ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-01-2024

ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ॥

Ad Position 21
No active advertisement
ਅਜੀਤ ਡੈਸਕ 17-01-2024

ਦਸਵੇਂ ਗੁਰੂ, ਬਾਦਸ਼ਾਹ ਦਰਵੇਸ਼, ਹੱਕ-ਸੱਚ ਤੇ ਨਿਆਂ ਦੇ ਰਾਖੇ, ਸਰਬੰਸਦਾਨੀ, ਸਾਹਿਬ-ਏ-ਕਮਾਲ, ਮਹਾਨ ਬਾਣੀਕਾਰ, ਨਿਡਰ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਿਰਮਲ ਜੋਤਿ ਦੇ ਦਸਵੇਂ ਵਾਰਸ ਵਜੋਂ ਜ਼ੁਲਮ ਅਤੇ ਜਾਲਮ ਦਾ ਖ਼ਾਤਮਾ ਕਰਨ ਹਿੱਤ ਸ੍ਰੀ ਪਟਨਾ ਸਾਹਿਬ, ਬਿਹਾਰ ਦੀ ਧਰਤੀ 'ਤੇ 1666 ਈ. ਵਿਚ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਿਆ। ਇਸ ਬਾਬਤ ਗੁਰੂ ਜੀ ਆਪਣੀ ਪਵਿੱਤਰ ਬਾਣੀ 'ਬਚਿਤ੍ਰ ਨਾਟਕ' ਵਿਚ ਫੁਰਮਾਉਂਦੇ ਹਨ:
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥
ਗੁਰੂ ਸਾਹਿਬ ਨੇ ਆਪਣੇ ਜੀਵਨ-ਕਾਲ ਦੌਰਾਨ ਜੋ ਮਹਾਨ ਕਾਰਜ ਕੀਤੇ, ਉਨ੍ਹਾਂ ਦੀ ਮਿਸਾਲ ਦੁਨੀਆ ਦੇ ਇਤਿਹਾਸ 'ਚ ਕਿਧਰੇ ਨਹੀਂ ਮਿਲਦੀ। ਇਹ ਮਿਸਾਲਮਈ ਕਾਰਜ ਗੁਰੂ ਜੀ ਵਲੋਂ ਆਪਣੇ 42 ਸਾਲਾਂ ਦੇ ਜੀਵਨਕਾਲ ਵਿਚ ਕੀਤੇ ਅਜਿਹੇ ਪਰਉਪਕਾਰ ਸਨ, ਜਿਨ੍ਹਾਂ ਨੇ ਸੰਸਾਰ ਦੇ ਇਤਿਹਾਸ ਵਿਸ਼ੇਸ਼ ਕਰਕੇ ਧਾਰਮਿਕ ਜਗਤ ਅੰਦਰ ਅਜਿਹੀਆਂ ਉਦਾਹਰਨਾਂ ਪੈਦਾ ਕੀਤੀਆਂ ਜਿਨ੍ਹਾਂ ਨੇ ਧਰਮ ਨੂੰ ਕੇਵਲ ਦਿੱਬਤਾ ਜਾਂ ਦੈਵੀ ਅਨੁਭਵ ਨਾਲ ਹੀ ਨਹੀਂ ਜੋੋੜਿਆ, ਸਗੋਂ ਜਨ-ਸਾਧਾਰਨ ਅੰਦਰ ਸਮਾਜਿਕ ਕਲਿਆਣ ਦੀ ਭਾਵਨਾ ਪੈਦਾ ਕਰ ਕੇ, ਭਗਤੀ ਤੋਂ ਸ਼ਕਤੀ ਦਾ ਸੁਮੇਲ ਕਰ ਕੇ ਹਾਕਮਾਂ ਦੀ ਦੱਬੀ-ਕੁਚਲੀ ਅਤੇ ਸ਼ੋਸ਼ਣ ਦਾ ਸ਼ਿਕਾਰ ਜਨਤਾ ਨੂੰ ਆਪਣੇ ਪੈਰੀਂ ਖੜ੍ਹੇ ਹੋਣਾ ਸਿਖਾਇਆ। ਗੁਰੂ ਸਾਹਿਬ ਦੇ ਇਹ ਉਪਕਾਰ ਆਪਣੇ ਤੋਂ ਪਹਿਲਾਂ ਦੇ ਨੌ ਗੁਰੂ ਸਾਹਿਬਾਨ ਦੀ ਸਿਧਾਂਤਕ ਲੀਹ 'ਤੇ ਗੁਰਮਤਿ ਵਿਚਾਰਧਾਰਾ ਨੂੰ ਵਿਹਾਰਕਤਾ ਵਿਚ ਮੋੜਨ ਦਾ ਮਹਾਨ ਉਪਰਾਲਾ ਸਨ, ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਉਪਰੰਤ ਲੀਹੇ ਚਾੜ੍ਹਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੇਵਲ 33 ਸਾਲਾਂ ਦੀ ਉਮਰ ਵਿਚ ਸੰਨ 1699 ਈ. ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕੀਤੀ ਖ਼ਾਲਸਾ ਪੰਥ ਦੀ ਸਿਰਜਣਾ ਕੇਵਲ ਹਿੰਦੁਸਤਾਨ ਹੀ ਨਹੀਂ, ਬਲਕਿ ਦੁਨੀਆ ਦੀਆਂ ਉਨ੍ਹਾਂ ਤਮਾਮ ਪ੍ਰਭੁ-ਸੱਤਾ ਸੰਪੰਨ ਧਿਰਾਂ ਨੂੰ ਇਕ ਚੁਣੌਤੀ ਸੀ, ਜੋ ਰਾਜ ਗੱਦੀ 'ਤੇ ਬੈਠ ਕੇ ਆਮ ਜਨਤਾ ਅਤੇ ਮਜ਼ਲੂਮ ਧਿਰਾਂ ਦੀ ਹੱਕ-ਸੱਚ ਦੀ ਰਾਖੀ ਦੀ ਬਜਾਏ, ਉਨ੍ਹਾਂ ਉੱਪਰ ਇਕ ਵਿਸ਼ੇਸ਼ ਅਤੇ ਆਪਣੀ ਮਰਜ਼ੀ ਦਾ ਹੁਕਮ ਥੋਪ ਕੇ, ਸਭ ਨੂੰ ਇੱਕੋ ਗ਼ੁਲਾਮੀ ਦੇ ਜੂਲੇ ਹੇਠੋਂ ਕੱਢਣਾ ਚਾਹੁੰਦੀਆਂ ਸਨ।ਗੁਰੂ ਜੀ ਵਲੋਂ 'ਖਾਲਸਾ ਪੰਥ' ਦੀ ਸਿਰਜਣਾ ਨੇ ਇਹ ਸਿੱਧ ਕੀਤਾ ਕਿ ਮਨੁੱਖੀ ਹੱਕ ਕੇਵਲ ਹਕੂਮਤਾਂ ਤੇ ਉਨ੍ਹਾਂ ਦੀ ਰਾਜ-ਸੱਤਾ ਅਧੀਨ ਸਵੈ-ਸੁਆਰਥ ਵਿਚ ਵਿਚਰਦੇ ਚੰਦ ਕੁ ਲੋਕਾਂ ਦੇ ਮੁਥਾਜ ਨਹੀਂ, ਬਲਕਿ ਧਰਤੀ 'ਤੇ ਵਿਚਰ ਰਿਹਾ ਹਰ ਮਨੁੱਖ ਭਾਵੇਂ ਉਹ ਕਿਸੇ ਵੀ ਖਿੱਤੇ, ਧਰਮ, ਜਾਤ, ਨਸਲ ਦਾ ਕਿਉਂ ਨਾ ਹੋਵੇ, ਉਹ ਵੀ ਉਨ੍ਹਾਂ ਹੱਕਾਂ ਨੂੰ ਪੂਰੀ ਖੁੱਲ੍ਹ ਅਤੇ ਆਜ਼ਾਦੀ ਨਾਲ ਮਾਣਨ ਦਾ ਹੱਕਦਾਰ ਹੈ।
ਕਸ਼ਮੀਰੀ ਪੰਡਿਤਾਂ ਦਾ ਇਕ ਜਥਾ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਆਪਣੇ ਧਰਮ ਦੀ ਰੱਖਿਆ ਖਾਤਰ ਸ੍ਰੀ ਅਨੰਦਪੁਰ ਸਾਹਿਬ (ਚੱਕ ਨਾਨਕੀ) ਦੇ ਰਾਹੇ ਪੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਆਇਆ। ਬੱਸ ਫਿਰ ਕੀ ਸੀ, ਇਥੋਂ ਹੀ ਇਤਿਹਾਸ ਅੰਦਰ ਉਹ ਮੋੜ ਮੁੜਿਆ, ਜਿਸ ਤਹਿਤ ਜਿਥੇ ਸਿੱਖ ਧਰਮ ਦੇ ਗੁਰੂ-ਸਾਹਿਬਾਨ ਨੇ ਆਪਣੇ ਧਰਮ 'ਤੇ ਅਟੱਲ ਰਹਿਣ ਲਈ ਜੋ ਕੁੱਲ ਦੁਨੀਆ ਨੂੰ ਸੁਨੇਹਾ ਦਿੱਤਾ ਸੀ, ਉਸੇ ਸਿਧਾਂਤ 'ਤੇ ਖ਼ੁਦ ਚਲਦਿਆਂ ਇਹ ਗੱਲ ਵਿਹਾਰਕ ਤੌਰ 'ਤੇ ਸਪੱਸ਼ਟ ਵੀ ਕਰ ਦਿੱਤੀ ਕਿ ਮਜ਼ਲੂਮ ਦੀ ਅਤੇ ਧਾਰਮਿਕ ਸੁਤੰਤਰਤਾ ਦੀ ਰੱਖਿਆ ਲਈ ਕਿਵੇਂ ਤਤਪਰ ਰਹਿਣਾ ਹੈ।
ਸੋ, ਇਸੇ ਤਹਿਤ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ) ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭਾਰਤੀ ਲੋਕਾਂ ਦੇ ਧਰਮ ਦੀ ਰੱਖਿਆ ਖਾਤਰ ਸ੍ਰੀ ਅਨੰਦਪੁਰ ਸਾਹਿਬ (ਚੱਕ ਨਾਨਕੀ) ਤੋਂ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਭੇਜਿਆ। ਗੁਰੂ ਜੀ ਦੀ ਦਿੱਲੀ ਵਿਖੇ ਇਸ ਸ਼ਹਾਦਤ ਦਾ ਇਕ ਵੱਖਰਾ ਗੌਰਵਮਈ ਇਤਿਹਾਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਉਦੋਂ ਸਦਾ ਲਈ ਅਮਰ ਕਰ ਦਿੱਤਾ, ਜਦ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਆਈ ਲੋਕਾਈ ਵਿਚੋਂ ਪੰਜ ਮਰਜੀਵੜਿਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਅਤੇ ਖ਼ੁਦ ਉਨ੍ਹਾਂ ਤੋਂ ਅੰਮ੍ਰਿਤ ਛਕ ਕੇ 'ਖਾਲਸਾ' ਭਾਵ ਉਸ ਸ਼ੁੱਧਤਾ ਦਾ ਰੂਪ ਦਿੱਤਾ, ਜਿਸ ਅੰਦਰ ਨਾ ਤਾਂ ਡਰ ਸੀ, ਨਾ ਹੀ ਕਿਸੇ ਦੀ ਅਧੀਨਗੀ ਨੂੰ ਕਬੂਲ ਕਰਨ ਦੀ ਭਾਵਨਾ, ਬਲਕਿ ਖ਼ਾਲਸਾ ਮਜ਼ਲੂਮਾਂ ਦੀ ਢਾਲ ਬਣ ਕੇ, ਜਬਰ ਅਤੇ ਜ਼ੁਲਮ ਦੀ ਜੜ੍ਹ ਨੂੰ ਮੁੱਢੋਂ ਹੀ ਪੁੱਟ ਦੇਣ ਦਾ ਜਜ਼ਬਾ ਰੱਖਦਾ ਸੀ, ਜਿਸ ਨੇ ਸੱਚਮੁੱਚ ਇਹ ਸਭ ਕੁਝ ਕਰ ਦਿਖਾਇਆ। ਇਸ ਜਜ਼ਬੇ ਦਾ ਗਵਾਹ ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਬਣਿਆ।
ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਅਤੇ ਉਸ ਵਿਚਲੀ ਸ਼ਕਤੀ ਦਾ ਜਜ਼ਬਾ ਹੀ ਸੀ, ਜਿਸ ਨੇ 'ਸਵਾ ਲਾਖ ਸੇ ਏਕ ਲੜਾਊ' ਦਾ ਹੌਸਲਾ ਪੈਦਾ ਕੀਤਾ। ਇਸੇ ਲਈ ਭਾਈ ਨੰਦ ਲਾਲ ਜੀ ਨੇ ਦਸਵੇਂ ਪਾਤਿਸ਼ਾਹ ਨੂੰ ਹਰ ਕਾਰਜ ਦੇ ਸਮਰੱਥ ਅਤੇ ਨਿਆਸਰਿਆਂ ਦੇ ਆਸਰਾ ਕਿਹਾ ਹੈ:
ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ
ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਸਦੀਆਂ ਤੋਂ ਚਲਦੀਆਂ ਆ ਰਹੀਆਂ, ਉਨ੍ਹਾਂ ਪਰੰਪਰਾਵਾਂ ਨੂੰ ਵੀ ਇਕ ਨਵੀਂ ਦਿਸ਼ਾ ਅਤੇ ਨਵਾਂ ਰੂਪ ਦਿੱਤਾ, ਜੋ ਕਿ ਲੋਕਾਂ ਅੰਦਰ ਬੁਜ਼ਦਿਲੀ ਅਤੇ ਫਜ਼ੂਲ ਦੇ ਕਰਮ-ਕਾਂਡਾਂ ਨੂੰ ਉਤਸ਼ਾਹਿਤ ਕਰਦੀਆਂ ਸਨ। ਦਸਵੇਂ ਪਾਤਿਸ਼ਾਹ ਨੇ ਇਕ ਨਵੀਂ 'ਰਹਿਤ ਮਰਯਾਦਾ' ਸਥਾਪਿਤ ਕਰ ਕੇ, ਖ਼ਾਲਸੇ ਨੂੰ 'ਪੰਜ ਕਕਾਰ' ਬਖਸ਼ ਕੇ, ਭਗਤੀ ਨਾਲ ਸ਼ਕਤੀ ਦਾ ਸੁਮੇਲ ਦਿੱਤਾ।

-ਸ੍ਰੀ ਅੰਮ੍ਰਿਤਸਰ। ਮੋਬਾਈਲ : 87278-00372

Ad Position 22
No active advertisement
ਪਿਛਲੀ ਖ਼ਬਰ ਹਮ ਇਹ ਕਾਜ ਜਗਤ ਮੋ ਆਏ॥ ਅਗਲੀ ਖ਼ਬਰ ਸਾਹਿਬ-ਏ-ਕਮਾਲ
Ad Position 24
No active advertisement