ਆਂਢੀ-ਗੁਆਂਢੀ ਆ ਕੇ ਸੱਥਰ 'ਤੇ ਬੈਠ ਚੁੱਕੇ ਸਨ। ਘਰ ਅੰਦਰੋਂ ਲਗਾਤਾਰ ਰੌਣ ਦੀਆ ਆਵਾਜ਼ਾਂ ਆ ਰਹੀਆਂ ਸਨ, ਜੋ ਕਿਸੇ ਦੇ ਆਉਣ ਨਾਲ ਤੇਜ਼ ਹੋ ਜਾਂਦੀਆਂ ਤੇ ਫੇਰ ਹੁਬਕੀਆਂ, ਹਟਕੋਰਿਆ ਮਗਰੋਂ ਗੱਲਾਂ ਵਿਚ ਬਦਲ ਜਾਂਦੀਆਂ। ਇਹ ਕ੍ਰਮ ਲਗਾਤਾਰ ਜਾਰੀ ਸੀ।
ਬੇਬੇ ਨੂੰ ਸਾਥ ਛੱਡਿਆਂ ਅਜੇ ਬਹੁਤਾ ਟੈਮ੍ਹ ਨਹੀਂ ਸੀ ਹੋਇਆ। ਕੁਝ ਸਮਾਂ ਪਹਿਲਾਂ ਦੀ ਤਾਂ ਗੱਲ ਹੈ। ਇਕਦਮ ਏਵੇਂ ਹੋ ਜਾਵੇਗਾ, ਉਸ ਨੂੰ ਯਕੀਨ ਨਹੀਂ ਸੀ ਆ ਰਿਹਾ। ਉਹ ਸੁੰਨ ਜਿਹਾ ਬੈਠਿਆ ਸੀ ਅਤੇ ਕੁਝ ਉੱਥਲ-ਪੁੱਥਲ ਉਹਦੇ ਅੰਦਰ ਕੋਹਰਾਮ ਮਚਾ ਰਹੀ ਸੀ।
ਬਾਪੂ ਛੇ-ਕੁ ਮਹੀਨੇ ਪਹਿਲਾਂ ਆਪਣੀ ਯਾਤਰਾ ਪੂਰੀ ਕਰਕੇ ਓਝਲ ਰਾਹਾਂ ਦਾ ਪਾਂਧੀ ਬਣ ਚੁੱਕਿਆ ਸੀ, ਬਾਪੂ ਜਿਸ ਨੇ ਆਪਣੇ ਅਸੂਲਾਂ, ਸਿਦਕ ਅਤੇ ਅੜ੍ਹਬਪੁਣੇ ਕਾਰਨ ਚੰਗਾ ਨਾਮਣਾ ਖੱਟਿਆ ਸੀ। ਪਿੰਡ ਵਾਲੇ ਉਹਨੂੰ 'ਕਾਮਰੇਟ' ਕਹਿੰਦੇ। ਕਿਤੇ ਕੋਈ ਮਸਲਾ ਹੁੰਦਾ ਤਾਂ ਲੋਕ ਹਿੱਤ ਵਿਚ ਲਾਲ ਝੰਡਾ ਲੈ ਕੇ ਖੜ੍ਹ ਜਾਂਦਾ ... ਉਹ ਜਦੋਂ ਬੋਲ ਕੇ ਆਵਾਜ਼ ਬੁਲੰਦ ਕਰਦਾ ਤਾਂ ਲੋਕ ਉਸ ਦੀ ਸਿਆਣਪ ਦੀ ਦਾਦ ਦਿੰਦੇ... ਕਾਰਪੋਰੇਟ, ਪੂੰਜੀਪਤੀ, ਵੱਡੇ ਘਰਾਣੇ... ਬੜੇ ਭਾਰੇ ਭਾਰੇ ਸ਼ਬਦ ਬੋਲਦਾ।
ਬਾਪੂ ਜਿੰਨਾ ਅਗਾਂਹਵਧੂ, ਬੇਬੇ ਓਨੇ ਹੀ ਪੁਰਾਣੇ ਖਿਆਲਾਂ ਦੀ। ਪਰ ਮਜ਼ਾਲ ਐ ਕਦੇ ਦੋਵਾਂ ਵਿਚ ਅਣਬਣ ਰਹੀ ਹੋਵੇ। ਉਹਨੇ ਕਦੇ ਬਾਪੂ ਨੂੰ ਨਹੀਂ ਟੋਕਿਆ ਤੇ ਬਾਪੂ ਨੇ ਕਦੇ ਬੇਬੇ ਨੂੰ...। ਬਾਪੂ ਦ੍ਰਿੜ੍ਹ ਇਰਾਦੇ ਵਾਲਾ ਸੀ ਤੇ ਕੁਝ ਕਰਨ ਨੂੰ ਤਤਪਰ... ਇਸ ਕਰਕੇ ਉਹ ਜਹਾਨੋਂ ਜਾਂਦਾ ਵੀ ਨਾਮਣਾ ਖੱਟ ਗਿਆ... ਆਪਣਾ ਸਰੀਰ ਦਾਨ ਕਰਕੇ।
ਬੇਬੇ ਨੇ ਉਦੋਂ ਕੋਈ ਨਾਂਹ -ਨੁੱਕਰ ਨਾ ਕੀਤੀ। ਪਰ ਅੰਦਰੋਂ-ਅੰਦਰੀ ਹੇਰਵਾ ਜ਼ਰੂਰ ਕਰਦੀ ਰਹੀ। ਇਕ ਦਿਨ ਮੈਨੂੰ ਕਹਿਣ ਲੱਗੀ, ਖ਼ਬਰੇ ਤੇਰੇ ਬਾਪੂ ਦਾ ਕੀ ਬਣਿਆ ਹੋਊ.. ਕਦੇ ਊਈਂ ਨਾ ਭਟਕਦਾ ਹੋਵੇ... ਉਹ ਏਨੀ ਗੰਭੀਰਤਾ ਨਾਲ ਕਹਿੰਦੀ ਕਿ ਮੇਰੇ ਕੁਝ ਕਹਿਣ, ਸਮਝਾਉਣ ਤੇ ਵੀ ਉਹ ਹਾਂ.. ਹੂੰਅ ਹੀ ਕਰ ਛੱਡਦੀ?
