ਇਕ ਵਾਰ ਦੀ ਗੱਲ ਹੈ ਕਿ ਜੰਗਲ ਦੇ ਰਾਜੇ ਸ਼ੇਰ ਨੇ ਜੰਗਲ ਵਿਚ ਇਕ ਸਭਾ ਬੁਲਾਉਂਦਿਆਂ ਕਿਹਾ ਕਿ ਸਾਰੇ ਹੀ ਸੁਣ ਲਓ। ਮੈਂ ਵਿਚਾਰ ਕੀਤਾ ਹੈ ਕੀ ਆਪਾਂ ਜੰਗਲ ਵਿਚ ਇਕ ਖੂਨਦਾਨ ਕੈਂਪ ਲਗਾਈਏ ਅਤੇ ਇਸ ਮਹਾਨ ਕੰਮ ਵਿਚ ਆਪਾਂ ਵੀ ਸਾਰੇ ਵਧ ਚੜ੍ਹ ਕੇ ਹਿੱਸਾ ਪਾਈਏ।
ਸ਼ੇਰ ਦੀ ਇਹ ਗੱਲ ਸੁਣਦਿਆਂ ਸਾਰ ਹੀ ਸਾਰੇ ਜੰਗਲ ਵਿਚ ਸਲਾਹਾਂ ਤੇ ਵਿਚਾਰਾਂ ਦਾ ਦੌਰ ਚੱਲ ਪਿਆ, ਚੂਹੇ ਨੇ ਬਿੱਲੀ ਦੇ ਕੰਨ ਵਿਚ ਕਿਹਾ, ਕਿ ਬਿੱਲੀ ਮਾਸੀ ਮੈਂ ਕਿਵੇਂ ਖੂਨ ਦਾਨ ਕਰੂੰਗਾ। ਜੇਕਰ ਮੇਰਾ ਖੂਨ ਕੱਢਿਆ ਗਿਆ ਤਾਂ ਹੋ ਸਕਦਾ ਮੈਂ ਮਰ ਹੀ ਜਾਵਾਂ, ਚੂਹੇ ਤੇ ਬਿੱਲੀ ਦੀਆਂ ਗੱਲਾਂ ਸੁਣ ਕੇ ਸ਼ੇਰ ਨੇ ਗੁੱਸੇ ਵਿਚ ਕਿਹਾ, ਦੱਸ ਬਿੱਲੀਏ, ਕੀ ਆਖ ਰਿਹਾ ਏ ਚੂਹਾ ਸੁਦਾਈ।
ਦੋਵੇਂ ਜਣੇ ਸ਼ੇਰ ਦਾ ਗੁੱਸਾ ਵੇਖ ਕੇ ਡਰਨ ਲੱਗੇ ਤੇ ਕੰਬਣੀ ਵੀ ਛਿੜ ਗਈ ਦੋਹਾਂ ਨੂੰ, ਬਿੱਲੀ ਨੇ ਡਰ ਦਿਆਂ-ਡਰਦਿਆਂ ਕਿਹਾ ਮਹਾਰਾਜ ਜੀ ਚੂਹਾ ਖੂਨ ਦਾਨ ਕਰਨ ਤੋਂ ਬਹੁਤ ਡਰ ਰਿਹਾ ਹੈ ਤੇ ਆਖ ਰਿਹਾ ਹੈ, ਕਿ ਮੈਂ ਤਾਂ ਮਰ ਵੀ ਸਕਦਾ ਹਾਂ। ਜੇਕਰ ਮੈਂ ਖੂਨ ਦਾਨ ਕੀਤਾ।
ਉਨ੍ਹਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਬਾਂਦਰ ਬਹੁਤ ਹੱਸਿਆ ਅਤੇ ਕਿਹਾ ਪਾਗਲੋ ਖੂਨ ਦਾਨ ਕਰਿਆਂ ਕੋਈ ਨਹੀਂ ਮਰਦਾ, ਤੁਸੀਂ ਸਾਰੇ ਸੁਣ ਲਓ ਆਪਣੇ ਵਿਚ ਖਰਗੋਸ਼ ਡਾਕਟਰ ਬੈਠਾ ਹੈ ਜੋ ਡਾਕਟਰੀ ਕਰ ਰਿਹਾ ਹੈ। ਇਸ ਤੋਂ ਵੀ ਪੁੱਛ ਸਕਦੇ ਹੋ, ਬਾਂਦਰ ਦੀ ਗੱਲ ਦਾ ਜਵਾਬ ਦਿੰਦਿਆਂ, ਡਾਕਟਰ ਖਰਗੋਸ਼ ਨੇ ਕਿਹਾ ਤੁਸੀਂ ਸਾਰੇ ਹੀ ਸੁਣ ਲਵੋ, ਅੱਜ ਤੱਕ ਖੂਨ ਦੇਣ ਤੇ ਕਿਸੇ ਦੀ ਵੀ ਮੌਤ ਨਹੀਂ ਹੋਈ।
ਇਹ ਸਭ ਸਾਡਾ ਵਹਿਮ ਹੈ, ਡਾਕਟਰ ਖਰਗੋਸ਼ ਦੀਆਂ ਗੱਲਾਂ ਸਾਰੇ ਹੀ ਧਿਆਨ ਨਾਲ ਸੁਣ ਰਹੇ ਸੀ। ਖਰਗੋਸ਼ ਨੇ ਕਿਹਾ ਕਿ ਜੋ ਵੀ ਸਰੀਰਕ ਪੱਖੋਂ ਤੰਦਰੁਸਤ ਹੋਵੇ, ਉਹ ਆਪਣਾ ਖੂਨ ਦੇ ਸਕਦਾ ਹੈ। ਅਸੀਂ ਜੋ ਵੀ ਖੂਨਦਾਨ ਕਰਦੇ ਹਾਂ ਉਹ ਕਈਆਂ ਦੀਆਂ ਜ਼ਿੰਦਗੀਆਂ ਬਚਾਉਂਦਾ ਹੈ ਅਤੇ ਖੂਨਦਾਨ ਕੀਤਾ ਹੋਇਆ ਛੇਤੀ ਹੀ ਪੂਰਾ ਹੋ ਜਾਂਦਾ ਹੈ। ਡਾਕਟਰ ਖਰਗੋਸ਼ ਦੀਆਂ ਗੱਲਾਂ ਸਾਰਿਆਂ ਨੂੰ ਸਮਝ ਆ ਗਈਆਂ ਤੇ ਸਾਰਿਆਂ ਨੇ ਖੂਨਦਾਨ ਕਰਨ ਦੀ ਹਾਮੀ ਭਰੀ ਅਤੇ ਖੁਸ਼ੀ ਖੁਸ਼ੀ ਸਾਰੇ ਹੀ ਇਸ ਕੈਂਪ ਵਿਚ ਜਾਣ ਲਈ ਤਿਆਰ ਹੋ ਗਏ।
-ਮੋਬਾਈਲ : 98550-36444