ਜ਼ੀਰਕਪੁਰ, 31 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਪਿੰਡ ਛੱਤ ਵਿਖੇ ਪਟਾਕੇ ਚਲਾਉਣ ਨੂੰ ਲੈ ਕੇ ਹੋਇਆ ਝਗੜਾ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਗਿਆ, ਜਦੋਂ ਦਰਜ਼ਨ ਦੇ ਕਰੀਬ ਨੌਜਵਾਨਾਂ ਨੇ ਦੋ ਭਰਾਵਾਂ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ | ਹਮਲੇ ਵਿਚ ਦੋਵੇਂ ਭਰਾ ਤੇ ਉਨ੍ਹਾਂ ਦੀ ਭੂਆ ਜ਼ਖ਼ਮੀ ਹੋ ਗਈ | ਜ਼ਖ਼ਮੀ ਸੌਰਵ ਦੀ ਸ਼ਿਕਾਇਤ ਦੇ ਆਧਾਰ 'ਤੇ ਜ਼ੀਰਕਪੁਰ ਪੁਲਿਸ ਨੇ ਪਿੰਡ ਛੱਤ ਦੇ ਦਰਜ਼ਨ ਦੇ ਕਰੀਬ ਲੋਕਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਆਵਿਤ ਉਰਫ਼ ਕੋਕੀ, ਜਾਫਰ, ਮੀਰੀ, ਲੱਲਾ, ਟੋਨੀ, ਲਾਡੀ, ਅਲੀਮ, ਮੋਨਾ, ਜੱਸੂ, ਭੋਲੂ ਅਤੇ ਘੋਗੜ ਵਜੋਂ ਹੋਈ ਹੈ, ਜੋ ਕਿ ਹਾਲੇ ਫ਼ਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸੌਰਵ ਨੇ ਦੱਸਿਆ ਕਿ ਉਹ ਨਿੱਜੀ ਕੰਮ ਕਰਦਾ ਹੈ | 21 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਉਹ ਤੇ ਉਸ ਦਾ ਭਰਾ ਸੋਹਿਲ ਆਪਣੇ ਚਾਚੇ ਦੇ ਘਰ ਦੇ ਬਾਹਰ ਗਲੀ 'ਚ ਪਟਾਕੇ ਚਲਾ ਰਹੇ ਸਨ | ਇਸ ਦੌਰਾਨ ਉਸ ਦੇ ਚਾਚੇ ਦੇ ਗੁਆਂਢੀ ਜਾਫਰ ਨੇ ਉਨ੍ਹਾਂ ਨੂੰ ਥੋੜ੍ਹਾ ਦੂਰ ਜਾ ਕੇ ਪਟਾਕੇ ਚਲਾਉਣ ਦੀ ਸਲਾਹ ਦਿੱਤੀ ਕਿਉਂਕਿ ਉਨ੍ਹਾਂ ਦੀਆਂ ਮੱਝਾਂ ਪਟਾਕਿਆਂ ਦੀ ਆਵਾਜ਼ ਤੋਂ ਡਰ ਰਹੀਆਂ ਸਨ | ਇਹ ਸੁਣ ਕੇ ਉਹ ਤੇ ਉਸ ਦਾ ਭਰਾ ਥੋੜ੍ਹਾ ਅੱਗੇ ਜਾ ਕੇ ਪਟਾਕੇ ਚਲਾਉਣ ਲੱਗ ਪਏ | ਥੋੜ੍ਹੀ ਦੇਰ ਬਾਅਦ ਕੋਕੀ, ਜਾਫਰ ਤੇ ਹੋਰ ਨੌਜਵਾਨ ਇਕੱਠੇ ਹੋ ਆਏ ਅਤੇ ਉਸ ਦੇ ਭਰਾ 'ਤੇ ਡੰਡਿਆਂ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ | ਜਦੋਂ ਉਸ ਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਦੇ ਸਿਰ 'ਤੇ ਵੀ ਡੰਡੇ ਨਾਲ ਵਾਰ ਕਰ ਦਿੱਤਾ | ਦੋਵਾਂ ਭਰਾਵਾਂ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦੀ ਭੂਆ ਬਾਹਰ ਆਈ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗ ਪਈ, ਪਰ ਹਮਲਾਵਰਾਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ | ਥੋੜ੍ਹੀ ਦੇਰ ਬਾਅਦ ਰਾਹਗੀਰ ਉੱਥੇ ਇਕੱਠੇ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਨੂੰ ਹਮਲਾਵਰਾਂ ਤੋਂ ਬਚਾਇਆ | ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਢਕੌਲੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ 11 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ |