ਦੀਵਾਨ ਬੈੱਡ 'ਤੇ ਲੇਟੀ ਹੋਈ ਕੋਮਲ ਇਕ ਟੱਕ ਛਤ ਵੱਲ ਵੇਖ ਰਹੀ। ਇਹ ਬੈੱਡ, ਇਹ ਛੱਤ, ਹੁਣ ਉਸ ਦੇ ਰੋਜ਼ ਦੇ ਸਾਥੀ ਸਨ। ਕੋਮਲ ਦਾ ਚਿਹਰਾ ਹੁਣ ਇਨ੍ਹਾਂ ਕੰਧਾਂ ਤੋਂ ਸਿਵਾ ਹੋਰ ਕੁਝ ਨਾ ਵੇਖਦਾ। ਉਹ ਚੌਵੀ ਘੰਟੇ ਇਸੇ ਬੈੱਡ 'ਤੇ ਲੇਟ, ਇਨ੍ਹਾਂ ਕੰਧਾਂ ਨੂੰ ਨਿਹਾਰਦੀ ਰਹਿੰਦੀ। ਉਸ ਦਾ ਗੁਲਾਬ ਵਾਂਗਰ ਮਹਿਕਦਾ ਚਿਹਰਾ, ਹਲਦੀ ਵਾਂਗ ਪੀਲਾ ਪੈ ਚੁੱਕਾ ਸੀ। ਉਸ ਦੀਆਂ ਕਜਰਾਰੀਆਂ ਅੱਖਾਂ, ਜੋ ਉਹ ਹਮੇਸ਼ਾ ਕਜਲੇ ਨਾਲ ਤਰ ਰੱਖਦੀ ਸੀ, ਹੁਣ ਕਾਜਲ ਵਰਗੀ ਕਾਲਖ ਉਨ੍ਹਾਂ ਅੱਖਾਂ ਦੇ ਇਰਦ-ਗਿਰਦ ਜੰਮ ਚੁੱਕੀ ਸੀ। ਉਸ ਨੂੰ ਆਪਣੀਆਂ ਅੱਖਾਂ ਬਹੁਤ ਸੋਹਣੀਆਂ ਲਗਦੀਆਂ ਸਨ। ਉਸ ਦੇ ਮਨ ਦੇ ਭਾਵ, ਜ਼ਿਆਦਾਤਰ, ਉਸ ਦੀਆਂ ਅੱਖਾਂ ਹੀ ਬਿਆਨ ਕਰਦੀਆਂ ਸਨ। ਮੈਨੂੰ ਅੱਜ ਵੀ ਯਾਦ ਹੈ ਉਸ ਦੇ ਘਰ ਜਦ ਵੀ ਕੋਈ ਮਹਿਮਾਨ ਆਉਂਦਾ, ਉਹ ਹੱਥ ਜੋੜ ਸਤਿ ਸ਼੍ਰੀ ਅਕਾਲ ਨਾ ਕਹਿੰਦੀ। ਬਸ ਆਪਣੀਆਂ ਅੱਖਾਂ ਦੀਆਂ ਪਲਕਾਂ ਝੁਕਾ ਲੈਂਦੀ। ਮੈਂ ਕਹਿਣਾ-
ਕੋਮਲ, ਇੰਝ ਕਿਉਂ ਕਰਦੀ ਹੈਂ? ਇਹ ਮਹਿਮਾਨ ਦਾ ਨਿਰਾਦਰ ਕਰਨਾ ਹੈ।
ਉਹ ਹੱਸ ਕੇ ਕਹਿੰਦੀ-ਮੇਰਾ ਸਟਾਈਲ ਹੈ, ਮੈਨੂੰ ਏਦਾਂ ਹੀ ਚੰਗਾ ਲਗਦਾ ਹੈ। ਹਰ ਕਿਸੇ ਦੇ ਮੁਹਰੇ ਹੱਥ ਬੰਨ ਕੇ ਖੜ੍ਹੇ ਹੋ ਜਾਓ, ਭਲਾ ਇਹ ਵੀ ਕੋਈ ਗੱਲ ਹੈ!
