ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2022

ਕਰਤਾਰਪੁਰ - ਧਾਰਮਿਕ ਅਤੇ ਇਤਿਹਾਸਕ ਮਹੱਤਵ

Ad Position 21
No active advertisement
ਅਜੀਤ ਡੈਸਕ 08-11-2022

ਕਰਤਾਰਪੁਰ ਸਿੱਖ ਮਾਨਸਿਕਤਾ ਨਾਲ ਜੁੜਿਆ ਹੋਇਆ ਸ਼ਬਦ ਹੈ, ਜਿਹੜਾ ਕਿ ਪਰਮਾਤਮਾ ਨਾਲ ਜੁੜਨ ਅਤੇ ਜੋੜਨ ਦੀ ਪ੍ਰੇਰਨਾ ਪੈਦਾ ਕਰਨ ਵਾਲੇ ਸਥਾਨ ਵਜੋਂ ਪ੍ਰਗਟ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਅਧਿਆਤਮਿਕ ਅਰਥਾਂ ਵਿਚ ਇਸ ਸ਼ਬਦ ਦੀ ਵਰਤੋਂ ਕਰਦੇ ਹੋਏ ਕਹਿੰਦੇ ਹਨ-ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ॥ (ਅੰਗ-86) ਸਿੱਖ ਵਿਦਵਾਨਾਂ ਨੇ ਸਤਸੰਗਤਿ ਨੂੰ ਕਰਤੇ ਦੀ ਪੁਰੀ ਦੱਸਿਆ ਹੈ, ਜਿਹੜਾ ਕਿ ਆਪਣੇੇ ਸੰਤਾਂ, ਭਗਤਾਂ ਦੇ ਨਾਲ ਨਿਵਾਸ ਕਰਦਾ ਹੈ। ਰਾਵੀ ਦਰਿਆ ਦੇ ਕੰਢੇ ਵਸੇ ਹੋਏ ਕਰਤਾਰਪੁਰ ਨਗਰ ਦਾ ਇਤਿਹਾਸਕ ਮਹੱਤਵ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਦੇਖਣ ਨੂੰ ਮਿਲਦਾ ਹੈ - ਸਤਿ ਰੂਪੁ ਸਤਿਨਾਮੁ ਕਰਿ ਸਤਿਗੁਰ ਨਾਨਕ ਦੇਉ ਜਪਾਇਆ। ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚਖੰਡ ਵਸਾਇਆ। (ਭਾਈ ਗੁਰਦਾਸ ਜੀ ਵਾਰ 24, ਪਾਉੜੀ 1)
ਕਰਤਾਰਪੁਰ ਨਾਂਅ ਦਾ ਇਕ ਨਗਰ ਜਲੰਧਰ ਦੇ ਨੇੜੇ ਵੀ ਸਥਿਤ ਹੈ ਅਤੇ ਇਸ ਨੂੰ ਵੀ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਰਾਇ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ। ਕਰਤਾਰਪੁਰ ਦੇ ਸੋਢੀਆਂ ਕੋਲ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਹੋਣ ਕਰਕੇ ਵੀ ਸਮੁੱਚੇ ਸਿੱਖ ਜਗਤ ਦਾ ਧਿਆਨ ਇਸ ਨਗਰ ਨਾਲ ਜੁੜਿਆ ਰਹਿੰਦਾ ਹੈ।
ਰਾਵੀ ਦਰਿਆ ਦੇ ਕੰਢੇ ਮੌਜੂਦਾ ਪਾਕਿਸਤਾਨ ਵਿਖੇ ਵਸਿਆ ਹੋਇਆ ਕਰਤਾਰਪੁਰ ਨਗਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਲਗਪਗ ਪਿਛਲੇ ਅਠਾਰਾਂ ਸਾਲਾਂ ਦੀ ਯਾਦ ਦਿਵਾਉਂਦਾ ਹੈ, ਜਿੱਥੇ ਗੁਰ-ਸ਼ਬਦ ਦੀ ਮਹਿਮਾ ਅਤੇ ਇਸ ਦੇ ਪ੍ਰਭਾਵ ਅਧੀਨ ਪ੍ਰਗਟ ਹੋਈ ਅਮਲੀ ਜੀਵਨ ਜਾਚ ਦਾ ਮੁੱਢ ਦੇਖਣ ਨੂੰ ਮਿਲਦਾ ਹੈ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਆਪਣੀਆਂ ਉਦਾਸੀਆਂ ਉਪਰੰਤ ਸੰਸਾਰੀਆਂ ਵਾਲੇ ਕੱਪੜੇ ਪਾ ਕੇ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਆ ਕੇ ਵਸ ਗਏ ਤਾਂ ਉਨ੍ਹਾਂ ਨੇ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਬਾਹਰ ਕੱਢਣ ਅਤੇ ਅਧਿਆਤਮਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਸੰਦੇਸ਼ ਦਿੰਦੇ ਹੋਏ ਬਾਣੀ ਨਾਲ ਜੁੜਨ ਵਾਲੀ ਮਰਯਾਦਾ ਨਿਰਧਾਰਿਤ ਕਰ ਦਿੱਤੀ ਸੀ-ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। (ਭਾਈ ਗੁਰਦਾਸ ਜੀ ਵਾਰ 1 ਪਾਉੜੀ 38)
ਕਰਤਾਰਪੁਰ ਨਗਰ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਕੀਤੀ ਸੀ। ਕਿਹਾ ਜਾਂਦਾ ਹੈ ਕਿ ਆਪਣੀ ਇਕ ਉਦਾਸੀ ਤੋਂ ਬਾਅਦ ਗੁਰੂ ਜੀ ਰਾਵੀ ਦਰਿਆ ਦੇ ਕੰਢੇ ਪੱਖੋਕੇ ਪਿੰਡ ਦੇ ਇਕ ਖੂਹ 'ਤੇ ਬੈਠੇ ਸਨ ਤਾਂ ਇਸ ਪਿੰਡ ਦਾ ਚੌਧਰੀ ਅਜਿੱਤਾ ਰੰਧਾਵਾ ਉਨ੍ਹਾਂ ਦੇ ਦਰਸ਼ਨ ਕਰਕੇ ਸਿੱਖ ਬਣ ਗਿਆ ਸੀ ਅਤੇ ਉਸ ਨੇ ਗੁਰੂ ਜੀ ਨੂੰ ਉੱਥੇ ਹੀ ਵਸ ਜਾਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਰਾਵੀ ਪਾਰ ਇਕ ਰਮਣੀਕ ਅਸਥਾਨ ਚੁਣਿਆ ਅਤੇ ਉੱਥੇ ਧਰਮਸ਼ਾਲਾ ਦੀ ਸਥਾਪਨਾ ਆਰੰਭ ਕਰ ਦਿੱਤੀ। ਜਦੋਂ ਲਾਹੌਰ ਦੇ ਵਸਨੀਕ ਦੁਨੀ ਚੰਦ ਕਰੋੜੀਏ ਨੂੰ ਗੁਰੂ ਜੀ ਦੇ ਨਿਵਾਸ ਕਰਨ ਦਾ ਪਤਾ ਲੱਗਿਆ ਤਾਂ ਉਹ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਉੱਥੇ ਪੁੱਜ ਗਿਆ। ਕਰੋੜੀਏ ਨੇ ਗੁਰੂ ਜੀ ਦੇ ਨਿਵਾਸ ਲਈ ਮਕਾਨ ਬਣਾਉਣ ਦਾ ਕਾਰਜ ਆਰੰਭ ਕੀਤਾ ਤਾਂ ਪੁੱਛਿਆ ਕਿ 'ਹੇ ਗੁਰੂ ਗਰੀਬ ਨਿਵਾਜ ਜੀ ਮੈਂ ਕਿਲ੍ਹਾ ਜੋ ਪਾਵਾਂ ਤਾਂ ਇੱਟ ਕਿਸ ਦੇ ਨਾਂਅ ਦੀ ਰੱਖਾਂ। ਤਾਂ ਬਾਬੇ ਜੀ ਕਹਿਆ ਕਿ ਕਰਤਾਰ ਦੇ ਨਾਂਅ ਦਾ ਕਰਾਤਰਪੁਰ ਬਣਾਵੋ।'
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹ ਨਗਰ ਸਿੱਖੀ ਦਾ ਕੇਂਦਰ ਬਣ ਗਿਆ ਸੀ ਅਤੇ ਇੱਥੇ ਹੀ ਸੰਗਤ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਉਂਦੀ ਸੀ। ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਗੁਰੂ ਜੀ ਦੇ ਸ਼ਰਧਾਲੂ ਬਣਦੇ ਜਾ ਰਹੇ ਸਨ। ਮਿਹਰਬਾਨ ਜਨਮਸਾਖੀ ਦੱਸਦੀ ਹੈ ਕਿ ਹਿੰਦੂ, ਮੁਸਲਮਾਨੁ, ਜੋਗੀ, ਸੰਨਿਆਸੀ, ਬ੍ਰਹਮਚਾਰੀ, ਤਪਸੀ, ਦਿਗੰਬਰੁ, ਬੈਸਨਉ, ਉਦਾਸੀ, ਗ੍ਰਿਹੀ, ਬੈਰਾਗੀ, ਖਾਨੁ-ਖਵੀਨੁ, ਉਮਰਾਉ, ਕਰੋੜੀਆ, ਭੂਮੀਆ ਆਦਿ ਕਰਤਾਰਪੁਰ ਵਿਖੇ ਆ ਕੇ ਗੁਰੂ ਜੀ ਦੀ ਉਸਤਤਿ ਕਰਨ ਲੱਗੇ ਸਨ। ਗੁਰੂ ਜੀ ਦੇ ਦਰਸ਼ਨ ਕਰਕੇ ਇਨ੍ਹਾਂ ਦੇ ਮਨ ਵਿਚ ਸ਼ਾਂਤੀ ਅਤੇ ਅਨੰਦ ਦੀ ਭਾਵਨਾ ਪੈਦਾ ਹੋ ਜਾਂਦੀ ਸੀ।
ਗੁਰੂ ਨਾਨਕ ਦੇਵ ਜੀ ਇਸ ਨਗਰ ਵਿਖੇ ਨਿਵਾਸ ਕਰਨ ਲੱਗੇ ਤਾਂ ਉਨ੍ਹਾਂ ਦਾ ਪਰਿਵਾਰ ਵੀ ਇੱਥੇ ਆ ਕੇ ਹੀ ਵਸ ਗਿਆ ਸੀ। ਮਾਤਾ ਸੁਲੱਖਣੀ ਜੀ, ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ ਗੁਰੂ ਜੀ ਕੋਲ ਆ ਕੇ ਨਿਵਾਸ ਕਰਨ ਲੱਗੇ ਸਨ। ਗੁਰੂ ਜੀ ਨੇ ਆਪਣੇ ਮਾਤਾ-ਪਿਤਾ ਅਤੇ ਮਰਦਾਨੇ ਦੇ ਪਰਿਵਾਰ ਨੂੰ ਵੀ ਉੱਥੇ ਹੀ ਬੁਲਾ ਲਿਆ ਸੀ। ਗੁਰੂ ਜੀ ਧਰਮ ਦੇ ਮਾਰਗ 'ਤੇ ਚੱਲਣ ਲਈ ਗ੍ਰਹਿਸਤੀ ਅਤੇ ਪਰਿਵਾਰਿਕ ਜੀਵਨ ਨੂੰ ਰੁਕਾਵਟ ਨਹੀਂ ਸਮਝਦੇ ਸਨ। ਗੁਰੂ ਜੀ ਦੀ ਇਹ ਸਿੱਖਿਆ ਸੰਨਿਆਸ ਦੀ ਬਜਾਏ ਗ੍ਰਹਿਸਤੀ ਜੀਵਨ ਰਾਹੀਂ ਪਰਮਸਤਿ ਦੀ ਪ੍ਰਾਪਤੀ ਦਾ ਸੰਦੇਸ਼ ਦਿੰਦੀ ਹੈ। ਗੁਰੂ ਜੀ ਦੀ ਦ੍ਰਿਸ਼ਟੀ ਵਿਚ ਪਰਮਸਤਿ ਦੀ ਪ੍ਰਾਪਤੀ ਦਾ ਮਾਰਗ ਸੰਸਾਰ ਦੇ ਤਿਆਗ ਦੀ ਬਜਾਏ ਗ੍ਰਹਿਸਤੀ ਜੀਵਨ ਰਾਹੀਂ ਮੋਹ-ਮਾਇਆ ਦੀ ਨਿਰਲੇਪਤਾ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਗੁਰੂ ਜੀ ਨੇ ਇਸ ਨਗਰ ਵਿਖੇ ਨਿਵਾਸ ਦੌਰਾਨ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ ਸੀ। ਇਹ ਇਕ ਅਜਿਹਾ ਸਿਧਾਂਤ ਸੀ, ਜਿਹੜਾ ਕਿ ਪਰਮਾਤਮਾ ਨਾਲ ਜੁੜਨ, ਮਿਹਨਤ-ਮੁਸ਼ੱਕਤ ਨਾਲ ਜੀਵਨ ਗੁਜ਼ਾਰਨ, ਪਰਮਾਤਮਾ ਦੁਆਰਾ ਪੈਦਾ ਕੀਤੇ ਹੋਏ ਦੂਜੇ ਜੀਵਾਂ ਦੀ ਹੋਂਦ ਨੂੰ ਪ੍ਰਵਾਨ ਕਰਕੇ ਉਨ੍ਹਾਂ ਨਾਲ ਵੰਡ ਕੇ ਛਕਣ ਦੀ ਜੀਵਨ ਜਾਚ ਪ੍ਰਦਾਨ ਕਰਦਾ ਸੀ। ਗੁਰੂ ਜੀ ਦੁਆਰਾ ਪ੍ਰਦਾਨ ਕੀਤਾ ਗਿਆ ਇਹ ਸਿਧਾਂਤ ਸੇਵਾ, ਸਮਰਪਣ, ਨਿਮਰਤਾ, ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਵਾਲਾ ਸੀ। ਗੁਰੂ ਜੀ ਦੁਆਰਾ ਪ੍ਰਦਾਨ ਕੀਤਾ ਗਿਆ ਇਹ ਸਿਧਾਂਤ ਮੌਜੂਦਾ ਸਮੇਂ ਵਿਚ ਵੀ ਸਿੱਖ ਜੀਵਨ ਜਾਚ ਦਾ ਮਹੱਤਵਪੂਰਨ ਅੰਗ ਹੈ, ਜਿਸ 'ਤੇ ਚੱਲਦੇ ਹੋਏ ਉਨ੍ਹਾਂ ਦੇ ਪੈਰੋਕਾਰਾਂ ਨੇ ਭੁਚਾਲ, ਹੜ੍ਹਾਂ, ਜੰਗ ਦੀ ਮਾਰ ਝੱਲ ਰਹੇ ਦੇਸ਼ਾਂ ਅਤੇ ਕੋਰੋਨਾ ਜਿਹੀਆਂ ਭਿਆਨਕ ਬਿਮਾਰੀਆਂ ਸਮੇਂ ਆਮ ਲੋਕਾਂ ਦੇ ਜੀਵਨ ਨੂੰ ਸੁਖਾਲਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਕਰਤਾਰਪੁਰ ਨਗਰ ਵਿਖੇ ਨਿਵਾਸ ਦੌਰਾਨ ਹੀ ਗੁਰੂ ਜੀ ਨੇ ਬਟਾਲੇ ਅਤੇ ਮੁਲਤਾਨ ਦੀ ਉਦਾਸੀ ਕਰਦੇ ਹੋਏ ਜੋਗੀਆਂ ਦਾ ਹੰਕਾਰ ਤੋੜਿਆ ਸੀ ਅਤੇ ਮੁਲਤਾਨ ਦੇ ਪੀਰਾਂ ਨੂੰ ਸਹਿਹੋਂਦ ਵਿਚ ਰਹਿਣ ਦਾ ਸੰਦੇਸ਼ ਦਿੱਤਾ ਸੀ। ਗੁਰੂ ਜੀ ਦੇ ਕਰਤਾਰਪੁਰ ਨਿਵਾਸ ਦੌਰਾਨ ਹੀ ਭਾਈ ਮਰਦਾਨਾ ਜੀ ਸੱਚਖੰਡ ਜਾ ਬਿਰਾਜੇ ਸਨ। 1534 ਵਿਚ ਭਾਈ ਮਰਦਾਨਾ ਜੀ ਦੇ ਚਲਾਣਾ ਕਰਨ ਤੋਂ ਕੁਝ ਸਮਾਂ ਪਹਿਲਾਂ ਜਦੋਂ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਅੰਤਿਮ ਸੰਸਕਾਰ ਦੀਆਂ ਰਸਮਾਂ ਕਿਵੇਂ ਕੀਤੀਆਂ ਜਾਣ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਤੁਹਾਡੀ ਸੰਗਤ ਵਿਚ ਦੇਹ ਦਾ ਹੰਕਾਰ ਛੁਟ ਗਿਆ ਹੈ। ਬਾਬਾ ਬੁੱਢਾ ਜੀ ਅਤੇ ਭਾਈ ਲਹਿਣਾ ਜੀ ਕਰਤਾਰਪੁਰ ਵਿਖੇ ਆਪਣੇ ਇਸ਼ਟ ਦੀ ਸਿੱਖਿਆ ਅਨੁਸਾਰ ਜੀਵਨ ਬਸਰ ਕਰਕੇ ਅਨੰਦਮਈ ਜੀਵਨ ਬਸਰ ਕਰਨ ਲੱਗੇ ਸਨ। ਬਾਬਾ ਬੁੱਢਾ ਜੀ ਨੇ ਗੁਰੂ ਜੀ ਤੋਂ ਸੇਵਾ ਅਤੇ ਨਿਸ਼ਠਾ ਦਾ ਜਿਹੜਾ ਗੁਣ ਗ੍ਰਹਿਣ ਕੀਤਾ ਸੀ, ਆਪਣੇ ਅਕਾਲ ਚਲਾਣੇ ਤੱਕ ਉਸ ਨੂੰ ਧਾਰਨ ਕਰੀ ਰੱਖਿਆ। ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਗ ਬਣਾ ਕੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਪ੍ਰਗਟ ਕਰ ਦਿੱਤਾ ਸੀ। ਅੱਸੂ ਵਦੀ 10 ਨੂੰ ਗੁਰੂ ਨਾਨਕ ਦੇਵ ਜੀ ਇਸ ਨਗਰ ਵਿਖੇ ਜੋਤੀ ਜੋਤਿ ਸਮਾ ਗਏ ਸਨ, ਜਿਸ ਕਰਕੇ ਇਹ ਅਸਥਾਨ ਸਿੱਖ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਗ੍ਰਹਿਣ ਕਰ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਅਧੀਨ ਇਕ-ਦੂਜੇ ਨਾਲ ਵੈਰ ਭਾਵਨਾ ਰੱਖਣ ਵਾਲੇ ਹਿੰਦੂ ਅਤੇ ਮੁਸਲਮਾਨ ਉਨ੍ਹਾਂ ਦੇ ਸ਼ਰਧਾਲੂ ਬਣ ਗਏ ਸਨ ਅਤੇ ਉਨ੍ਹਾਂ ਦੇ ਜੋਤੀ-ਜੋਤਿ ਸਮਾ ਜਾਣ ਉਪਰੰਤ ਦੋਵਾਂ ਨੇ ਹੀ ਆਪੋ-ਆਪਣੇ ਅਕੀਦੇ ਅਨੁਸਾਰ ਉਨ੍ਹਾਂ ਦੀ ਯਾਦਗਾਰ ਕਾਇਮ ਕਰ ਲਈ ਸੀ। ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਸਾਹਮਣੇ ਆਏ ਗੁਰਧਾਮ ਨੂੰ ਮੌਜੂਦਾ ਸਮੇਂ ਵਿਚ 'ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ' ਕਿਹਾ ਜਾਂਦਾ ਹੈ। 1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਇਹ ਗੁਰਧਾਮ ਸਿੱਖ ਸੰਗਤ ਦੇ ਦਰਸ਼ਨਾਂ ਲਈ ਬੰਦ ਹੋ ਗਿਆ ਸੀ। ਸਿੱਖ ਰੋਜ਼ਾਨਾ ਇਸ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਅਰਦਾਸ ਕਰਦੇ ਸਨ, ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ 2019 ਵਿਚ ਪੂਰੀ ਹੋ ਗਈ ਸੀ। ਆਪਣੇ ਮੁਢਲੇ ਧਾਰਮਿਕ ਕੇਂਦਰ ਅਤੇ ਇਤਿਹਾਸਕ ਅਸਥਾਨ ਵਜੋਂ ਸਿੱਖ ਇਸ ਗੁਰਧਾਮ ਦੇ ਸ਼ਰਧਾ ਪੂਰਵਕ ਦਰਸ਼ਨ ਕਰਦੇ ਹਨ।

-ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ad Position 22
No active advertisement
ਪਿਛਲੀ ਖ਼ਬਰ ਗੁਰ ਨਾਨਕ ਸਭ ਕੇ ਸਿਰਤਾਜ ਅਗਲੀ ਖ਼ਬਰ ਮਨੁੱਖੀ ਹੱਕਾਂ ਲਈ ਇਨਕਲਾਬ ਦੇ ਸਿਰਜਕ : ਗੁਰੂ ਨਾਨਕ
Ad Position 24
No active advertisement