ਘਰ ਵਿਚ ਬਾਗ਼ਬਾਨੀ ਬੇਹੱਦ ਚੰਗੀ ਲੱਗਦੀ ਹੈ। ਛੋਟੀ ਜਿਹੀ ਬਗ਼ੀਚੀ ਬਣਾਉਣ ਵਿਚ ਕੋਈ ਬੁਰਾਈ ਨਹੀਂ ਹੈ। ਅੱਜਕਲ੍ਹ ਛੋਟੇ, ਤੰਗ ਅਤੇ ਬੰਦ ਘਰ ਹੁੰਦੇ ਹਨ ਤਾਂ ਵੀ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ, ਕਿਉਂਕਿ ਗਮਲੇ ਤਾਂ ਘਰ ਦੇ ਕਿਸੇ ਵੀ ਕੋਨੇ ਵਿਚ ਰੱਖੇ ਜਾ ਸਕਦੇ ਹਨ।
ਧੁੱਪ ਵਿਚ ਜਾਂ ਛਾਂ ਵਿਚ ਰੱਖਣ ਵਾਲੇ ਬੂਟਿਆਂ ਨੂੰ ਥੋੜ੍ਹੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਉਂਝ ਵੀ ਅੱਜਕਲ੍ਹ ਹਰ ਥਾਂ ਅਤੇ ਮੌਸਮ ਅਨੁਸਾਰ ਬੂਟੇ ਮਿਲ ਜਾਂਦੇ ਹਨ। ਇਨ੍ਹਾਂ ਦੀ ਦੇਖਭਾਲ ਕਰਨ ਨਾਲ ਤੁਹਾਨੂੰ ਵੀ ਇਕ ਸਿਰਜਨਾਤਮਿਕ ਕੰਮ ਮਿਲ ਜਾਵੇਗਾ।
ਜ਼ਿਆਦਾਤਰ ਘਰਾਂ ਵਿਚ ਦੋ ਤਰ੍ਹਾਂ ਦੇ ਬੂਟੇ ਲਗਾਏ ਜਾਂਦੇ ਹਨ, ਇਕ ਤਾਂ ਉਹ ਜੋ ਘਰ ਦੇ ਬਾਹਰ ਬਾਗ਼-ਬਗ਼ੀਚੇ ਜਾਂ ਖੁੱਲ੍ਹੇ ਵਿਚ ਲਗਾਏ ਜਾਂਦੇ ਹਨ, ਦੂਜੇ ਉਹ ਜੋ ਘਰ ਦੇ ਅੰਦਰ ਗਮਲਿਆਂ ਜਾਂ ਪੋਟਸ ਵਿਚ ਲਗਾਏ ਜਾਂਦੇ ਹਨ। ਆਪਣੇ ਘਰ ਨੂੰ ਖ਼ੂਬਸੂਰਤ ਬਣਾਉਣ ਲਈ ਤੁਹਾਨੂੰ ਇਨ੍ਹਾਂ ਦੋਵੇਂ ਹੀ ਤਰ੍ਹਾਂ ਦੇ ਬੂਟਿਆਂ ਦੀ ਜਾਣਕਾਰੀ ਹੋਣੀ ਚਾਹੀਦੀ।
ਆਪਣੇ ਬਗ਼ੀਚੇ ਵਿਚ ਤੁਸੀਂ ਮੌਸਮ ਦੇ ਅਨੁਸਾਰ ਫੁੱਲ ਵਾਲੇ ਬੂਟੇ ਲਗਾ ਸਕਦੇ ਹੋ, ਜਦਕਿ ਘਰ ਦੇ ਅੰਦਰ ਗਮਲਿਆਂ ਵਿਚ ਲਗਾਉਣ ਲਈ ਵਿਸ਼ੇਸ਼ ਇਨਡੋਰ ਬੂਟੇ ਆਉਂਦੇ ਹਨ। ਇਹ ਦੇਖਣ ਵਿਚ ਬੇਹੱਦ ਖ਼ੂਬਸੂਰਤ ਹੁੰਦੇ ਹਨ ਅਤੇ ਘਰ ਦੇ ਅੰਦਰ ਦੇ ਮਾਹੌਲ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੰਦੇ ਹਨ। ਇਹ ਘਰ ਦੇ ਬੰਦ ਵਾਤਾਵਰਨ ਦੇ ਅਨੁਸਾਰ ਹੁੰਦੇ ਹਨ। ਇਨ੍ਹਾਂ ਬੂਟਿਆਂ ਵਿਚ ਮਨੀ ਪਲਾਂਟ, ਪਾਮ, ਮੋਂਸਟੇਰੀਆ, ਸੇਪਲੇਰੀਆ, ਸਿੰਗੋਨੀਅਮ ਅਤੇ ਡ੍ਰਾਈਸੀਨੀਆ ਆਦਿ ਆਉਂਦੇ ਹਨ।
ਬਗ਼ੀਚੇ ਵਿਚ ਫੁੱਲਾਂ ਦੇ ਬੂਟੇ ਲਗਾਉਣ ਦਾ ਅਨੰਦ ਸਰਦੀ ਦੇ ਮੌਸਮ ਵਿਚ ਹੈ। ਇਨ੍ਹਾਂ ਵਿਚ ਮੈਰੀਗੋਲਡ (ਗੇਂਦਾ), ਕਕੈਲੇਨਡਊਲਾ, ਡੈਹਲੀਆ, ਗੁਲਦਾਊਦੀ ਸਿਨਰੇਰੀਆ, ਕਾਸਮਾਸ ਪਾਪੀ, ਸੈਲਬੀਆ ਆਦਿ ਬੂਟੇ ਲਗਾ ਸਕਦੇ ਹ। ਇਨ੍ਹਾਂ ਬੂਟਿਆਂ ਵਿਚ ਮਾਰਚ-ਅਪ੍ਰੈਲ ਤੱਕ ਫੁੱਲ ਆਉਂਦੇ ਹਨ। ਕੁਝ ਬੂਟੇ ਜਿਵੇਂ ਹਾਰਲਾਕ ਆਦਿ ਵਿਚ ਗਰਮੀਆਂ ਦੇ ਮੌਸਮ ਤੱਕ ਫੁੱਲ ਆਉਂਦੇ ਰਹਿੰਦੇ ਹਨ। ਇਨ੍ਹਾਂ ਬੂਟਿਆਂ ਨੂੰ ਬੀਜਣ ਦਾ ਮੌਸਮ ਅਗਸਤ ਤੋਂ ਅਕਤੂਬਰ-ਨਵੰਬਰ ਤੱਕ ਰਹਿੰਦਾ ਹੈ। ਇਨ੍ਹਾਂ ਨੂੰ ਕਿਸੇ ਵੀ ਨਰਸਰੀ ਤੋਂ ਲੈ ਸਕਦੇ ਹੋ। ਇਨ੍ਹਾਂ ਵਿਚ ਲਗਭਗ ਦਸੰਬਰ ਜਾਂ ਜਨਵਰੀ ਤੋਂ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ।
ਬੂਟਿਆਂ ਦੀ ਦੇਖਭਾਲ ਲਈ ਧਿਆਨਯੋਗ ਗੱਲਾਂ : ਸਰਦੀਆਂ ਵਿਚ ਬੂਟਿਆਂ ਨੂੰ ਘੱਟ ਧੁੱਪ ਅਤੇ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ।
ਕਮਰੇ ਵਿਚ ਜ਼ਿਆਦਾ ਨਮੀ ਵੀ ਇੰਡੋਰ ਪਲਾਂਟਸ ਲਈ ਸਹੀ ਨਹੀਂ ਹੈ। ਕਮਰੇ ਵਿਚ ਰੈਡੀਏਟਰ ਲਗਾਉਣ ਨਾਲ ਨਮੀ ਦੀ ਮਾਤਰਾ ਘੱਟ ਹੋ ਜਾਂਦੀ ਹੈ। ਬੂਟਿਆਂ ਨੂੰ ਨਮੀ ਦੇਣ ਲਈ ਰੈਡੀਏਟਰ ਦੇ ਕੋਲ ਪਾਣੀ ਨਾਲ ਭਰਿਆ ਕੌਲਾ ਰੱਖੋ। ਇਸ ਨਾਲ ਸਰਦੀਆਂ ਵਿਚ ਨਮੀ ਦੀ ਕਮੀ ਨਹੀਂ ਹੁੰਦੀ।
ਬੂਟਿਆਂ ਨੂੰ ਜ਼ਿਆਦਾ ਨਮੀ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਬੂਟਿਆਂ ਨੂੰ ਜ਼ਿਆਦਾ ਨਮੀ ਤੋਂ ਬਚਾਉਣਾ ਚਾਹੀਦਾ।
ਬੂਟਿਆਂ ਨੂੰ ਕਮਰੇ ਵਿਚ ਸਹੀ ਰੌਸ਼ਨੀ ਵੀ ਮਿਲਣੀ ਚਾਹੀਦੀ।
ਸਾਲ-ਦੋ ਸਾਲ ਬਾਅਦ ਬੂਟਿਆਂ ਦੇ ਗਮਲੇ ਬਦਲ ਲੈਣੇ ਚਾਹੀਦੇ, ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਪੂਰੇ ਗਮਲੇ ਨੂੰ ਘੇਰ ਲੈਂਦੀਆਂ ਹਨ ਅਤੇ ਉਨ੍ਹਾਂ ਦਾ ਆਕਾਰ ਵੀ ਵਧ ਜਾਂਦਾ ਹੈ।
ਬੂਟਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਪਾਣੀ ਨਾ ਦੇਵੋ ਨਹੀਂ ਤਾਂ ਉਨ੍ਹਾਂ ਦੀਆਂ ਜੜ੍ਹਾਂ ਗਲ ਜਾਣਗੀਆਂ।
ਬੂਟਿਆਂ ਨੂੰ ਜ਼ਰੂਰਤ ਅਨੁਸਾਰ ਖਾਦ ਅਤੇ ਕੀਟਾਣੂਨਾਸ਼ਕ ਲਗਾਓ।
ਬੂਟਿਆਂ ਨੂੰ ਜਦੋਂ ਵੀ ਨਰਸਰੀ ਤੋਂ ਲਿਆਓ ਉਸ ਦੀ ਦੇਖਭਾਲ ਅਤੇ ਰੱਖ-ਰਖਾਅ ਦੇ ਵਿਸ਼ੇ ਵਿਚ ਜਾਣਕਾਰੀ ਵੀ ਨਾਲ ਹੀ ਲੈ ਲਓ।
-0-
ਘਰ ਨੂੰ ਸਜਾਓ ਬੂਟਿਆਂ ਨਾਲ
ਅਜੀਤ ਡੈਸਕ
25-09-2025