ਮੈਂ ਜ਼ੁਬਾਨ ਤੋਂ ਜ਼ਿਆਦਾ ਅੱਖਾਂ ਨਾਲ ਬੋਲਦੀ ਹਾਂ। ਮੇਰੀਆਂ ਅੱਖਾਂ ਨੇ ਮੇਰੀ ਭਾਸ਼ਾ ਸਿੱਖ ਲਈ ਹੈ।
ਇਹ ਕਹਿ ਕੇ ਉਹ ਖਿੜਖਿੜਾ ਕੇ ਹੱਸ ਪੈਂਦੀ। ਉਸ ਨੂੰ ਵਾਰ-ਵਾਰ ਸ਼ੀਸ਼ਾ ਵੇਖਣ ਦੀ ਆਦਤ ਸੀ। ਜਦ ਵੀ ਉਸ ਨੂੰ ਲਗਦਾ, ਕਾਜਲ ਘਟ ਹੋ ਗਿਆ ਹੈ ਤਾਂ ਉਹ ਝੱਟ ਕਜਲੇ ਦੀਆਂ ਦੋ ਸਲਾਈਆਂ ਆਪਣੀਆਂ ਅੱਖਾਂ ਵਿਚ ਫੇਰ ਲੈਂਦੀ ਤੇ ਬਹੁਤ ਖੁਸ਼ ਹੋ ਜਾਂਦੀ ਤੇ ਕਹਿੰਦੀ ਹੈ ਕੋਈ ਮੁਕਾਬਲਾ ਇਨ੍ਹਾਂ ਅੱਖਾਂ ਦਾ! ਪਰ, ਅੱਜ ਲਗਦਾ ਸੀ, ਉਹ ਸਾਰਾ ਕਾਜਲ ਉਸ ਦੀਆਂ ਅੱਖਾਂ ਦੇ ਦੁਆਲੇ ਜੰਮ ਗਿਆ ਹੈ। ਉਸ ਦੀਆਂ ਹਰ ਪਲ ਮਸਤੀ ਵਿਚ ਝੂਮਦੀਆਂ ਅੱਖਾਂ ਅੱਜ ਮੈਨੂੰ ਡਰਾਵਨੀਆਂ ਲਗ ਰਹੀਆਂ ਸਨ।
ਉਸ ਦੇ ਲੰਮੇ ਵਾਲ ਅੱਧੇ ਤੋਂ ਜ਼ਿਆਦਾ ਝੜ ਚੁੱਕੇ ਸਨ। ਉਹ ਕੁਝ ਵੀ ਨਹੀਂ ਸੀ ਬੋਲਦੀ, ਬਸ ਘਰ ਦੇ ਸਟੋਰ ਰੂਮ ਵਿਚ ਬੂਹਾ ਭੇੜ ਪਈ ਰਹਿੰਦੀ, ਚੁੱਪ ਚਾਪ, ਬਿਲਕੁਲ ਖਾਮੋਸ਼। ਬੇਜਾਨ ਜਿਹੀ ਲੱਗ ਰਹੀ ਸੀ। ਹਰ ਪਲ ਚਿੜੀਆਂ ਦੀ ਤਰ੍ਹਾਂ ਚਹਿਕਣ ਵਾਲੀ ਕੋਮਲ, ਮਿੱਟੀ ਦੇ ਬੁੱਤ ਵਾਂਗ ਜਾ ਰਹੀ ਸੀ। ਉਸ ਦੀ ਚੁੱਪ ਮੈਨੂੰ ਬਹੁਤ ਖਲਦੀ। ਮੈਂ ਵੀ ਬੇਵੱਸ ਸੀ। ਉਸ ਦੇ ਦੁੱਖ ਦਾ ਮੇਰੇ ਕੋਲ ਵੀ ਕੋਈ ਇਲਾਜ ਨਹੀਂ ਸੀ। ਉਸ ਦਾ ਸਾਰਾ ਪਰਿਵਾਰ ਵੀ ਉਸ ਦੀ ਹਾਲਤ ਤੋਂ ਪ੍ਰੇਸ਼ਾਨ ਸੀ ਪਰ ਕੋਈ ਵੀ ਉਸ ਦਾ ਮਰਜ਼ ਨਾ ਸਮਝ ਸਕਿਆ। ਡਾਕਟਰੀ ਇਲਾਜ ਵੀ ਬੇਅਸਰ ਹੋ ਚੁੱਕਾ ਸੀ। ਉਸ ਨੂੰ ਹਰ ਵਕਤ ਸਿਰ ਵਿਚ ਦਰਦ ਰਹਿੰਦੀ ਸੀ। ਡਾਕਟਰ ਦਾ ਕਹਿਣਾ ਸੀ ਕਿ ਕੋਈ ਬਚਪਨ ਵਿਚ ਸੱਟ ਲੱਗੀ ਹੋਵੇਗੀ ਜਾਂ ਕੋਈ ਡਰ ਇਸ ਦੇ ਅੰਦਰ ਘਰ ਕਰ ਚੁੱਕਾ ਹੈ ਵਕਤ ਨਾਲ ਠੀਕ ਹੋ ਜਾਵੇਗੀ। ਉਸ ਨੂੰ ਲਗਾਤਾਰ ਆਰਾਮ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਦਾ ਉਸ 'ਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਦਿਨ ਬਦਿਨ ਕਮਜ਼ੋਰ ਹੋ ਰਹੀ ਸੀ।
ਅੱਜ ਕਿਸੇ ਦੇ ਮਸ਼ਵਰੇ 'ਤੇ ਉਸ ਨੂੰ ਕਿਸੇ ਸਿਆਣੇ ਕੋਲ ਲੈ ਜਾਣਾ ਸੀ ਪਰ ਉਹ ਜਾਣ ਲਈ ਤਿਆਰ ਨਹੀਂ ਸੀ। ਇਸ ਲਈ ਉਸ ਦੀ ਭੈਣ ਮੈਨੂੰ ਬੁਲਾਉਣ ਆਈ ਤਾਂ ਕਿ ਮੈਂ ਉਸ ਨੂੰ ਮਨਾ ਕੇ ਲੈ ਚੱਲਾਂ। ਮੈਂ ਤੇ ਕੋਮਲ ਦੋਵੇਂ ਇਕੋ ਕਲਾਸ ਵਿਚ ਪੜ੍ਹਦੀਆਂ ਸੀ ਤੇ ਸਾਡੇ ਘਰ ਵੀ ਨਾਲ ਨਾਲ ਹੋਣ ਕਾਰਨ ਸਾਡੀ ਆਪਸੀ ਸਾਂਝ ਚੰਗੀ ਸੀ। ਦੋਵੇਂ ਇਕ ਦੂਜੇ ਦੀ ਹਰ ਗੱਲ ਜਾਣਦੀਆਂ ਤੇ ਸਮਝਦੀਆਂ ਸਾਂ। ਪੜ੍ਹਦੀਆਂ ਤੇ ਅਸੀਂ ਕੰਨਿਆ ਵਿਦਿਆਲੇ ਸੀ ਪਰ ਸਾਡੇ ਟਿਊਸ਼ਨ ਸੈਂਟਰ ਵਿਚ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਸੀ। ਉਸ ਨਾਲ ਕੀ ਹਾਦਸਾ ਹੋਇਆ, ਮੈਂ ਸਭ ਜਾਣਦੀ ਸਾਂ ਪਰ ਕਿਸੇ ਨੂੰ ਕੁਝ ਦੱਸਣਾ ਨਹੀਂ ਸਾਂ ਚਾਹੁੰਦੀ। ਉਸ ਦਾ ਪਰਿਵਾਰ ਵੀ ਮੇਰੇ ਪਰਿਵਾਰ ਦੀ ਤਰ੍ਹਾਂ ਬਹੁਤ ਸਖਤ ਮਿਜ਼ਾਜ ਲੋਕਾਂ ਦਾ ਸੀ ਜਿੱਥੇ ਧੀਆਂ ਨੂੰ ਬਹੁਤ ਪਾਬੰਦੀਆਂ ਸਨ ।
