ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-01-2024

ਇਤਿਹਾਸ ਦੇ ਮਹਾਂਨਾਇਕ

Ad Position 21
No active advertisement
ਅਜੀਤ ਡੈਸਕ 17-01-2024

ਸ੍ਰੀ ਗੁਰੂ ਗੋਬਿੰਦ ਸਿਘ ਜੀ, ਇਤਿਹਾਸ ਦੇ ਅਜਿਹੇ ਮਹਾਂਨਾਇਕ ਹਨ, ਜਿਨ੍ਹਾਂ ਦੀ ਮਹਾਨ ਤੇ ਤੇਜੱਸਵੀ ਸ਼ਖ਼ਸੀਅਤ ਦੇ ਇਲਾਹੀ ਨੂਰ ਨੇ ਸੂਰਜ ਵਾਂਗ ਦਗਦਗ ਕਰਦਿਆਂ, ਸੰਸਾਰ ਦੇ ਅਧਿਆਤਮਿਕ ਇਤਿਹਾਸ ਵਿਚ ਵਿਲੱਖਣ ਪੈੜਾਂ ਸਿਰਜੀਆਂ। ਕੇਵਲ ਬਤਾਲੀ ਸਾਲਾਂ ਦੀ ਉਮਰ ਵਿਚ ਹੀ ਉਨ੍ਹਾਂ ਨੇ ਅਜਿਹੇ ਵਿਲੱਖਣ ਕਾਰਜ ਕੀਤੇ, ਜਿਨ੍ਹਾਂ ਦਾ ਦੁਨੀਆ ਦੇ ਇਤਿਹਾਸ ਵਿਚ ਕੋਈ ਸਾਨੀ ਨਹੀਂ ਹੈ। ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਅੱਗੇ ਸਿਰ ਝੁਕਾਉਂਦਿਆਂ, ਉਨ੍ਹਾਂ ਨੂੰ ਅਨੇਕਾਂ ਲਕਬਾਂ ਨਾਲ ਨਿਵਾਜਿਆ ਗਿਆ ਹੈ। ਦਸਮੇਸ਼ ਪਿਤਾ, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਮਹਾਨ ਕਵੀ ਤੇ ਸਾਹਿਤਕਾਰ, ਸੰਤ ਸਿਪਾਹੀ, ਮਹਾਨ ਯੋਧਾ, ਕਲਗੀਧਰ ਪਾਤਿਸ਼ਾਹ, ਚੋਜੀ ਪ੍ਰੀਤਮ ਤੇ ਅਜਿਹੇ ਹੋਰ ਅਨੇਕਾਂ ਸਤਿਕਾਰਮਈ ਸ਼ਬਦ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੁੜੇ ਹੋਏ ਹਨ, ਪਰ ਗੁਰੂ ਸਾਹਿਬ ਦੀ ਅਗੰਮੀ ਸ਼ਖਸੀਅਤ ਇਨ੍ਹਾਂ ਲਕਬਾਂ ਤੋਂ ਕਿਤੇ ਉੱਪਰ ਹੈ। ਰੌਸ਼ਨੀ ਦੇ ਇਸ ਮੀਨਾਰ ਨੂੰ ਕਿਸੇ ਇਕ ਸ਼ਬਦ ਵਿਚ ਬਿਆਨ ਕਰ ਸਕਣਾ, ਮਨੁੱਖ ਦੀ ਅਲਪ-ਬੁੱਧੀ ਦੇ ਵੱਸ ਦਾ ਰੋਗ ਨਹੀਂ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਿਵੇਕਲੇ ਕਾਰਜਾਂ, ਬ੍ਰਹਿਮੰਡੀ ਗਿਆਨ ਤੇ ਵਿਚਾਰਧਾਰਾ ਨੂੰ ਸਮਝਣ ਦੇ ਵੱਡੇ ਯਤਨ ਕੀਤੇ ਗਏ ਹਨ, ਪਰ ਉਨ੍ਹਾਂ ਦੇ ਜੀਵਨ ਦੇ ਵਿਭਿੰਨ ਪੱਖਾਂ ਨੂੰ ਸਮਝਣ ਦਾ ਦਾਅਵਾ ਕਰਨਾ ਬਹੁਤ ਮੁਸ਼ਕਿਲ ਕਾਰਜ ਹੈ। ਪੰਜਾਬੀ ਦੇ ਮਹਾਨ ਸ਼ਾਇਰ ਤੇ ਚਿੰਤਕ ਪ੍ਰੋ. ਪੂਰਨ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੀ ਅਗੰਮੀ ਜੋਤਿ ਦੀ ਮਹਾਨ ਦੇਣ ਦਾ ਜ਼ਿਕਰ ਕਰਦਿਆਂ ਲਿਖਿਆ ਹੈ, ਅਸੀਂ ਤਾਂ ਲਾਸ਼ਾਂ ਹੀ ਸਾਂ, ਉਸ ਨੇ ਸਾਡੇ ਅੰਦਰ ਰੂਹ ਫੂਕੀ। ਉਸ ਦੇ ਪਿਆਰ ਦਾ ਸਦਕਾ ਸਾਨੂੰ ਨਵਾਂ ਜਨਮ ਮਿਲਿਆ। ਸਾਨੂੰ ਉਸ ਜੀਅ ਦਾਨ ਦਿੱਤਾ ਤੇ ਆਜ਼ਾਦ ਕਰ ਦਿੱਤਾ। ਉਸ ਨੇ ਸਾਨੂੰ ਜਾਤ, ਰੰਗ, ਨਸਲ ਦੇ ਵਿਤਕਰੇ ਤੋਂ ਮੁਕਤ ਕਰ ਦਿੱਤਾ।''
ਬਾਲ ਉਮਰ ਵਿਚ ਹੀ ਗੁਰੂ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸੀ ਤੇ ਬ੍ਰਿਜ ਭਾਸ਼ਾ ਪੜ੍ਹਨੀ ਆਰੰਭ ਕਰ ਦਿੱਤੀ ਸੀ। ਜਾਗਦੀ ਜੋਤਿ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਵਤਾ ਲਈ ਅਜਿਹੇ ਮਹਾਨ ਕਾਰਜ ਕੀਤੇ, ਜਿਨ੍ਹਾਂ ਦੀ ਹੋਰ ਕਿਤੇ ਕੋਈ ਉਦਾਹਰਨ ਨਹੀਂ ਮਿਲਦੀ। ਜਦੋਂ ਔਰੰਗਜ਼ੇਬ ਦਾ ਜਬਰ-ਜ਼ੁਲਮ ਸਹਿੰਦੇ ਕਸ਼ਮੀਰੀ ਪੰਡਿਤਾਂ ਨੇ ਗੁਰੂ ਤੇਗ ਬਹਾਦਰ ਜੀ ਪਾਸ ਆ ਕੇ ਫਰਿਆਦ ਕੀਤੀ ਕਿ ਸਾਨੂੰ ਮੌਜੂਦਾ ਹਾਕਮਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਦੀ ਕਿਰਪਾ ਕਰੋ। ਇਹ ਸੁਣ ਕੇ ਬਾਲ ਗੋਬਿੰਦ ਨੇ ਬੇਬੱਸ ਤੇ ਲਾਚਾਰ ਹੋਏ ਕਸ਼ਮੀਰੀ ਪੰਡਤਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਗੁਰੂ ਪਿਤਾ ਨੂੰ ਕਿਹਾ ਕਿ ਆਪ ਜੀ ਤੋਂ ਵੱਡਾ ਹੋਰ ਕਿਹੜਾ ਮਹਾਂਪੁਰਖ ਹੋ ਸਕਦਾ ਹੈ। ਮਾਨਵਤਾ ਦੀ ਰਾਖੀ ਲਈ ਬਾਲ ਅਵਸਥਾ ਵਿਚ ਹੀ ਅਜਿਹੀ ਸੋਚ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅਗਲੇਰੇ ਜੀਵਨ ਵਿਚ ਜ਼ਬਰ-ਜ਼ੁਲਮ ਦੇ ਖਿਲਾਫ ਜੂਝਣ ਦਾ ਮੁੱਢ ਬੰਨ੍ਹਿਆਂ। ਗੁਰੂ ਸਾਹਿਬ ਨੇ ਸਿੱਖ ਧਰਮ ਵਿਚ ਅਜਿਹੀਆਂ ਵਿਲੱਖਣ ਪੈੜਾਂ ਪਾਈਆਂ, ਜਿਸ ਕਾਰਨ ਹਰ ਪਾਸੇ ਗੁਰੂ ਸਾਹਿਬ ਦੇ ਮਾਨਵਤਾਵਾਦੀ ਕਾਰਜਾਂ ਦੀ ਚਰਚਾ ਹੋਣ ਲੱਗੀ। ਬਿਨਾਂ ਕਿਸੇ ਜਾਤ-ਪਾਤ, ਰੰਗ ਨਸਲ, ਅਮੀਰ-ਗਰੀਬ, ਰਾਜਾ-ਰੰਕ ਆਦਿ ਦੇ ਵਿਤਕਰਿਆਂ ਤੋਂ ਕੋਹਾਂ ਦੂਰ ਲੰਗਰ ਦੀ ਮਹਾਨ ਪ੍ਰਥਾ ਨੇ, ਉਨ੍ਹਾਂ ਸਮਿਆਂ ਵਿਚ ਲੋਕਾਂ ਦੇ ਮਨ-ਮਸਤਕ ਵਿਚ ਨਵੇਂ ਵਿਚਾਰਾਂ ਦਾ ਸੰਚਾਰ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਸਿੱਖੀ ਦੇ ਮਹਾਨ ਕੇਂਦਰ ਵਜੋਂ ਸਥਾਪਿਤ ਕੀਤਾ। ਗੁਰੂ ਪਾਤਿਸ਼ਾਹ ਦੇ ਅਲੌਕਿਕ ਜਲੌਅ ਨੂੰ ਦੇਖ ਕੇ ਵਿਰੋਧੀਆਂ ਦੇ ਮਨਾਂ ਵਿਚ ਹਲਚਲ ਹੋਣੀ, ਸੁਭਾਵਿਕ ਗੱਲ ਸੀ। ਗੁਰੂ ਸਾਹਿਬ ਨੂੰ ਪਹਾੜੀ ਰਾਜਿਆਂ ਸਮੇਤ ਅਨੇਕਾਂ ਜੰਗਾਂ ਲੜਨ ਲਈ ਮਜਬੂਰ ਹੋਣਾ ਪਿਆ। ਅਕਸਰ ਹੀ ਰਾਜੇ ਮਹਾਰਾਜੇ ਆਪਣੇ ਰਾਜ ਨੂੰ ਵਧਾਉਣ ਤੇ ਕਿਸੇ ਦੂਜੇ ਦੇ ਰਾਜ ਨੂੰ ਹੜੱਪਣ ਲਈ ਜੰਗਾਂ-ਯੁੱਧਾਂ ਦੇ ਰਾਹ ਤੁਰਦੇ ਹਨ, ਪਰ ਗੁਰੂ ਸਾਹਿਬ ਨੇ ਕੇਵਲ ਜ਼ਬਰ-ਜ਼ੁਲਮ ਦੇ ਵਿਰੁੱਧ ਤੇ ਮਾਨਵੀ ਹੱਕਾਂ ਦੀ ਬਹਾਲੀ ਲਈ ਜੰਗਾਂ ਲੜੀਆਂ। ਗੁਰੂ ਸਾਹਿਬ ਨੇ ਸੰਸਾਰੀ ਹਾਕਮਾਂ ਤੋਂ ਉਲਟ ਜ਼ੁਲਮ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ। ਉਨ੍ਹਾਂ ਦਾ ਫੁਰਮਾਨ ਵੀ ਹੈ 'ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।' ਭਾਵ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਵੇ ਤਾਂ ਫਿਰ ਤਲਵਾਰ ਉਠਾਉਣੀ ਜਾਇਜ਼ ਹੈ।
ਹੱਕ, ਸੱਚ ਤੇ ਇਨਸਾਫ਼ ਦੀ ਖਾਤਰ ਜੂਝਣ ਵਾਲੇ ਇਸ ਸੰਤ ਸਿਪਾਹੀ ਨੇ ਅਨੇਕਾਂ ਜੰਗਾਂ ਲੜੀਆਂ, ਪਰ ਕਿਤੇ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਜ਼ੁਲਮ ਦੇ ਖਿਲਾਫ਼ ਜੂਝਦਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਧੰਨ ਜਿਗਰਾ ਕਲਗੀਆਂ ਵਾਲੇ ਦਾ, ਜਿਸ ਨੇ ਸਾਰਾ ਸਰਬੰਸ ਵਾਰ ਕੇ ਵੀ ਸੀਅ ਨਹੀਂ ਕੀਤੀ। ਸਿੱਖੀ ਦੀਆਂ ਨੀਂਹਾਂ ਨੂੰ, ਮਹਾਨ ਯੁਗ-ਪੁਰਸ਼ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਪੱਕਿਆਂ ਕਰਨ ਦਾ ਇਤਿਹਾਸਕ ਕਾਰਜ ਕੀਤਾ।
ਸਮਾਂ ਆਉਣ 'ਤੇ ਗੁਰੂ ਪਾਤਿਸ਼ਾਹ ਨੇ ਖ਼ਾਲਸਾ ਸਿਰਜਣਾ ਦੇ ਵਿਲੱਖਣ ਤੇ ਮਹਾਨ ਕਾਰਜ ਨੂੰ ਨੇਪਰੇ ਚਾੜ੍ਹ ਕੇ ਨਿਵੇਕਲਾ ਇਤਿਹਾਸ ਰਚਿਆ। ਸਭ ਵਲਗਣਾਂ ਤੋਂ ਮੁਕਤ ਅਜਿਹੇ ਖਾਲਸੇ ਦੀ ਸਿਰਜਣਾ ਕੀਤੀ, ਜੋ ਲੱਖਾਂ ਵਿਚੋਂ ਪਛਾਣਿਆ ਜਾ ਸਕਦਾ ਸੀ। ਸਵਾ ਲਾਖ ਸੇ ਏਕ ਲੜਾਊਂ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੁਰੂੁ ਸਾਹਿਬ ਨੇ ਆਪਣੇ ਖ਼ਾਲਸੇ ਨੂੰ ਨਿਡਰ ਹੋਣ,ਦੂਜਿਆਂ ਲਈ ਜੂਝ ਮਰਨ ਤੇ ਅਣਖ ਤੇ ਗ਼ੈਰਤਮਈ ਜੀਵਨ ਜਿਊਣ ਦੀ ਗੁੜ੍ਹਤੀ ਦਿੱਤੀ। ਪੂਰੀ ਕੌਮ ਹੀ ਜਬਰ-ਜ਼ੁਲਮ ਦੇ ਥਪੇੜੇ ਸਹਿੰਦੀ, ਮਨਾਂ ਵਿਚ ਖ਼ੌਫ਼ ਲਈ ਬੇਗ਼ੈਰਤੀ ਭਰਿਆ ਜੀਵਨ ਜੀਅ ਰਹੀ ਸੀ। ਦਸ਼ਮੇਸ਼ ਪਿਤਾ ਨੇ ਅਜਿਹਾ ਥਾਪੜਾ ਦਿੱਤਾ ਕਿ ਮੁਰਦਾ ਹੋਈ ਕੌਮ ਵਿਚ ਵੀ ਲੋਹੜੇ ਦੀ ਤਾਕਤ ਆ ਗਈ ਤੇ ਉਹ ਜ਼ੁਲਮ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਲਈ, ਤਿਆਰ-ਬਰ-ਤਿਆਰ ਖ਼ਾਲਸਾ ਦੇ ਰੂਪ ਵਿਚ, ਦੁਸ਼ਮਣ ਦੇ ਵੱਡੇ ਵੱਡੇ ਦਲਾਂ ਨੂੰ ਵੀ ਮੈਦਾਨੇ-ਜੰਗ ਵਿਚ ਪਛਾੜਨ ਲੱਗੀ। ਖ਼ਾਲਸਾ ਸਾਜਨਾ ਨੇ ਨਿਮਾਣੀ ਤੇ ਨਿਤਾਣੀ ਹੋਈ ਕੌਮ ਨੂੰ ਅੰਮ੍ਰਿਤ ਦੀ ਐਸੀ ਦਾਤ ਬਖਸ਼ੀ ਕਿ ਉਹੀ ਮਨੁੱਖ, ਸਮਾਜ ਵਿਚ ਪ੍ਰਚੱਲਿਤ ਸਭ ਵਿਤਕਰਿਆਂ ਤੋਂ ਉੱਪਰ ਉੱਠ ਕੇ ਨਿਆਰੇ ਖ਼ਾਲਸੇ ਦੇ ਰੂਪ ਵਿਚ ਪ੍ਰਗਟ ਹੋ ਗਿਆ। ਫਿਰ ਪੰਜ ਪਿਆਰਿਆਂ ਤੋਂ ਫਿਰ ਉਨ੍ਹਾਂ ਅੱਗੇ ਹੀ ਹੱਥ ਜੋੜ ਕੇ ਆਪ ਅੰਮ੍ਰਿਤ ਦੀ ਦਾਤ ਮੰਗੀ। ਉਨ੍ਹਾਂ ਸਮਿਆਂ ਵਿਚ ਅਜਿਹੀ ਦੁਰਲੱਭ ਘਟਨਾ ਇਨਕਲਾਬ ਤੋਂ ਘੱਟ ਨਹੀਂ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ ਤੇ ਸੈਨਾਪਤੀ ਹੋਣ ਦੇ ਨਾਲ-ਨਾਲ, ਉੱਚ-ਕੋਟੀ ਦੇ ਮਹਾਨ ਸਾਹਿਤਕਾਰ ਵਜੋਂ ਵੀ ਬਹੁਤ ਮੁੱਲਵਾਨ ਕਾਰਜ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਚੇ 'ਦਸਮ ਗ੍ਰੰਥ' ਵਿਚ ਅਨੇਕਾਂ ਬਾਣੀਆਂ ਹਨ, ਜਿਨ੍ਹਾਂ ਤੋਂ ਗੁਰੂ ਸਾਹਿਬ ਦੀ ਉੱਚ ਆਤਮਿਕ ਤੇ ਬੌਧਿਕ ਅਵਸਥਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਨ੍ਹਾਂ ਬਾਣੀਆਂ ਵਿਚ ਪ੍ਰਮੁੱਖ ਰੂਪ ਵਿਚ ਜਾਪੁ ਸਾਹਿਬ,ਚੌਪਈ ਸਾਹਿਬ ਅਤੇ ਤ੍ਵੈ ਪ੍ਰਸਾਦਿ ਸਵੱਯੇ ਸਿੱਖ ਰਹਿਤ ਮਰਿਆਦਾ ਵਿਚ ਨਿਤਨੇਮ ਦੀਆਂ ਬਾਣੀਆਂ ਵਿਚ ਸ਼ਾਮਲ ਹਨ। ਇਸ ਤੋਂ ਬਿਨਾਂ ਚੰਡੀ ਦੀ ਵਾਰ, ਬਚਿਤ੍ਰ ਨਾਟਕ, ਅਕਾਲ ਉਸਤਤਿ ਤੇ ਔਰੰਗਜ਼ੇਬ ਨੂੰ ਲਿਖੀ ਜਿੱਤ ਦੀ ਚਿੱਠੀ 'ਜ਼ਫਰਨਾਮਾ' ਸਮੇਤ ਹੋਰ ਵੀ ਬਹੁਤ ਸਾਰੀਆਂ ਉੱਚਪਾਏ ਦੀਆਂ ਸਾਹਿਤਕ ਰਚਨਾਵਾਂ, ਗੁਰੂ ਸਾਹਿਬ ਦੀ ਸਾਹਿਤਕ ਪ੍ਰਤਿਭਾ ਨੂੰ ਉਜਾਗਰ ਕਰਦੀਆਂ ਹਨ। ਗੁਰੂ ਸਾਹਿਬ ਦੇ ਦਰਬਾਰ ਵਿਚ ਅਨੇਕਾਂ ਕਵੀਆਂ ਦਾ ਜ਼ਿਕਰ ਵੀ ਆਉਂਦਾ ਹੈ।
ਗੁਰੂ ਸਾਹਿਬ ਦੀ ਮਾਨਵਤਾ ਭਰੀ ਸੋਚ ਦੀ ਇਸ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ ਕਿ ਜਦੋਂ ਕੁਝ ਸਿੱਖਾਂ ਨੇ ਭਾਈ ਘਨ੍ਹਈਆ ਜੀ ਬਾਰੇ ਇਹ ਸ਼ਕਾਇਤ ਕੀਤੀ ਕਿ ਇਹ ਤਾਂ ਜੰਗ ਵਿਚ ਫੱਟੜ ਹੋਏ ਆਪਣੇ ਸਿੰਘਾਂ ਦੇ ਨਾਲ-ਨਾਲ ਵੈਰੀਆਂ ਨੂੰ ਵੀ ਪਾਣੀ ਛਕਾਈ ਤੇ ਜਾਂਦਾ ਹੈ। ਜਦੋਂ ਗੁਰੂ ਜੀ ਨੇ ਘਨ੍ਹਈਆ ਜੀ ਨੂੰ ਪੁੱਛਿਆ ਕਿ ਕਿਉਂ ਬਈ ਇਹ ਗੱਲ ਠੀਕ ਹੈ,ਤਾਂ ਉਸ ਨੇ ਬਹੁਤ ਨਿਮਰਤਾ ਨਾਲ ਕਿਹਾ, ਪਾਤਿਸ਼ਾਹ, ਮੈਨੂੰ ਤਾਂ ਸਾਰਿਆਂ ਵਿਚੋਂ ਆਪ ਜੀ ਦਾ ਹੀ ਚਿਹਰਾ ਨਜ਼ਰ ਆਉਂਦਾ ਹੈ। ਗੁਰੂ ਸਾਹਿਬ, ਇਹ ਸੁਣ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿ ਘਨ੍ਹਈਆ ਜੀ ਤੁਸੀਂ ਮੇਰੇ ਵਿਚਾਰਾਂ ਨੂੰ ਸਹੀ ਰੂਪ ਵਿਚ ਸਮਝਿਆ ਹੈ। ਇਨ੍ਹਾਂ ਮਹਾਨ ਆਦਰਸ਼ਾਂ ਨੂੰ ਅੱਜ ਵੀ ਸਮਝਣ ਦੀ ਸਖ਼ਤ ਲੋੜ ਹੈ।
ਸਮੇਂ ਦੇ ਹਾਲਾਤ ਨੂੰ ਬਹੁਤ ਗਹਿਰਾਈ ਨਾਲ ਸਮਝਣ ਵਾਲੇ ਗੁਰੂ ਸਾਹਿਬ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ, ਸੰਸਾਰ ਦੇ ਅਧਿਆਤਮਿਕ ਇਤਿਹਾਸ ਵਿਚ ਵਿਲੱਖਣ ਕਾਰਜ ਕੀਤਾ। ਸਿੱਖ ਕੌਮ ਹੀ ਨਹੀਂ ਸਗੋਂ ਸੰਸਾਰ ਦਾ ਹਰ ਵਿਅਕਤੀ ਹੀ ਸ਼ਬਦ ਗੁਰੂ ਅੱਗੇ ਸੀਸ ਨਿਵਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਹੈ।

-ਮੋਬਾਈਲ : 98153-56086

Ad Position 22
No active advertisement
ਪਿਛਲੀ ਖ਼ਬਰ ਸਾਹਿਬ-ਏ-ਕਮਾਲ ਅਗਲੀ ਖ਼ਬਰ ਮਨੁੱਖੀ ਬਰਾਬਰੀ ਅਤੇ ਲੋਕਰਾਜ ਸਿਰਜਕ
Ad Position 24
No active advertisement