਬਰਦਾਸ਼ਤ ਕਰੋ, ਸਮੇਂ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਨੀਚ ਅਤੇ ਅਛੂਤ ਸਮਝੇ ਜਾਂਦੇ ਲੋਕਾਂ ਲਈ ਵਿੱਦਿਆ ਦੀ ਪ੍ਰਾਪਤੀ, ਚੰਗੇ ਕੱਪੜੇ ਪਹਿਨਣ ਅਤੇ ਧਰਮਿਕ ਸਥਾਨ ਉੱਤੇ ਜਾਣ ਦੀ ਸਖ਼ਤ ਮਨਾਹੀ ਕੀਤੀ ਹੋਈ ਸੀ। ਧਾੜਵੀਆਂ ਦੇ ਵਾਰ-ਵਾਰ ਹਮਲੇ ਅਤੇ ਵਿਦੇਸ਼ੀਆਂ ਦੀ ਗ਼ੁਲਾਮੀ ਨੇ ਲੋਕਾਂ ਵਿਚੋਂ ਸਵੈਮਾਣ ਹੀ ਖ਼ਤਮ ਕਰ ਦਿੱਤਾ ਸੀ। ਆਪਣੀ ਅਣਖ ਅਤੇ ਆਪਣੇ ਹੱਕਾਂ ਦੀ ਰਾਖੀ ਕਰਨਾ ਤਾਂ ਉਹ ਭੁੱਲ ਹੀ ਗਏ ਸਨ। ਧਾੜਵੀ ਆਉਂਦੇ ਆਪਣੇ ਮਰਜ਼ੀ ਨਾਲ ਲੁੱਟ ਮਚਾਉਂਦੇ, ਲੋਕਾਂ ਉੱਤੇ ਜ਼ੁਲਮ ਕਰਦੇ, ਇਥੋਂ ਤੀਕ ਕਿ ਲੁੱਟੇ ਹੋਏ ਮਾਲ ਦੇ ਨਾਲ-ਨਾਲ ਇਥੋਂ ਦੀਆਂ ਔਰਤਾਂ ਵੀ ਲੁੱਟ ਦੇ ਮਾਲ ਵਾਂਗ ਹੀ ਆਪਣੇ ਨਾਲ ਲੈ ਜਾਂਦੇ ਸਨ। ਇਸ ਜ਼ੁਲਮ ਵਿਰੁੱਧ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਜ਼ਾਲਮਾਂ ਨੂੰ ਲਲਕਾਰਿਆਂ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਵਾਸਤੇ ਜੂਝਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਨਿਮਾਣੇ ਅਤੇ ਨੀਵੇਂ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਆਪਣੇ ਆਪ ਨੂੰ ਖੜ੍ਹਾ ਕੀਤਾ ਅਤੇ ਉਨ੍ਹਾਂ ਦਾ ਸਾਥ ਦਿੱਤਾ। ਕਿਰਤੀਆਂ ਨੂੰ ਮਾਣ ਬਖ਼ਸ਼ਿਆ ਅਤੇ ਗਿਆਨ ਦੇ ਦਰਵਾਜ਼ੇ ਉਨ੍ਹਾਂ ਲਈ ਖੋਲ੍ਹੇ। ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਵੰਗਾਰਿਆ।
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਅੰਗ : 142)
ਗੁਰੂ ਜੀ ਨੇ ਕੇਵਲ ਲੋਕਾਂ ਵਿਚ ਚੇਤਨਾ ਹੀ ਨਹੀਂ ਜਗਾਈ, ਸਗੋਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਘੋਲ ਕਰਨ ਲਈ ਵੀ ਪ੍ਰੇਰਿਆ। ਉਦੋਂ ਸ਼ਾਹੀ ਜ਼ੁਲਮ ਅਤੇ ਜਬਰ ਆਪਣੀ ਸਿਖ਼ਰ ਉੱਤੇ ਸੀ। ਉਸ ਸਮੇਂ ਦੀ ਸਥਿਤੀ ਵੇਖ ਗੁਰੂ ਜੀ ਨੇ ਆਖਿਆ ਸੀ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਅੰਗ : 145)
ਧਰਮ ਲੋਕਾਂ ਵਿਚ ਗਿਆਨ ਦਾ ਚਾਨਣ ਕਰਨ ਦੀ ਥਾਂ ਉਨ੍ਹਾਂ ਨੂੰ ਅੰਧ ਵਿਸ਼ਵਾਸ ਦੇ ਹਨੇਰੇ ਵਿਚ ਸੁੱਟ ਰਿਹਾ ਸੀ। ਆਪਣੀ ਹੋਣੀ ਨੂੰ ਪਿਛਲੇ ਕਰਮਾਂ ਦਾ ਫਲ ਮੰਨ, ਸਿਰ ਨੀਵਾਂ ਕਰ ਕੇ ਜ਼ੁਲਮ ਸਹਿਣ ਦਾ ਲੋਕਾਂ ਨੂੰ ਪਾਠ ਪੜ੍ਹਾਇਆਂ ਜਾਂਦਾ ਸੀ। ਗੁਰੂ ਜੀ ਦਾ ਕਥਨ ਹੈ:
ਸਰਮੁ ਧਰਮੁ ਦੁਇ ਛਪਿ ਖਲੋਏ ਕੂੜ ਫਿਰੈ ਪਰਧਾਨੁ ਵੇ ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
(ਅੰਗ : 722)
ਉਸ ਸਮੇਂ ਦੇ ਰਾਜਸੀ, ਧਾਰਮਿਕ ਅਤੇ ਸਮਾਜਿਕ ਆਗੂ ਲੋਕਾਂ ਦੀ ਅਗਵਾਈ ਕਰਨ ਦੀ ਥਾਂ ਸ਼ਾਹੀ ਜ਼ੁਲਮ ਦੇ ਭਾਈਵਾਲ ਬਣ ਕੇ ਲੋਕਾਂ ਉੱਤੇ ਜ਼ੁਲਮ ਢਾਹ ਰਹੇ ਸਨ: ਗੁਰੂ ਜੀ ਨੇ ਇਨ੍ਹਾਂ ਆਗੂਆਂ ਨੂੰ ਫਿਟਕਾਰਿਆ :
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥
ਆਪ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ (ਅੰਗ : 767)
ਇੰਝ ਸਮਾਜ ਵਿਚ ਨਿਮਾਣਿਆਂ, ਨਿਤਾਣਿਆਂ ਅਤੇ ਬੇਆਸਰਿਆਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ। ਗੁਰੂ ਜੀ ਨੇ ਬੜੀ ਦਲੇਰੀ ਨਾਲ ਲੋਟੂ ਟੋਲੇ ਨੂੰ ਵੰਗਾਰਿਆ ਅਤੇ ਲੁੱਟੀ ਜਾ ਰਹੀ ਲੋਕਾਈ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਲੜਨ ਵਾਸਤੇ ਤਿਆਰ ਕੀਤਾ।
ਗੁਰੂ ਜੀ ਦਾ ਜਨਮ 1469 ਈਸਵੀ ਨੂੰ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਰਾਇ ਭੋਇ ਦੀ ਤਲਵੰਡੀ (ਨਾਨਕਾਣਾ ਸਾਹਿਬ) ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਂਅ ਬਾਬਾ ਮਹਿਤਾ ਕਾਲੂ ਜੀ ਸੀ ਅਤੇ ਮਾਤਾ ਦਾ ਨਾਂਅ ਤ੍ਰਿਪਤਾ ਜੀ ਸੀ। ਗੁਰੂ ਜੀ ਮੁੱਢ ਤੋਂ ਹੀ ਦੁਨਿਆਵੀ ਕਾਰਜਾਂ ਨਾਲੋਂ ਵਧੇਰੇ ਰੂਹਾਨੀਆਤ ਵੱਲ ਧਿਆਨ ਦਿੰਦੇ ਸਨ। ਗੁਰੂ ਜੀ ਨੇ ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਦੀ ਪੜ੍ਹਾਈ ਕੀਤੀ। ਬਚਪਨ ਵਿਚ ਜਦੋਂ ਉਨ੍ਹਾਂ ਨੂੰ ਜਨੇਊ ਪਹਿਨਾਉਣ ਲਈ ਪੰਡਿਤ ਜੀ ਆਏ ਤਾਂ ਗੁਰੂ ਜੀ ਨੇ ਆਖਿਆ, ਤੁਸੀਂ ਮੈਨੂੰ ਉਹ ਜਨੇਊ ਦੇਵੋਂ ਜੋ ਆਤਮਾ ਦੇ ਕੰਮ ਆਵੇ। ਜਿਹੜਾ ਜਨੇਊ ਤੁਸੀਂ ਮੈਨੂੰ ਦੇ ਰਹੇ ਹੋ ਇਹ ਤਾਂ ਧਾਗੇ ਦਾ ਹੈ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ (ਅੰਗ : 471)
ਆਪ ਹਮੇਸ਼ਾ ਇਹ ਸੋਚਦੇ ਰਹਿੰਦੇ ਸਨ ਕਿ ਸਮਾਜ ਵਿਚ ਨਾ ਬਰਾਬਰੀ, ਛੂਤ-ਛਾਤ ਅਤੇ ਲੁੱਟ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ। ਆਖ਼ਰ ਆਪ ਆਪਣੇ ਬਚਪਨ ਦੇ ਸਾਥੀ ਨੀਵੀਂ ਜਾਤ ਦੇ ਸਮਝੇ ਜਾਂਦੇ ਮਰਦਾਨਾ ਨੂੰ ਨਾਲ ਲੈ ਕੇ ਆਪਣੇ ਮਿਸ਼ਨ ਉੱਤੇ ਘਰੋਂ ਨਿਕਲ ਤੁਰੇ। ਭਾਈ ਮਰਦਾਨੇ ਨੂੰ ਸਾਥੀ ਬਣਾਉਣਾ ਆਪਣੇ ਆਪ ਵਿਚ ਇਲਕਲਾਬੀ ਕਦਮ ਸੀ। ਮਰਦਾਨੇ ਦੀ ਰਬਾਬ ਉੱਤੇ ਹੀ ਆਪ ਨੇ ਬਹੁਤੀ ਬਾਣੀ ਉਚਾਰਨ ਕੀਤੀ। ਗੁਰੂ ਜੀ ਨੇ ਧਾਰਮਿਕ ਆਗੂਆਂ ਨੂੰ ਆਖਿਆ ਤੁਸੀਂ ਪਰਜਾ ਦੇ ਰੱਖਿਅਕ ਬਣਨ ਦੀ ਥਾਂ ਉਨ੍ਹਾਂ ਉੱਤੇ ਜ਼ੁਲਮ ਕਰ ਰਹੇ ਹੋ। ਇਹ ਸਭ ਤੋਂ ਵੱਡਾ ਪਾਪ ਹੈ। ਗੁਰੂ ਜੀ ਨੇ ਮਜ਼ਲੂਮਾਂ ਨੂੰ ਆਖਿਆ ਕਿ ਮੈਂ ਤੁਹਾਡੇ ਨਾਲ ਹਾਂ। ਤੁਸੀ ਡਰ ਨੂੰ ਤਿਆਗੋ, ਸੱਚ ਅਤੇ ਹੱਕ ਦੀ ਰਾਖੀ ਲਈ ਸੰਘਰਸ਼ ਕਰੋ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
(ਅੰਗ : 15)
ਗੁਰੂ ਜੀ ਨੂੰ ਯਕੀਨ ਸੀ ਕਿ ਲੋਕਾਂ ਦੀਆਂ ਮੁਸੀਬਤਾਂ ਦੀ ਜੜ੍ਹ ਅਗਿਆਨਤਾ ਹੈ। ਇਨ੍ਹਾਂ ਨੂੰ ਗੁਮਰਾਹ ਕਰ ਕੇ ਲਤਾੜਿਆ ਜਾ ਰਿਹਾ ਹੈ। ਗੁਰੂ ਜੀ ਦਾ ਫੁਰਮਾਨ ਹੈ:
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥ (ਅੰਗ : 791)
