ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ 20 ਨਵੰਬਰ ਤੋਂ 24 ਨਵੰਬਰ ਤੱਕ ਵੱਡੇ ਪੱਧਰ 'ਤੇ ਸਮਾਗਮ ਕਰਵਾਏ ਜਾ ਰਹੇ ਹਨ, ਉੱਥੇ 23 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਇਸ ਮਹਾਨ ਉਪਰਾਲੇ ਤਹਿਤ ਵੱਡੇ ਪੱਧਰ 'ਤੇ ਉਲੀਕੇ ਗਏ ਸਮਾਗਮਾਂ ਦੀ ਚੜ੍ਹਦੀਕਲਾ 'ਚ ਆਪਣਾ ਯੋਗਦਾਨ ਪਾਉਣ ਲਈ ਗੁਰੂ ਤੇਗ ਬਹਾਦੁਰ ਖ਼ਾਲਸਾ ਨੌਜਵਾਨ ਸਭਾ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਅਤੇ ਉਨ੍ਹਾਂ ਦੇ ਮੈਂਬਰਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕਮਰਕੱਸਾ ਕੀਤਾ ਹੋਇਆ ਹੈ | ਆਪਣੇ ਸਾਥੀਆਂ ਨਾਲ 'ਅਜੀਤ' ਭਵਨ ਵਿਖੇ ਪਹੁੰਚੇ ਸਭਾ ਦੇ ਪ੍ਰਧਾਨ ਗੱਗੀ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 23 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਰੇਨਬੋ ਰੋਡ, ਬਾਈ ਜੀ ਨਿਊਟਰੀ ਕੁਲਚੇ ਵਾਲੇ, ਕੇ. ਐੱਫ਼. ਸੀ., ਕਿੰਗ ਸ਼ੂਜ਼, ਗਾਬਾ ਗ੍ਰੈਂਡ ਮਾਲ, ਬਾਬਾ ਪ੍ਰਾਪਰਟੀ ਡੀਲਰ, ਮਾਡਲ ਟਾਊਨ ਮਾਰਕੀਟ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਨਾਲ (ਆਰ. ਐੱਸ. ਕਾਲੜਾ, ਸੀ.ਏ.) ਵਾਲੀ ਗਲੀ, ਗੁਰੂ ਤੇਗ ਬਹਾਦਰ ਚੌਕ, ਮੈਨਬਰੋ, ਭਾਈ ਦਿਆਲਾ ਜੀ ਪਾਰਕ (ਟੈਂਕੀ ਵਾਲਾ) ਵਾਲੀ ਗਲੀ ਤੋਂ ਅੱਗੋਂ ਪਿ੍ਥਵੀ ਪਲੈਨਟ ਤੋਂ ਭਾਈ ਜੈਤਾ ਜੀ ਮਾਰਕੀਟ, ਭਾਈ ਮਤੀ ਦਾਸ ਜੀ ਪਾਰਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | ਗੱਗੀ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਦੇ ਮੈਂਬਰ ਨਗਰ ਕੀਰਤਨ ਦੌਰਾਨ ਮਾਰਗ ਦੀ ਸਫ਼ਾਈ ਦੇ ਨਾਲ-ਨਾਲ ਪਾਲਕੀ ਸਾਹਿਬ ਅੱਗੇ ਪਾਣੀ ਦਾ ਛਿੜਕਾਅ, ਫੁੱਲਾਂ ਦੀ ਵਰਖਾ, ਨਗਰ ਕੀਰਤਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸ 'ਚ ਸ਼ਾਮਲ ਸੰਗਤ ਦੀ ਸਹੂਲਤ ਦਾ ਧਿਆਨ ਰੱਖਣ ਦੀਆਂ ਸੇਵਾਵਾਂ ਨਿਭਾਉਣਗੇ | ਗੱਗੀ ਨੇ ਦਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਲੀਕੇ ਅਤੇ ਚੱਲ ਰਹੇ ਸਮਾਗਮਾਂ ਦੌਰਾਨ ਵੀ ਸਭਾ ਦੇ ਮੈਂਬਰ ਲੰਗਰ ਵਰਤਾਉਣ ਅਤੇ ਹੋਰ ਸੇਵਾਵਾਂ ਨੂੰ ਬੜੇ ਉਤਸ਼ਾਹ ਨਾਲ ਨਿਭਾਅ ਰਹੇ ਹਨ | ਗੱਗੀ ਅਤੇ ਹੋਰ ਮੈਂਬਰਾਂ ਵਲੋਂ ਸੰਗਤ ਨੂੰ ਪਰਿਵਾਰਾਂ ਸਹਿਤ ਨਗਰ ਕੀਰਤਨ 'ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ | ਇਸ ਮੌਕੇ ਜਤਿੰਦਰ ਸਿੰਘ ਮੌਂਟੀ, ਮਨਦੀਪ ਸਿੰਘ, ਜਸਕੀਰਤ ਸਿੰਘ ਜੱਸੀ, ਹਰਜੋਤ ਸਿੰਘ ਅਤੇ ਪ੍ਰਭਜੋਤ ਸਿੰਘ ਮੌਜੂਦ ਸਨ |