ਪੰਜਾਬ ਵਿਚ ਅਚਾਰ ਬਣਾਉਣ ਲਈ ਮੱਕੀ ਦੀ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਮਈ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾਂਦੀ ਹੈ। ਮੱਕੀ ਦੇ ਪੱਠੇ ਦਾ ਝਾੜ ਅਤੇ ਉਸ ਤੋਂ ਬਣਾਏ ਅਚਾਰ ਦੀ ਗੁਣਵੱਤਾ ਮੱਕੀ ਦੀ ਬਿਜਾਈ ਦੇ ਸਮੇਂ 'ਤੇ ਬਹੁਤ ਨਿਰਭਰ ਕਰਦੀ ਹੈ। ਮੱਕੀ ਦੀ ਜਿਹੜੀ ਫ਼ਸਲ 15 ਫਰਵਰੀ ਤੋਂ ਪਹਿਲਾਂ ਬੀਜ ਦਿੱਤੀ ਜਾਂਦੀ ਹੈ, ਉਹ ਤਕਰੀਬਨ 95-105 ਦਿਨਾਂ ਵਿਚ ਦੋਧੇ ਦਾਣੇ 'ਤੇ ਪਹੁੰਚ ਜਾਂਦੀ ਹੈ, ਜੋ ਅਚਾਰ ਬਣਾਉਣ ਲਈ ਮੱਕੀ ਦੀ ਢੁਕਵੀਂ ਅਵਸਥਾ ਹੁੰਦੀ ਹੈ। ਜਿਹੜੀ ਬਿਜਾਈ 10 ਫ਼ਰਵਰੀ ਤੱਕ ਹੋ ਜਾਂਦੀ ਹੈ, ਉਹ 20-25 ਮਈ ਦੇ ਲਗਭਗ ਦੋਧੇ ਦਾਣੇ 'ਤੇ ਪਹੁੰਚ ਜਾਂਦੀ ਹੈ। ਉਸ ਸਮੇਂ ਪੰਜਾਬ ਦਾ ਮੌਸਮ ਖੁਸ਼ਕ ਹੁੰਦਾ ਹੈ, ਹਵਾ ਵਿਚ ਨਮੀ ਨਾਮਾਤਰ ਹੁੰਦੀ ਹੈ ਅਤੇ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦੇ ਆਸ-ਪਾਸ ਹੁੰਦਾ ਹੈ। ਉਸ ਸਮੇਂ ਮੱਕੀ ਦੀ ਕਟਾਈ ਵੇਲੇ ਇਸ ਵਿਚ ਸੁੱਕੇ ਮਾਦੇ ਦੀ ਮਾਤਰਾ 25-28% ਦੇ ਲਗਭਗ ਹੁੰਦੀ ਹੈ ਅਤੇ ਮੱਕੀ ਨੂੰ ਕੁਤਰ ਕੇ ਬੰਕਰ ਵਿਚ ਨੱਪਦੇ ਸਮੇਂ ਕੁਝ ਨਮੀ ਹੋਰ ਉੱਡ ਜਾਂਦੀ ਹੈ ਅਤੇ ਸੁੱਕਾ ਮਾਦਾ 30-32% ਦੇ ਨਜ਼ਦੀਕ ਪਹੁੰਚ ਜਾਂਦਾ ਹੈ, ਜੋ ਮੱਕੀ ਦਾ ਅਚਾਰ ਬਣਾਉਣ ਲਈ ਸੁੱਕੇ ਮਾਦੇ ਦੀ ਸਭ ਤੋਂ ਢੁਕਵੀਂ ਮਾਤਰਾ ਹੁੰਦੀ ਹੈ। ਫਰਵਰੀ ਵਿਚ ਬੀਜੀ ਮੱਕੀ ਦੀ ਛੱਲੀ ਵੀ ਪੂਰੀ ਬਣਦੀ ਹੈ ਅਤੇ ਹਰੇ ਚਾਰੇ ਦਾ ਝਾੜ ਵੀ 225 ਤੋਂ 250 ਕੁਇੰਟਲ ਪ੍ਰਤੀ ਏਕੜ ਨਿੱਕਲ ਆਉਂਦਾ ਹੈ। ਫਰਵਰੀ ਵਿਚ ਮੱਕੀ ਦੀ ਬਿਜਾਈ ਲਈ ਇਹ ਜ਼ਰੂਰੀ ਹੈ ਕਿ ਕਿਸਾਨ ਸਾਲ ਦੇ ਸ਼ੁਰੂ ਵਿਚ ਸਹੀ ਫ਼ਸਲੀ ਚੱਕਰ ਅਪਣਾਉਣ ਕਿਉਂਕਿ ਜਿਨ੍ਹਾਂ ਖੇਤਾਂ ਵਿਚ ਕਿਸਾਨ ਨੇ ਹਾੜ੍ਹੀ ਦੇ ਸੀਜ਼ਨ ਵਿਚ ਆਲੂ, ਮਟਰ, ਜਵੀਂ ਜਾਂ ਤੋਰੀਆ ਆਦਿ ਫ਼ਸਲਾਂ ਬੀਜੀਆਂ ਹੁੰਦੀਆਂ ਹਨ, ਉਹ ਖੇਤ ਜਨਵਰੀ ਦੇ ਅਖੀਰ ਜਾਂ ਫਰਵਰੀ ਦੇ ਸ਼ੁਰੂ 'ਚ ਹਾੜ੍ਹੀ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਲਈ ਖਾਲੀ ਹੋ ਜਾਂਦੇ ਹਨ ਅਤੇ ਮੱਕੀ ਦੀ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ।
ਜਿਹੜੇ ਕਿਸਾਨ ਮੱਕੀ ਦੀ ਬਿਜਾਈ ਕਣਕ ਤੋਂ ਬਾਅਦ ਕਰਦੇ ਹਨ, ਉੱਥੇ ਇਹ ਦੇਖਿਆ ਗਿਆ ਹੈ ਕਿ ਕਣਕ ਦੀ ਵਾਢੀ ਤੋਂ ਬਾਅਦ ਮੱਕੀ ਦੀ ਬਿਜਾਈ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫ਼ਤੇ ਤੱਕ ਪਛੇਤੀ ਹੋ ਜਾਂਦੀ ਹੈ। ਉਸ ਸਮੇਂ ਤਾਪਮਾਨ ਜ਼ਿਆਦਾ ਹੁੰਦਾ ਹੈ ਅਤੇ ਇਹ ਮੱਕੀ ਆਪਣਾ ਜੀਵਨ ਚੱਕਰ ਛੇਤੀ ਪੂਰਾ ਕਰ ਲੈਂਦੀ ਹੈ ਅਤੇ ਤਕਰੀਬਨ 75 ਤੋਂ 85 ਦਿਨਾਂ ਵਿਚ ਦੋਧੇ ਦਾਣੇ 'ਤੇ ਪਹੁੰਚ ਜਾਂਦੀ ਹੈ। ਇਸ ਮੱਕੀ ਵਿਚ ਪਰ-ਪਰਾਗਣ ਸਮੇਂ ਵੱਧ ਤਾਪਮਾਨ ਹੋਣ ਕਰਕੇ ਪਰਾਗ-ਕਣ ਸੁੱਕਣ ਨਾਲ ਛੱਲੀ ਵਿਚ ਪੂਰੇ ਦਾਣੇ ਨਹੀਂ ਬਣਦੇ। ਇਸ ਮੱਕੀ ਦਾ ਹਰੇ ਚਾਰੇ ਦਾ ਝਾੜ ਫ਼ਰਵਰੀ ਵਿਚ ਬੀਜੀ ਮੱਕੀ ਨਾਲੋਂ ਘੱਟ ਨਿਕਲਦਾ ਹੈ। ਇਹ ਮੱਕੀ ਤਕਰੀਬਨ ਅੱਧ ਜੁਲਾਈ ਤੱਕ ਦੋਧੇ ਦਾਣੇ 'ਤੇ ਆਉਂਦੀ ਹੈ। ਇਸ ਸਮੇਂ ਇਕ ਤਾਂ ਝੋਨਾ ਲਗਾਉਣ ਲਈ ਖੇਤ ਨੂੰ ਖਾਲੀ ਕਰਨ ਦੀ ਕਾਹਲੀ ਹੁੰਦੀ ਹੈ, ਇਸ ਲਈ ਕਿਸਾਨ ਕਈ ਵਾਰ ਛੱਲੀ ਪੂਰੀ ਬਣਨ ਤੋਂ ਪਹਿਲਾਂ ਹੀ ਫ਼ਸਲ ਕੱਟ ਕੇ ਅਚਾਰ ਪਾ ਲੈਂਦੇ ਹਨ।
