ਮੱਧਕਾਲ ਵਿਚ ਉਸ ਵੇਲੇ ਦੀ ਸੋਚ ਅਤੇ ਦ੍ਰਿਸ਼ਟੀਕੋਣ ਅਨੁਸਾਰ ਲਿਖੇ ਗਏ ਜੀਵਨ-ਬਿਰਤਾਂਤ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ ਅਤੇ ਇਹ ਵੀ ਇਕ ਤੱਥ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਬਿਰਤਾਂਤ ਵਾਲੀਆਂ ਰਚਨਾਵਾਂ ਹੀ ਜਨਮ ਸਾਖੀਆਂ ਅਖਵਾਈਆਂ। ਸੰਖੇਪ ਵਿਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਜਨਮ ਸਾਖੀ ਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੀ ਜੁੜਿਆ ਹੋਇਆ ਹੈ। ਇਹ ਜਨਮ ਸਾਖੀਆਂ ਮੱਧਕਾਲੀ ਪੰਜਾਬੀ ਸਾਹਿਤ ਦਾ ਸਰਮਾਇਆ ਹਨ, ਕਿਉਂਕਿ ਇਨ੍ਹਾਂ ਦਾ ਮਹੱਤਵ ਬਹੁ-ਪਰਤੀ ਹੈ। ਇਨ੍ਹਾਂ ਵਿਚ ਧਰਮ, ਦਰਸ਼ਨ, ਇਤਿਹਾਸ, ਮਿਥਿਹਾਸ, ਲੋਕਯਾਨ ਅਤੇ ਹੋਰ ਬਹੁਤ ਕੁਝ ਅੰਕਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪੰਜ ਜਨਮ ਸਾਖੀਆਂ ਵਧੇਰੇ ਪ੍ਰਸਿੱਧ ਹਨ, ਜਿਨ੍ਹਾਂ ਵਿਚ ਪੁਰਾਤਨ ਜਨਮ ਸਾਖੀ ਜਾਂ ਵਲਾਇਤ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਜਨਮ ਪੱਤਰੀ ਬਾਬੇ ਨਾਨਕ ਦੀ ਅਤੇ ਗਿਆਨ ਰਤਨਾਵਾਲੀ ਜਾਂ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਆਦਿ। ਇਨ੍ਹਾਂ ਵਿਚੋਂ ਪੁਰਾਤਨ ਜਨਮ ਸਾਖੀ ਦੀ ਗਾਥਾ ਬੜੀ ਦਿਲਚਸਪ ਅਤੇ ਬਚਿੱਤਰ ਹੈ। ਇਸ ਯਾਤਰਾ ਕਰਕੇ ਹੀ ਇਸ ਜਨਮ ਸਾਖੀ ਦੇ ਵੱਖ-ਵੱਖ ਨਾਂਅ ਮਿਲਦੇ ਹਨ।
