ਲੋਹੀਆਂ ਖਾਸ, 21 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ਼ਹੀਦ ਊਧਮ ਸਿੰਘ ਸਟੇਡੀਅਮ ਨਵਾਂ ਪਿੰਡ ਦੋਨੇਵਾਲ ਵਿਖੇ ਪੈਂਦੀ ਇਲਾਕੇ ਦੀ ਸਭ ਤੋਂ ਪੁਰਾਤਨ ਛਿੰਝ ਮੌਕੇ ਕਰਵਾਇਆ ਜਾਂਦਾ ਸਾਲਾਨਾ ਦੋ ਰੋਜ਼ਾ ਖੇਡ ਮੇਲਾ ਜੋ ਐਤਕਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ, ਮਿਤੀ 24 ਅਤੇ 25 ਨਵੰਬਰ, ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਇਸ਼ਤਿਹਾਰ ਜਾਰੀ ਕਰਦਿਆਂ ਅਤੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਅਵਤਾਰ ਸਿੰਘ ਸੇਵਾ ਮੁਕਤ ਥਾਣੇਦਾਰ, ਸਾਬਕਾ ਸਰਪੰਚ ਪਰਮਜੀਤ ਸਿੰਘ ਨੰਬਰਦਾਰ ਅਤੇ ਟੂਰਮਨਾਮੈਂਟ ਲਈ ਮੀਡੀਆ ਇੰਚਾਰਜ ਸਵਰਨ ਸਿੰਘ ਚੰਦੀ ਨੇ ਦੱਸਿਆ ਕਿ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਇਸ ਖੇਡ ਮੇਲੇ 'ਚ ਕੁਸ਼ਤੀਆਂ ਦੌਰਾਨ ਪ੍ਰਸਿੱਧ ਪਹਿਲਵਾਨ ਭੋਲੂ ਦਿੱਲੀ, ਗੌਰਵ ਮਾਛੀਵਾੜਾ, ਪਹਿਲਵਾਨ ਲਵਪ੍ਰੀਤ ਮੇਵਾ ਸਿੰਘ ਵਾਲਾ, ਪਹਿਲਵਾਨ ਪ੍ਰਦੀਪ ਸਪਲੈਂਡਰ, ਪਹਿਲਵਾਨ ਭੁਪਿੰਦਰ ਅਜਨਾਲਾ, ਪਹਿਲਵਾਨ ਪ੍ਰਵੀਨ ਕੁਹਾਲੀ ਦਰਿਮਿਆਨ ਹੋ ਰਹੇ 3 ਪਟਕਿਆਂ ਲਈ ਇਨਾਮੀ ਕੁਸ਼ਤੀਆਂ ਹੋਣਗੀਆਂ | ਉਨ੍ਹਾਂ ਦੱਸਿਆ ਕਿ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੌਰਾਨ ਕੇਵਲ ਸੱਦੀਆਂ ਗਈਆਂ ਕਲੱਬਾਂ ਦੇ ਕਬੱਡੀ ਮੈਚ ਅਤੇ ਸੱਦੇ ਗਏ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਹੋਣਗੀਆਂ | ਇਸ ਮੌਕੇ ਸਮੁੱਚੇ ਪੰਚਾਇਤੀ ਨੁਮਾਇੰਦੇ, ਪਿੰਡ ਵਾਸੀ ਖੇਡ ਪ੍ਰਮੋਟਰ ਅਤੇ ਖੇਡ ਪ੍ਰੇਮੀ ਹਾਜਰ ਸਨ |