ਪਿਆਰੇ ਵਿਦਿਆਰਥੀਓ! ਜਗਦੀਸ਼ ਚੰਦਰ ਬੋਸ ਨੂੰ ਵਿਗਿਆਨ ਦੇ ਖੇਤਰ ਵਿਚ ਉੱਚ ਦਰਜਾ ਹਾਸਿਲ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਸਮੁੱਚੇ ਭਾਰਤ ਲਈ ਗੌਰਵਮਈ ਅਹਿਸਾਸ ਹਨ। ਭਾਰਤ ਮਾਤਾ ਦੇ ਇਸ ਮਹਾਨ ਸਪੂਤ ਦਾ ਜਨਮ ਬਰਤਾਨਵੀ ਸ਼ਾਸਿਤ ਭਾਰਤ ਵਿਚ ਮੈਮਨਸਿੰਘ ਵਿਖੇ 30 ਨਵੰਬਰ, 1858 ਨੂੰ ਹੋਇਆ ਜੋ ਕਿ ਹੁਣ ਬੰਗਲਾਦੇਸ਼ ਦਾ ਹਿੱਸਾ ਹੈ। ਇਨ੍ਹਾਂ ਦੇ ਪਿਤਾ ਸ਼੍ਰੀ ਭਗਵਾਨ ਚੰਦਰ ਬੋਸ ਬਰਤਾਨਵੀ ਸਾਮਰਾਜ ਵਿਚ ਉੱਚ ਅਹੁਦੇ 'ਤੇ ਸਨ। ਉਹ ਆਪਣੇ ਦੇਸ਼ ਦੀ ਮਿੱਟੀ ਨੂੰ ਬਹੁਤ ਪਿਆਰ ਕਰਦੇ ਸਨ। ਉਹ ਸਦਾ ਇਹੋ ਚਾਹੁੰਦੇ ਸਨ ਕਿ ਮੇਰਾ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹੇ। ਜਗਦੀਸ਼ ਚੰਦਰ ਬੋਸ ਦੀ ਮਾਤਾ ਦਾ ਨਾਮ ਬਾਮਾਸੁੰਦਰੀ ਬੋਸ ਸੀ।
ਜਗਦੀਸ਼ ਚੰਦਰ ਬੋਸ ਦੀ ਮੁਢਲੀ ਸਿੱਖਿਆ ਬੰਗਾਲੀ ਮਾਧਿਅਮ ਵਿਚ ਹੋਈ। ਬਾਅਦ ਵਿਚ ਉਨ੍ਹਾਂ ਨੇ ਆਪਣੀ ਉਚੇਰੀ ਪੜ੍ਹਾਈ ਕਲਕੱਤਾ ਕਾਲਜ, ਕ੍ਰਾਈਸਟ ਯੂਨੀਵਰਸਿਟੀ ਅਤੇ ਲੰਡਨ ਕਾਲਜ ਤੋਂ ਹਾਸਿਲ ਕੀਤੀ। ਉਹ ਭਾਰਤ ਦੇ ਅਜਿਹੇ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੇ ਭੌਤਿਕ ਵਿਗਿਆਨ, ਜੀਵ ਵਿਗਿਆਨ ਅਤੇ ਬਨਸਪਤੀ ਵਿਗਿਆਨ ਦੇ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਰੇਡੀਓ ਤਰੰਗਾਂ 'ਤੇ ਨਿੱਠ ਕੇ ਕੰਮ ਕਰਦਿਆਂ ਅਰਧਚਾਲਕਾਂ ਦੀ ਵਰਤੋਂ ਕੀਤੀ ਅਤੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਂਦੀ। ਬਨਸਪਤੀ ਵਿਗਿਆਨ ਦੇ ਖੇਤਰ ਵਿਚ ਕਰੈਸਕੋਗਰਾਫ਼ ਦੀ ਕਾਢ ਨਾਲ ਉਨ੍ਹਾਂ ਨੇ ਸਿੱਧ ਕੀਤਾ ਕਿ ਪੌਦਿਆਂ ਵਿਚ ਸੂਖਮ ਤੋਂ ਸੂਖਮ ਵਾਧੇ ਇਹ ਦਰਸਾਉਂਦੇ ਹਨ ਕਿ ਇਨ੍ਹਾਂ ਵਿਚ ਵੀ ਸੰਵੇਦਨਾ ਅਤੇ ਉਤੇਜਨਾ ਹੁੰਦੀ ਹੈ। ਕਰੈਸਕੋਗਰਾਫ਼ ਦੀ ਕਾਢ ਵਿਗਿਆਨ ਦੇ ਖੇਤਰ ਵਿਚ ਵੱਡਾ ਯੋਗਦਾਨ ਸਾਬਿਤ ਹੋਈ। ਇਸ ਮਹਾਨ ਵਿਗਿਆਨੀ ਨੇ ਕਲਕੱਤਾ ਵਿਖੇ 1917 ਨੂੰ ਬੋਸ ਇੰਸਟੀਚਿਊਟ (ਬਾਸੂ ਵਿਗਿਆਨ ਮੰਦਰ) ਦੀ ਸਥਾਪਨਾ ਇਹ ਕਹਿੰਦਿਆਂ ਕੀਤੀ ਕਿ ਮੈਂ ਪ੍ਰਯੋਗਸ਼ਾਲਾ ਨੂੰ ਮੰਦਰ ਦਾ ਰੁਤਬਾ ਦਿੰਦਾ ਹਾਂ।
ਬੇਸ਼ੱਕ ਕੁਝ ਕਾਰਨਾਂ ਕਰਕੇ ਬੋਸ ਨੂੰ ਵਿਗਿਆਨ ਦੇ ਖੇਤਰ ਵਿਚ ਨੋਬਲ ਪੁਰਸਕਾਰ ਤਾਂ ਨਹੀਂ ਮਿਲਿਆ ਪਰ ਇਨ੍ਹਾਂ ਦੇ ਯੋਗਦਾਨ ਨੂੰ ਧਿਆਨ ਵਿਚ ਰੱਖਦਿਆਂ ਸੰਨ 1920 ਵਿਚ ਫੈਲੋ ਆਫ਼ ਰਾਇਲ ਸੋਸਾਇਟੀ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਅਤੇ ਸਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੇ ਇਸ ਮਹਾਨ ਸਪੂਤ ਦੀ ਮੌਤ 23 ਨਵੰਬਰ 1937 ਨੂੰ ਝਾਰਖੰਡ ਦੇ ਗਿਰੀਡੀਹ ਵਿਚ ਹੋਈ।
-580, ਗਲੀ ਨੰ. 10, ਕ੍ਰਿਸ਼ਨਾ ਨਗਰ -ਖੰਨਾ-141401, ਜ਼ਿਲ੍ਹਾ ਲੁਧਿਆਣਾ
ਮੋਬਾਈਲ : 9914400151