ਗੁਰਦੁਆਰੇ ਤੋਂ ਅਨਾਊਂਸਮੈਂਟ ਹੋਈ ਸੀ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ-ਪਾਣੀ, ਦਾਣਾ-ਫੱਕਾ ਗੁਰਦੁਆਰਾ ਸਾਹਿਬ ਇਕੱਠਾ ਕੀਤਾ ਜਾ ਰਿਹਾ। ਇਹ ਸੁਣ ਕੇ ਬਹੁਤ ਸਾਰੇ ਲੋਕ ਦਾਨ-ਪੁੰਨ ਕਰਨ ਲਈ ਸ਼ਰਧਾ ਅਨੁਸਾਰ ਰਸਦਾਂ-ਵਸਤਾਂ ਲੈ ਕੇ ਘਰਾਂ ਤੋਂ ਤੁਰ ਪਏ। ਉਹ ਮਾਈ ਵੀ ਘਰੋਂ ਆਟੇ ਦੀ ਬਾਲਟੀ ਭਰ ਕੇ ਗੁਰਦੁਆਰਾ ਸਾਹਿਬ ਨੂੰ ਤੁਰ ਪਈ। ਸੱਥ ਕੋਲ ਦੀ ਲੰਘਦਿਆਂ ਉਸਨੇ ਦੇਖਿਆ, ਸੱਥ 'ਚ ਬਹੁਤ ਸਾਰੇ ਲੋਕ ਤਾਸ਼ ਖੇਡਦੇ ਹੋਏ ਉੱਚੀ-ਉੱਚੀ ਰੌਲਾ ਪਾ ਕੇ ਹੱਸ ਰਹੇ ਸਨ। ਉਸਦੇ ਮੂੰਹੋਂ ਸਹਿਜ-ਸ਼ੁਭਾਅ ਹੀ ਨਿਕਲਿਆ, 'ਚੌਰੇ... ਜੇ ਰੋਣਾ 'ਨੀਂ ਆਉਂਦਾ ਤਾਂ ਰੋਣ ਵਰਗਾ ਮੂੰਹ ਤਾਂ ਕਰਲੋ'।
ਆਕੜ
ਉਹ ਹਰ ਗੱਲ 'ਤੇ ਹਰ ਕਿਸੇ ਨਾਲ ਆਕੜਦਾ ਰਹਿੰਦਾ। ਮੈਂ ਉਸ ਨੂੰ ਬਹੁਤ ਸਮਝਾਇਆ, 'ਇਸ ਤਰ੍ਹਾਂ ਹਰ ਇਕ ਨਾਲ ਆਕੜੀਦਾ 'ਨੀਂ। ਇਹ ਆਕੜ ਛੱਡ ਤੇ ਆਪਣੇ ਆਪ ਨੂੰ ਬਦਲ'। ਉਹ ਕਹਿੰਦਾ, 'ਹੁਣ ਨੀ ਸ਼ੁਭਾਅ ਬਦਲਦਾ। ਇਹ ਆਕੜ ਤਾਂ ਹੁਣ ਨਾਲ ਈ ਜਾਊ'। ਪਤੰਦਰ ਨੇ ਜੋ ਕਿਹਾ ਉਹੀ ਕਰ ਦਿਖਾਇਆ। ਮਰਨ ਉਪਰੰਤ ਅੱਜ ਸੱਚਮੁੱਚ ਆਕੜਿਆ ਪਿਆ ਸੀ।
ਕੰਨਿਆਂ ਦੀ ਲੋੜ
ਪੁੱਤਰ ਪ੍ਰਾਪਤੀ ਦੇ ਮੋਹ 'ਚ, ਕਈ ਕੁੜੀਆਂ ਦਾ, ਮਾਂ ਦੀ ਕੁੱਖ 'ਚ ਕਤਲ ਕਰਨ ਵਾਲਾ, ਅੱਜ ਆਪਣੇ ਪੁੱਤਰ ਦੇ ਚੰਗੇਰੇ ਭਵਿੱਖ ਲਈ ਅਖ਼ਬਾਰ 'ਚ 'ਕੰਨਿਆਂ ਦੀ ਲੋੜ' ਦਾ ਇਸ਼ਤਿਹਾਰ ਦੇ ਰਿਹਾ ਸੀ।
-ਮੋਬਾਈਲ : 98721-93320