ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੀ ਪਹਿਲੀ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਇਨਕਲਾਬ ਸਿਰਜਿਆ। ਦਸਮੇਸ਼ ਪਿਤਾ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਸੰਸਾਰ ਵਿਚੋਂ ਮਨੁੱਖੀ ਵਿਤਕਰੇ ਮਿਟਾ, ਸਭਨਾਂ ਨੂੰ ਬਰਾਬਰੀ ਬਖਸ਼ੀ। ਉਨ੍ਹਾਂ ਨੇ ਆਪਣੇ ਕਥਨ 'ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ' ਨੂੰ ਅਮਲੀ ਰੂਪ ਦਿੱਤਾ। ਧਰਮ, ਜਾਤ, ਰੰਗ, ਨਸਲ, ਅਮੀਰੀ ਆਦਿ ਕਾਰਨ ਪਏ ਮਨੁੱਖੀ ਵਿਤਕਰਿਆਂ ਨੂੰ ਇਕੋ ਝਟਕੇ ਨਾਲ ਤੋੜ ਸਭਨਾਂ ਨੂੰ ਇਕੋ ਨਾਮ ਅਤੇ ਸਰੂਪ ਦੀ ਬਖਸ਼ਿਸ਼ ਕੀਤੀ। ਜਿਹੜੇ ਲੋਕ ਆਪਣੇ ਆਪ ਨੂੰ ਨਿਮਾਣੇ, ਨਿਤਾਣੇ ਅਤੇ ਲਿਤਾੜੇ ਹੋਏ ਸਮਝ ਨਰਕ ਵਰਗਾ ਜੀਵਨ ਜਿਊਂ ਰਹੇ ਸਨ, ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਸੱਚ ਤੇ ਹੱਕ ਦੀ ਲੜਾਈ ਲਈ ਤਿਆਰ ਕੀਤਾ। ਉਹ ਲੋਕ ਜਿਹੜੇ ਸਿਰ ਨੀਵਾਂ ਕਰਕੇ ਜੀਵਨ ਜੀਅ ਰਹੇ ਸਨ, ਉਨ੍ਹਾਂ ਨੂੰ ਅਣਖ ਨਾਲ ਜਿਊਣ ਦੀ ਹਿੰਮਤ ਬਖ਼ਸ਼ੀ। ਉਨ੍ਹਾਂ ਲੋਕਾਂ ਨੇ ਜਿਹੜੇ ਹਮੇਸ਼ਾ ਆਪਣੇ-ਆਪ ਨੂੰ ਨਿਤਾਣੇ ਸਮਝਦੇ ਸਨ, ਗੁਰੂ ਜੀ ਦੀ ਅਗਵਾਈ ਹੇਠ ਜਦੋਂ ਹਥਿਆਰ ਚੁੱਕੇ ਤਾਂ ਵੱਡੇ ਵੱਡੇ ਜਰਨੈਲਾਂ ਦੇ ਛੱਕੇ ਛੁਡਾ ਦਿੱਤੇ। ਇਸ ਤਰ੍ਹਾਂ ਗੁਰੂ ਜੀ ਨੇ ਸੰਸਾਰ ਅੰਦਰ ਸਹੀ ਅਰਥਾਂ ਵਿਚ ਸਮਾਜਵਾਦ ਦੀ ਨੀਂਹ ਰੱਖੀ। ਗੁਰੂ ਜੀ ਨੇ ਲੋਕਾਂ ਨੂੰ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਬਰਾਬਰੀ ਦਿੱਤੀ। ਇਸ ਚਮਤਕਾਰ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਗੁਰੂ ਜੀ ਨੇ ਸ਼ਖ਼ਸੀ ਰਾਜ ਨੂੰ ਖ਼ਤਮ ਕਰਕੇ ਪੰਚਾਇਤੀ ਰਾਜ ਦੀ ਜੁਗਤ ਸੰਸਾਰ ਨੂੰ ਦਿੱਤੀ। ਉਨ੍ਹਾਂ ਸਾਰੇ ਫ਼ੈਸਲੇ ਸੰਗਤ ਦੇ ਸਾਹਮਣੇ ਪੰਜ ਪਿਆਰਿਆਂ ਰਾਹੀਂ ਕਰਵਾਏ। ਇਥੋਂ ਤੀਕ ਕਿ ਆਪਣੇ ਆਪ ਨੂੰ ਵੀ ਆਪਣੇ ਸਿੰਘਾਂ ਦੇ ਬਰਾਬਰ ਖੜ੍ਹਾ ਕੀਤਾ। ਇਸ ਰਾਜਨੀਤਕ ਇਨਕਲਾਬ ਦੇ ਨਾਲੋ-ਨਾਲ ਉਨ੍ਹਾਂ ਨੇ ਸਮਾਜਿਕ ਇਨਕਲਾਬ ਵੀ ਲਿਆਂਦਾ। ਸਮਾਜ ਵਿਚ ਧਰਮ, ਜਾਤ, ਕਿੱਤਾ, ਅਮੀਰੀ ਆਦਿ ਦੇ ਆਧਾਰ ਉਤੇ ਪਈਆਂ ਵੰਡੀਆਂ ਨੂੰ ਮੇਟ ਸਭਨਾਂ ਨੂੰ ਬਰਾਬਰੀ ਬਖਸ਼ੀ। ਉਨ੍ਹਾਂ ਮਨੁੱਖਾਂ ਦਾ ਕਿਰਦਾਰ ਉਸ ਦੇ ਜਨਮ ਦੀ ਥਾਂ ਉਸ ਦੇ ਕਰਮ ਅਨੁਸਾਰ ਮਿਥਿਆ। ਗੁਰੂ ਸਾਹਿਬ ਸਮੇਂ ਵੀ ਔਰਤ ਨੂੰ ਸਮਾਜ ਵਿਚ ਬਰਾਬਰੀ ਨਹੀਂ ਸੀ ਮਿਲੀ। ਕੁੜੀ ਦੇ ਜਨਮ ਲੈਂਦਿਆਂ ਹੀ ਉਸ ਨੂੰ ਮਾਰਨ ਦਾ ਯਤਨ ਕੀਤਾ ਜਾਂਦਾ ਸੀ। ਗੁਰੂ ਜੀ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਹੁਕਮ ਜਾਰੀ ਕੀਤਾ ਕਿ ਜਿਹੜਾ ਕੁੜੀ ਦੀ ਹੱਤਿਆ ਕਰਦਾ ਹੈ, ਉਹ ਮੇਰਾ ਸਿੰਘ ਨਹੀਂ ਹੋ ਸਕਦਾ। ਇਥੋਂ ਤੱਕ ਕਿ ਉਨ੍ਹਾਂ ਆਪਣੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਕੁੜੀ ਮਾਰਨ ਵਾਲੇ ਨਾਲ ਕਿਸੇ ਕਿਸਮ ਦਾ ਕੋਈ ਸੰਬੰਧ ਨਾ ਰੱਖਿਆ ਜਾਵੇ। ਇਸੇ ਤਰ੍ਹਾਂ ਹੀ ਗੁਰੂ ਜੀ ਨੇ ਸੱਭਿਆਚਾਰਕ ਇਨਕਲਾਬ ਲਿਆਂਦਾ।
ਸ਼ਹਾਦਤ ਦੀ ਸਿੱਖ ਧਰਮ ਵਿਚ ਪਰੰਪਰਾ ਨੂੰ ਪ੍ਰਪੱਕ ਕਰਦਿਆਂ ਹੋਇਆਂ ਉਨ੍ਹਾਂ ਨੇ ਧਰਮ ਦੀ ਖ਼ਾਤਰ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਉਨ੍ਹਾਂ ਆਪਣੇ ਸਿੱਖਾਂ ਦੇ ਮਨਾਂ ਵਿਚੋਂ ਮੌਤ ਦੇ ਡਰ ਨੂੰ ਦੂਰ ਕਰਕੇ, ਉਨ੍ਹਾਂ ਨੂੰ ਭੈਅ-ਮੁਕਤ ਕੀਤਾ। ਆਪ ਕੇਵਲ ਨੌਂ ਵਰ੍ਹਿਆਂ ਦੇ ਸਨ ਜਦੋਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸੰਸਾਰ ਵਿਚ ਧਰਮ ਦੀ ਸੁਤੰਤਰਤਾ ਖ਼ਾਤਰ ਕੁਰਬਾਨੀ ਦੇਣ ਦਿੱਲੀ ਵੱਲ ਤੋਰਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਗੁਰੂ ਜੀ ਦੇ ਪੈਰੋਕਾਰਾਂ ਵਿਚ ਸੰਤ ਸਿਪਾਹੀ ਬਣਨ ਦੀ ਯੋਗਤਾ ਭਰ ਦਿੱਤੀ। ਹੁਣ ਉਹ ਕੇਵਲ ਆਪਣੇ ਹੱਕਾਂ ਦੀ ਲੜਾਈ ਹੀ ਨਹੀਂ ਸਨ ਲੜ ਸਕਦੇ ਸਗੋਂ ਨਿਮਾਣਿਆਂ ਦਾ ਮਾਣ ਅਤੇ ਨਿਤਾਣਿਆਂ ਦਾ ਤਾਣ ਬਣ ਸਕਦੇ ਸਨ। ਸਦੀਆਂ ਦੇ ਸਤਾਏ, ਦੱਬੇ, ਕੁਚਲੇ ਅਤੇ ਲਿਤਾੜੇ ਹੋਏ ਲੋਕਾਂ ਵਿਚ ਨਵੀਂ ਚੇਤਨਾ ਜਾਗੀ। ਇਸ ਨਵੀਂ ਚੇਤਨਾ ਦੀ ਪਹਿਲੀ ਪਰਖ ਪਾਉਂਟਾ ਸਾਹਿਬ ਨੇੜੇ ਭੰਗਾਣੀ ਦੇ ਯੁੱਧ ਵਿਚ ਹੋਈ। ਸਾਰੇ ਪਹਾੜੀ ਰਾਜਿਆਂ ਦੀ ਫ਼ੌਜ ਇਕ ਪਾਸੇ ਅਤੇ ਦੂਜੇ ਪਾਸੇ ਕਿਰਤੀਆਂ ਨੇ ਆਪਣੇ ਹੱਥਾਂ ਵਿਚ ਹਥਿਆਰ ਫੜ ਸ਼ਾਹੀ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਕਰਾਰੀ ਹਾਰ ਦਿੱਤੀ। ਦਸਮੇਸ਼ ਪਿਤਾ ਨੇ ਹਲੀਮੀ ਦਾ ਸਬੂਤ ਦਿੰਦਿਆਂ ਹੋਇਆਂ ਇਸ ਨੂੰ ਵਾਹਿਗੁਰੂ ਦੀ ਜਿੱਤ ਭਾਵ ਸੱਚ ਦੀ ਜਿੱਤ ਆਖਿਆ। ਇਸ ਜਾਗੀ ਚੇਤਨਾ ਨੂੰ ਸਥਾਈ ਰੂਪ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਕੀਤੀ। ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਨੇ ਨੰਗੀ ਤਲਵਾਰ ਹੱਥ ਵਿਚ ਲੈ ਕੇ ਇਕ ਅਜੇਹੇ ਸਿੱਖ ਦੀ ਮੰਗ ਕੀਤੀ, ਜਿਹੜਾ ਆਪਣਾ ਸੀਸ ਗੁਰੂ ਜੀ ਨੂੰ ਭੇਟ ਕਰ ਸਕੇ। ਇੰਝ ਉਨ੍ਹਾਂ ਪੰਜ ਮਰਜੀਵੜਿਆਂ ਦੀ ਚੋਣ ਕੀਤੀ। ਜਿਨ੍ਹਾਂ ਨੂੰ ਅੰਮ੍ਰਿਤ ਛਕਾ ਪੰਜ ਪਿਆਰਿਆਂ ਦਾ ਰੂਪ ਦਿੱਤਾ। ਇਹ ਪੰਜ ਪਿਆਰੇ ਸਾਰੇ ਦੇਸ਼ ਅਤੇ ਸਾਰੀਆਂ ਜਾਤਾਂ ਦੀ ਪ੍ਰਤੀਨਿਧਤਾ ਕਰਦੇ ਸਨ। ਗੁਰੂ ਜੀ ਨੇ ਇਨ੍ਹਾਂ ਪੰਜਾਂ ਪਿਆਰਿਆਂ ਨੂੰ ਮਾਣ ਬਖਸ਼ਦੇ ਹੋਏ ਇਨ੍ਹਾਂ ਤੋਂ ਆਪ ਅੰਮ੍ਰਿਤ ਲਈ ਬੇਨਤੀ ਕੀਤੀ। ਇੰਝ ਇਨ੍ਹਾਂ ਪੰਜਾਂ ਪਿਆਰਿਆਂ ਨੇ ਗੁਰੂ ਜੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਚੇਲੇ ਵਿਚਲੇ ਫ਼ਰਕ ਨੂੰ ਮੇਟ ਦਿੱਤਾ। ਸਿੱਖਾਂ ਨੂੰ ਇਤਨਾ ਵੱਡਾ ਮਾਣ ਪ੍ਰਾਪਤ ਹੋਇਆ ਕਿ ਉਹ ਆਪਣੇ ਗੁਰੂ ਲਈ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਹੋ ਗਏ। ਇਸ ਤੋਂ ਪਹਿਲਾਂ ਕਿ ਇਹ ਚੰਗਿਆੜੀ ਭਾਂਬੜ ਦਾ ਰੂਪ ਧਾਰ ਲਵੇ, ਸ਼ਾਸਕਾਂ ਨੇ ਇਸ ਨੂੰ ਬੁਝਾਉਣ ਦੇ ਲਈ ਭਾਰੀ ਫ਼ੌਜਾਂ ਨਾਲ ਦਸਮੇਸ਼ ਦੇ ਗੜ੍ਹ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸ਼ਾਹੀ ਫ਼ੌਜਾਂ ਨੇ 1701 ਤੋਂ 1704 ਦੇ ਵਿਚਕਾਰ ਅਨੰਦਪੁਰ ਸਾਹਿਬ ਉਤੇ ਪੰਜ ਵਾਰ ਹਮਲਾ ਕੀਤਾ। ਚਾਰ ਲੜਾਈਆਂ ਵਿਚ ਸਿੰਘਾਂ ਨੇ ਵੈਰੀ ਦੇ ਦੰਦ ਖੱਟੇ ਕੀਤੇ। ਪੰਜਵੀਂ ਵਾਰ ਭਾਰੀ ਫ਼ੌਜ ਨਾਲ ਸ਼ਾਹੀ ਫ਼ੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਇਹ ਘੇਰਾ ਛੇ ਮਹੀਨੇ ਚਲਦਾ ਰਿਹਾ। ਸ਼ਾਹੀ ਫ਼ੌਜ ਨੇ ਗੁਰੂ ਜੀ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਉਹ ਲੜਾਈ ਬੰਦ ਕਰਕੇ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਘੇਰਾ ਚੁੱਕ ਲਿਆ ਜਾਵੇਗਾ। ਗੁਰੂ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਕੀਰਤਪੁਰ ਵੱਲ ਤੁਰ ਪਏ। ਦੁਸ਼ਮਣ ਆਪਣੇ ਵਾਇਦੇ ਤੋਂ ਮੁੱਕਰ ਗਏ ਤੇ ਉਨ੍ਹਾਂ ਨੇ ਗੁਰੂ ਜੀ ਉੱਤੇ ਹਮਲਾ ਬੋਲ ਦਿੱਤਾ। ਅੱਗੇ ਸਿਰਸਾ ਨਦੀ ਸੀ, ਜਿਸ ਵਿੱਚ ਹੜ੍ਹ ਆਇਆ ਹੋਇਆ ਸੀ। ਪਿੱਛੋਂ ਵੈਰੀ ਦਾ ਹਮਲਾ, ਅੱਗੇ ਹੜ੍ਹ, ਸਾਰੀ ਵਹੀਰ ਨਿੱਖੜ ਗਈ। ਗੁਰੂ ਜੀ ਦਾ ਸਾਰਾ ਪਰਿਵਾਰ ਵੀ ਨਿੱਖੜ ਗਿਆ। ਜਦੋਂ ਗੁਰੂ ਜੀ ਨੇ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਡੇਢ ਸੌ ਦੇ ਕਰੀਬ ਸਿੰਘ ਰਹਿ ਗਏ। ਗੁਰੂ ਜੀ ਜਦੋਂ ਰੋਪੜ ਪਹੁੰਚੇ ਤਾਂ ਉਨ੍ਹਾਂ ਉੱਤੇ ਮੁੜ ਹਮਲਾ ਹੋ ਗਿਆ। ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਵੈਰੀ ਨੂੰ ਪਛਾੜਿਆ। ਇਥੋਂ ਚੱਲ ਕੇ ਗੁਰੂ ਜੀ ਚਮਕੌਰ ਪਹੁੰਚੇ। ਹੁਣ ਉਨ੍ਹਾਂ ਨਾਲ ਕੇਵਲ 40 ਸਿੰਘ ਹੀ ਰਹਿ ਗਏ, ਬਾਕੀ ਸ਼ਹੀਦੀਆਂ ਪਾ ਗਏ। ਉਸ ਦਿਨ ਸੱਤ ਪੋਹ ਸੀ ਤੇ ਕੜਾਕੇ ਦੀ ਠੰਢ ਪੈ ਰਹੀ ਸੀ। ਇਥੇ ਗੁਰੂ ਜੀ ਨੇ ਇਕ ਵੱਡੀ ਹਵੇਲੀ ਵਿਚ ਟਿਕਾਣਾ ਕੀਤਾ, ਜਿਸ ਨੂੰ ਗੜ੍ਹੀ ਆਖਿਆ ਜਾਂਦਾ ਹੈ। ਸ਼ਾਹੀ ਫ਼ੌਜਾਂ ਪਿੱਛਾ ਕਰਦੀਆਂ ਇਥੇ ਵੀ ਪੁੱਜ ਗਈਆਂ ਅਤੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਇਸ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ, ਪਰ ਦੁਪਹਿਰ ਤੀਕ ਸਿੰਘਾਂ ਦੇ ਤੀਰ ਤੇ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ। ਪੰਜ ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਗੜ੍ਹੀ ਵਿਚੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਨੀ ਸੀ। ਦੋ ਜੱਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਥਾਪੇ ਗਏ। ਬਾਬਾ ਅਜੀਤ ਸਿੰਘ ਦੀ ਉਸ ਵੇਲੇ ਉਮਰ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ ਉਮਰ 15 ਸਾਲ ਸੀ। ਸਿੰਘਾਂ ਦਾ ਜਥਾ ਜੈਕਾਰੇ ਬੁਲਾਉਂਦਾ ਬਿਜਲੀ ਵਾਂਗ ਵੈਰੀ ਉੱਤੇ ਟੁੱਟ ਪੈਂਦਾ ਅਤੇ ਅਨੇਕਾਂ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦੀ ਜਾਮ ਪੀ ਲੈਂਦਾ। ਵਾਰੀ ਆਉਣ 'ਤੇ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਅਸ਼ੀਰਵਾਦ ਦੇ ਕੇ ਸ਼ਹੀਦੀ ਦੇਣ ਲਈ ਤੋਰਿਆ। ਪੁੱਤਰ ਦੀ ਬਹਾਦਰੀ ਨੂੰ ਆਪ ਗੜ੍ਹੀ ਦੀ ਕੰਧ 'ਤੇ ਖੜ੍ਹੇ ਹੋ ਕੇ ਵੇਖ ਰਹੇ ਸਨ। ਜਦੋਂ ਸਾਹਿਬਜ਼ਾਦੇ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਆਪ ਨੇ ਰੋਸ ਪ੍ਰਗਟ ਕਰਨ ਦੀ ਥਾਂ ਰੱਬ ਦਾ ਸ਼ੁਕਰ ਕੀਤਾ ਅਤੇ ਛੋਟੇ ਸਾਹਿਬਜ਼ਾਦੇ ਨੂੰ ਯੁੱਧ ਵਿਚ ਭੇਜ ਦਿੱਤਾ। ਜਿਸ ਫੁਰਤੀ ਅਤੇ ਸਿਆਣਪ ਨਾਲ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਯੁੱਧ ਕੀਤਾ, ਉਸ ਨੇ ਵੈਰੀਆਂ ਨੂੰ ਵੀ ਦੰਗ ਕਰ ਦਿੱਤਾ। ਰਾਤ ਪੈਣ ਤੀਕ ਛੋਟੇ ਸਾਹਿਬਜ਼ਾਦੇ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ।
