ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਤਿੰਨ ਗ਼ਜ਼ਲਾਂ

Ad Position 21
No active advertisement
ਅਜੀਤ ਡੈਸਕ 23-11-2025

* ਬਲਵਿੰਦਰ ਬਾਲਮ *
ਇਕ ਮਿਆਨ 'ਚ ਦੋ ਤਲਵਾਰਾਂ ਰਹਿ ਵੀ ਸਕਦੀਆਂ ਨੇ।
ਅੱਖਾਂ ਦੇ ਵਿਚ ਦੋ ਤਸਵੀਰਾਂ ਲਹਿ ਵੀ ਸਕਦੀਆਂ ਨੇ।

ਉੱਚੀਆਂ-ਉੱਚੀਆਂ ਕੋਠੀਆਂ ਦੀ ਤੂੰ ਬੇਸ਼ੱਕ ਕਰ ਲੈ ਗੱਲ,
ਤੂਫ਼ਾਨਾਂ ਭੁਚਾਲਾਂ ਦੇ ਵਿਚ ਢਹਿ ਵੀ ਸਕਦੀਆਂ ਨੇ।

ਇਸ਼ਕ ਹੁਸਨ ਵਿਚ ਅਕਸਰ ਏਦਾਂ ਹੋ ਹੀ ਜਾਂਦਾ ਹੈ,
ਬਿਜਲੀ ਨਾਲ ਬਿਜਲੀ ਦੀਆਂ ਤਾਰਾਂ ਖਹਿ ਵੀ ਸਕਦੀਆਂ ਨੇ।

ਤੇਰੀਆਂ ਯਾਦਾਂ ਵਾਲਾ ਇਕ ਭੁਲੇਖਾ ਪੈ ਜਾਵੇ,
ਤੇਜ਼ ਹਵਾਵਾਂ ਕੰਨਾਂ ਵਿਚ ਕੁਝ ਕਹਿ ਵੀ ਸਕਦੀਆਂ ਨੇ।

ਛੇਕ ਜਦੋਂ ਹੋ ਜਾਏ ਤਾਂ ਫਿਰ ਕਿਸ ਦਾ ਚਲਦਾ ਵਸ,
ਪਾਣੀ ਦੇ ਵਿਚ ਚਲਦੀਆਂ ਬੇੜੀਆਂ ਬਹਿ ਵੀ ਸਕਦੀਆਂ ਨੇ।

ਖ਼ੁਸ਼ਬੂ ਦਾ ਸਨਮਾਨ ਜਿਨ੍ਹਾਂ ਨੂੰ ਮੁੜ ਤੋਂ ਹਾਸਿਲ ਹੈ,
ਪਤਝੜ ਵਿਚ ਤਸ਼ੱਦਦ ਰੁੱਤਾਂ ਸਹਿ ਵੀ ਸਕਦੀਆਂ ਨੇ।

ਬੱਦਲਾਂ ਦੀ ਜੇ ਮੇਹਰਬਾਨੀ ਦੀ ਖ਼ੈਰਾਤ ਮਿਲੇ,
ਸੁੱਕੀਆਂ ਨਦੀਆਂ ਫੇਰ ਅਚਾਨਕ ਵਹਿ ਵੀ ਸਕਦੀਆਂ ਨੇ।

ਸਿਦਕ ਮਨੋਰਥ ਵਾਲੀ 'ਬਾਲਮ' ਆਖਿਰ ਹੁੰਦੀ ਜਿੱਤ,
ਜੀਵਨ ਵਿਚ ਲੱਖਾਂ ਇੱਛਾਵਾਂ ਰਹਿ ਵੀ ਸਕਦੀਆਂ ਨੇ।
-ਉਂਕਾਰ ਨਗਰ, ਗੁਰਦਾਸਪੁਰ। ਮੋਬਾਈਲ : 98156-25409

 

 