ਮੈਨੂੰ ਲਗਦਾ ਕਿ ਬੇਬੇ ਦੇ ਦਿਮਾਗ ਵਿਚ ਬਾਪੂ ਦੇ ਸਰੀਰ ਦਾਨ ਦੇ ਫ਼ੈਸਲੇ ਨੂੰ ਲੈ ਕੇ ਸ਼ੰਕਾ ਪੈਦਾ ਹੋ ਗਈ ਹੈ। ਬਾਪੂ ਦੇ ਜਾਣ ਮਗਰੋਂ ਉਸ ਨੇ ਅਜਿਹਾ ਮੰਜਾ ਮੱਲਿਆ ਕਿ ਆਹ ਦਿਨ ਆ ਕੇ ਖਹਿੜਾ ਛੁੱਟਿਆ।
ਅਜੇ ਕੱਲ੍ਹ ਈਂ ਮੈਨੂੰ ਆਪਣੇ ਕੋਲ ਉਚੇਚਾ ਸੱਦਿਆ। ਕਹਿਣ ਲੱਗੀ, ਬਿੰਦਰ ਪੁੱਤਰਾ । ਜੇ ਮਰਗੀ ਮੈਨੂੰ ਸਿਵਿਆਂ 'ਚ ਨਾ ਲੈ ਕੇ ਜਾਈਂ
ਮੈਂ ਕਿਹਾ, '... ਫੇਰ?'
'ਮੇਰਾ ਵੀ ਸਰੀਰ ਉਥੇ ਹੀ ਭੇਜ ਦੇਈਂ ਜਿੱਥੇ ਤੇਰੇ ਬਾਪੂ ਦਾ ਭੇਜਿਆ ਸੀ... ਉਹਦੀਆਂ ਗੱਲਾਂ ਚੰਗੀਆਂ ਈਂ ਹੁੰਦੀਆਂ ਸੀ..ਭਾਵੇਂ ਬਹੁਤੀਆਂ ਦੀ ਮੈਨੂੰ ਸਮਝ ਨਾ ਲਗਦੀ.. ਨਾਲੇ ਮੈਂ ਇਕੱਲੀ ਸਿਵਿਆਂ 'ਚ ਕਿੱਥੇ ਟੱਕਰਾਂ ਮਾਰੂੰ...ਮੈਂ ਤੇਰੇ ਬਾਪੂ ਨੂੰ ਉੱਥੇ ਜਾ ਕੇ ਮਿਲੂੰ...' ਬੇਬੇ ਨੇ ਗੱਲ ਏਵੇਂ ਆਖੀ ਸੀ ਕਿ ਮੇਰੇ ਬੁੱਲ੍ਹਾਂ 'ਤੇ ਹਲਕੀ ਜਿਹੀ ਮੁਸਕਾਨ ਆ ਗਈ।
ਮੈਂ ਕਿਹਾ, '...ਅਜੇ, ਤੈਨੂੰ ਕੁਝ ਨੀਂ ਹੁੰਦਾ ਮਾਤਾ।'
..ਤੇ ..ਤੇ..ਅੱਜ ਆਹ ਦਿਨ...ਕਾਲਜੇ 'ਚੋਂ ਰੁੱਗ ਭਰਿਆ ਗਿਐ।
ਮੈਂ ਕਿਹਾ ਜੀ । ਕਰਤਾ ਫੂਨ ....। ਮੇਰੀ ਪਤਨੀ ਹੌਲੀ ਜਿਹੇ ਮੇਰੇ ਕੋਲ ਆ ਕੇ ਕਹਿੰਦੀ ਹੈ।
ਮੈਂ ਜੇਬ 'ਚੋਂ ਝੱਟ ਫੋਨ ਕੱਢ ਕੇ ਮੈਡੀਕਲ ਕਾਲਜ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।
-#45, ਇੰਪਲਾਈਜ਼ ਕਾਲੋਨੀ, ਬਰੇਟਾ, ਜ਼ਿਲ੍ਹਾ ਮਾਨਸਾ (ਪੰਜਾਬ)-151501
ਮੋਬਾਈਲ : 95018-77033, 94173-29033