ਫਿਰ ਕੋਮਲ ਦੇ ਤਾਂ ਭਰਾ ਵੀ ਉਸ ਤੋਂ ਵੱਡੇ ਸਨ। ਹਰ ਵਕਤ ਟੋਕਣਾ ਤੇ ਡਰਾ ਕੇ ਰੱਖਣਾ ਆਪਣਾ ਹੱਕ ਸਮਝਦੇ ਸਨ ਜੋ ਕਾਫੀ ਹੱਦ ਤੱਕ ਜਾਇਜ਼ ਵੀ ਸੀ। ਇਸੀ ਡਰ ਕਾਰਨ ਮੈਨੂੰ ਵੀ ਸਭ ਕੁਝ ਛੁਪਾ ਕੇ ਰੱਖਣਾ ਪਿਆ ਸੀ। ਮੇਰੇ ਮਜਬੂਰ ਕਰਨ 'ਤੇ ਕੋਮਲ ਜਾਣ ਲਈ ਰਾਜ਼ੀ ਹੋ ਗਈ। ਉਸ ਨੂੰ ਸ਼ਹਿਰ ਤੋਂ ਦੂਰ ਨਵਾਂ ਸ਼ਹਿਰ ਕੋਲ ਕਿਸੇ ਦਰਗਾਹ 'ਤੇ ਲਿਜਾਇਆ ਗਿਆ। ਉੱਥੇ ਬਹੁਤ ਲੋਕਾਂ ਦੀ ਭੀੜ ਸੀ। ਉਪਰੋਂ ਭਿਆਨਕ ਜਿਹੀਆਂ ਆਵਾਜ਼ਾਂ, ਬੜਾ ਅਜੀਬ ਜਿਹਾ ਮਾਹੌਲ ਸੀ। ਕੋਮਲ ਵਾਰ-ਵਾਰ ਦਰਵਾਜ਼ੇ ਤੋਂ ਬਾਹਰ ਨੱਸਦੀ। ਉਸ ਨੂੰ ਇਸ ਮਾਹੌਲ ਤੋਂ ਪਰੇਸ਼ਾਨੀ ਹੋ ਰਹੀ ਸੀ। ਕਮਰਾ ਅਗਰਬੱਤੀ ਦੇ ਧੂੰਏਂ ਨਾਲ ਭਰਿਆ ਹੋਇਆ ਸੀ। ਸਾਹ ਲੈਣਾ ਵੀ ਮੁਸ਼ਕਿਲ ਸੀ। ਉੱਪਰੋਂ ਇਹ ਵੀ ਡਰ ਸੀ ਕਿ ਜੇਕਰ ਸੱਚਾਈ ਬਿਆਨ ਹੋ ਗਈ ਤਾਂ... ਇਸੀ ਕਾਰਨ ਕੋਮਲ ਆਉਣਾ ਨਹੀਂ ਸੀ ਚਾਹੁੰਦੀ। ਇਤਨੇ ਨੂੰ ਮੌਲਵੀ ਜੀ ਦੀ ਨਜ਼ਰ ਪੈ ਗਈ। ਬੋਲੇ- ਬੱਚੀ ਨੂੰ 'ਚੀਜ਼' ਤੰਗ ਕਰ ਰਹੀ ਹੈ। ਇਸ ਦੇ ਵੱਸ ਦੀ ਗੱਲ ਨਹੀਂ ਹੈ। ਸਾਡੀ ਪਵਿੱਤਰ ਜਗ੍ਹਾ 'ਤੇ ਉਹ ਟਿੱਕ ਨਹੀਂ ਰਹੀ।'
ਉਸ ਦਾ ਨਾਂਅ ਪੁੱਛਿਆ। ਹੋਰ ਦੋ ਚਾਰ ਸਵਾਲ ਪੁੱਛਣ ਤੋਂ ਬਾਅਦ ਬੋਲੇ, 'ਇਸ ਨੂੰ ਜੋਗਣ ਚਮੜ ਗਈ ਹੈ। ਸਿਖਰ ਦੁਪਹਿਰੇ ਸਜ ਧਜ ਕੇ ਬਾਹਰ ਗਈ ਸੀ। ਹੁਣ ਠੀਕ ਹੋ ਜਾਵੇਗੀ, ਚਿੰਤਾ ਨਾ ਕਰੋ। ਬਸ ਪੰਜ ਫਾਂਡੇ ਕਰਵਾਉਣੇ ਹਨ।'
