ਪੰਚਕੂਲਾ, 23 ਦਸੰਬਰ (ਕਪਿਲ)-ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਕੇਂਦਰੀ ਸੰਚਾਰ ਬਿਊਰੋ ਵਲੋਂ ਕਰਵਾਏ ਜਾ ਰਹੇ ਸਵਦੇਸ਼ੀ ਮਹਾਂਉਤਸਵ ਦੌਰਾਨ ਲਗਾਈ ਗਈ ਮਲਟੀਮੀਡੀਆ ਪ੍ਰਦਰਸ਼ਨੀ ਦਾ ਅੱਜ ਹਰਿਆਣਾ ਦੇ ਕੈਬਨਿਟ ਮੰਤਰੀਆਂ ਵਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਖੇਡ ਤੇ ਯੁਵਾ ਕਾਰਜ ਵਿਭਾਗ ਦੇ ਮੰਤਰੀ ਗੌਰਵ ਗੌਤਮ ਉਚੇਚੇ ਤੌਰ 'ਤੇ ਹਾਜ਼ਰ ਰਹੇ। ਪੰਚਕੂਲਾ ਦੇ ਸੈਕਟਰ-5 ਸਥਿਤ ਪਰੇਡ ਗਰਾਊਂਡ ਵਿਖੇ ਲਗਾਈ ਗਈ ਇਸ ਪ੍ਰਦਰਸ਼ਨੀ ਦੌਰਾਨ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਲੋਕ-ਭਲਾਈ ਯੋਜਨਾਵਾਂ ਅਤੇ ਪਿਛਲੇ 11 ਸਾਲਾਂ ਦੀਆਂ ਮਹੱਤਵਪੂਰਨ ਉਪਲੱਬਧੀਆਂ ਨੂੰ 'ਵਿਕਸਿਤ ਭਾਰਤ ਦਾ ਅੰਮ੍ਰਿਤ ਕਾਲ-ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੇ 11 ਸਾਲ' ਦੇ ਵਿਸ਼ੇ ਅਧੀਨ ਦਰਸਾਇਆ ਗਿਆ ਹੈ। ਕੈਬਨਿਟ ਮੰਤਰੀਆਂ ਦੇ ਦੌਰੇ ਮੌਕੇ ਮੰਜੀਤ (ਆਈ. ਏ. ਐਸ.) ਕੇਂਦਰੀ ਸੰਚਾਰ ਬਿਊਰੋ ਅਤੇ ਦੀਪਕ ਦਹੀਆ ਕੇਂਦਰੀ ਸੰਚਾਰ ਬਿਊਰੋ ਦੇ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਵਲੋਂ ਕੈਬਨਿਟ ਮੰਤਰੀਆਂ ਸਮੇਤ ਆਮ ਨਾਗਰਿਕਾਂ ਨੂੰ ਪ੍ਰਦਰਸ਼ਨੀ ਦੇ ਵਿਸ਼ੇ, ਉਦੇਸ਼, ਸੰਚਾਰ ਰਣਨੀਤੀ ਅਤੇ ਦਰਸਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਪ੍ਰਦਰਸ਼ਨੀ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ, ਉੱਜਵਲਾ ਯੋਜਨਾ, ਸਵੱਛ ਭਾਰਤ ਮਿਸ਼ਨ, ਜਲ ਜੀਵਨ ਮਿਸ਼ਨ ਤੇ ਡਿਜ਼ੀਟਲ ਇੰਡੀਆ ਸਮੇਤ ਹੋਰਨਾਂ ਯੋਜਨਾਵਾਂ ਨੂੰ ਜਾਣਕਾਰੀ ਪੈਨਲਾਂ, ਡਿਜ਼ੀਟਲ ਡਿਸਪਲੇ ਤੇ ਐਲ. ਈ. ਡੀ. ਸਕਰੀਨਾਂ ਰਾਹੀਂ ਦਰਸਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਖੇਤੀਬਾੜੀ ਅਤੇ ਕਿਸਾਨ ਹਿੱਤਾਂ ਨਾਲ ਜੁੜੀਆਂ ਯੋਜਨਾਵਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਕਿਸਾਨਾਂ ਅਤੇ ਪਿੰਡਾਂ ਦੀ ਜਨਤਾ ਤੱਕ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਪਹੁੰਚਾਉਣ 'ਚ ਕਾਫ਼ੀ ਲਾਭਦਾਇਕ ਸਿੱਧ ਹੁੰਦੀਆਂ ਹਨ। ਇਸੇ ਦੌਰਾਨ ਕੈਬਨਿਟ ਮੰਤਰੀ ਗੌਰਵ ਗੌਤਮ ਨੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਪ੍ਰਸ਼ਨੋਤਰੀ ਤੇ ਚਿੱਤਰਕਲਾ ਮੁਕਾਬਲੇ ਅਤੇ ਨੁੱਕੜ ਨਾਟਕਾਂ ਦੀ ਭਰਪੂਰ ਸ਼ਲਾਘਾ ਕੀਤੀ। ਇਹ ਪ੍ਰਦਰਸ਼ਨੀ ਆਮ ਲੋਕਾਂ ਲਈ 26 ਦਸੰਬਰ ਤੱਕ ਜਾਰੀ ਰਹੇਗੀ।
ਸਵਦੇਸ਼ੀ ਮਹਾਂਉਤਸਵ ਦੌਰਾਨ ਕੇਂਦਰੀ ਸੰਚਾਰ ਬਿਊਰੋ ਦੀ ਪ੍ਰਦਰਸ਼ਨੀ ਦਾ ਕੈਬਨਿਟ ਮੰਤਰੀਆਂ ਵਲੋਂ ਨਿਰੀਖਣ
ਅਜੀਤ ਡੈਸਕ
24-12-2025