ਦੂਸਰਾ, ਇਸ ਸਮੇਂ ਬਰਸਾਤ ਦੀ ਰੁੱਤ ਵੀ ਸ਼ੁਰੂ ਹੋ ਚੁੱਕੀ ਹੁੰਦੀ ਹੈ, ਜਿਸ ਕਰਕੇ ਹਵਾ ਵਿਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਸਮੇਂ ਕੱਟੀ ਹੋਈ ਮੱਕੀ ਵਿਚ ਸੁੱਕਾ ਮਾਦਾ 22 ਤੋਂ 25% ਹੀ ਹੁੰਦਾ ਹੈ ਅਤੇ ਹਵਾ ਵਿਚ ਸਿੱਲ੍ਹ ਹੋਣ ਕਰਕੇ ਹੋਰ ਨਮੀ ਨਹੀਂ ਉੱਡਦੀ ਅਤੇ ਇਸ ਵੱਧ ਨਮੀ ਵਾਲੇ ਪੱਠਿਆਂ ਦਾ ਅਚਾਰ ਪਾਉਣ ਨਾਲ ਅਚਾਰ ਨੂੰ ਉੱਲੀ ਲੱਗਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਮੱਕੀ ਦੀ ਛੱਲੀ ਪੂਰੀ ਨਾ ਬਣਨ ਕਰਕੇ ਅਤੇ ਹਵਾ ਵਿਚ ਵੱਧ ਨਮੀ ਹੋਣ ਕਰਕੇ ਅਚਾਰ ਦੀ ਗੁਣਵੱਤਾ ਬਹੁਤ ਘਟ ਜਾਂਦੀ ਹੈ। ਜੇਕਰ ਮੱਕੀ ਦੀ ਕਟਾਈ ਅਤੇ ਟੋਏ ਵਿਚ ਨੱਪਣ ਸਮੇਂ ਵਰਖਾ ਸ਼ੁਰੂ ਹੋ ਜਾਵੇ ਤਾਂ ਅਚਾਰ ਨੂੰ ਉੱਲੀ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਜੇਕਰ ਅਚਾਰ ਸਹੀ ਬਣ ਵੀ ਜਾਵੇ ਤਾਂ ਉਸ ਵਿਚ ਸੁੱਕੇ ਮਾਦੇ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਰਕੇ ਪਸ਼ੂਆਂ ਨੂੰ ਅਚਾਰ 'ਚੋਂ ਪੂਰੇ ਤੱਤ ਨਹੀਂ ਮਿਲਦੇ।
ਮੱਕੀ ਦਾ ਵਧੀਆ ਗੁਣਵੱਤਾ ਵਾਲਾ ਅਚਾਰ ਬਣਾਉਣ ਲਈ ਸਹੀ ਫ਼ਸਲੀ ਚੱਕਰ ਅਪਣਾਉਣਾ ਬਹੁਤ ਜ਼ਰੂਰੀ ਹੈ, ਜਿਸ ਲਈ ਝੋਨਾ-ਕਣਕ-ਮੱਕੀ (ਅਚਾਰ ਲਈ) ਫ਼ਸਲੀ ਚੱਕਰ ਛੱਡਣਾ ਪਵੇਗਾ। ਇਸ ਫ਼ਸਲੀ ਚੱਕਰ ਵਿਚ ਅਚਾਰ ਦੀ ਗੁਣਵੱਤਾ ਵੀ ਮਾੜੀ ਬਣਦੀ ਹੈ, ਮੱਕੀ ਦਾ ਝਾੜ ਵੀ ਘੱਟ ਨਿੱਕਲਦਾ ਹੈ, ਮੱਕੀ ਵਿਚ ਕੀੜਿਆਂ ਅਤੇ ਨਦੀਨਾਂ ਦੀ ਸਮੱਸਿਆ ਵੀ ਵੱਧ ਆਉਂਦੀ ਹੈ ਅਤੇ ਮਈ ਵਿਚ ਬੀਜੀ ਮੱਕੀ ਨੂੰ ਹਰ ਚੌਥੇ ਦਿਨ ਪਾਣੀ ਵੀ ਲਗਾਉਣਾ ਪੈਂਦਾ ਹੈ। ਉੱਚ ਗੁਣਵੱਤਾ ਵਾਲਾ ਅਚਾਰ ਬਣਾਉਣ ਲਈ ਝੋਨਾ-ਤੋਰੀਆ/ ਜਵੀ/ਆਲੂ/ ਮਟਰ-ਮੱਕੀ (ਅਚਾਰ ਲਈ) ਆਦਿ ਫ਼ਸਲੀ ਚੱਕਰ ਅਪਣਾਉਣੇ ਚਾਹੀਦੇ ਹਨ, ਜਿਸ ਵਿਚ ਝੋਨੇ ਦੀ ਵਾਢੀ ਤੋਂ ਬਾਅਦ ਹਾੜ੍ਹੀ ਵਿਚ ਤੋਰੀਆ ਜਾਂ ਜਵੀਂ ਜਾਂ ਆਲੂ ਜਾਂ ਮਟਰ ਆਦਿ ਫ਼ਸਲਾਂ ਦੀ ਕਾਸ਼ਤ ਤੋਂ ਬਾਅਦ ਬਹਾਰ ਰੁੱਤ ਦੀ ਮੱਕੀ ਬੀਜੀ ਜਾਵੇ। ਇਸ ਨਾਲ ਪਸ਼ੂ ਪਾਲਕ ਚਾਰੇ ਦਾ ਵੱਧ ਝਾੜ ਵੀ ਲੈ ਸਕਦੇ ਹਨ ਅਤੇ ਵਧੀਆ ਗੁਣਵੱਤਾ ਵਾਲਾ ਅਚਾਰ ਵੀ ਬਣਾ ਸਕਦੇ ਹਨ।
ਧਿਆਨ ਦੇਣ ਯੋਗ ਕੁਝ ਗੱਲਾਂ - ਅਚਾਰ ਵਾਲਾ ਬੰਕਰ ਕਿਸੇ ਉੱਚੀ ਜਗ੍ਹਾ 'ਤੇ ਬਣਾਓ, ਜਿੱਥੋਂ ਮੀਂਹ ਦੇ ਪਾਣੀ ਦਾ ਪੂਰਾ ਨਿਕਾਸ ਹੋਵੇ। ਬੰਕਰ ਦੀ ਚੌੜਾਈ ਹੇਠਾਂ ਤੋਂ ਲਗਭਗ 12 ਫੁੱਟ ਹੋਵੇ ਤਾਂ ਜੋ ਬੰਕਰ ਵਿਚ ਚਾਰੇ ਨੂੰ ਨੱਪਦੇ ਸਮੇਂ ਟਰੈਕਟਰ ਦੀ ਲੀਹ ਸਹੀ ਤਰੀਕੇ ਨਾਲ ਭੱਜੇ। ਉੱਪਰੋਂ ਬੰਕਰ ਦੀ ਚੌੜਾਈ 14-15 ਫੁੱਟ ਹੋਵੇ, ਜਿਸ ਨਾਲ ਬੰਕਰ ਦੀਆਂ ਕੰਧਾਂ 110 ਡਿਗਰੀ 'ਤੇ ਤਿਰਛੀਆਂ ਬਣ ਜਾਣਗੀਆਂ। ਇਸ ਨਾਲ ਚਾਰੇ ਨੂੰ ਨੱਪਦੇ ਸਮੇਂ ਕੰਧਾਂ ਨਾਲ ਚਾਰੇ ਨੂੰ ਚੰਗੀ ਤਰ੍ਹਾਂ ਦੱਬ ਲੱਗ ਸਕੇਗੀ। ਬੰਕਰ ਨੂੰ ਹੇਠਾਂ ਤੋਂ ਕੱਚਾ ਰੱਖਣਾ ਵੀ ਠੀਕ ਹੈ ਪਰ ਅਚਾਰ ਪਾਉਣ ਸਮੇਂ ਹੇਠਾਂ ਤੂੜੀ ਖਲਾਰ ਦਿਓ ਜਾਂ ਹੇਠਾ ਇੱਟਾਂ ਨਾਲ ਪੱਕਾ ਕਰ ਦਿਓ ਤਾਂ ਕਿ ਅਚਾਰ ਮਿੱਟੀ ਨਾਲ ਨਾ ਲੱਗੇ। ਬੰਕਰ ਵਿਚ ਪਾਏ ਚਾਰੇ ਨੂੰ ਉੱਪਰੋਂ ਚੰਗੀ ਤਰਾਂ ਨੱਪ ਕੇ ਤਰਪਾਲ ਨਾਲ ਢਕ ਕੇ ਮਿੱਟੀ ਨਾਲ ਲਿੱਪ ਦਿਓ ਤੇ ਅਚਾਰ ਨੂੰ 45 ਦਿਨ ਤੋਂ ਪਹਿਲਾਂ ਨਾ ਖੋਲ੍ਹੋ। ਇਕ ਵਾਰ ਖੋਲ੍ਹਣ 'ਤੇ ਹਰ ਰੋਜ਼ ਬੰਕਰ ਦੇ ਮੱਥੇ ਤੋਂ ਘੱਟੋ-ਘੱਟ 6-8 ਇੰਚ ਅਚਾਰ ਕੱਟ ਕੇ ਪਸ਼ੂਆਂ ਨੂੰ ਪੈ ਜਾਣਾ ਚਾਹੀਦਾ ਹੈ। ਇਸ ਤਰੀਕੇ ਨਾਲ ਪਸ਼ੂ ਪਾਲਕ ਵੀਰ ਆਪਣੇ ਪਸ਼ੂਆਂ ਲਈ ਉੱਚ ਗੁਣਵੱਤਾ ਵਾਲਾ ਅਚਾਰ ਬਣਾ ਕੇ ਸਾਰਾ ਸਾਲ ਚਾਰੇ ਦੀ ਲੋੜ ਪੂਰੀ ਕਰ ਸਕਦੇ ਹਨ।
-ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ।
ਮੋਬਾ: 94177-02021