ਵਰਤਮਾਨ ਵਿਚ ਪੰਜਾਬੀ ਗ਼ਜ਼ਲ ਦਾ ਆਉਣ ਵਾਲਾ ਕੱਲ੍ਹ ਸੰਭਾਲਣ ਵਾਲਿਆਂ ਦੀ ਹੁਣ ਕੋਈ ਕਮੀ ਨਹੀਂ ਹੈ, ਜ਼ਰੂਰਤ ਹੈ ਉਨ੍ਹਾਂ ਲਈ ਜਗ੍ਹਾ ਛੱਡੀ ਜਾਵੇ ਤੇ ਉਤਸ਼ਾਹਿਤ ਕੀਤਾ ਜਾਵੇ। ਰਜਨੀ ਸ਼ਰਮਾ ਵੀ ਗ਼ਜ਼ਲ ਸਿਰਜਣਾ ਵਿਚ ਨਵਾਂ ਪ੍ਰਵੇਸ਼ ਹੈ ਪਰ ਉਸ ਦੀਆਂ ਗ਼ਜ਼ਲਾਂ ਨਿਹਾਇਤ ਖ਼ੂਬਸੂਰਤ ਤੇ ਪਰਪੱਕ ਹੁੰਦੀਆਂ ਹਨ। ਉਸ ਦੀ ਗ਼ਜ਼ਲਕਾਰੀ ਮਜ਼ਲੂਮਾਂ ਤੇ ਦੁਰਕਾਰਿਆਂ ਦੀ ਧਿਰ ਬਣਦੀ ਹੈ ਅਤੇ ਉਸ ਦੇ ਸ਼ਿਅਰ ਮਹਿਜ਼ ਮਨੋਰੰਜਨ ਤਕ ਸੀਮਤ ਨਹੀਂ ਹਨ ਸਗੋਂ ਤਲਵਾਰ ਦੀ ਤਿੱਖੀ ਧਾਰ ਵਰਗੇ ਹੁੰਦੇ ਹਨ। ਗ਼ਜ਼ਲਕਾਰਾ ਰਜਨੀ ਸ਼ਰਮਾ ਵਰਗੀਆਂ ਕਲਮਾਂ ਕਾਰਨ ਗ਼ਜ਼ਲ ਖ਼ੇਤਰ ਵਿਚ ਔਰਤਾਂ ਦੀ ਨਫ਼ਰੀ ਵਧੀ ਹੈ ਤੇ ਬੀਤੇ ਦੀ ਕਮੀ ਪੂਰਨ ਹੁੰਦੀ ਨਜ਼ਰ ਆ ਰਹੀ ਹੈ। ਉਸ ਨੇ ਕਹਾਣੀਆਂ ਵੀ ਲਿਖੀਆਂ ਹਨ ਪਰ ਉਸ ਦੀ ਪਹਿਚਾਣ ਇਕ ਗ਼ਜ਼ਲਕਾਰਾ ਵਜੋਂ ਵੱਡੀ ਹੈ। ਰਜਨੀ ਸ਼ਰਮਾ ਕਿੱਤੇ ਵਜੋਂ ਅਧਿਆਪਕਾ ਹੈ ਤੇ ਨਵੇਂ ਸ਼ਹਿਰ ਉਸ ਦੀ ਰਿਹਾਇਸ਼ਗਾਹ ਹੈ। ਰਜਨੀ ਦੀ ਇਕ ਪੁਸਤਕ 'ਕਤਰਾ ਵੀ ਇਕ ਸਮੁੰਦਰ' ਛਪ ਚੁੱਕੀ ਹੈ। ਪੇਸ਼ ਹਨ ਏਸ ਗ਼ਜ਼ਲਕਾਰਾ ਦੀਆਂ ਦੋ ਗ਼ਜ਼ਲਾਂ- ਮੋਬਾਈਲ : 99884-44002
ਆਲਸ ਤਿਆਗ ਦੇਵੋ, ਫ਼ਰਮਾਨ ਆ ਗਿਆ ਹੈ।
ਚੜ੍ਹਦੀ ਕਲਾ ਦਾ ਸਾਨੂੰ ਵਰਦਾਨ ਆ ਗਿਆ ਹੈ।
