ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਚੰਦਰਮਾ ਉਤੇ ਚੱਲੀ ਗੱਡੀ

Ad Position 21
No active advertisement
ਅਜੀਤ ਡੈਸਕ 02-11-2025

ਕੁਝ ਦਿਨ ਪਹਿਲਾਂ ਦੀ ਗੱਲ ਹੈ। ਟੀ.ਵੀ. ਉੱਤੇ ਖ਼ਬਰਾਂ ਆ ਰਹੀਆਂ ਸਨ। ਇਕ ਖ਼ਬਰ ਇਹ ਸੀ ਕਿ 'ਜਾਪਾਨ ਜਲਦ ਹੀ ਚੰਦਰਮਾ ਉੱਤੇ ਰੇਲ ਗੱਡੀ ਭੇਜੇਗਾ।' ਸੁਣਨ ਵਾਲਿਆਂ ਨੂੰ ਬਹੁਤ ਹੈਰਾਨੀ ਹੋਈ ਕਿ ਚੰਦਰਮਾ ਉੱਤੇ ਗੱਡੀ ਕਿਵੇਂ ਜਾਵੇਗੀ?
'ਜਾਵੇਗੀ ਜ਼ਰੂਰ ਜਾਵੇਗੀ। ਜਾਪਾਨ ਨੇ ਕਹਿ ਦਿੱਤਾ ਤਾਂ ਜ਼ਰੂਰ ਜਾਵੇਗੀ। ਜਦ ਮੇਰੇ ਵਰਗੇ ਚੰਦ ਤੋਂ ਪਾਣੀ ਲਿਆਉਣ ਲਈ ਜੁਗਾੜ ਸੋਚ ਸਕਦੇ ਹਨ ਤਾਂ ਜਾਪਾਨ ਲਈ ਰੇਲ ਗੱਡੀ ਚੜ੍ਹਾਉਣੀ ਕੋਈ ਮੁਸ਼ਕਿਲ ਨਹੀਂ।'
'ਯਾਰ ਇਸ ਤਰ੍ਹਾਂ ਹੈਰਾਨ ਹੋਏ ਕਿਉਂ ਦੇਖਦੇ ਹੋ ਮੇਰੇ ਵੱਲ?' ਆਪਾਂ ਹੁਣੇ ਪ੍ਰੈਜੀਡੈਂਟ ਸਾਬ੍ਹ ਨੂੰ ਫੋਨ ਕਰ ਕੇ ਪੁੱਛ ਲੈਂਦੇ ਹਾਂ, ਉਹ ਆਪਣੇ ਯਾਰ ਨੇ।' ਕਹਿੰਦਿਆਂ ਮੈਂ ਉਨ੍ਹਾਂ ਨਾਲ ਤਾਰਾਂ ਜੋੜੀਆਂ। ਪਹਿਲੀ ਘੰਟੀ ਹੀ ਉਨ੍ਹਾਂ ਫੋਨ ਚੁੱਕ ਲਿਆ, ਜਿਵੇਂ ਉਹ ਮੇਰੇ ਹੀ ਫੋਨ ਦੀ ਉਡੀਕ ਵਿਚ ਬੈਠੇ ਹੋਣ।
'ਬਹੁਤ-ਬਹੁਤ ਧੰਨਵਾਦ ਤੁਹਾਡਾ ਜਨਾਬ! ਤੁਸੀਂ ਫੋਨ ਕਰ ਕੇ ਮੇਰਾ ਬਹੁਤ ਸਾਰਾ ਕੀਮਤੀ ਸਮਾਂ ਬਚਾਅ ਦਿੱਤਾ ਹੈ। ਮੈਂ ਤੁਹਾਡਾ ਹੀ ਨੰਬਰ ਲੱਭ ਰਿਹਾ ਸਾਂ।' ਉਹ ਖ਼ੁਸ਼ੀ ਦੇ ਰੌਂ ਵਿਚ ਬੋਲੇ 'ਇਸ ਗੱਲ ਦਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਅਸੀਂ ਚੰਦ ਉੱਤੇ ਰੇਲ ਗੱਡੀ ਲੈ ਜਾਣ ਬਾਰੇ ਵਿਚਾਰ ਕਰ ਰਹੇ ਹਾਂ। ਇਸ ਕੰਮ ਵਿਚ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਮੈਂ ਇਸੇ ਕਰਕੇ ਤੁਹਾਨੂੰ ਫੋਨ ਕਰਨਾ ਸੀ ਕਿ ਤੁਹਾਡਾ ਫੋਨ ਆ ਗਿਆ।' ਪ੍ਰੈਜੀਡੈਂਟ ਸਾਬ੍ਹ ਬਹੁਤ ਚਿੰਤਾ ਵਿਚ ਡੁੱਬੇ ਲੱਗ ਰਹੇ ਸਨ।
'ਜਨਾਬ ਹੁਕਮ ਕਰੋ, ਮੈਂ ਹਾਜ਼ਰ ਹਾਂ। ਇਹ ਤਾਂ ਮੇਰੇ ਧੰਨ ਭਾਗ ਹਨ ਜੋ ਤੁਸੀਂ ਇਸ ਮਹਾਨ ਕੰਮ ਵਿਚ ਮੇਰੀ ਹਾਜ਼ਰੀ ਲੁਆ ਰਹੇ ਹੋ।' ਮੈਂ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ।
'ਜੇ ਤੁਸੀਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਮੇਰੇ ਦਫ਼ਤਰ ਆ ਜਾਓ ਤਾਂ ਬਹੁਤ ਮਿਹਰਬਾਨੀ ਹੋਵੇਗੀ', ਚਿੰਤਾ ਅਜੇ ਵੀ ਉਨ੍ਹਾਂ ਦੇ ਬੋਲਾਂ ਵਿਚ ਸੀ।
'ਇਹ ਤਾਂ ਖੁਸ਼ਕਿਸਮਤੀ ਹੋਵੇਗੀ, ਮੇਰੀ ਕਿ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ ਤੇ ਤੁਹਾਡੇ ਨਾਲ ਚਾਹ ਦਾ ਪਿਆਲਾ ਵੀ ਸਾਂਝਾ ਕਰ ਸਕਾਂ।'
'ਵਾਹ-ਵਾਹ ਬਹੁਤ ਖ਼ੂਬ ਜਨਾਬ, ਤੁਸੀਂ ਤਾਂ ਆਉਣ ਤੋਂ ਪਹਿਲਾਂ ਹੀ ਆਪਣੀ ਚਾਹ ਦਾ ਪ੍ਰਬੰਧ ਵੀ ਕਰ ਲਿਆ। ਇਹੋ ਤਾਂ ਸਿਆਣੇ ਬੰਦਿਆਂ ਦੀ ਕਰਾਮਾਤ ਹੁੰਦੀ ਹੈ। ਚਲੋ ਆ ਜਾਓ ਫਿਰ, ਮੈਂ ਤੇ ਚਾਹ ਬੇਸਬਰੀ ਨਾਲ ਤੁਹਾਡੀ ਉਡੀਕ ਕਰ ਰਹੇ ਹਾਂ।'
ਫੋਨ ਬੰਦ ਕਰ ਕੇ ਮੈਂ ਆਪਣੇ ਘਰ ਦੀ ਪੰਜਵੀਂ ਮੰਜ਼ਿਲ ਉਤੇ ਗਿਆ ਤੇ ਆਪਣਾ ਉਡਣ ਖਟੋਲਾ ਸਟਾਰਟ ਕੀਤਾ। ਦਸਾਂ ਕੁ ਮਿੰਟਾਂ 'ਚ ਹੀ ਮੈਂ ਪ੍ਰੈਜੀਡੈਂਟ ਦੇ ਦਫ਼ਤਰ ਵਿਚ ਸਾਂ। ਉਹ ਸਾਰੇ ਨਕਸ਼ੇ ਮੇਜ਼ ਉਤੇ ਖਿਲਾਰ ਕੇ ਬੈਠੇ ਸਨ। ਦੁਆ ਸਲਾਮ ਹੋਈ ਤਾਂ ਉਨ੍ਹਾਂ ਸਵਾਲ ਕੀਤਾ, 'ਛੇ ਕੁ ਸਾਲ ਪਹਿਲਾਂ ਤੁਸੀਂ ਚੰਦ ਉੱਤੋਂ ਪਾਣੀ ਲਿਆਉਣ ਲਈ ਪਾਇਪ ਲਾਈਨ ਫਿਟ ਕਰਨ ਦਾ ਜੁਗਾੜ ਬਣਾਇਆ ਸੀ, ਉਸ ਵੱਲ ਦੇਖ ਕੇ ਹੀ ਸਾਨੂੰ ਰੇਲ ਬਾਰੇ ਸੋਚਣ ਦਾ ਮੌਕਾ ਮਿਲਿਆ ਸੀ। ਜਰਾ ਉਸ ਜੁਗਾੜ ਬਾਰੇ ਚਾਨਣਾ ਪਾਓ।' ਉਨ੍ਹਾਂ ਦੇ ਗੱਲ ਕਰਦਿਆਂ ਚਾਹ ਆ ਗਈ।
ਲਓ ਸਰਦਾਰ ਜੀ, ਪਹਿਲਾਂ ਚਾਹ ਦਾ ਆਨੰਦ ਲਈਏ ਫਿਰ ਆਰਾਮ ਨਾਲ ਸਾਰੀ ਗੱਲ ਕਰਦੇ ਹਾਂ। ਉਨ੍ਹਾਂ ਨੇ ਚਾਹ ਦਾ ਕੱਪ ਮੇਰੇ ਵੱਲ ਕਰਦਿਆਂ ਕਿਹਾ। ਮੈਂ ਪਲੇਟ ਫੜਨ ਲੱਗਾ ਤਾਂ ਚਾਹ ਦਾ ਕੱਪ ਤਿਲਕ ਗਿਆ ਤੇ ਫ਼ਰਸ਼ ਉਤੇ ਡਿੱਗ ਕੇ ਟੁੱਟ ਗਿਆ। ਉਸ ਦੇ ਖੜਾਕ ਨਾਲ ਮੇਰੀ ਅੱਖ ਖੁੱਲ੍ਹ ਗਈ। ਸਭ ਕੁਝ ਵਿਚੇ ਰਹਿ ਗਿਆ।

-ਮੋਬਾਈਲ : 62842-40676

Ad Position 22
No active advertisement
ਪਿਛਲੀ ਖ਼ਬਰ ਨਸੀਹਤ ਅਗਲੀ ਖ਼ਬਰ ਚੌਰੇ
Ad Position 24
No active advertisement