* ਪਿਆਰਾ ਸਿੰਘ 'ਰਾਹੀ' *
ਪੈਰ ਵਾਲੇ ਛਾਲਿਆਂ ਹੈ ਪਰਖਣਾ।
ਝਾਂਜਰਾਂ ਨੇ ਫੇਰ ਵੀ ਹੈ ਛਣਕਣਾ।

ਲਾ ਉਡਾਰੀ ਵਿਚ ਖ਼ਿਆਲਾਂ ਘੁੰਮ-ਲਾਂ,
ਦੂਰ-ਨੇੜੇ ਟੱਪ ਕੇ ਸਭ ਵਲਗਣਾ।

ਬੋਲਣੋਂ ਹੁਣ ਚੁੱਪ ਭਲੀ ਹੈ ਦੋਸਤੋ,
ਬੋਲਿਆ ਤਾਂ ਸੱਚ ਬੜਾ ਹੈ ਰੜਕਣਾ।

ਛਲ ਨਹੀਂ ਤਾਂ ਹੋਰ ਕੀ ਹੈ ਦੱਸ ਭਲਾ,
ਤ੍ਰੇਹ ਮੇਰੀ, ਰੇਤ ਦਾ ਉਹ ਚਮਕਣਾ।

ਚਾਅ ਹੀ ਜੇ ਪਤਝੜਾਂ ਨੇ ਖਾ ਲਏ,
ਕੀ ਕਰਾਂਗੇ ਮੌਸਮਾਂ ਦਾ ਪਰਤਣਾ।

ਤੋੜ ਦੇ ਹੁਣ ਬੰਧਨਾਂ ਦੇ ਜਾਲ ਨੂੰ,
ਜ਼ਿੰਦਗੀ ਨੂੰ ਜੀ, ਨਹੀਂ ਹੈ ਤਰਸਣਾ।

-ਮੋਬਾਈਲ : 94638-37388

 

* ਜਗਤਾਰ ਪੱਖੋ *

ਚੁੱਪ ਤੇਰੀ ਵੇਖ ਸੱਜਣ ਜਿੰਦ ਬਹਿਰੀ ਹੋ ਗਈ।
ਇਹ ਕਥਾ ਵੈਰਾਗ ਦੀ ਹੁਣ ਹੋਰ ਗਹਿਰੀ ਹੋ ਗਈ।

ਮੈਂ ਤੇਰੇ ਨੈਣਾਂ ਜਹੀ, ਤਸਬੀਹ ਕਰੀ ਜਿਸ ਝੀਲ ਦੀ,
ਨੀਰ ਨੇ ਹੁਣ ਦੱਸਿਆ, ਉਹਝੀਲ ਜ਼ਹਿਰੀ ਹੋ ਗਈ।

ਜੇਬ ਨੇ ਹੈ ਬਦਲਿਆ ਕੁਝ ਇਸ ਤਰ੍ਹਾਂ ਜੁਗਰਾਫੀਆ,
ਰਿਸ਼ਤਿਆਂ 'ਚੋਂ ਹੇਜ ਮੁੱਕਾ ਸੋਚ ਸ਼ਹਿਰੀ ਹੋ ਗਈ।

ਬੋਲ ਸੁੱਚੇ ਸ਼ਰਬਤੀ ਨਾ ਪੈਣ ਕੰਨੀ ਹੁਣ ਕਿਤੇ,
ਮਹਿਰਮਾ ਹਰ ਪਿੰਡ ਦੀ ਕਿਉਂ ਸ਼ਾਮ ਕਹਿਰੀ ਹੋ ਗਈ।

ਬੱਦਲਾਂ ਦੀ ਹਾਕ 'ਤੇ, ਜੋ ਨੱਚਿਆ ਹੋ ਬਾਵਰਾ,
ਉਸ ਕਲਹਿਰੀ ਮੋਰ ਦੀ ਕਲਗੀ ਸੁਨਹਿਰੀ ਹੋ ਗਈ।

ਜਾਪਦਾ ਇਹ ਅੱਥਰੇ ਬਦਲਾਵ ਦਾ ਸੰਕੇਤ ਹੈ,
ਰੇਤਲੀ ਮਿੱਟੀ ਵਟਾ ਕੇ ਰੂਪ ਨਹਿਰੀ ਹੋ ਗਈ।

-ਪਿੰਡ ਪੱਖੋ ਕਲਾਂ, (ਬਰਨਾਲਾ)। ਮੋਬਾਈਲ : 94651-96946

Ad Position 22
No active advertisement
ਪਿਛਲੀ ਖ਼ਬਰ ਨਹਿਲੇ 'ਤੇ ਦਹਿਲਾ ਅਗਲੀ ਖ਼ਬਰ ਮਿੱਠਾ ਜ਼ਹਿਰ ਬਣ ਰਿਹੈ ਸੋਸ਼ਲ ਮੀਡੀਆ
Ad Position 24
No active advertisement