ਨੇਬਰਹੁੱਡ ਸਕੀਮ ਨਾਲ ਮਾਡਲ ਟਾਊਨ ਇਲਾਕੇ ਨੂੰ ਮਿਲੇਗੀ ਨਵੀਂ ਦਿੱਖ
ਅਜੀਤ ਡੈਸਕ
22-11-2025
ਜਲੰਧਰ, 21 ਨਵੰਬਰ (ਸ਼ਿਵ)-ਕੇਂਦਰ ਦੀ ਨੇਬਰਹੁੱਡ ਸਕੀਮ ਨਾਲ ਮਾਡਲ ਟਾਊਨ ਮਾਰਕੀਟ ਦੇ ਇਲਾਕੇ ਨੂੰ ਨਿਗਮ ਵਲੋਂ ਖ਼ੂਬਸੂਰਤ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਕੇਂਦਰ ਵਲੋਂ ਇਸ ਲਈ 6.24 ਕਰੋੜ ਦੀ ਗਰਾਂਟ ਦਿੱਤੀ ਗਈ ਹੈ ਜਿਸ ਨਾਲ ਇਸ ਇੱਕ ਖ਼ਾਸ ਇਲਾਕੇ ਵਿਚ ਲੋਕਾਂ ਦੇ ਪੈਦਲ ਚੱਲਣ ਲਈ ਫੁੱਟਪਾਥ ਬਣਾਉਣ ਤੋਂ ਇਲਾਵਾ ਹੋਰ ਵੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਪੈਦਲ ਨਾ ਚੱਲਣਾ ਪਵੇ | ਇਹ ਫ਼ੰਡ ਇੱਕ ਇਲਾਕੇ ਨੂੰ ਵਧੀਆ ਬਣਾਉਣ ਲਈ ਖ਼ਰਚ ਕੀਤਾ ਜਾਵੇਗਾ | ਇਸ ਇਲਾਕੇ ਵਿਚ ਲੋਕਾਂ, ਬੱਚਿਆਂ ਲਈ ਪੈਦਲ ਚੱਲਣ ਲਈ ਫੁੱਟਪਾਥ ਬਣਾਏ ਜਾਣੇ ਹਨ ਤਾਂ ਜੋ ਇਸ ਦੇ ਨਾਲ ਲੱਗਦੇ ਸਕੂਲਾਂ ਵਿਚ ਬੱਚੇ ਤੇ ਲੋੜ ਪੈਣ 'ਤੇ ਲੋਕਾਂ ਨੂੰ ਨੇੜਲੇ ਹਸਪਤਾਲ ਜਾਣ ਲਈ ਕੋਈ ਪ੍ਰੇਸ਼ਾਨੀ ਨਾ ਹੋ ਸਕੇ | ਇਸ ਕੰਮ ਲਈ ਨਿਗਮ ਵਲੋਂ ਟੈਂਡਰ ਲਗਾ ਦਿੱਤਾ ਗਿਆ ਹੈ | ਗੁਰਦੁਆਰਾ ਸਾਹਿਬ, ਮਾਤਾ ਰਾਣੀ ਚੌਕ, ਮੇਅਰ ਨਿਵਾਸ ਦੇ ਆਲ਼ੇ ਦੁਆਲੇ ਵੀ ਕਾਫੀ ਟ੍ਰੈਫਿਕ ਰਹਿੰਦਾ ਹੈ ਤੇ ਇਸ ਨੂੰ ਕੰਟਰੋਲ ਕਰਨ ਲਈ ਵੀ ਨਿਗਮ ਵਲੋਂ ਉਪਾਅ ਕੀਤੇ ਜਾਣਗੇ | ਇਸ ਸਕੀਮ ਦੇ ਤਹਿਤ ਜਿਹੜੇ-ਜਿਹੜੇ ਕੰਮ ਹੋਣਗੇ, ਉਨ੍ਹਾਂ ਵਿਚ ਫੁੱਟਪਾਥਾਂ ਤੋਂ ਇਲਾਵਾ ਫੈਂਸੀ ਲਾਈਟ, ਪਾਰਕਿੰਗ ਲਈ ਥਾਂ, ਮਾਰਕੀਟ 'ਚ ਸਪੀਡ ਤੈਅ ਕਰਨ ਬਾਰੇ , ਸਾਈਨ ਬੋਰਡ, ਰੋਡ ਮਾਰਕੀਟ ਸ਼ਾਮਿਲ ਹੈ | ਨਿਗਮ ਨੇ ਇਸ ਕੰਮ ਲਈ ਟੈਂਡਰ ਲਗਾ ਦਿੱਤੇ ਹਨ | ਮੇਅਰ ਵਨੀਤ ਧੀਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਇਲਾਕੇ 'ਚ ਕਾਫੀ ਸੁਧਾਰ ਹੋਣਗੇ ਤੇ ਇਸ ਤੋਂ ਇਲਾਵਾ ਹੋਰ ਵੀ ਦੂਜੇ ਇਲਾਕਿਆਂ ਵਿਚ ਸੁਧਾਰ ਦੇ ਕੰਮ ਕੀਤੇ ਜਾਣਗੇ |