ਪੁਰਾਤਨ ਜਨਮ ਸਾਖੀ ਜਿਸ ਦੇ ਹੋਰ ਨਾਂਅ ਹਾਫਜ਼ਬਾਦ ਵਾਲੀ ਜਨਮ ਸਾਖੀ, ਕੋਲਬਾਰੁਕ ਵਾਲੀ ਜਨਮ ਸਾਖੀ, ਵਲੈਤ ਵਾਲੀ ਜਨਮਾਖੀ, ਮੈਕਾਲਿਫ਼ ਵਾਲੀ ਜਨਮ ਸਾਖੀ ਵੀ ਮਿਲਦੇ ਹਨ। ਅਸਲ ਵਿਚ ਇਕ ਹੀ ਜਨਮ ਸਾਖੀ ਜਾਂ ਉਸ ਦੇ ਭਿੰਨ-ਭਿੰਨ ਸੰਸਕਰਣ ਜਾਂ ਉਤਾਰੇ ਹਨ। ਹਾਫ਼ਜ਼ਾਬਾਦ ਵਿਚੋਂ ਜ਼ਿਲ੍ਹਾ ਗੁਜਰਾਂਵਾਲਾ ਜ਼ਿਲ੍ਹੇ ਦੀ ਇਕ ਤਹਿਸੀਲ (ਅੱਜਕਲ੍ਹ ਪਾਕਿਸਤਾਨ) ਵਿਚ ਉਸ ਵੇਲੇ ਦੇ ਇਕ ਅੰਗਰੇਜ਼ ਅਫ਼ਸਰ ਐਸ.ਟੀ. ਕੋਲਬਰੁੱਕ ਨੇ ਆਪਣਾ ਦੌਰਾ ਰੱਖਿਆ ਅਤੇ ਨਾਲ ਹੀ ਇਹ ਮੁਨਾਦੀ ਕਰਵਾ ਦਿੱਤੀ ਕਿ ਜਿਸ ਵੀ ਕਿਸੇ ਵਿਅਕਤੀ ਕੋਲ ਕੋਈ ਪੁਰਾਣੀ ਚੀਜ਼ ਹੋਵੇ, ਉਹ ਆਪਣੇ ਨਾਲ ਲੈ ਕੇ ਆਵੇ, ਕਿਉਂਕਿ ਸਾਹਬ ਬਹਾਦਰ ਨੇ ਉਹ ਵਸਤਾਂ ਵੇਖਣੀਆਂ ਹਨ। ਹਾਫ਼ਜ਼ਾਬਾਦ ਪਿੰਡ ਦੇ ਇਕ ਵਸਨੀਕ ਕੋਲ ਇਹ ਜਨਮ ਸਾਖੀ ਪਈ ਸੀ, ਜੋ ਉਸ ਨੇ ਕੋਲਬਰੁੱਕ ਨੂੰ ਲਿਆ ਕੇ ਵਿਖਾਈ। ਇਸ ਜਨਮ ਸਾਖੀ ਵਿਚਲੀਆਂ ਸਾਰੀਆਂ ਹੀ ਸਾਖੀਆਂ ਸਚਿੱਤਰ ਸਨ, ਜਿਨ੍ਹਾਂ ਦੀ ਕੁੱਲ ਗਿਣਤੀ 57 ਸੀ। ਕੋਲਬਰੁੱਕ ਨੂੰ ਉਸ ਦੇ ਸਥਾਨਕ ਸਹਾਇਕਾਂ ਨੇ ਦੱਸਿਆ ਕਿ ਇਹ ਪੁਰਾਤਨ ਸਮੇਂ ਵਿਚ ਲਿਖੀ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਹੈ। ਤਸਵੀਰਾਂ ਨੇ ਇਸ ਦੀ ਕਦਰ ਹੋਰ ਵੀ ਵਧਾ ਦਿੱਤੀ ਸੀ, ਕਿਉਂਕਿ ਇਹ ਕਲਾ ਦਾ ਇਕ ਉੱਤਮ ਨਮੂਨਾ ਵੀ ਸੀ। ਲਗਭਗ ਏਸੇ ਹੀ ਸਮੇਂ ਅੰਗਰੇਜ਼ ਹਕੂਮਤ ਨੇ ਇਕ ਜਰਮਨ ਵਿਦਵਾਨ ਅਰਨੈਸਟ ਟਰੰਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਣਵੇਂ ਸ਼ਬਦਾਂ ਦਾ ਅੰਗਰੇਜ਼ੀ ਅਨੁਵਾਦ ਕਰਨ ਦਾ ਕੰਮ ਸੌਂਪ ਰੱਖਿਆ ਸੀ। ਕੋਲਬਰੁੱਕ ਨੂੰ ਲੱਗਿਆ ਕਿ ਇਹ ਪੁਸਤਕ ਟਰੰਪ ਦੇ ਕੰਮ ਆਉਣ ਵਾਲੀ ਹੈ। ਉਸ ਨੇ ਇਹ ਇੰਡੀਆ ਆਫ਼ਿਸ ਲਾਇਬ੍ਰੇਰੀ ਲੰਡਨ ਵਿਖੇ ਭਿਜਵਾ ਦਿੱਤੀ। ਸਿਆਣੇ ਲਾਇਬ੍ਰੇਰੀਅਨ ਨੇ ਅੱਗੋਂ ਇਸ ਬਾਰੇ ਟਰੰਪ ਨੂੰ ਸੂਚਿਤ ਕਰ ਦਿੱਤਾ। ਟਰੰਪ ਨੇ ਜਦ ਇਹ ਜਨਮ ਸਾਖੀ ਵੇਖੀ ਤਾਂ ਖ਼ੁਸ਼ੀ ਨਾਲ ਉਸ ਦੀਆਂ ਵਾਛਾਂ ਖਿੜ ਗਈਆਂ, ਕਿਉਂਕਿ ਉਸ ਨੂੰ ਲੱਗਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਉਨ੍ਹਾਂ ਦੀ ਬਾਣੀ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਸਕੇਗਾ। ਇੰਝ ਹਾਫ਼ਜ਼ਾਬਾਦ ਵਾਲੀ ਜਨਮ ਸਾਖੀ ਹੁਣ ਕੋਲਬਰੁੱਕ ਅਤੇ ਵਲਾਇਤ ਵਾਲੀ ਜਨਮ ਸਾਖੀ ਬਣ ਗਈ ਸੀ।
ਇਸ ਜਨਮ ਸਾਖੀ ਦੇ ਵਲਾਇਤ ਚਲੇ ਜਾਣ ਦੀ ਸੂਹ ਭਾਰਤ ਰਹਿੰਦੇ ਕੁਝ ਸੂਝਵਾਨ ਸਿੱਖਾਂ ਨੂੰ ਵੀ ਮਿਲ ਗਈ। ਉਨ੍ਹਾਂ ਨੇ ਇਹ ਜਨਮ ਸਾਖੀ ਏਧਰੋਂ ਵੀ ਲੱਭਣੀ ਸ਼ੁਰੂ ਕਰ ਦਿੱਤੀ, ਕਿਉਂਕਿ ਜਨਮ ਸਾਖੀ ਦੇ ਕਈ-ਕਈ ਉਤਾਰੇ ਹੋਏ ਮਿਲਦੇ ਸਨ। ਚੰਗੇ ਭਾਗੀਂ ਇਸ ਜਨਮ ਸਾਖੀ ਦੀ ਇਕ ਪ੍ਰਤੀਲਿਪੀ ਏਧਰ ਵੀ ਲੱਭ ਗਈ। ਇਸ ਵੇਲੇ ਤੱਕ ਪੰਜਾਬ ਦੇ ਕੇਂਦਰੀ ਸ਼ਹਿਰ ਲਾਹੌਰ ਵਿਚ ਛਾਪਾਖਾਨਾ ਲੱਗ ਚੁੱਕਾ ਸੀ। ਸੋ, ਇਸ ਜਨਮ ਸਾਖੀ ਦੇ ਮਹੱਤਵ ਨੂੰ ਪਛਾਣਦਿਆਂ ਅਤੇ ਇਸ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨ ਹਿਤ ਇਹ ਪਹਿਲੀ ਵਾਰ ਸਿੰਘ ਸਭਾ ਲਾਹੌਰ ਦੇ ਯਤਨਾਂ ਨਾਲ ਛਪੀ। ਲਾਹੌਰ ਵਿਚ ਹੀ ਓਰੀਐਂਟਲ ਕਾਲਜ 1870 ਵਿਚ ਖੁੱਲ੍ਹ ਚੁੱਕਾ ਸੀ, ਜਿਥੇ ਪੰਜਾਬੀ ਦੀਆਂ ਬੁੱਧੀਮਾਨੀ, ਵਿਦਵਾਨੀ ਅਤੇ ਗਿਆਨੀ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ। ਪ੍ਰੋ. ਗੁਰਮੁਖ ਸਿੰਘ ਓਰੀਐਂਟਲ ਕਾਲਜ ਵਿਚ ਅਧਿਆਪਕ ਨਿਯੁਕਤ ਹੋ ਚੁੱਕੇ ਸਨ ਅਤੇ ਉਹ ਸਿੰਘ ਸਭਾ ਲਾਹੌਰ ਦੇ ਵੀ ਬੜੇ ਸਰਗਰਮ ਮੈਂਬਰ ਸਨ। ਠੀਕ ਇਨ੍ਹਾਂ ਹੀ ਦਿਨਾਂ ਵਿਚ ਅੰਗਰੇਜ਼ ਵਿਦਵਾਨ ਮੈਕਾਲਿਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਣਵੇਂ ਸ਼ਬਦਾਂ ਦੇ ਅਨੁਵਾਦ ਅਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਨਾਂਅ ਦੇ ਵਡ-ਅਕਾਰੀ ਪ੍ਰਾਜੈਕਟ ਉੱਪਰ ਕੰਮ ਕਰ ਰਿਹਾ ਸੀ ਕਿਉਂਕਿ ਟਰੰਪ ਦੇ ਅਨੁਵਾਦ ਨੂੰ ਸਿੱਖ ਸੰਗਤ ਨੇ ਨਕਾਰ ਦਿੱਤਾ ਸੀ।
ਮੈਕਾਲਿਫ਼ ਭਾਵੇਂ ਇਕ ਅਫ਼ਸਰ ਵਜੋਂ ਹੀ ਨਿਯੁਕਤ ਹੋ ਕੇ ਪੰਜਾਬ ਆਇਆ ਸੀ ਪਰ ਉਹ ਪੂਰਬੀ ਇਲਮਾਂ ਦਾ ਚੰਗਾ ਗਿਆਤਾ ਵੀ ਸੀ। ਮੈਕਾਲਿਫ਼ ਦੇ ਅਕਾਦਮਿਕ ਸਲਾਹਕਾਰਾਂ ਵਿਚ ਪ੍ਰੋ. ਗੁਰਮੁਖ ਸਿੰਘ ਵੀ ਸ਼ਾਮਿਲ ਸੀ। ਮੈਕਾਲਿਫ਼ ਦੀ ਪ੍ਰੇਰਨਾ ਅਤੇ ਅਗਵਾਈ ਵਿਚ ਪ੍ਰੋ. ਗੁਰਮੁਖ ਸਿੰਘ ਨੇ ਪਹਿਲੀ ਵਾਰ 1885 ਵਿਚ ਇਸ ਜਨਮ ਸਾਖੀ ਨੂੰ ਵਿਧੀਵੱਤ ਸੰਪਾਦਿਤ ਕਰਕੇ ਛਪਵਾਇਆ। ਪ੍ਰੋ. ਗੁਰਮੁਖ ਸਿੰਘ ਦੇ ਇਸ ਜਨਮ ਸਾਖੀ ਦੀ ਭੂਮਿਕਾ ਵਿਚ ਇਸ ਦੇ ਰਚਨਾਕਾਰ ਅਤੇ ਰਚਨਾ ਕਾਲ ਵੱਲ ਵੀ ਸੰਕੇਤ ਕੀਤੇ ਹਨ ਅਤੇ ਕੁਝ ਹੋਰ ਜਨਮ ਸਾਖੀਆਂ ਦੀ ਦੱਸ ਵੀ ਪਾਈ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸੰਪਾਦਿਤ ਅਤੇ ਬਿਨਾਂ ਸੰਪਾਦਨਾ ਦੇ ਇਸ ਜਨਮ ਸਾਖੀ ਦਾ ਪ੍ਰਕਾਸ਼ਨ ਜਾਰੀ ਰਿਹਾ। ਮੈਕਾਲਿਫ਼ ਦੀ ਨਿਗਰਾਨੀ ਜਾਂ ਅਗਵਾਈ, ਜਿਸ ਨੂੰ ਪ੍ਰੋ. ਗੁਰਮੁਖ ਸਿੰਘ ਨੇ ਸਵੀਕਾਰਿਆ ਵੀ ਹੈ, ਵਿਚੋਂ ਇਸ ਜਨਮ ਸਾਖੀ ਨੂੰ ਮੈਕਾਲਿਫ਼ ਵਾਲੀ ਜਨਮ ਸਾਖੀ ਦਾ ਵੀ ਨਾਂਅ ਪ੍ਰਾਪਤ ਹੋਇਆ।
ਪ੍ਰੋ. ਗੁਰਮੁਖ ਸਿੰਘ ਦੀ ਸੰਪਾਦਨਾ ਤੋਂ ਬਾਅਦ ਇਸ ਜਨਮ ਸਾਖੀ ਦੇ ਹੋਰ ਉਤਾਰੇ ਅਤੇ ਹੋਰ ਜਨਮ ਸਾਖੀਆਂ ਵੀ ਪ੍ਰਕਾਸ਼ ਵਿਚ ਆ ਗਈਆਂ, ਜੋ ਇਨ੍ਹਾਂ ਮਸਲਿਆਂ ਵੱਲ ਉਨ੍ਹਾਂ ਨੇ ਸੰਕੇਤ ਕੀਤੇ ਸਨ, ਭਾਈ ਵੀਰ ਸਿੰਘ ਨੇ (1926 ਈ.) ਇਨ੍ਹਾਂ ਬਾਰੇ ਖੁੱਲ੍ਹ ਕੇ ਬਹਿਸ ਕੀਤੀ। ਇਸ ਰਚਨਾ ਵਿਚ ਆਏ ਕਾਲਖੰਡਾਂ, ਸਾਖੀਆਂ ਦੀ ਥੋੜ੍ਹੀ ਗਿਣਤੀ ਅਤੇ ਹੋਰ ਕਈ ਤੱਥਾਂ ਕਰਕੇ ਭਾਈ ਵੀਰ ਸਿੰਘ ਇਸ ਜਨਮ ਸਾਖੀ ਨੂੰ 'ਪੁਰਾਤਨ' ਦਾ ਨਾਂਅ ਜਾਂ ਵਿਸ਼ੇਸ਼ਣ ਦੇ ਦਿੰਦੇ ਹਨ। ਇਥੇ ਇਹ ਸੰਕੇਤ ਕਰਨਾ ਜ਼ਰੂਰੀ ਹੈ ਕਿ 'ਪੁਰਾਤਨ' ਸ਼ਬਦ ਇਸ ਜਨਮ ਸਾਖੀ ਦੇ ਨਾਂਅ ਦਾ ਹਿੱਸਾ ਬਿਲਕੁਲ ਨਹੀਂ, ਸਗੋਂ ਇਹ ਭਾਈ ਜੀ ਦੁਆਰਾ ਦਿੱਤਾ ਗਿਆ ਨਾਂਅ ਹੈ। ਅੱਜ ਭਾਵੇਂ ਇਹ ਜਨਮ ਸਾਖੀ ਪੁਰਾਤਨ ਜਨਮ ਸਾਖੀ ਕਰਕੇ ਹੀ ਪ੍ਰਸਿੱਧ ਹੈ ਅਤੇ ਕਈ ਯੂਨੀਵਰਸਿਟੀਆਂ ਵਿਚ ਪਾਠ-ਪੁਸਤਕ ਵਜੋਂ ਪੜ੍ਹੀ-ਪੜ੍ਹਾਈ ਵੀ ਜਾਂਦੀ ਹੈ, ਪਰ ਇਹ ਇਸ ਦਾ ਅਸਲ ਨਾਂਅ ਨਹੀਂ। ਆਧੁਨਿਕ ਯੁੱਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਿੰਨੀਆਂ ਵੀ ਜੀਵਨੀਆਂ ਲਿਖੀਆਂ ਗਈਆਂ, ਉਨ੍ਹਾਂ ਵਿਚ ਪੁਰਾਤਨ ਜਨਮ ਸਾਖੀ ਇਕ ਆਧਾਰ ਗ੍ਰੰਥ ਵਜੋਂ ਕੰਮ ਆਉਂਦੀ ਹੈ। ਇਸ ਵਿਚ ਆਏ 57 ਚਿੱਤਰਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਉਨ੍ਹਾਂ ਵਿਚ ਵਰਤੇ ਗਏ ਮੂਲ ਰੰਗਾਂ ਅਤੇ ਅਕਾਰਾਂ ਵਿਚ 'ਗੁਰੂ ਨਾਨਕ ਚਿਤਰਾਵਲੀ' ਨਾਂਅ ਹੇਠ ਛਾਪਿਆ ਹੈ। ਇਨ੍ਹਾਂ ਹੀ ਚਿੱਤਰਾਂ ਨੂੰ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੀ ਪਹਿਲੀ ਬਿਲਡਿੰਗ ਵਿਚ ਮੂਰਤੀਮਾਨ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਸੰਬੰਧੀ ਲਿਖੀਆਂ ਗਈਆਂ ਕਈ ਪੁਸਤਕਾਂ ਅਤੇ ਲੇਖਾਂ ਵਿਚ ਇਨ੍ਹਾਂ ਚਿੱਤਰਾਂ ਦੀ ਖੁੱਲ੍ਹ ਕੇ ਹੋਈ ਵਰਤੋਂ ਵੀ ਵੇਖੀ ਜਾ ਸਕਦੀ ਹੈ।
-ਮੋਬਾਈਲ : 98889-39808