ਪੰਛੀ ਬਣਾ ਰਿਹਾ ਹੈ ਛੱਤ ਹੇਠ ਆਲ੍ਹਣਾ ਇਕ,
ਸਾਡੇ ਵੀ ਘਰ 'ਚ ਦੇਖੋ, ਮਹਿਮਾਨ ਆ ਗਿਆ ਹੈ।
ਅੱਖੀਆਂ ਚੋਂ ਹੰਝੂ ਜਿੱਦਾਂ ਛਲਕੇ ਨੇ ਬੇਮੁਹਾਰੇ,
ਲਗਦਾ ਹੈ ਦਿਲ 'ਚ ਕੋਈ ਤੂਫ਼ਾਨ ਆ ਗਿਆ ਹੈ।
ਕਲੀਆਂ ਮਸਲ ਮਸਲ ਕੇ ਉਹ ਕਹਿ ਰਿਹਾ ਹੈ ਸਾਨੂੰ,
ਗੁਲਸ਼ਨ 'ਚ ਜਾਪਦਾ ਹੈ ਸ਼ੈਤਾਨ ਆ ਗਿਆ ਹੈ।
ਸ਼ੀਸ਼ੇ 'ਚੋਂ ਅਕਸ ਉਸਦਾ, ਕਰਦਾ ਹੈ ਚੁਗਲੀਆਂ ਇਉਂ,
ਈਮਾਨ ਵੇਚ ਕੇ ਜਿਉਂ, ਇਨਸਾਨ ਆ ਗਿਆ ਹੈ।
ਧੱਕੀ ਹੈ ਜਿਸ ਨੇ ਕਿਸ਼ਤੀ ਤੂਫ਼ਾਨ ਵੱਲ ਨੂੰ ਖ਼ੁਦ ਹੀ,
ਲਗਦੈ ਮਲਾਹ ਕੋਈ ਨਾਦਾਨ ਆ ਗਿਆ ਹੈ।
*
*
ਦਿਲ ਦੀ ਤਹਿ ਨੂੰ ਅਕਸਰ ਖੋਲ੍ਹਣ ਲਗਦੇ ਨੇ।
ਖ਼ਬਰੇ ਕਾਹਤੋਂ ਹੰਝੂ ਬੋਲਣ ਲਗਦੇ ਨੇ।
ਇਸ਼ਕ ਹਕੀਕੀ ਰਹਿਮਤ ਜਿਸ 'ਤੇ ਹੋ ਜਾਂਦੀ,
ਉਹ ਬਸ ਤੇਰਾਂ ਤੇਰਾਂ ਤੋਲਣ ਲਗਦੇ ਨੇ।
ਹੀਰ ਸਲੇਟੀ ਜਦ ਵੀ ਲੱਭੇ ਰਾਂਝਣ ਨੂੰ,
ਕੈਦੋਂ ਵਰਗੇ ਵਿਸ ਕਿਉਂ ਘੋਲਣ ਲਗਦੇ ਨੇ।
ਇਸ਼ਕ ਨਮਾਜ਼ਾਂ ਪੜ੍ਹ ਪੜ੍ਹ ਆਸ਼ਿਕ ਮਸਤੀ ਵਿਚ,
ਆਪਣੀ ਸੂਲੀ ਆਪੇ ਟੋਲ੍ਹਣ ਲਗਦੇ ਨੇ।
ਜਿਹੜਾ ਬੰਦਾ ਸੱਚ ਨੂੰ ਸਜਦਾ ਕਰਦਾ ਹੈ,
ਉਸ ਨੂੰ ਹੀ ਫਿਰ ਪੱਥਰ ਟੋਲ੍ਹਣ ਲਗਦੇ ਨੇ।
ਢਾਈ ਹਰਫ਼ਾਂ ਦਾ ਗੁੜ ਜਾਵੇ ਜਦ ਅੰਦਰ,
ਗੂੰਗੇ ਬਣ ਕੇ ਨੁਕਤੇ ਬੋਲਣ ਲਗਦੇ ਨੇ।
ਆਕੜ ਹਊਮੈਂ ਅਪਣੇ ਅੰਦਰ ਭਰ ਲੋਕੀਂ,
ਮਿੱਟੀ ਨੂੰ ਮਿੱਟੀ ਵਿਚ ਰੋਲਣ ਲਗਦੇ ਨੇ।