ਹੁਣ ਉਸ ਨੂੰ ਹਰ ਵੀਰਵਾਰ ਦਰਗਾਹ 'ਤੇ ਲਿਜਾਇਆ ਜਾਂਦਾ। ਘਰੋਂ ਬਾਹਰ ਨਿਕਲਣਾ, ਖੁੱਲ੍ਹੀ ਹਵਾ ਵਿਚ ਸਾਹ ਲੈਣਾ, ਬਾਹਰੀ ਦੁਨੀਆਂ ਵੇਖਣ ਨਾਲ ਕੋਮਲ ਦੇ ਸੁਭਾਅ ਵਿਚ ਕੁਝ ਤਬਦੀਲੀ ਆ ਗਈ, ਪਰ ਉਸ ਦਾ ਕ੍ਰੈਡਿਟ ਤਾਂ ਮੌਲਵੀ ਜੀ ਲੈ ਗਏ। ਕਾਰਨ ਕੁਝ ਵੀ ਹੋਵੇ; ਕੋਮਲ ਬੋਲ ਰਹੀ ਸੀ, ਚੰਗੇ ਢੰਗ ਨਾਲ ਖਾ-ਪੀ ਰਹੀ ਸੀ ਮੁਹੱਲੇ ਦੇ ਕਾਫੀ ਲੋਕਾਂ ਨੇ ਦਰਗਾਹ ਦੀਆਂ ਰੌਣਕਾਂ ਵਧਾ ਦਿੱਤੀਆਂ ਸਨ।
ਕੋਮਲ ਦੀ ਹਾਲਤ ਵਿਚ ਸੁਧਾਰ ਹੋਣਾ ਵੀ ਸਮੱਸਿਆ ਵਧਾ ਗਿਆ। ਹੁਣ ਉਸ ਨੂੰ ਰਹਿ ਰਹਿ ਕੇ ਉਸ ਦੀਆਂ ਯਾਦਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ। ਜੋ ਉਸ ਦੇ ਦਿਲ-ਦਿਮਾਗ 'ਤੇ ਡੂੰਘੀ ਛਾਪ ਛੋੜ ਗਈਆਂ ਸਨ। ਅਸੀਂ ਦਸਵੀਂ ਜਮਾਤ ਵਿਚ ਪੜ੍ਹਦੀਆਂ ਸੀ ਬੋਰਡ ਦੇ ਪੇਪਰ ਹੋਣ ਕਾਰਨ ਟਿਊਸ਼ਨ ਕਲਾਸ ਵਿਚ ਵੀ ਜਾਂਦੀਆਂ ਸੀ। ਉੱਥੇ ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਸਨ। ਸਾਡੇ ਨਾਲ ਪੜ੍ਹਨ ਵਾਲਾ ਇਕ ਲੜਕਾ ਕੋਮਲ ਨੂੰ ਬਹੁਤ ਪਸੰਦ ਕਰਦਾ ਸੀ। ਉੱਚਾ-ਲੰਮਾ ਸੋਹਣਾ ਤੇ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ। ਮਾਸਟਰ ਜੀ ਹਫਤੇ ਵਿਚ ਦੋ ਵਾਰੀ ਟੈਸਟ ਲੈਂਦੇ ਸਨ ਤੇ ਸਾਡੀਆਂ ਕਾਪੀਆਂ ਚੈੱਕ ਕਰਨ ਦੀ ਡਿਊਟੀ ਅਸ਼ੋਕ ਦੀ ਹੁੰਦੀ ਤੇ ਇਸ ਕਾਰਨ ਅਸ਼ੋਕ ਨੂੰ ਕੁੜੀਆਂ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਂਦਾ। ਅਸ਼ੋਕ ਕਾਫੀ ਗਰੀਬ ਪਰਿਵਾਰ ਤੋਂ ਸੀ। ਚਾਰ ਭੈਣਾਂ ਦਾ ਇਕ ਭਰਾ। ਮਾਂ ਮਰ ਚੁੱਕੀ ਸੀ ਇਸ ਕਾਰਨ ਕੋਮਲ ਉਸ ਦੀ ਹਰ ਗੱਲ ਦਾ ਧਿਆਨ ਰੱਖਦੀ। ਉਸ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਤੋਹਫੇ ਦੇ ਰੂਪ ਵਿਚ ਪੂਰੀਆਂ ਕਰ ਦੇਂਦੀ। ਇਹ ਤੋਹਫੇ ਅਸ਼ੋਕ ਨੂੰ ਪੂਰੀ ਤਰ੍ਹਾਂ ਕੋਮਲ ਵੱਲ ਕੇਂਦ੍ਰਿਤ ਕਰ ਲੈਂਦੇ। ਮਾਸਟਰ ਜੀ ਬਹੁਤ ਸਖਤ ਮਿਜਾਜ਼ ਦੇ ਸਨ। ਗੱਲਬਾਤ ਦਾ ਮੌਕਾ ਨਾ ਮਿਲਦਾ। ਇਸ ਲਈ ਦੋਵੇਂ ਆਪਣੀਆਂ ਗੱਲਾਂ ਕਰਨ ਲਈ ਪਿਆਰ ਭਰੇ ਖਤਾਂ ਦਾ ਵਟਾਂਦਰਾ ਕਰਨ ਲੱਗ ਗਏ। ਇਨ੍ਹਾਂ ਖਤਾਂ ਰਾਹੀਂ ਥੋੜ੍ਹੀ ਜਿਹੀ ਦੋਸਤੀ ਪਿਆਰ ਵਿਚ ਬਦਲਦੇ ਦੇਰ ਨਾ ਲੱਗੀ। ਪੇਪਰ ਹੋ ਗਏ, ਕਾਲਜ ਜਾਣ ਦੀ ਤਿਆਰੀ ਹੋ ਗਈ ਤੇ ਪੈਸੇ ਦੀ ਕਮੀ ਕਾਰਨ ਅਸ਼ੋਕ ਨੇ ਅੱਗੋਂ ਪੜ੍ਹਾਈ ਜਾਰੀ ਨਾ ਰੱਖੀ। ਹੁਣ ਉਹ ਕਿਸੇ ਕੋਲ ਨੌਕਰੀ ਕਰਨ ਲੱਗ ਗਿਆ। ਹੁਣ ਮਿਲਣ ਦਾ ਮੌਕਾ ਤਾਂ ਨਾ ਮਿਲਦਾ ਪਰ ਖਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ। ਕੋਮਲ ਦੇ ਰੋਮ-ਰੋਮ ਵਿਚ ਅਸ਼ੋਕ ਦੀ ਮੁਹੱਬਤ ਵਸ ਚੁੱਕੀ ਸੀ। ਉਸ ਦਾ ਇਕ ਦਿਨ ਵੀ ਉਸ ਨੂੰ ਬਿਨਾਂ ਦੇਖੇ ਨਾ ਗੁਜ਼ਰਦਾ। ਅੱਲ੍ਹੜ ਜਿਹੀ ਉਮਰ ਵਿਚ ਕੋਮਲ ਦੀਵਾਨੀ ਹੋ ਚੁੱਕੀ ਸੀ। ਉਸ ਦੀ ਹਰ ਗੱਲ ਅਸ਼ੋਕ ਤੋਂ ਸ਼ੁਰੂ ਹੋ ਅਸ਼ੋਕ 'ਤੇ ਖਤਮ ਹੁੰਦੀ ਪਰ ਦੋਨਾਂ ਨੂੰ ਕਦੇ ਮਿਲਣ ਦਾ ਮੌਕਾ ਨਹੀਂ ਮਿਲਦਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-275-ਏ, ਮੇਨ ਰੋਡ, ਪ੍ਰੀਤ ਨਗਰ, ਨੇੜੇ ਗੁਰਦੁਆਰਾ ਗੁਰੂ ਅੰਗਦ ਦੇਵ ਜੀ, ਜੰਮੂ।
ਮੋਬਾਈਲ : 91 77809-42256