ਇਸ ਕਰਕੇ ਉਨ੍ਹਾਂ ਨੇ ਆਮ ਲੋਕਾਂ ਲਈ ਗਿਆਨ ਦੇ ਬੂਹੇ ਖੋਲ੍ਹੇ। ਆਪਣੀ ਬਾਣੀ ਲੋਕਾਂ ਦੀ ਭਾਸ਼ਾ ਵਿਚ ਉਚਾਰੀ। ਹਰ ਥਾਂ ਨੀਵੇਂ ਸਮਝੇ ਜਾਂਦੇ ਲੋਕਾਂ ਦੇ ਘਰਾਂ ਵਿਚ ਨਿਵਾਸ ਕੀਤਾ, ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ। ਜਿਥੇ ਉਨ੍ਹਾਂ ਜ਼ਾਲਮਾਂ ਨੂੰ ਫਿਟਕਾਰਿਆ, ਉੱਥੇ ਦਲੀਲ ਦੇ ਆਧਾਰ ਉੱਤੇ ਲੋਕਾਂ ਨੂੰ ਸੱਚ ਦੀ ਸੋਝੀ ਕਰਵਾਈ। ਤੁਹਾਡੇ ਪੱਲੇ ਸੱਚ ਹੈ ਤੁਸੀਂ ਕਿਉਂ ਡਰ-ਡਰ ਕੇ ਜੀਵਨ ਗੁਜ਼ਾਰ ਰਹੇ ਹੋ।
ਜਿਨ੍ਹਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ॥
ਖੋਟੈ ਵਣਜਿ ਵਣੰਜਿਆ ਮਨੁ ਤਨੁ ਖੋਟਾ ਹੋਇ॥
(ਅੰਗ : 23)
ਖੋਟ ਦਾ ਮੁਕਾਬਲਾ ਕਰਨ ਲਈ ਨਾਨਕ ਸਾਹਿਬ ਨੇ ਲੋਕਾਂ ਨੂੰ ਪ੍ਰੇਰਿਆ। ਉਨ੍ਹਾਂ ਆਖਿਆ ਕਿ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੈ। ਬਿਨਾਂ ਕਰਮ ਕੀਤਿਆਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜਿਹੜੇ ਆਪਣੀ ਮਦਦ ਆਪ ਕਰਦੇ ਹਨ।
ਵਿਣੁ ਕਰਮਾ ਕਿਛੁ ਪਾਈਐ
ਨਾਹੀ ਜੇ ਬਹੁਤੇਰਾ ਧਾਵੈ॥ (ਅੰਗ : 722)
ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਤੁਸੀਂ ਨਿਤਾਣੇ ਕਿਵੇਂ ਹੋ ਸਕਦੇ ਹੋ, ਤੁਹਾਡੇ ਤਾਣ ਨਾਲ ਤਾਂ ਸਾਰਾ ਕਾਰੋਬਾਰ ਚਲਦਾ ਹੈ। ਤੁਹਾਡੀ ਮਿਹਨਤ ਉੱਤੇ ਵਿਹਲੜ ਪਲ ਰਹੇ ਹਨ। ਸੁੱਚੀ ਕਿਰਤ ਕਰਨ ਵਾਲਾ ਹੀ ਵੱਡਾ ਹੋ ਸਕਦਾ ਹੈ। ਇਤਿਹਾਸ ਵਿਚ ਗੁਰੂ ਨਾਨਕ ਸਾਹਿਬ ਪਹਿਲੇ ਯੁੱਗ ਪੁਰਸ਼ ਹੋਏ ਹਨ, ਜਿਨ੍ਹਾਂ ਔਰਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਆਖਿਆ ਰਾਜੇ-ਮਹਾਰਾਜਿਆਂ ਦੀ ਜਨਨੀ ਕਿਵੇਂ ਬੁਰੀ ਹੋ ਸਕਦੀ ਹੈ। ਜੀਵਨ ਦੇ ਹਰ ਮੋੜ ਉਤੇ ਮਰਦ ਦਾ ਸਾਥ ਦੇਣ ਵਾਲੀ ਪੈਰ ਦੀ ਜੁੱਤੀ ਨਹੀਂ ਹੋ ਸਕਦੀ, ਉਹ ਤਾਂ ਸਿਰ ਦਾ ਤਾਜ, ਸਮਾਜ ਦਾ ਮਾਣ ਅਤੇ ਸ਼ਿੰਗਾਰ ਹੈ।
ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਵਹਿਮਾਂ, ਭਰਮਾਂ ਅਤੇ ਅੰਧ ਵਿਸ਼ਵਾਸ ਵਿਚੋਂ ਕੱਢ, ਇਕ ਰੱਬ ਉੱਤੇ ਯਕੀਨ ਕਰਨਾ ਸਿਖਾਇਆ। ਉਨ੍ਹਾਂ ਦੱਸਿਆ ਕਿ ਜਨਮ ਤੋਂ ਕੋਈ ਚੰਗਾ ਬੁਰਾ ਨਹੀਂ ਹੁੰਦਾ। ਬੁਰੇ ਬੰਦੇ ਦੇ ਕਰਮ ਹੁੰਦੇ ਹਨ। ਬੁਰੇ ਨੀਚ ਜਾਤੀਆਂ ਵਾਲੇ ਨਹੀਂ ਹਨ। ਸਗੋਂ ਨੀਚ ਉਹ ਹਨ ਜਿਹੜੇ ਨਿਮਾਣਿਆਂ ਉਤੇ ਜ਼ੁਲਮ ਕਰਦੇ ਹਨ ਅਤੇ ਉਨ੍ਹਾਂ ਦੇ ਹੱਕ ਮਾਰਦੇ ਹਨ। ਉਨ੍ਹਾਂ ਲੋਕਾਂ ਦੇ ਮਨਾਂ ਵਿਚੋਂ ਤਾਕਤ ਦੇ ਭੈਅ ਨੂੰ ਦੂਰ ਕਰ ਕੇ ਸੱਚ ਅਤੇ ਹੱਕ ਦੀ ਰਾਖੀ ਲਈ ਤਿਆਰ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਸੰਸਾਰ ਨੂੰ ਲੋਕ ਰਾਜ ਅਤੇ ਸਮਾਜਵਾਦ ਦੇ ਫਲਸਫੇ ਦੀ ਬਖ਼ਸ਼ਿਸ਼ ਕੀਤੀ। ਯੁੱਗ ਪੁਰਸ਼ ਗੁਰੂ ਨਾਨਕ ਸਾਹਿਬ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਇਕ ਨਵੇਂ ਇਨਕਲਾਬ ਦੀ ਨੀਂਹ ਰੱਖੀ। ਲੋਕਾਂ ਨੇ ਆਪਣੇ ਹੱਕਾਂ ਦੀ ਲੜਾਈ ਸ਼ੁਰੂ ਕੀਤੀ, ਜਿਸ ਸਦਕਾ ਅੱਜ ਸਾਰੇ ਸੰਸਾਰ ਵਿਚ ਲੋਕਰਾਜ ਦਾ ਬੋਲਬਾਲਾ ਹੈ।
ਗੁਰੂ ਸਾਹਿਬ ਨੇ ਸੰਚਾਰ ਤੇ ਪ੍ਰਚਾਰ ਦਾ ਅਨੋਖਾ, ਨਿਵੇਕਲਾ ਅਤੇ ਪ੍ਰਭਾਵਸ਼ਾਲੀ ਢੰਗ ਅਪਣਾਇਆ। ਉਨ੍ਹਾਂ ਕਿਸੇ ਨੂੰ ਮੰਦਾ ਨਹੀਂ ਆਖਿਆ। ਉਨ੍ਹਾਂ ਆਖਿਆ ਸੱਚੀ ਅਤੇ ਸੁੱਚੀ ਕਿਰਤ ਕਰਨੀ, ਉਸ ਨੂੰ ਵੰਡ ਛਕਣਾ ਅਤੇ ਰੱਬ ਦਾ ਨਾਮ ਜਪਣਾ ਹੀ ਧਰਮ ਹੈ। ਉਨ੍ਹਾਂ ਨੇ ਤਰਕ ਅਤੇ ਦਲੀਲਾਂ ਨਾਲ ਕੁਰਹਿਤਾਂ ਦਾ ਖੰਡਨ ਕੀਤਾ ਅਤੇ ਬਿਨਾਂ ਵਾਦ-ਵਿਵਾਦ ਦੇ ਵਿਚਾਰ ਰਾਹੀ ਸਾਰਿਆਂ ਨੂੰ ਸੱਚ ਦਾ ਰਾਹ ਵਿਖਾਇਆ। ਉਨ੍ਹਾਂ ਚਾਰ ਉਦਾਸੀਆਂ ਰਾਹੀਂ 24 ਸਾਲ ਪੈਦਲ ਯਾਤਰਾ ਕਰ ਕੇ ਸਾਰੇ ਏਸ਼ੀਆ, ਅਫ਼ਰੀਕਾ ਤੇ ਯੂਰਪ ਦਾ ਭ੍ਰਮਣ ਕੀਤਾ ਤੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਤਿਆਰ ਕੀਤਾ।
**