ਸੰਸਾਰ ਵਿਚ ਕੋਈ ਵੀ ਗੁਰੂ, ਰਹਿਬਰ, ਬਾਦਸ਼ਾਹ ਅਜਿਹਾ ਨਹੀਂ ਹੋਇਆ, ਜਿਸ ਨੇ ਮਜ਼ਲੂਮਾਂ ਦੀ ਰਾਖੀ ਖਾਤਰ ਆਪਣੇ ਹੱਥੀਂ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ। ਰਾਤ ਨੂੰ ਖਾਲਸੇ ਦਾ ਹੁਕਮ ਮੰਨ ਕੇ ਗੁਰੂ ਜੀ ਤਿੰਨ ਸਿੰਘਾਂ ਦੇ ਨਾਲ ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਗਏ। ਬਾਕੀ ਸਿੰਘਾਂ ਨੇ ਸ਼ਾਹੀ ਫ਼ੌਜਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਰਾਹ ਦੇ ਦੁੱਖਾਂ ਤਕਲੀਫਾਂ ਨੂੰ ਝੱਲਦੇ ਹੋਏ ਖਿਦਰਾਣੇ ਦੀ ਢਾਬ, ਜਿਸ ਨੂੰ ਹੁਣ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਪੁੱਜੇ, ਉਦੋਂ ਤੀਕ ਵਿੱਛੜੇ ਕੁਝ ਸਾਥੀ ਅਤੇ ਇਲਾਕੇ ਦੀ ਸੰਗਤ ਉਨਾਂ ਦੇ ਨਾਲ ਹੋ ਗਈ। ਜ਼ਾਲਮ ਫ਼ੌਜ ਵੀ ਪਿੱਛਾ ਕਰਦੀ ਇੱਥੇ ਪੁੱਜ ਗਈ। ਘਮਸਾਣ ਦਾ ਯੁੱਧ ਹੋਇਆ। ਮਜ਼ਲੂਮ ਸਮਝੀਆਂ ਜਾਂਦੀਆਂ ਚਿੜੀਆਂ ਨੇ ਜ਼ਾਲਮ ਬਾਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ। ਮਰਜੀਵੜਿਆਂ ਦੀ ਇਸ ਥੋੜ੍ਹੀ ਜਿਹੀ ਗਿਣਤੀ ਨੇ ਸ਼ਾਹੀ ਫ਼ੌਜਾਂ ਨੂੰ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ।
ਇਸੇ ਯੁੱਧ ਵਿਚ ਉਨ੍ਹਾਂ ਚਾਲੀ ਸਿੰਘਾਂ ਨੇ ਵੀ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਘਰੋਂ ਔਰਤਾਂ ਤੋਂ ਪਈ ਫਿਟਕਾਰ ਨੇ ਉਨ੍ਹਾਂ ਦੀ ਜ਼ਮੀਰ ਨੂੰ ਝੰਜੋੜਿਆ ਤੇ ਉਹ ਗੁਰੂ ਜੀ ਲਈ ਆਪਾ ਵਾਰ ਗਏ। ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਉਮਰ ਸੱਤ ਸਾਲ ਤੇ ਬਾਬਾ ਫਤਹਿ ਸਿੰਘ ਉਮਰ ਪੰਜ ਸਾਲ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਸਿਰਸਾ ਨਦੀ ਪਾਰ ਕਰਦੇ ਹੋਏ ਗੁਰੂ ਜੀ ਤੋਂ ਵਿੱਛੜ ਗਏ ਸਨ। ਉਨ੍ਹਾਂ ਨਾਲ ਕੇਵਲ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਸੀ। ਉਹ ਇਨ੍ਹਾਂ ਨੂੰ ਮੋਰਿੰਡੇ ਲਾਗੇ ਪੈਂਦੇ ਆਪਣੇ ਪਿੰਡ ਸਹੇੜੀ ਲੈ ਗਿਆ। ਕੁਝ ਸ਼ਾਹੀ ਫ਼ੌਜ ਦਾ ਡਰ ਅਤੇ ਕੁਝ ਇਨਾਮ ਮਿਲਣ ਦੇ ਲਾਲਚ, ਕਾਰਨ ਉਸ ਦੀ ਨੀਅਤ ਵਿਗੜ ਗਈ। ਉਸ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਕ ਬਜ਼ੁਰਗ ਔਰਤ ਤੇ ਦੋ ਮਾਸੂਮ ਬੱਚੇ ਮੁਲਜ਼ਮਾਂ ਦੇ ਰੂਪ ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤੇ ਗਏ। ਸੂਬੇਦਾਰ ਨੇ ਇਨ੍ਹਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ। ਇਨ੍ਹਾਂ ਭੁੱਖਿਆਂ ਭਾਣਿਆਂ, ਕੜਾਕੇ ਦੀ ਠੰਢ ਵਿਚ ਬੈਠੀਆਂ ਜਿੰਦਾਂ ਨੂੰ ਗੁਰੂ ਜੀ ਦੇ ਇਕ ਸਿੱਖ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੁੱਧ ਛਕਾਇਆ।
ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬੇਦਾਰ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਧੰਨ ਹੈ ਉਹ ਦਾਦੀ ਮਾਂ ਜਿਸ ਆਪਣੇ ਲਾਡਲਿਆਂ ਨੂੰ ਹੱਥੀਂ ਠੰਢੇ ਬੁਰਜ ਤੋਂ ਜ਼ਾਲਮ ਦੇ ਜ਼ੁਲਮ ਸਹਿਣ ਲਈ ਭੇਜਿਆ। ਸਾਹਿਬਜ਼ਾਦੇ ਚੜ੍ਹਦੀ ਕਲਾ ਵਿਚ ਸਨ ਤੇ ਬੜੀ ਦਲੇਰੀ ਨਾਲ ਕਚਹਿਰੀ ਵਿਚ ਪੇਸ਼ ਹੋਏ। ਉਨ੍ਹਾਂ ਨੂੰ ਗੁਰੂ ਜੀ ਦੇ ਸ਼ਹੀਦ ਹੋਣ ਦੀ ਝੂਠੀ ਖ਼ਬਰ ਦਿੱਤੀ ਗਈ। ਇਸਲਾਮ ਕਬੂਲਣ ਲਈ ਡਰਾਇਆ ਤੇ ਧਮਕਾਇਆ ਗਿਆ। ਜਦੋਂ ਡਰ ਇਨ੍ਹਾਂ ਮਹਾਨ ਰੂਹਾਂ ਨੂੰ ਡਰਾ ਨਾ ਸਕਿਆ ਤਾਂ ਲਾਲਚ ਦਿੱਤੇ ਗਏ, ਪਰ ਸਾਹਿਬਜ਼ਾਦੇ ਅਟੱਲ ਰਹੇ। ਦੂਜੇ ਦਿਨ ਮੁੜ ਕਚਹਿਰੀ ਵਿਚ ਪੇਸ਼ ਹੋਣ ਲਈ ਬੱਚਿਆਂ ਨੂੰ ਠੰਢੇ ਬੁਰਜ ਵਿਚ ਭੇਜ ਦਿੱਤਾ ਗਿਆ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬੇਦਾਰ ਦੇ ਸਾਹਮਣੇ ਫਿਰ ਪੇਸ਼ ਕੀਤਾ ਗਿਆ। ਦੂਜੇ ਦਿਨ ਵੀ ਡਰ, ਜ਼ੁਲਮ ਤੇ ਲਾਲਚ ਮਹਾਨ ਜਿੰਦਾਂ ਨੂੰ ਡੁਲਾ ਨਾ ਸਕਿਆ। ਇਸਲਾਮ ਅਨੁਸਾਰ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਦੀ ਥਾਂ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਸੂਬੇਦਾਰ ਵਜ਼ੀਰ ਖਾਨ ਨੇ ਦੀਵਾਨ ਸੁੱਚਾ ਨੰਦ ਦੇ ਉਕਸਾਉਣ ਉੱਤੇ ਬੱਚਿਆਂ ਨੂੰ ਜਿਊਂਦਿਆਂ ਨੀਹਾਂ ਵਿਚ ਚਿਣਨ ਦਾ ਹੁਕਮ ਦੇ ਦਿੱਤਾ।
ਸਾਹਿਬਜ਼ਾਦਿਆਂ ਨੇ ਡਰਨ ਦੀ ਥਾਂ ਗੱਜ ਕੇ ਫਤਹਿ ਦਾ ਜੈਕਾਰਾ ਬੁਲਾਇਆ। ਸੂਬੇਦਾਰ ਨੂੰ ਉਮੀਦ ਸੀ ਕਿ ਸਜ਼ਾ ਸੁਣ ਕੇ ਬੱਚੇ ਡੋਲ ਜਾਣਗੇ ਅਤੇ ਇਸਲਾਮ ਕਬੂਲ ਕਰ ਲੈਣਗੇ ਪਰ ਬੱਚਿਆਂ ਦੇ ਮੁੱਖ ਉੱਤੇ ਇਕ ਇਲਾਹੀ ਨੂਰ ਸੀ, ਉਹ ਚੜ੍ਹਦੀ ਕਲਾ ਵਿਚ ਸਨ ਤੇ ਸ਼ਹੀਦੀ ਦਾ ਜਾਮ ਪੀਣ ਲਈ ਤਿਆਰ ਸਨ। ਇੰਝ ਦੋ ਮਾਸੂਮ ਜਿੰਦਾਂ ਨੂੰ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸੰਸਾਰ ਦੇ ਇਤਿਹਾਸ ਵਿਚ 13 ਪੋਹ ਦਾ ਦਿਨ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ। ਜਦੋਂ ਇਹ ਖ਼ਬਰ ਮਾਤਾ ਗੁਜਰੀ ਜੀ ਕੋਲ ਪੁੱਜੀ ਤਾਂ ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰ ਕਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ। ਕੁਝ ਇਤਿਹਾਸਕਾਰ ਆਖਦੇ ਹਨ ਕਿ ਮਾਤਾ ਜੀ ਬੁਰਜ ਦੇ ਬਾਹਰ ਖੜ੍ਹੇ ਪੋਤਰਿਆਂ ਨੂੰ ਜਾਂਦੇ ਵੇਖ ਰਹੇ ਸਨ। ਜ਼ਾਲਮ ਸਿਪਾਹੀਆਂ ਨੇ ਉਨ੍ਹਾਂ ਨੂੰ ਬੁਰਜ ਤੋਂ ਧੱਕਾ ਦੇ ਦਿੱਤਾ। ਹੇਠ ਡਿਗਦਿਆਂ ਹੀ ਬਜ਼ੁਰਗ ਸਰੀਰ ਨੇ ਪ੍ਰਾਣ ਤਿਆਗ ਦਿੱਤੇ। ਕੇਵਲ ਚਾਰ ਦਹਾਕਿਆਂ ਦੀ ਉਮਰ ਵਿਚ ਹੀ ਗੁਰੂ ਜੀ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਸੰਸਾਰ ਵਿਚੋਂ ਨਾਬਰਾਬਰੀ ਅਤੇ ਜ਼ੁਲਮ ਦਾ ਅੰਤ ਕੀਤਾ।
ਮਨੁੱਖੀ ਬਰਾਬਰੀ ਅਤੇ ਲੋਕਰਾਜ ਸਿਰਜਕ
ਅਜੀਤ ਡੈਸਕ
17-01-2024